ਗੁਰੂ ਨਾਨਕ ਸਾਹਿਬ ਦਾ ਅਰਬ ਦੇਸ਼ਾਂ ਦਾ ਸਫ਼ਰਨਾਮਾ-5

ਪਿਛਲੀ ਕਿਸ਼ਤ ਪੜ੍ਹਣ ਲਈ ਇੱਥੇ ਕਲਿੱਕ ਕਰੋ
ਸ਼ੁਰੂ ਤੋਂ ਪਹਿਲੀ ਕਿਸ਼ਤ ਪੜ੍ਹਣ ਲਈ ਇੱਥੇ ਕਲਿੱਕ ਕਰੋ

ਇਹ ਸਫ਼ਰਨਾਮਾ ਮੁਸਲਮਾਨ ਮੁਸ਼ਤਾਕ ਹੁਸੈਨ, ਜੋ ਖੰਡੇ ਦੀ ਪਾਹੁਲ ਲੈ ਕੇ ਸਈਦ ਪ੍ਰਿਥੀਪਾਲ ਸਿੰਘ ਬਣਿਆ ਸੀ, ਦੀ ਖੋਜ ‘ਤੇ ਆਧਾਰਿਤ ਹੈ। ਉਨਾਂ ਦਾ ਜਨਮ ਸਥਾਨ ਮੀਰਪੁਰ, ਕਸ਼ਮੀਰ ਸੀ। ਕਾਨਪੁਰ ਵਿਚ ਦਿੱਤੇ ਉਨਾਂ ਦੇ ਭਾਸ਼ਣਾਂ ਨੂੰ ਸ. ਮਹਿੰਦਰ ਸਿੰਘ ਨੇ ਉਰਦੂ ਵਿਚ ਕਲਮਬੰਦ ਕੀਤਾ ਸੀ। ਇਹ ਉਸੇ ਹੱਥ ਲਿਖਤ ਦਾ ਪੰਜਾਬੀ ਅਨੁਵਾਦ ਹੈ। ਇਹ ਲਿਖਤ ਪਾਠਕਾਂ ਦੀ ਜਾਣਕਾਰੀ ਲਈ ਹੈ ਪੰਜਾਬ ਨਿਊਜ਼ ਦਾ ਇਸਦੇ ਤੱਥਾਂ ਨਾਲ ਸਹਿਮਤ ਹੋਣਾ ਜ਼ਰੁਰੀ ਨਹੀਂ

ਪੇਸ਼ਕਸ਼ : ਜਸਵੀਰ ਸਿੰਘ ਸਰਨਾ

ਡਾ. ਜਸਬੀਰ ਸਿੰਘ ਸਰਨਾ– ਦੋ ਦਿਨ ਬਾਅਦ ਸਵੇਰ ਦੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਸੰਗਤ ਵਿਚ ਜਨਾਬ ਯਾਕੂਬ ਇਬਨੇ ਸਹਿਲੱਬ ਨੇ ਸੰਗਤ ਨੂੰ ਦੱਸਿਆ,

‘ਇਨਲ ਹਾਜਰੀਨਾ ਵ ਪਾਸ਼ਾਹਾਲੀ ਹਲਾਕਾਤੁਨ ਫੀ ਮਰਜ਼ੇ ਖਲੀਜੇ ਸਲਸਹੂ ਬਜਾਨਬੇ ਮਰਗ, ਹਜੀ ਮਹਜ਼, ਜ਼ਾਤੁਨ ਹਾਜਾਨਬੀ ਫਲਾਇਲਕਾ ਨਾਨਕ ਤੌਹੀਨਾ ਤ ਮੁਰਤਦਾਤੁਨ।”

ਭਾਵ, ਪਾਸ਼ਾਹਾਲੀ ਤਿੰਨ ਦਿਨ ਤੋਂ ਪੇਟ ਦੀ ਬਿਮਾਰੀ ਨਾਲ ਤੜਪ ਰਿਹਾ ਹੈ, ਇਸ ਲਈ ਕਿ ਉਸ ਨੇ ਬਾਬਾ ਜੀ ਨੂੰ ਕਾਫ਼ਰ ਦਾ ਫ਼ਤਵਾ ਦਿੱਤਾ ਹੈ।

