ਦੁਬਈ ਦੇ ਹਸਪਤਾਲ ’ਚ ਦਾਖ਼ਲ ਪੰਜਾਬੀ ਦਾ ਬਿੱਲ ਅਠਾਰਾਂ ਲੱਖ ਨੂੰ ਟੱਪਿਆ

ਦੁਬਈ : ਆਪਣੇ ਪੁੱਤਰ ਨੂੰ ਮਿਲਣ ਲਈ ਦੁਬਈ ਗਿਆ ਇੱਕ ਭਾਰਤੀ ਗੰਭੀਰ ਰੂਪ ਵਿੱਚ ਬਿਮਾਰ ਹੋ ਗਿਆ ਤੇ ਉਸਦਾ ਬਿਲ ਅਠਾਰਾਂ ਲੱਖ ਰੁਪਏ ਨੂੰ ਟੱਪ ਗਿਆ ਹੈ। ਸੰਯੁਕਤ ਅਰਬ ਅਮੀਰਾਤ ਦੇ ਮੀਡੀਆ ਅਨੁਸਾਰ ਪੰਜਾਬ ਨਾਲ ਸਬੰਧਤ ਸੁਰਿੰਦਰ ਨਾਥ ਖੰਨਾ (66) ਇੱਥੇ ਆਪਣੇ ਪੁੱਤਰ ਨੂੰ ਮਿਲਣ ਲਈ ਆਇਆ ਸੀ ਅਤੇ ਉਸ ਨੂੰ ਗੁਰਦੇ ਦੀ ਇਨਫੈਕਸ਼ਨ ਹੋ ਗਈ। ਉਸਦਾ ਬਿਲ ਹੁਣ ਤੱਕ ਅਠਾਰਾਂ ਲੱਖ ਰੁਪਏ ਨੂੰ ਟੱਪ ਚੁੱਕਾ ਹੈ ਅਤੇ ਪੀੜਤ ਪਰਿਵਾਰ ਨੇ ਪੰਜਾਬੀ ਭਾਈਚਾਰੇ ਨੂੰ ਸਹਾਇਤਾ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਸੁਰਿੰਦਰ ਨਾਥ ਖੰਨਾ ਇੱਥੇ 15 ਮਾਰਚ ਨੂੰ ਆਪਣੀ ਪਤਨੀ ਦੇ ਨਾਲ ਪੁੱਜਾ ਸੀ ਅਤੇ ਅਗਲੇ ਦਿਨ ਹੀ ਉਸਨੂੰ ਸਾਹ ਆਉਣ ਵਿੱਚ ਤਕਲੀਫ਼ ਹੋ ਗਈ। ਉਸ ਦੇ ਪੁੱਤਰ ਅਭਿਨਵ ਦੇ ਕੋਲ ਕਿਸੇ ਪ੍ਰਕਾਰ ਦੀ ਟਰੈਵਲਿੰਗ ਜਾਂ ਮੈਡੀਕਲ ਇੰਸ਼ੋਰੈਂਸ ਨਹੀਂ ਹੈ ਅਤੇ ਰੋਜ਼ਾਨਾ ਬਿਲ ਤਿੰਨ ਲੱਖ ਰੁਪਏ ਵਧ ਰਿਹਾ ਹੈ। ਇਸ ਸਮੇਂ ਅਠਾਰਾਂ ਲੱਖ ਰੁਪਏ ਦਾ ਬਿਲ ਅਦਾ ਹੋਣ ਤੋਂ ਰਹਿੰਦਾ ਹੈ। ਅਭਿਨਵ ਅਨੁਸਾਰ ਜਦੋਂ ਉਸ ਦੇ ਮਾਪੇ ਇੱਥੇ ਪੁੱਜੇ ਤਾਂ ਉਸ ਦੇ ਪਿਤਾ ਨੂੰ ਸਾਹ ਕੁਝ ਔਖਾ ਆਉਂਦਾ ਸੀ ਪਰ ਸਿਹਤ ਕਿਸੇ ਤਰ੍ਹਾਂ ਵੀ ਕਮਜ਼ੋਰ ਨਹੀਂ ਲੱਗਦੀ ਸੀ ਪਰ ਜਦੋਂ ਸਵੇਰੇ ਸਾਹ ਆਉਣ ਵਿੱਚ ਮੁਸ਼ਕਿਲ ਆਉਣ ਲੱਗੀ ਤਾਂ ਉਸ ਨੇ ਐਂਬੂਲੈਂਸ ਬੁਲਾਈ। ‘ਖ਼ਲੀਲ ਟਾਈਮਜ਼’ ਅਨੁਸਾਰ ਅਭਿਨਵ 11 ਮਹੀਨੇ ਪਹਿਲਾਂ ਹੀ ਇੱਥੇ ਆਇਆ ਸੀ। ਖੰਨਾ ਦੀ ਮੈਡੀਕਲ ਜਾਂਚ ਤੋਂ ਪਤਾ ਚੱਲਾ ਕਿ ਉਸ ਨੂੰ ਗੁਰਦੇ ਦੀ ਇਨਫੈਕਸ਼ਨ ਹੈ ਅਤੇ ਸਰੀਰ ਦੇ ਅੰਗਾਂ ਦਾ ਰੰਗ ਬਦਲਣ ਲੱਗਾ ਹੈ। ਉਸ ਦਾ ਖੱਬਾ ਹੱਥ ਕੱਟਣਾ ਪੈ ਗਿਆ ਹੈ ਤੇ ਸੱਜੀ ਲੱਤ ਵੀ ਕੱਟਣੀ ਪੈ ਸਕਦੀ ਹੈ। ਯੂਏਈ ਵਿੱਚ ਭਾਰਤ ਦੇ ਕਾਰਜਕਾਰੀ ਕੌਂਸਲ ਜਨਰਲ ਨੀਰਜ ਅਗਰਵਾਲ ਨੇ ਭਾਰਤੀ ਭਾਈਚਾਰੇ ਨੂੰ ਸਹਾਇਤਾ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।

Comments

comments

Share This Post

RedditYahooBloggerMyspace