ਅਮਰੀਕੀ ਸਿੱਖਾਂ ਵੱਲੋਂ ਤਾਹਿਰ ਖ਼ਾਨ ਕਿਆਨੀ ਦਾ ਸਨਮਾਨ

ਅੰਮ੍ਰਿਤਸਰ : ਅਮਰੀਕਾ ਵਿਚ ਵਾਸ਼ਿੰਗਟਨ ਡੀਸੀ ਦੇ ਸਿੱਖ ਭਾਈਚਾਰੇ ਵੱਲੋਂ ਪਾਕਿਸਤਾਨੀ ਨਾਗਰਿਕ ਤਾਹਿਰ ਖ਼ਾਨ ਕਿਆਨੀ ਨੂੰ ਪਾਕਿਸਤਾਨ ਦੇ ਜੇਹਲਮ ਇਲਾਕੇ ਵਿਚ ਚਾਰ ਇਤਿਹਾਸਕ ਗੁਰਦੁਆਰਿਆਂ ਦੀ ਸਾਂਭ ਸੰਭਾਲ ਵਾਸਤੇ ਬਣਾਈ ਯੋਜਨਾ ਲਈ ਸਨਮਾਨਿਆ ਗਿਆ ਹੈ। ਇਹ ਜਾਣਕਾਰੀ ਈਕੋ ਸਿੱਖ ਜਥੇਬੰਦੀ ਦੇ ਮੁਖੀ ਡਾ. ਰਾਜਵੰਤ ਸਿੰਘ ਨੇ ਦਿੱਤੀ।

ਡਾ. ਰਾਜਵੰਤ ਸਿੰਘ ਦੱਸਿਆ ਕਿ ਪਾਕਿਸਤਾਨ ਦੇ ਜੇਹਲਮ ਹੈਰੀਟੇਜ ਫਾਊਂਡੇਸ਼ਨ ਦੇ ਆਗੂ ਤਾਹਿਰ ਖ਼ਾਨ ਕਿਆਨੀ ਨੂੰ ਵਾਸ਼ਿੰਗਟਨ ਵਿਚ ਸਿੱਖ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਨੇ ਸਨਮਾਨਿਤ ਕੀਤਾ ਹੈ। ਇਸ ਸਬੰਧੀ ਸਮਾਗਮ ਵਿਚ ਸ੍ਰੀ ਤਾਹਿਰ ਨੇ ਸਿੱਖ ਭਾਈਚਾਰੇ ਨੂੰ ਜਾਣਕਾਰੀ ਦਿੱਤੀ ਕਿ ਜੇਹਲਮ ਇਲਾਕੇ ਵਿਚ ਚਾਰ ਇਤਿਹਾਸਕ ਸਿੱਖ ਗੁਰਧਾਮ ਹਨ, ਜਿਨ੍ਹਾਂ ਦੀ ਸੰਭਾਲ ਲਈ ਉਨ੍ਹਾਂ ਦੀ ਜਥੇਬੰਦੀ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਗੁਰੂ ਨਾਨਕ ਦੇਵ ਨੇ ਉਦਾਸੀਆਂ ਦੌਰਾਨ ਇਸ ਖੇਤਰ ਦਾ ਦੌਰਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਸ਼ੇਰਸ਼ਾਹ ਸੂਰੀ ਵੱਲੋਂ ਬਣਾਏ ਗਏ ਰੋਹਤਾਸ ਕਿਲ੍ਹੇ ਦੇ ਨੇੜੇ ਹੀ ਗੁਰੂ ਨਾਨਕ ਦੇਵ ਨਾਲ ਸਬੰਧਿਤ ਇਕ ਗੁਰਦੁਆਰਾ ਹੈ, ਜਿੱਥੇ ਪਾਣੀ ਦਾ ਚਸ਼ਮਾ ਵੀ ਹੈ, ਜਿਸ ਨੂੰ ਗੁਰੂ ਸਾਹਿਬ ਨੇ ਸ਼ੁਰੂ ਕੀਤਾ ਸੀ। ਸਥਾਨਕ ਲੋਕ ਅੱਜ ਵੀ ਇਸ ਚਸ਼ਮੇ ਦੇ ਪਾਣੀ ਦੀ ਵਰਤੋਂ ਕਰਦੇ ਹਨ। ਇਕ ਗੁਰਦੁਆਰਾ ਜੇਹਲਮ ਪਹਾੜੀ ’ਤੇ ਹੈ, ਜਿਸ ਨੂੰ ਗੁਰਦੁਆਰਾ ਟਿੱਲਾ ਜੋਗੀਆਂ ਵਜੋਂ ਜਾਣਿਆ ਜਾਂਦਾ ਹੈ। ਇੱਥੇ ਗੁਰੂ ਸਾਹਿਬ ਨੇ ਜੋਗੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਸੀ। ਤੀਜਾ ਗੁਰਦੁਆਰਾ ਦਸਵੇਂ ਗੁਰੂ ਦੀ ਪਤਨੀ ਮਾਤਾ ਸਾਹਿਬ ਕੌਰ ਦਾ ਜਨਮ ਅਸਥਾਨ ਹੈ। ਇਕ ਹੋਰ ਭਾਈ ਕਰਮ ਸਿੰਘ ਗੁਰਦੁਆਰਾ ਹੈ, ਜੋ ਸਥਾਨਕ ਸਿੱਖ ਭਾਈਚਾਰੇ ਵੱਲੋਂ 1930 ਅਤੇ 40 ਦੇ ਦਹਾਕੇ ਦੌਰਾਨ ਬਣਾਇਆ ਗਿਆ ਸੀ।

ਤਾਹਿਰ ਖ਼ਾਨ ਨੇ ਦੱਸਿਆ ਕਿ ਉਨ੍ਹਾਂ ਅਤੇ ਉਨਾਂ ਦੇ ਸਾਥੀਆਂ ਨੇ ਇਨ੍ਹਾਂ ਗੁਰਦੁਆਰਿਆਂ ਨੂੰ ਮੁੜ ਬਹਾਲ ਕਰਨ ਲਈ ਯੋਜਨਾ ਬਣਾਈ ਹੈ ਅਤੇ ਸਥਾਨਕ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਹੈ। ਇਸ ਸਬੰਧੀ ਵਾਲਡ ਸਿਟੀ ਆਫ ਲਾਹੌਰ ਜਥੇਬੰਦੀ ਵਲੋਂ ਸਰਵੇਖਣ ਵੀ ਕੀਤਾ ਗਿਆ ਹੈ। ਸਰਕਾਰ ਨੂੰ ਸੌਂਪੀ ਯੋਜਨਾ ਮੁਤਾਬਿਕ ਇਨ੍ਹਾਂ ਦੀ ਸੰਭਾਲ ਲਈ 400 ਮਿਲੀਅਨ ਰੁਪਏ ਦਾ ਬਜਟ ਤਿਆਰ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਕੁਝ ਥਾਵਾਂ ਲੋਕਾਂ ਦੇ ਕਬਜ਼ੇ ਵਿਚ ਹਨ ਅਤੇ ਸਰਕਾਰੀ ਦਫ਼ਤਰਾਂ ਲਈ ਵਰਤੀਆਂ ਜਾ ਰਹੀਆਂ ਹਨ। ਸਥਾਨਕ ਲੋਕ ਇਨ੍ਹਾਂ ਇਤਿਹਾਸਕ ਥਾਵਾਂ ਨੂੰ ਮੁੜ ਬਹਾਲ ਕਰਨ ਦੇ ਹੱਕ ਵਿਚ ਹਨ।

Comments

comments

Share This Post

RedditYahooBloggerMyspace