ਸੀਪੀਆਈ ਨੇ ਕਨ੍ਹੱਈਆ ਕੁਮਾਰ ਨੂੰ ਬੇਗੂਸਰਾਏ ਤੋਂ ਉਮੀਦਵਾਰ ਐਲਾਨਿਆ

ਨਵੀਂ ਦਿੱਲੀ: ਸੀਪੀਆਈ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਨੂੰ ਬਿਹਾਰ ਦੀ ਬੇਗੂਸਰਾਏ ਸੰਸਦੀ ਸੀਟ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਬਿਹਾਰ ਵਿੱਚ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੀ ਅਗਵਾਈ ਵਾਲੇ ਵਿਰੋਧੀ ਪਾਰਟੀਆਂ ਦੇ ਗੱਠਜੋੜ ਵੱਲੋਂ ਲੰਘੇ ਦਿਨ ਸੀਟਾਂ ਦੀ ਵੰਡ ਦਾ ਐਲਾਨ ਕਰਨ ਮੌਕੇ ਸੀਪੀਆਈ ਨੂੰ ਇਸ ’ਚੋਂ ਬਾਹਰ ਰੱਖਿਆ ਗਿਆ ਸੀ। ਇਸ ਦੌਰਾਨ ਪਾਰਟੀ ਦੇ ਜਨਰਲ ਸਕੱਤਰ ਐਸ.ਸੁਧਾਕਰ ਰੈੱਡੀ ਨੇ ਪੱਛਮੀ ਬੰਗਾਲ, ਯੂਪੀ, ਬਿਹਾਰ ਤੇ ਨਵੀਂ ਦਿੱਲੀ ’ਚ ਗੱਠਜੋੜ ਸਿਰੇ ਨਾ ਚੜ੍ਹਨ ਲਈ ਕਾਂਗਰਸ ਨੂੰ ਜ਼ਿੰਮੇਵਾਰ ਦੱਸਿਆ ਹੈ।
ਭਾਰਤੀ ਕਮਿਊਨਿਸਟ ਪਾਰਟੀ ਨੂੰ ਪਹਿਲਾਂ ਆਸ ਸੀ ਕਿ ਕੁਮਾਰ ਨੂੰ ‘ਮਹਾਂਗੱਠਬੰਧਨ’ ਤਹਿਤ ਸੀਟ ਮਿਲ ਜਾਵੇਗੀ, ਪਰ ਹੁਣ ਪਾਰਟੀ ਨੇ ਆਪਣੇ ਦਮ ’ਤੇ ਬੇਗੂਸਰਾਏ ਸੰਸਦੀ ਸੀਟ ਤੋਂ ਚੋਣ ਲੜਨ ਦਾ ਫੈਸਲਾ ਕਰ ਲਿਆ ਹੈ। ਪਾਰਟੀ ਦੇ ਸੀਨੀਅਰ ਆਗੂ ਡੀ.ਰਾਜਾ ਨੇ ਕਿਹਾ, ‘ਕਨ੍ਹੱਈਆ ਕੁਮਾਰ ਬੇਗੂਸਰਾਏ ਸੀਟ ਤੋਂ ਸੀਟ ਤੋਂ ਸਾਡਾ ਉਮੀਦਵਾਰ ਹੋਵੇਗਾ। ਸੀਪੀਆਈ(ਐਮਐਲ) ਨੇ ਵੀ ਸਾਡੀ ਹਮਾਇਤ ਦਾ ਐਲਾਨ ਕੀਤਾ ਹੈ।’ ਉਨ੍ਹਾਂ ਕਿਹਾ ਕਿ ਕੇਂਦਰੀ ਲੀਡਰਸ਼ਿਪ ਵੱਲੋਂ ਜਲਦੀ ਹੀ ਦੋ ਹੋਰ ਸੀਟਾਂ ’ਤੇ ਉਮੀਦਵਾਰ ਐਲਾਨ ਦਿੱਤੇ ਜਾਣਗੇ। ‘ਮਹਾਂਗੱਠਬੰਧਨ’ ਵੱਲੋਂ ਸੀਟਾਂ ਦੀ ਵੰਡ ਲਈ ਕੀਤੇ ਕਰਾਰ ਤਹਿਤ ਆਰਜੇਡੀ ਨੇ ਆਪਣੀਆਂ 20 ਸੀਟਾਂ ’ਚੋਂ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸੀ ਲੈਨਿਨਵਾਦ) ਨੂੰ ਇਕ ਸੀਟ ਦਿੱਤੀ ਹੈ, ਪਰ ਅਜੇ ਤਕ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਇਸ ਦੌਰਾਨ ਸੀਪੀਆਈ ਦੇ ਜਨਰਲ ਸਕੱਤਰ ਐਸ.ਸੁਧਾਕਰ ਰੈੱਡੀ ਨੇ ਕਿਹਾ ਕਿ ਕਾਂਗਰਸ ਤੇ ਹੋਰਨਾਂ ਖੇਤਰੀ ਪਾਰਟੀਆਂ ਦੀ ਕੌਮੀ ਹਿੱਤਾਂ ਨੂੰ ਨਾ ਵੇਖ ਸਕਣ ਦੀ ਅਯੋਗਤਾ ਕਰਕੇ ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਬਿਹਾਰ ਤੇ ਦਿੱਲੀ ਵਿੱਚ ਸੀਟਾਂ ਦੀ ਵੰਡ ਸਬੰਧੀ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ।

Comments

comments

Share This Post

RedditYahooBloggerMyspace