ਗੁਰੂ ਨਾਨਕ ਦੇਵ ਜੀ ਦੇ ਦੀਦਾਰ ਕਰ ਕੇ ਜਨਤਾ ਦੇ ਦੁੱਖ ਦੂਰ ਹੋਏ ਤੇ ਸਾਰਿਆਂ ਨੇ ‘ਵਾਹਿਗੁਰੂ’ ਨਾਮ ਦਾ ਜਾਪ ਸ਼ੁਰੂ ਕਰ ਦਿੱਤਾ। ਜਦੋਂ ਬਾਬਾ ਜੀ ਪਾਲਕੀ ਕੋਲ ਆਏ ਤਾਂ ਚਾਰੇ ਹਜ਼ਰਤਾਂ ਨੇ ਅਦਬ ਨਾਲ ਬਾਬਾ ਜੀ ਨੂੰ ਸਜਦਾ ਕੀਤਾ। ਆਪ ਪਾਲਕੀ ਦੇ ਅੰਦਰ ਦਾਖ਼ਲ ਹੋ ਗੋਏ। ਲੋਕਾਂ ਨੂੰ ਉਮੀਦ ਸੀ ਕਿ ਪਾਲਕੀ ‘ਚ ਪਾਕਿ ਪਰਵਰਦਿਗਾਰ ਦੇ ਦੀਦਾਰ ਹੋਣਗੇ। ਚਾਰੇ ਪਰਦੇ ਉੱਠਣ ਤੋਂ ਬਾਅਦ ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਦੇ ਦੀਦਾਰ ਹੋਏ ਤਾਂ ਸਾਰਿਆਂ ਨੇ ਸਜਦਾ ਕੀਤਾ ਤਾਂ ਮੁਸ਼ਤਾਕ ਜੀ ਨੇ ਸੰਗਤਾਂ ਨੂੰ ਦੱਸਿਆ ਕਿ ਮੈਂ ਵੀ ਸਜਦੇ ਵਿਚ ਸਾਂ ਕਿ ਇੰਨੇ ਨੂੰ ਮੇਰੀ ਨੀਂਦ ਖੁੱਲ੍ਹੀ। ਇਸ ਨਜ਼ਾਰੇ ਨੇ ਗੁਰੂ ਨਾਨਕ ਸਾਹਿਬ ਲਈ ਮੇਰੇ ਭਰੋਸੇ ਨੂੰ ਹਿਮਾਲਿਆ ਜਿੱਡਾ ਪੱਕਾ ਕਰ ਦਿੱਤਾ। ਸਵੇਰ ਦੇ ਚਾਰ ਵੱਜੇ ਸਨ। ਮੈਂ ਪਿਤਾ ਜੀ ਦੇ ਕਮਰੇ ‘ਚ ਗਿਆ ਤੇ ਉਨ੍ਹਾਂ ਨੂੰ ਸੁਪਨੇ ਵਿਚ ਜੋ ਨਜ਼ਾਰਾ ਵੇਖਿਆ ਸੀ, ਸੁਣਾਇਆ ਤਾਂ ਉਨ੍ਹਾਂ ਨੇ ਕਿਹਾ ਕਿ ‘ਤੂੰ ਕਿਹੜੇ ਵਹਿਮਾਂ ਭਰਮਾਂ ‘ਚ ਪੈ ਗਿਆ ਹੈਂ। ਤੈਨੂੰ ਇਸ ਲਈ ਨਾਲ ਨਹੀਂ ਲਿਆਂਦਾ ਸੀ। ਚੰਗਾ ਹੁੰਦਾ ਤੂੰ ਯੂਨੀਵਰਸਿਟੀ ਦੀ ਡਿਗਰੀ ਲੈ ਲੈਂਦਾ।’ ਮੈਂ ਪਿਤਾ ਜੀ ਨੂੰ ਕਿਹਾ ਕਿ ‘ਸੁਪਨੇ ਦੇ ਨਜ਼ਾਰੇ ਤੇ ‘ਸਿਹਾਯਤੋ ਬਾਬਾ ਨਾਨਕ ਫ਼ਕੀਰ’ ਕਿਤਾਬ ਪੜ੍ਹ ਕੇ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਇਸਲਾਮ ਦੀ ਬੁਨਿਆਦ ਬਹੁਤ ਕਮਜ਼ੋਰ ਹੈ।’ ਪਿਤਾ ਜੀ ਨੇ ਕਿਹਾ, ‘ਨਾਨਕ ਤਾਂ ਇਕ ਚਮਕਦਾ ਸਿਤਾਰਾ ਸੀ ਪਰ ਅਫ਼ਸੋਸ ਕਿ ਉਸ ਨੇ ਇਸਲਾਮ ਦੇ ਕਲਾਮ ਪਾਕਿ ਦੇ ਮੁਕਾਬਲੇ ਆਪਣੀ ਕਲਾਮ ਬਣਾਈ, ਜਿਸ ਨੇ ਅੱਲ੍ਹਾ ਦੀ ਤੌਹੀਨ ਕੀਤੀ ਹੈ।’ ਮੈਂ ਕਿਹਾ, ‘ਪਿਤਾ ਜੀ ਨਾਨਕ ਦਾ ਕਲਾਮ ਖ਼ੁਦਾਈ ਕਲਾਮ ਦੀ ਤੌਹੀਨ ਕਿੰਝ ਕਰ ਸਕਦਾ ਹੈ? ਨਾਮੁਮਕਿਨ ਗੱਲ ਹੈ।’ ਜਵਾਬ ਵਿਚ ਉਨ੍ਹਾਂ ਨੇ ਕਿਹਾ, ‘ਇਸ ਵਿਚ ਕੋਈ ਸ਼ੱਕ ਨਹੀਂ ਕਿ ਨਾਨਕ ਦਾ ਕਲਾਮ ਜਾਦੂ ਦਾ ਅਸਰ ਰੱਖਦਾ ਹੈ ਅਤੇ ਇਹ ਗੱਲ ਮੇਰੀ ਅਜਮਾਈ ਹੋਈ ਹੈ।’

ਮੈਂ ਉਸ ਆਦਮੀ ਨਾਲ ਵੀ ਮੁਲਾਕਾਤ ਕੀਤੀ, ਜੋ ਅਰਬ ਦਾ ਵਸਨੀਕ ਸੀ ਤੇ ਬਾਬਾ ਜੀ ਦਾ ਪੱਕਾ ਪੈਰੋਕਾਰ ਸੀ ਤੇ ਉਸ ਕੋਲ ਗੁਰੂ ਨਾਨਕ ਸਾਹਿਬ ਦਾ ਦਿੱਤਾ ਹੋਇਆ ‘ਜਪੁਜੀ ਸਾਹਿਬ’ (ਅਰਬੀ ਭਾਸ਼ਾ) ਦਾ ਗੁਟਕਾ ਸੀ ਅਤੇ ਗੁਰੂ ਜੀ ਦੀ ਇਕ ਖੜਾਂਵ ਵੀ ਸੀ। ਉਸ ਦਾ ਨਾਂ ਮਹਿਬੂਬ ਇਬਨੇ ਜ਼ਾਫ਼ਰ ਸੀ ਅਤੇ ਇਮਾਮ ਹਜ਼ਰਤ ਜ਼ਾਫ਼ਰ ਦੀ ਵੰਸ਼ ‘ਚੋਂ ਸਨ। ਉਹ ਜਟਾਜੂਟ (ਕੇਸਧਾਰੀ) ਸਨ। ਕਾਫ਼ੀ ਸਮਾਂ ਸਵਾਲ-ਜਵਾਬ ਹੋਏ। ਉਸ ਤੋਂ ਬਾਅਦ ਉਸ ਨੇ ਪਿਤਾ ਜੀ ਨੂੰ ਇਕ ਕਿਤਾਬ ਵਿਖਾਈ, ਜਿਸ ‘ਚ ਲਿਖਿਆ ਸੀ ਕਿ ਜਦੋਂ ਉਨ੍ਹਾਂ ਦੇ ਬਜ਼ੁਰਗਾਂ ਕੋਲੋਂ ਗੁਰੂ ਨਾਨਕ ਸਾਹਿਬ ਰੁਖ਼ਸਤ ਹੋਏ ਤਾਂ ਉਸ ਸਮੇਂ ਇਕ ਘਰ ਹੀ ਉਨ੍ਹਾਂ ਦਾ ਪੈਰੋਕਾਰ ਸੀ। ਹੁਣ ਸਿਰਫ਼ ਮਦੀਨੇ ਵਿਚ ਗੁਰੂ ਸਾਹਿਬ ਦੇ ਪੈਰੋਕਾਰਾਂ ਦੇ 