ਸੰਗਤ ਨੇ ਸੁਣ ਕੇ ਕਿਹਾ, ‘ਲਾਹਨਤੁਲ ਹੇ ਅਲੁਲ ਖਨਾਸ’, ਭਾਵ ਖ਼ੁਦਾ ਪਾਕਿ ਦੀ ਲਾਹਨਤ ਹੋਵੇ ਉਸ ਸ਼ੈਤਾਨ ਉੱਪਰ। ਬਾਬਾ ਜੀ ਨੇ ਸੰਗਤ ਨੂੰ ਹੌਸਲਾ ਰੱਖਣ ਲਈ ਆਖਿਆ ਤੇ ਆਖਿਆ ਕਿ ਅਸੀਂ ਉਸ ਦੀ ਬਿਮਾਰ-ਪਰਸੀ ਲਈ ਜਾਵਾਂਗੇ। ਮਰਦਾਨਾ ਜੀ ਨੇ ਆਖਿਆ ਕਿ ਇਹ ਕੈਸਾ ਇਨਸਾਫ਼ ਹੈ, ਉਸ ਨੂੰ ਮਰਨ ਦੇਣਾ ਚਾਹੀਦਾ ਹੈ। ਗੁਰੂ ਜੀ ਨੇ ਕਿਹਾ ‘ਬੁਰੇ ਦਾ ਭਲਾ ਕਰਨਾ ਚਾਹੀਦਾ ਹੈ।’ ਇਹ ਆਖ ਕੇ ਬਾਬਾ ਜੀ ਉਸ ਦੀ ਬਿਮਾਰ-ਪਰਸੀ ਲਈ ਤੁਰ ਪਏ। ਉਨ੍ਹਾਂ ਦੇ ਪਿੱਛੇ-ਪਿੱਛੇ ਮਰਦਾਨਾ ਜੀ ਤੇ ਤਾਜਦੀਨ ਵੀ ਤੁਰ ਪਏ। ਉਸ ਦੇ ਘਰ ਜਾ ਕੇ ਦਰਵਾਜ਼ਾ ਖੜਕਾਇਆ ਤਾਂ ਕਰੀਬ ਗਿਆਰਾਂ ਸਾਲ ਦੀ ਲੜਕੀ ਨੇ ਦਰਵਾਜ਼ਾ ਖੋਲ੍ਹਿਆ, ‘ਆਪ ਕੌਣ ਹੋ ਤੇ ਕੀ ਕੰਮ ਹੈ?’ ਬਾਬਾ ਜੀ ਨੇ ਆਖਿਆ, ‘ਮੇਰਾ ਨਾਮ ਨਾਨਕ ਹੈ ਤੇ ਕਾਜ਼ੀ ਜੀ ਨੂੰ ਮਿਲਣਾ ਹੈ।’ ਲੜਕੀ ਤੋਂ ਨਾਨਕ ਨਾਮ ਸੁਣ ਕੇ ਪਾਸ਼ਾਹਾਲੀ ਅੱਗ ਬਗੂਲਾ ਹੋ ਕੇ ਬੋਲਿਆ, ‘ਇਨ੍ਹਾਂ ਨੂੰ ਕਹਿ ਕੇ ਮੇਰੇ ਘਰ ਤੋਂ ਤੁਰੰਤ ਚਲੇ ਜਾਣ।’ ਲੜਕੀ ਨੇ ਬਾਬਾ ਜੀ ਨੂੰ ਇੰਜ ਹੀ ਕਹਿ ਦਿੱਤਾ। ਬਾਬਾ ਜੀ ਨੇ ਲੜਕੀ ਨੂੰ ਕਿਹਾ, ‘ਉਨ੍ਹਾਂ ਨੂੰ ਕਹੋ ਕਿ ਤੁਹਾਡੀ ਬਿਮਾਰੀ-ਪਰਸੀ ਲਈ ਆਏ ਹਾਂ।’ ਬਾਬਾ ਜੀ ਦੇ ਦਰਸ਼ਨ ਕਰ ਕੇ, ਲੜਕੀ ਦੇ ਦਿਲ ‘ਤੇ ਬੜਾ ਚੰਗਾ ਅਸਰ ਹੋਇਆ। ਲੜਕੀ ਨੇ ਪਿਤਾ ਨੂੰ ਫਿਰ ਬਾਬਾ ਜੀ ਵੱਲੋਂ ਆਖੇ ਸ਼ਬਦ ਕਹੇ ਤਾਂ ਉਸ ਨੇ ਪਹਿਲਾਂ ਵਾਲਾ ਹੀ ਜਵਾਬ ਦਿੱਤਾ। ਲੜਕੀ ਕਹਿਣ ਲੱਗੀ, ‘ਮੈਂ ਨਹੀਂ ਕਹਿ ਸਕਦੀ, ਚੰਗਾ ਹੈ ਕਿ ਆਪ ਚਲੇ ਜਾਵੋ।’ ਲੜਕੀ ਨੂੰ ਬਾਬਾ ਜੀ ਨੇ ਕਿਹਾ ਕਿ ‘ਉਸ ਨੂੰ ਕਹੋ ਕਿ ਆਪ ਦੇ ਕਾਫ਼ਰ ਮਾਫ਼ੀ ਮੰਗਣ ਆਏ ਹਨ।’ ਇਹ ਸੁਣ ਕੇ ਉਸ ਨੇ ਲੜਕੀ ਨੂੰ ਕਿਹਾ ਕਿ ‘ਰਸਤੇ ਵਿਚ ਚਾਦਰ ਵਿਛਾ ਕੇ ਉਨ੍ਹਾਂ ਨੂੰ ਅੰਦਰ ਆਉਣ ਲਈ ਕਹਿ ਦੇ।’ ਲੜਕੀ ਨੇ ਇੰਜ ਹੀ ਕੀਤਾ ਤਾਂ ਬਾਬਾ ਜੀ ਅੰਦਰ ਆ ਗਏ। ਗੁਰੂ ਜੀ ਦੇ ਦੀਦਾਰ ਕਰ ਕੇ ਕਾਜ਼ੀ ਦੀ ਅੱਗ ਬਗੂਲਾ ਆਤਮਾ ਠੰਡੀ-ਸੀਤਲ ਹੋ ਗਈ। ਉਸ ਦੀ ਨਾਸਮਝੀ ਦੇ ਤਾਲੇ ਟੁੱਟ ਹਏ। ਬਾਬਾ ਨਾਨਕ ਦੀ ਦੀ ਕਦਮ ਬੋਸੀ (ਸੇਵਾ) ਲਈ ਉੱਠਣ ਦੀ ਕੋਸ਼ਿਸ਼ ਕੀਤੀ ਪਰ ਕਮਜ਼ੋਰੀ ਹੋਣ ਕਾਰਨ, ਉੱਠ ਨਾ ਸਕਿਆ ਤਾਂ ਬਾਬਾ ਜੀ ਨੇ ਉਸ ਦੇ ਬਗਲ ਵਿਚ ਹੱਥ ਪਾਇਆ ਹੀ ਸੀ ਕਿ ਉਹ ਬਿਲਕੁਲ ਤੰਦਰੁਸਤ ਹੋ ਗਿਆ। ਬਾਬਾ ਜੀ ਨੇ ਉਸ ਨੂੰ ਗਲ ਨਾਲ ਲਾਇਆ। ਮਰਦਾਨਾ ਜੀ ਤੇ ਤਾਜਦੀਨ ਹੈਰਾਨ ਹੋਏ ਕਿ ਦੁਸ਼ਮਣ ਨੂੰ ਗਲੇ ਲਾ ਲਿਆ ਹੈ। ਹੁਣ ਪਾਸ਼ਾਹਾਲੀ ਕਾਜ਼ੀ ਦੇਖਦਾ ਹੈ ਕਿ ਫ਼ਰਿਸ਼ਤੇ ਉਸ ਨੂੰ ਘੜੀਸ ਕੇ ਦੋਜ਼ਕ ਦੀ ਅੱਗ ‘ਚ ਪਾਉਣ ਲਈ ਲਿਜਾ ਰਹੇ ਹਨ। ਉਸ ਸਮੇਂ ਅਸਮਾਨੀ ਆਵਾਜ਼ ਆਈ, ‘ਖ਼ਬਰਦਾਰ! ਇਸ ਨੂੰ ਦੋਜ਼ਕ ਦੀ ਅੱਗ ‘ਚ ਨਾ ਪਾਓ, ਇਹ ਬਖ਼ਸ਼ ਦਿੱਤਾ ਗਿਆ ਹੈ। ਇਹ ਹੁਣ ਜੱਨਤ ‘ਚ ਜਾਵੇਗਾ।’ ਜਮਦੂਤਾਂ ਨੇ ਪੁੱਛਿਆ ਕਿ ਇਤਨੇ ਥੋੜ੍ਹੇ ਸਮੇਂ ‘ਚ ਇਸ ਨੂੰ ਕਿਵੇਂ ਬਖ਼ਸ਼ ਦਿੱਤਾ ਗਿਆ? ਜਵਾਬ ਮਿਲਿਆ ਕਿ ਖ਼ੁਦਾਵੰਦ ਕਰੀਮ ਆਲਮਗੀਰ ਜਾਮਾ ਪਹਿਨ ਕੇ ਦੁਨੀਆ ਦਾ ਸਫ਼ਰ ਕਰ ਰਹੇ ਹਨ। ਇਸ ਨੂੰ ਉਨ੍ਹਾਂ ਦਾ ਦੀਦਾਰ ਹੋਇਆ ਹੈ। ਇਹ ਨਜ਼ਾਰਾ ਵੇਖਣ ਤੋਂ ਬਾਅਦ ਤਾਜਦੀਨ ਚੱਲ ਵਸਿਆ ਹੈ। ਤਿੰਨ ਦਿਨ ਤੋਂ ਮੌਤ ਦੇ ਬਿਸਤਰ ‘ਤੇ ਪਏ ਨੂੰ ਗੁਰੂ ਜੀ ਦੇ ਦੀਦਾਰ ਹੋਣ ਨਾਲ, ਉਸ ਨੂੰ ਜੱਨਤ ਨਸੀਬ ਹੋਈ। ਇਹ ਖ਼ਬਰ ਫ਼ੈਲੀ ਤਾਂ ਸਾਰਾ ਸ਼ਹਿਰ ਹੀ ਬਾਬਾ ਜੀ ਦੇ ਕਦਮਾਂ ‘ਤੇ ਆ ਪਿਆ।

ਹੁਣ ਤਿੰਨ ਮਹੀਨੇ ਤੋਂ ਵੀ ਵਧੀਕ ਸਮੇਂ ਲਈ ਅਰਬੀ ਜ਼ੁਬਾਨ ‘ਚ ਖ਼ੁਦਾ ਦੀ ਰਹਿਮਤ, ਉਸ ਦੀ ਬਖ਼ਸ਼ਿਸ਼, ਉਸ ਦੀਆਂ ਸਿਫ਼ਤਾਂ ਤੇ ਖਲਕਤ ਦੇ ਬਾਰੇ ਇਨਸਾਨੀ ਫ਼ਰਜ਼ਾਂ ਨੂੰ ਦੱਸਦੇ ਹੋਏ ਗੁਰਬਾਣੀ ਦਾ ਕੀਰਤਨ ਹੁੰਦਾ ਰਿਹਾ। ਗੁਰਬਾਣੀ ਦੇ ਅਰਥ ਸਮਝਾਂਦੇ ਹੋਏ ਬਾਬਾ ਜੀ ਨੇ ਹਾਜ਼ਰੀਨ (ਸੰਗਤਾਂ) ਨੂੰ ਦੱਸਿਆ ਕਿ ਬਦੀਆਂ ਨੂੰ ਤਲਾਕ ਦੇ ਕੇ ਸੱਚੀ ਜ਼ਿੰਦਗੀ ਅਪਣਾਉ ਤੇ ਉੱਠਦੇ, ਬੈਠਦੇ, ਚੱਲਦੇ-ਫਿਰਦੇ, ‘ਸਤਿ ਕਰਤਾਰ’ ਦੀ ਧੁਨੀ ‘ਚ ਮਸਰੂਫ਼ ਰਹਿਣ ਦੇ ਅਮਲ ਨੂੰ ਪੱਕਾ ਕੀਤਾ। ਆਖ਼ਰੀ ਦਿਨ ਸਲੀਮਾ ਤੇ ਉਸ ਦੇ ਪਤੀ ਯਹੀਆ ਖ਼ਾਨ ਨੇ ਅਰਜ਼ ਕੀਤੀ ਕਿ ਆਪ ਦਾ ਵਿਛੋੜਾ ਸਹਿਣ ਨਹੀਂ ਹੋਵੇਗਾ। ਫਿਰ ਕਦੋਂ ਦੀਦਾਰ ਹੋਣਗੇ? ਗੁਰੂ ਜੀ ਨੇ ਅਰਬੀ ਭਾਸ਼ਾ ‘ਚ ਜਪੁਜੀ ਸਾਹਿਬ ਦਾ ਗੁਟਕਾ ਦੇਂਦੇ ਹੋਏ ਕਿਹਾ, ‘ਇਸ ਦਾ ਪਾਠ ਮਨ ਲਾ ਕੇ ਕਰਨਾ ਤਾਂ ਮੇਰੇ ਦੀਦਾਰ ਹੋਣਗੇ।’ ਗ਼ੁਲਾਮ ਯਹੀਆ ਖ਼ਾਨ ਨੇ ਉਸ ਕਬਰਸਤਾਨ ‘ਚ ਬਾਬਾ ਜੀ ਦੀ ਖ਼ੂਬਸੂਰਤ ਯਾਦਗਾਰ ਬਣਵਾਈ – ‘ਯਾਦਗਾਰ ਵਲੀ ਹਿੰਦ।’ ਤਾਜਦੀਨ ਅਨੁਸਾਰ ਇਸ ਸ਼ਹਿਰ ‘ਚ 15 ਫ਼ੀਸਦੀ ਲੋਕ ਬਾਬਾ ਜੀ ਨੂੰ ਮੰਨਣ ਵਾਲੇ ਹਨ। ਇਨ੍ਹਾਂ ਵਿਚ ਜ਼ਿਆਦਾਤਰ ਇਮਾਮ ਮਾਵਿਆ ਤੇ ਹਜ਼ਰਤ ਮੁਹੰਮਦ ਸਾਹਿਬ ਦੇ ਬਜ਼ੂਰਗਾਂ ਦੀ ਔਲਾਦ ਵਿਚੋਂ ਹਨ। ਇਥੇ ਜਪੁਜੀ ਸਾਹਿਬ ਦੇ ਉਸ ਗੁਟਕੇ (ਪੋਥੀ) ਦੇ ਅੱਜ ਵੀ ਲੋਕਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ।

ਕਾਰੂੰ ਹਮੀਦ ਦਾ ਪਾਰ-ਉਤਾਰਾ

ਇਥੋਂ ਚੱਲ ਕੇ ਬਾਬਾ ਜੀ ਦਜਲੇ ਦੀ ਖਾੜੀ ਪਾਰ ਕਰ ਕੇ ਇਕ ਸ਼ਹਿਰ ਪੁੱਜੇ, ਜਿਸ ਦਾ ਨਾਂ ‘ਕੈ ਕੈ’ ਸੀ। ਇਹ ਮਿਸਰ ਦੇ ਬਾਦਸ਼ਾਹ ਦਾ ਸ਼ਹਿਰ ਸੀ। ਬਾਦਸ਼ਾਹ ਦੇ ਕਿਲ੍ਹੇ ਦੇ ਬਾਹਰ ਬਾਬਾ ਜੀ ਨੇ ਦਰਬਾਰ ਲਗਾਇਆ ਤੇ ਮਿਸਰੀ ਜ਼ੁਬਾਨ ‘ਚ ਕੀਰਤਨ ਕਰਨਾ ਸ਼ੁਰੂ ਕੀਤਾ। ਕੀਰਤਨ ਦੀ ਆਵਾਜ਼ ਸੁਣ ਕੇ ਬਾਦਸ਼ਾਹ ਦਾ ਮੁਰਸ਼ਦ ਤੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ। ਕੀਰਤਨ ਸੁਣ ਕੇ ਉਨ੍ਹਾਂ ਦੇ ਦਿਲਾਂ ਨੂੰ ਠੱਡਕ ਪੁੱਜੀ। ਬਾਦਸ਼ਾਹ ਦਾ ਨਾਂ ਕਾਰੂੰ ਹਮੀਦ ਸੀ। ਬਾਦਸ਼ਾਹ ਦਾ ਮੁਰਸ਼ਦ ‘ਪੀਰ ਜਲਾਲ’ ਸੀ। ਕੀਰਤਨ ਦਾ ਉਸ ਦੇ ਮਨ ‘ਤੇ ਬਹੁਤ ਚੰਗਾ ਅਸਰ ਹੋਇਆ। ਬਾਬਾ ਜੀ ਨੂੰ ਅਰਜ਼ ਕੀਤੀ ਕਿ ਮੈਂ ਬਾਦਸ਼ਾਹ ਦਾ ਮੁਰਸ਼ਦ ਹਾਂ, ਉਹ ਬਹੁਤ ਜ਼ਾਲਮ ਹੈ। ਲੋਕਾਂ ਨੂੰ ਦੁਖੀ ਕਰ ਰਿਹਾ ਹੈ। ਬਹੁਤ ਕੰਜੂਸ ਹੈ। ਚਾਲੀ ਗੰਜ ਦੌਲਤ ਦੇ ਇਕੱਠੇ ਕਰ ਰੱਖੇ ਹਨ। ਹੁਣ ਵੀ ਤਸੱਲੀ ਨਹੀਂ, ਲੋਕਾਂ ਦੇ ਕਫ਼ਨ ਤਕ ਉਤਾਰ ਕੇ ਆਪਣਾ ਖ਼ਜ਼ਾਨਾ ਭਰ ਰਿਹਾ ਹੈ। ਉਸ ਨੂੰ ਸਿੱਧੇ ਰਾਹ ਪਾਓ।

ਬਾਬਾ ਜੀ ਨੇ ਕਿਹਾ, ‘ਮੈਂ ਆਇਆ ਹੀ ਇਸੇ ਲਈ ਹਾਂ। ਖ਼ੁਦਾ ਭਲਾ ਕਰੇਗਾ।’ ਪੀਰ ਜਲਾਲ ਨੂੰ ਵੇਖ ਕੇ ਇਥੇ ਵੱਡੀ ਸੰਗਤ ਕੀਰਤਨ ਸੁਣ ਕੇ ਆਪਣੀਆਂ ਆਤਮਾਵਾਂ ਨੂੰ ਸ਼ਾਂਤ ਕਰਨ ਲੱਗ ਪਈਆਂ। ਪੀਰ ਜਲਾਲ ਨੇ ਬਾਦਸ਼ਾਹ ਨੂੰ ਦੱਸਿਆ ਕਿ ਕਿਲ੍ਹੇ ਦੇ ਬਾਹਰ ਹਿੰਦ ਦਾ ਇਕ ਭਾਰੀ ਪੀਰ ਆਇਆ ਹੋਇਆ ਹੈ, ਜਿਨ੍ਹਾਂ ਦੇ ਦੀਦਾਰ ਕਰ ਕੇ ਆਤਮਾ ਖਿੜ ਉੱਠਦੀ ਹੈ। ਮੱਕਾ ਕਾਅਬਾ ਨੇ ਵੀ ਉਸ ਦਾ ਤੁਵਾਫ਼ (ਪਰਕਰਮਾ) ਕੀਤਾ ਹੈ। ਉਹ ਕੀਰਤਨ ਕਰਦੇ ਹਨ, ਜਿਸ ‘ਚ ਬੜੀ ਕਸ਼ਿਸ਼ ਹੈ। ਬਾਦਸ਼ਾਹ ਨੇ ਕਿਹਾ ਕਿ ਮੈਨੂੰ ਵੀ ਦਰਸ਼ਨ ਕਰਵਾਓ। ਪੀਰ ਜਲਾਲ ਉਸ ਨੂੰ ਲੈ ਕੇ ਗੁਰੂ ਦਰਬਾਰ ਵਿਚ ਪੁੱਜੇ। ਸ਼ਾਮ ਦਾ ਸਮਾਂ ਸੀ। ਲੋਕਾਂ ਦੀ ਭੀੜ ਦੇਖ ਕੇ ਬਾਦਸ਼ਾਹ ਹੈਰਾਨ ਹੋਇਆ ਤੇ ਦੀਦਾਦ ਕਰਦੇ ਹੀ ਆਤਮਾ ‘ਤੇ ਭਾਰੀ ਅਸਰ ਹੋਇਆ। ਸਜਦਾ ਕਰ ਕੇ ਬੈਠ ਗਿਆ। ਬਾਬਾ ਜੀ ਨੂੰ ਅਰਜ਼ ਕੀਤੀ ਕਿ ਹਜ਼ੂਰ ਮੇਰੇ ‘ਤੇ ਵੀ ਰਹਿਮਤ ਕਰੋ ਤਾਂ ਕਿ ਨਜਾਤ ਪਾ ਸਕਾਂ। ਬਾਬਾ ਜੀ ਨੇ ਉਸ ਦੇ ਹੱਥ ਵਿਚ ਇਕ ਸੂਈ ਦੇ ਕੇ ਕਿਹਾ, ਇਹ ਮੇਰੀ ਅਮਾਨਤ ਹੈ, ਇਸ ਨੂੰ ਸੰਭਾਲ ਕੇ ਰੱਖਣਾ। ਉਸ ਨੇ ਸੂਈ ਫੜ ਕੇ ਕਿਹਾ ਕਿ ਇਹ ਅਮਾਨਤ ਕਦੋਂ ਵਾਪਸ ਲਉਗੇ। ਬਾਬਾ ਜੀ ਨੇ ਕਿਹਾ ਅਗਲੇ ਜਹਾਨ ਜਾ ਕੇ ਲਵਾਂਗਾ। ਬਾਦਸ਼ਾਹ ਕਹਿਣ ਲੱਗਾ ਕਿ ਅਗਲੇ ਜਹਾਨ ਤਾਂ ਕੁਝ ਨਾਲ ਨਹੀਂ ਜਾਂਦਾ। ਬਾਬਾ ਜੀ ਨੇ ਕਿਹਾ, ਜੋ ਚਾਲੀ ਗੰਜ ਦੌਲਤ ਦੇ ਇਕੱਠੇ ਕਰ ਰਹੇ ਹੋ, ਉਸ ਦਾ ਕੀ ਕਰੋਗੇ? ਉਸ ਨੂੰ ਰਮਜ਼ ਦੀ ਸਮਝ ਆਈ ਤਾਂ ਕਹਿਣ ਲੱਗਾ ਕਿ ਆਪ ਹੀ ਦੱਸੋ ਕੀ ਕਰਾਂ? ਗੁਰੂ ਜੀ ਨੇ ਕਿਹਾ ਕਿ ਇਸ ਨੂੰ ਗ਼ਰੀਬਾਂ ‘ਚ ਵੰਡ ਦਿਓ, ਲੋਕਾਂ ਦੀ ਭਲਾਈ ਦੇ ਕੰਮ ਕਰੋ ਤੇ ਖ਼ੁਦਾ ਦੇ ਨਾਮ ਨੂੰ ਦਿਲ ‘ਚ ਵਸਾ ਕੇ ਹਰਦਮ ਉਸ ਦੀ ਬੰਦਗੀ ਕਰੋ। ਇਸੇ ‘ਚ ਨਜਾਤ ਹੈ।

ਇਹ ਸੁਣ ਕੇ ਉਸ ਨੇ ਇਕਰਾਰ ਕੀਤਾ ਕਿ ਉਹ ਇੰਜ ਹੀ ਕਰੇਗਾ। ਪੀਰ ਜਲਾਲ ਨੇ ਉਹ ਸੂਈ ਸੰਭਾਲ ਕੇ ਰੱਖ ਲਈ। ਦੇਸ਼ ਦੇ ਗ਼ਰੀਬਾਂ ‘ਚ ਉਹ ਦੌਲਤ ਵੰਡ ਦਿੱਤੀ ਗਈ। ਸਾਰੇ ਮੁਲਕ ‘ਚ ਬਾਬਾ ਜੀ ਦੀ ਜੈ ਜੈਕਾਰ ਹੋਣ ਲੱਗੀ। ਉਸ ਪੀਰ ਨੇ ‘ਕੈ ਕੈ’ ਸ਼ਹਿਰ ਦੇ ਬਾਹਰ ਨਹਿਰ ਫ਼ਰਾਤ ਦੇ ਕਿਨਾਰੇ ਗੁਰੂ ਜੀ ਦੀ ਨੇਕੀ ਫੈਲਾਉਣ ਲਈ ਇਕ ਚਬੂਤਰਾ ਬਣਵਾਇਆ, ਜਿਸ ਦਾ ਨਾਂ ‘ਵਲੀ ਹਿੰਦ’ ਹੈ। ਇਥੇ ਹੀ ਗੁਰੂ ਜੀ ਦੀ ਉਸ ‘ਸੂਈ’ ਦੇ ਦੀਦਾਰ ਕਰਵਾਏ ਜਾਂਦੇ ਹਨ ਤੇ ਇਹ ਕਹਾਣੀ ਲੋਕਾਂ ਨੂੰ ਦੱਸੀ ਜਾਂਦੀ ਹੈ। ਸਈਦ ਪ੍ਰਿਥੀਪਾਲ ਸਿੰਘ (ਮੁਸ਼ਤਾਕ ਹੁਸੈਨ) ਨੇ ਭਾਸ਼ਣ ਵਿਚ ਸੰਗਤਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਵੀ ਉਸ ਸੂਈ ਦੇ ਦਰਸ਼ਨ ਕੀਤੇ ਹਨ।

ਪੀਰ ਬਗ਼ਦਾਦ ਨਾਲ ਮੁਲਾਕਾਤ ਤੇ ਉਸ ਨੂੰ ਨਜਾਤ

ਇਸ ਤੋਂ ਬਾਅਦ ਬਾਬਾ ਨਾਨਕ ਦੀ, ਪੀਰ ਬਗ਼ਦਾਦ ਦੀ ਨਜਾਤ ਲਈ ਸ਼ਹਿਰ ਬਗ਼ਦਾਦ ਗਏ। ਸ਼ਹਿਰ ਦੇ ਮਸ਼ਰਕ (ਪੂਰਬ) ਵੱਲ ਵੱਡੇ ਕਬਰਸਤਾਨ ਵਿਚ ਖਜ਼ੂਰਾਂ ਦੇ ਜੰਗਲ ‘ਚ ਡੇਰਾ ਕੀਤਾ ਅਤੇ ‘ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ’ ਸ਼ਬਦ ਗਾਇਆ ਤੇ ਸੰਗਤਾਂ ਨੂੰ ਸਮਝਾਇਆ ਕਿ ਖ਼ੁਦਾ ਨੇ ਸਾਡੇ ਵਰਗੀਆਂ ਲੱਖਾਂ ਦੁਨੀਆ ਬਣਾਈਆਂ ਹਨ। ਇਨ੍ਹਾਂ ਹਾਜ਼ਰੀਨ ਵਿਚ ਪੀਰ ਬਗ਼ਦਾਦ ਦਾ ਮੁਰੀਦ ਵੀ ਸੀ। ਉਹ ਦੌੜ ਕੇ ਪੀਰ ਕੋਲ ਗਿਆ ਤੇ ਜੋ ਸੁਣਿਆ ਸੀ ਉਸ ਨੂੰ ਕਿਹਾ ਤੇ ਦੱਸਿਆ ਕਿ ਸਾਡੇ ਨਬੀ ਪਾਕਿ ਨੇ ਚੌਦਾਂ ਤਬਕ ਬਣਾਏ ਹਨ, ਇਹ ਲੱਖਾਂ ਦੱਸ ਰਹੇ ਹਨ ਤੇ ਸ਼ਰੱਈ ਮੁਹੰਮਦੀ ਦੇ ਉਲਟ ਗਾਣਾ-ਵਜਾਉਣਾ ਕਰ ਰਹੇ ਹਨ। ਉੱਥੇ ਮੌਜੂਦ ਹੋਰ ਲੋਕਾਂ ਨੇ ਵੀ ਸੁਣਿਆ। ਉਸ ਸਮੇਂ ਇਹ ਪੀਰ ਪੰਜਵੀਂ ਥਾਵੇਂ ਇਸ ਗੱਦੀ ਦਾ ਮਾਲਕ ਸੀ ਤੇ ਉਸ ਦਾ ਨਾਂ ਅਬਦੁਲ ਰਹਿਮਾਨ ਸੀ। ਇਹ ਸੁਣਦੇ ਹੀ ਉਹ ਗੁੱਸੇ ਨਾਲ ਲਾਲ-ਪੀਲਾ ਹੋ ਗਿਆ ਤੇ ਕਹਿਣ ਲੱਗਾ, ‘ਮੇਰਾ ਘੋੜਾ ਲੈ ਕੇ ਆਉ, ਮੈ ਜਾਂਦੇ ਹੀ ਉਸ ਨੂੰ ਫ਼ਨਾਹ ਕਰ ਦੇਵਾਂਗਾ।’ ਘੋੜੇ ‘ਤੇ ਸਵਾਰ ਹੋ ਕੇ ਉਹ ਤੇਜ਼ ਰਫ਼ਤਾਰ ਚੱਲ ਪਿਆ। ਉਸ ਦੇ ਮੁਰੀਦ ਨੇ ਵੀ ਲੋਕਾਂ ਨੂੰ ਭੜਕਾ ਦਿੱਤਾ ਅਤੇ ਉਹ ਪੱਥਰ, ਲਾਠੀਆਂ, ਚਾਕੂ ਲੈ ਕੇ ਦੌੜੇ। ਬਾਬਾ ਜੀ ਜਿੱਥੇ ਬੈਠੇ ਸਨ, ਉਨ੍ਹਾਂ ਤੋਂ ਇਕ ਸੌ ਗਜ਼ ਪਹਿਲਾਂ ਹੀ ਪੀਰ ਜੀ ਦਾ ਘੋੜਾ ਅਚਾਨਕ ਰੁਕ ਗਿਆ। ਬੜੇ ਚਾਬਕ ਮਾਰੇ, ਫਿਰ ਵੀ ਘੋੜਾ ਇਕ ਕਦਮ ਅੱਗੇ ਨਾ ਚੱਲ ਸਕਿਆ। ਜਦੋਂ ਸਿਰ ਉੱਪਰ ਚੁੱਕ ਕੇ ਵੇਖਿਆ ਤਾਂ ਗੁਰੂ ਜੀ ਦੇ ਚਿਹਰੇ ਦਾ ਜਲਾਲ ਨਾ ਸਹਾਰ ਸਕਿਆ ਤਾਂ ਅੱਖਾਂ ਬੰਦ ਹੋ ਗਈਆਂ। ਇੰਨੇ ਚਿਰ ਨੂੰ ਖ਼ੁਦਾ ਦੀ ਦਰਗਾਹ ਤੋਂ ਨਿਜ਼ਾਲਤੇ ਵਹੀ ਦੇ ਰਾਹੀਂ ਮੈਨੂੰ ਲਾਅਨਤ ਪਈ ਕਿ ਐ ਪੀਰ ਤੇਰੇ ਤੋਂ ਤਾਂ ਹੈਵਾਨ ਘੋੜਾ ਹੀ ਚੰਗਾ ਹੈ, ਜਿਸ ਨੇ ਤੇਰੇ ਚਾਬਕਾਂ ਦੀ ਮਾਰ ਖਾਣ ਦੇ ਬਾਵਜੂਦ ਤੈਨੂੰ ਬਾਬਾ ਜੀ ਦੀ ਬੇਇਜ਼ਤੀ ਕਰਨ ਤੋਂ ਰੋਕਿਆ ਹੈ। ਜਿਨ੍ਹਾਂ ਨੂੰ ਤੂੰ ਫ਼ਨਾਹ ਕਰਨ ਦੀ ਨੀਅਤ ਨਾਲ ਆਇਆ ਹੈਂ, ਇਹ ਉਹੀ ਹਨ, ਜਿਨ੍ਹਾਂ ਦਾ ਤੁਵਾਫ਼ (ਪਰਕਰਮਾ) ਮੱਕਾ ਕਾਅਬਾ ਨੇ ਕੀਤਾ ਹੈ ਤੇ ਬੜੇ-ਬੜੇ ਪੀਰਾਂ, ਖ਼ਲੀਫ਼ਿਆਂ, ਰੁਕਨਦੀਨ ਜਿਹੇ ਕਾਜ਼ੀ ਉਨ੍ਹਾਂ ਨਾਲ ਸੈਂਕੜੇ ਸਵਾਲਾਂ-ਜਵਾਬਾਂ ਤੋਂ ਬਾਅਦ ਉਨ੍ਹਾਂ ਦੇ ਕਦਮਾਂ ‘ਤੇ ਹੀ ਨਹੀਂ ਡਿੱਗੇ ਸਗੋਂ ਉਨ੍ਹਾਂ ਦੇ ਹੀ ਹੋ ਕੇ ਰਹਿ ਗਏ ਅਤੇ ਨਜਾਤ ਹਾਸਲ ਕੀਤੀ। ਉਸ ਤੋਂ ਬਾਅਦ ਪੀਰ ਨੂੰ ਹੋਸ਼ ਆਈ ਤੇ ਉਹ ਘੋੜੇ ਤੋਂ ਉਤਰ ਕੇ, ਜੁੱਤੀਆਂ ਉਤਾਰ ਕੇ ਨੰਗੇ ਪੈਰੀਂ ਚੱਲ ਕੇ ਬਾਬਾ ਜੀ ਦੇ ਕਦਮਾਂ ‘ਤੇ ਜਾ ਪਿਆ ਤੇ ਮਰੀ ਜਿਹੀ ਜ਼ੁਬਾਨ ਤੋਂ ਬੇ-ਅਖ਼ਤਿਆਰ ਇਹ ਲਫ਼ਜ਼ ਨਿਕਲੇ :

ਐ ਪੀਰੇ ਦਸਤਗੀਰ ਤੂ ਦਸਤ ਮਰਾਬੱਗੀਰ,

ਦਸਤੰਮ ਦੁਨਾਂ ਬਗੀਰ ਕਿ ਗੋਇੰਦ ਦਸਤਗੀਰ।

ਭਾਵ, ਐ ਮੇਰੇ ਪੀਰਾਨੇ ਦਸਤਗੀਰ ਨਾਨਕ, ਆਪ ਮੇਰਾ ਹੱਥ ਫੜੋ। ਇਸ ਤਰ੍ਹਾਂ ਜ਼ੋਰ ਨਾਲ ਫੜੋ ਕਿ ਜਦੋਂ ਮੇਰੇ ਮੁਰੀਦ ਸੁਣਨ ਤਾਂ ਉਨ੍ਹਾਂ ਨੂੰ ਇਸ ਬਾਤ ਵਿਚ ਖ਼ੁਸ਼ੀ ਹੋਵੇ ਕਿ ਉਨ੍ਹਾਂ ਦੇ ਮੁਰਸ਼ਦ ਨੇ ਕਾਮਿਲ ਮਰਦ ਅੱਲ੍ਹਾ ਦੇ ਹੱਥ ‘ਚ ਆਪਣਾ ਹੱਥ ਫੜਾਇਆ ਹੈ। ਮੇਰੇ ਸਿਰ ‘ਤੇ ਰਹਿਮਤ ਭਰਿਆ ਹੱਥ ਰੱਖੋ। ਬਾਬਾ ਜੀ ਨੇ ਮੁਬਾਰਕ ਹੱਥਾਂ ਨਾਲ ਉਸ ਦਾ ਸਿਰ ਆਪਣੇ ਕਦਮਾਂ ਤੋਂ ਉਠਾਇਆ ਤੇ ਫ਼ਰਮਾਇਆ ਕਿ ਤੁਹਾਡਾ ਸਜਦਾ ਖ਼ੁਦਾ ਦੀ ਦਰਗਾਹ ਵਿਚ ਕਬੂਲ ਹੋਇਆ। ਜੋ ਮੁਰੀਦ ਬਾਬਾ ਜੀ ਨੂੰ ਕਾਫ਼ਰ ਕਹਿ ਕੇ ਫ਼ਨਾਹ ਕਰਨ ਲਈ ਆਏ ਸਨ, ਉਹ ਆਪਣੇ ਪੀਰ ਨੂੰ ਸਜਦਾ ਕਰਦਾ ਵੇਖ ਕੇ ਲਾਲ-ਪੀਲੇ ਹੋ ਰਹੇ ਸਨ। ਜਦ ਉਸ ਨੇ ਪਿੱਛੇ ਵੇਖਿਆ ਤਾਂ ਕਰੀਬ ਇਕ ਹਜ਼ਾਰ ਆਦਮੀ ਹੱਥਾਂ ਵਿਚ ਪੱਥਰ, ਲਾਠੀਆਂ, ਚਾਕੂ ਆਦਿ ਲੈ ਕੇ ਬਾਹਵਾਂ ਉੱਪਰ ਕਰ ਕੇ ਖੜ੍ਹੇ ਸਨ। ਇਹ ਵੇਖ ਕੇ ਪੀਰ ਜੀ ਨੇ ਮੁਖਾਤਿਬ ਹੋ ਕੇ ਉਨ੍ਹਾਂ ਨੂੰ ਕਿਹਾ, ‘ਹਾਜ਼ਰੀਨ, ਜਿਸ ਨੂੰ ਮੈਂ ਸਜਦਾ ਕੀਤਾ ਹੈ, ਹੈਰਾਨ ਨਾ ਹੋਵੋ, ਮੈਂ ਪਛਾਣ ਕੇ ਸਜਦਾ ਕੀਤਾ ਹੈ। ਇਹ ਨਬੀ ਹਨ, ਪੀਰ ਨਹੀਂ। ਮੇਰੀਆਂ ਅੱਖਾਂ ਨਾਲ ਵੇਖੋ, ਖ਼ੁਦਾ ਹਨ। ਤੁਸੀਂ ਵੀ ਸਜਦਾ ਕਰੋ ਤੇ ਸਲਾਮ ਭੇਜੋ। ਬਾਬਾ ਜੀ ਨੂੰ ਉਨ੍ਹਾਂ ‘ਤੇ ਰਹਿਮਤ ਕਰਨ ਦੀ ਬੇਨਤੀ ਕੀਤੀ ਤਾਂ ਸਾਰਿਆਂ ਦੇ ਹੱਥ ਹੇਠਾਂ ਆ ਗਏ। ਇਹ ਵੇਖ ਕੇ ਸਾਰਿਆਂ ਨੇ ਗੁਰੂ ਨਾਨਕ ਸਾਹਿਬ ਨੂੰ ਸਜਦਾ ਕੀਤਾ ਅਤੇ ਠੰਡੇ-ਸੀਤਲ ਹੋ ਕੇ ਬੈਠ ਗਏ।

ਇਨ੍ਹਾਂ ਵਿੱਚੋਂ ਇਕ ਆਦਮੀ ਨੇ ਕਿਹਾ ਕਿ ਆਪ ਗਾਉਂਦੇ ਕਿਉਂ ਹੋ? ਜਵਾਬ ਵਿਚ ਬਾਬਾ ਜੀ ਨੇ ਫ਼ਰਮਾਇਆ ਕਿ ਹਜ਼ਰਤ ਮੁਹੰਮਦ ਸਾਹਿਬ ਨਾਬਾਲਗ ਆਇਸ਼ਾ ਨੂੰ ਕੰਧੇ ‘ਤੇ ਬਿਠਾ ਕੇ ਹਰ ਰੋਜ਼ ਬਲੋਚਾਂ ਦਾ ਗਾਣਾ ਸੁਣਨ ਨੂੰ ਜਾਂਦੇ ਸਨ। ਇਹ ਗੁਪਤ ਰਾਜ਼ ਸੁਣ ਕੇ ਸਾਰਿਆਂ ਨੇ ਗੁਰੂ ਸਾਹਿਬ ਦੀ ਬਹੁਤ ਸਿਫ਼ਤ ਕੀਤੀ ਅਤੇ ਸਜਦਾ ਕੀਤਾ। ਹੁਣ ਖੁੱਲ੍ਹ ਕੇ ਹਰ ਰੋਜ਼ ਕੀਰਤਨ ਦੀ ਮਹਿਫ਼ਲ ਲੱਗਣ ਲੱਗੀ। ਦਸਤਗੀਰ ਸਾਹਿਬ ਆਪ ਹਰ ਰੋਜ਼ ਇਸ ਕੀਰਤਨ ਵਿਚ ਹਾਜ਼ਰੀ ਭਰਨ ਲੱਗੇ। ਉਨ੍ਹਾਂ ਨੂੰ ਵੇਖ ਕੇ ਆਮ ਲੋਕ ਵੀ ਭਾਰੀ ਗਿਣਤੀ ਵਿਚ ਸਤਿਸੰਗ ਵਿਚ ਬਹਿ ਅਤੇ ਸ਼ਬਦ ਸੁਣ ਕੇ ਆਪਣੇ ਦਿਲਾਂ ‘ਤੇ ਲੱਗੀ ਮੈਲ ਨੂੰ ਸਾਫ਼ ਕਰਨ ਲੱਗੇ। ਸਾਰੇ ਸ਼ਹਿਰ ਵਿਚ ‘ਸਤਿ ਕਰਤਾਰ, ਸਤਿ ਕਰਤਾਰ’ ਦੀ ਗੂੰਜ ਉੱਠਣ ਲੱਗ ਪਈ। 99065-66604

Comments

comments

Share This Post

RedditYahooBloggerMyspace