114 ਘਰ ਹਨ। ਉਸ ਨੇ ਦੱਸਿਆ ਕਿ ਮੌਲਾਣਿਆਂ ਦੀ ਖ਼ਿਲਾਫ਼ਤ ਕਾਰਨ ਅਸੀਂ ਤਬਲੀਗੇ-ਨਾਨਕੀ ਨਹੀਂ ਕਰ ਸਕਦੇ, ਨਹੀਂ ਤਾਂ ਸਾਰਾ ਦੇਸ਼ ਨਾਨਕ ਦਾ ਪੈਰੋਕਾਰ ਹੋ ਜਾਵੇ। ਉੱਥੋਂ ਜਾਣ ਤੋਂ ਬਾਅਦ ਪਿਤਾ ਜੀ ਨੇ ਕਿਹਾ ਕਿ ਵਾਲ ਕੱਟੇ ਨਹੀਂ ਤੇ ਸ਼ਕਲ ਜਟਾਜੂਟ ਹੈ। ਮੈਂ ਪਿਤਾ ਜੀ ਨੂੰ ਦੱਸਿਆ ਕਿ ਕੁਰਆਨ ਸ਼ਰੀਫ਼ ਵਾਲ ਕਟਵਾਉਣ ਦੀ ਇਜਾਜ਼ਤ ਨਹੀਂ ਦੇਂਦਾ। (ਦੇਖੋ ਸਪਾਰਾ-2 ਸੂਰਤ ਬੱਕਰ ਰਕੂਅ 24 ਆਇਤ 195)। ਇਸ ਅਨੁਸਾਰ ਹੱਜ ਉਸੇ ਦਾ ਮਨਜ਼ੂਰ ਹੋਵੇਗਾ, ਜੋ ਜਟਾਜੂਟ ਰਹੇਗਾ। ਖ਼ੁਦਾ ਨੇ ਹਰ ਇਨਸਾਨ ਨੂੰ ਜਟਾਜੂਟ ਬਣਾਇਆ ਹੈ। ਹਰ ਦੇਸ਼ ਵਿਚ ਐਸਾ ਹੀ ਹੈ। ਦੁਨੀਆ ਵਿਚ ਖ਼ੁਦਾ ਨੇ 84 ਲੱਖ ਤਰ੍ਹਾਂ ਦੇ ਜੀਵ-ਜੰਤੂ ਪੈਦਾ ਕੀਤੇ ਹਨ, ਕਿਸੇ ਦੀ ਸ਼ਕਲ ਦੂਸਰੇ ਨਾਲ ਨਹੀਂ ਮਿਲਦੀ। ਇਹ ਉਸ ਦੀ ਖ਼ੁਸ਼ੀ ਹੈ। ਇੰਜ ਹੀ ਉਸ ਨੇ ਮਰਦ ਤੇ ਔਰਤ ਨੂੰ ਵੱਖ-ਵੱਖ ਸ਼ਕਲ ਦਿੱਤੀ ਹੈ।

ਸੰਸਾਰ ਵਿਚ ਅਸੀਂ ਖ਼ੁਦਾ ਦੀ ਖ਼ੁਸ਼ੀ ਲੈਣ ਲਈ ਆਏ ਹਾਂ। ਇਸ ਲਈ ਸਾਨੂੰ ਉਸ ਦੀ ਖ਼ੁਸ਼ੀ ਲੈਣ ਲਈ ਜਿਹੋ ਜਿਹਾ ਜਨਮ ਉਸ ਨੇ ਦਿੱਤਾ ਹੈ, ਉਂਜ ਹੀ ਰੱਖਣਾ ਚਾਹੀਦਾ ਹੈ। ਨਹੀਂ ਤਾਂ ਜਦੋਂ ਅਸੀਂ ਜ਼ਿੰਦਗੀ ਪੂਰੀ ਕਰ ਕੇ ਖ਼ੁਦਾ ਦੇ ਦਰਬਾਰ ਵਿਚ ਜਾਵਾਂਗੇ ਤਾਂ ਪਰਮਾਤਮਾ ਪੁੱਛੇਗਾ ਕਿ ਤੁਹਾਨੂੰ ਤਾਂ ਮਰਦ ਬਣਾਇਆ ਸੀ ਪਰ ਤੁਸੀਂ ਔਰਤ ਦੀ ਸ਼ਕਲ ਬਣਾ ਕੇ ਰਹਿੰਦੇ ਰਹੇ ਹੋ ਤਾਂ ਕੀ ਜਵਾਬ ਦੇਵਾਂਗੇ? ਉਸ ਸਮੇਂ ਲਾ-ਜਵਾਬ ਹੋ ਜਾਵਾਂਗੇ ਤੇ ਸਾਨੂੰ ਹਰ ਹਾਲਤ ‘ਚ ਸਜ਼ਾ ਮਿਲੇਗੀ। ਇਲ ਲਈ ਹਜ਼ਰਤ ਮੁਹੰਮਦ ਸਾਹਿਬ, ਈਸਾ, ਮੂਸਾ, ਦਾਊਦ, ਇਬਰਾਹੀਮ ਆਦਿ ਸਾਰੇ ਜਟਾਜੂਟ (ਕੇਸਾਧਾਰੀ) ਹੀ ਰਹੇ ਹਨ ਤੇ ਕੋਈ ਸੁੰਨਤ ਨਹੀਂ ਸੀ। ਜੋ ਲੋਕ ਵਾਲ ਨਹੀਂ ਕਟਵਾਉਂਦੇ, ਜਦੋਂ ਉਹ ਖ਼ੁਦਾ ਦੇ ਦਰਬਾਰ ਵਿਚ ਜਾਣਗੇ ਤਾਂ ਖ਼ੁਦਾ ਦੀ ਉਨ੍ਹਾਂ ‘ਤੇ ਖ਼ੁਸ਼ੀ ਹੋਵੇਗੀ।

ਪਿਤਾ ਜੀ ਨੇ ਕਿਹਾ, ‘ਇਹ ਮੈਂ ਵੀ ਜਾਣਦਾ ਹਾਂ ਪਰ ਜੇ ਤੂੰ ਇਹ ਸੱਚਾਈ ਲੋਕਾਂ ਤਕ ਪਹੁੰਚਾਣ ਦੀ ਕੋਸ਼ਿਸ਼ ਕਰੇਂਗਾ ਤਾਂ ਕੱਟੜ ਮੌਲਾਣੇ ਤੇਰਾ ਮਾਸ ਨੋਚ-ਨੋਚ ਲੈਣਗੇ। ਇਸ ਲਈ ਜੋ ਰੀਤ ਚੱਲੀ ਹੈ, ਉਸੇ ਅਨੁਸਾਰ ਚੱਲਣ ‘ਚ ਹੀ ਭਲਾਈ ਹੈ।’ ਮੈਂ ਜਵਾਬ ਦਿੱਤਾ ਕਿ ‘ਜੇਕਰ ਖ਼ੁਦਾਈ ਸੱਚ ਨੂੰ ਲੋਕਾਂ ਤਕ ਪਹੁੰਚਾਣ ਵਿਚ ਜਿਸਮ ਦਾ ਮਾਸ ਵੀ ਨੋਚਿਆ ਜਾਂਦਾ ਹੈ ਤਾਂ ਕੀ ਬਾਤ ਹੈ।’ ਮੱਕਾ ਦੇ ਸਭ ਤੋਂ ਵੱਡੇ ਕਾਜ਼ੀ ਰੁਕਨਦੀਨ ਨਾਲ ਵੀ ਤਾਂ ਐਸਾ ਹੀ ਹੋਇਆ ਸੀ, ਜਿਸ ਦੀ ਉਨ੍ਹਾਂ ਨੇ ਕੋਈ ਪਰਵਾਹ ਨਹੀਂ ਕੀਤੀ ਸੀ। ਫਿਰ ਉਸ ਦੇ ਨਾਲ ਜੋ ਹੋਇਆ, ਉਸ ਤੋਂ ਇਹ ਸਪਸ਼ਟ ਨਹੀਂ ਹੁੰਦਾ ਕਿ ਗੁਰੂ ਨਾਨਕ ਸਾਹਿਬ ਨੇ ਆਖ਼ਰੀ ਸਮੇਂ ਉਸ ਦੇ ਸਿਰ ‘ਤੇ ਹੱਥ ਰੱਖ ਕੇ ਉਸ ਨੂੰ ਮੌਲਾਣਿਆਂ ਦੀ ਦਰਿੰਦਗੀ ਤੋਂ ਹੀ ਨਹੀਂ ਬਚਾਇਆ ਸਗੋਂ ਉਸ ਨੂੰ ਸਿੱਧਾ ਬਹਿਸ਼ਤ ਭੇਜਦਿਆਂ ਸੰਸਾਰ ਵਿਚ ਉਸ ਦਾ ਨਾਮ ਰੌਸ਼ਨ ਕੀਤਾ।

ਉਸ ਸਮੇਂ ਦੇ ਨਜ਼ਾਰੇ ਨੂੰ ਵੇਖ ਕੇ ਮੌਜੂਦ ਲੋਕਾਂ ‘ਚੋਂ ਘੱਟੋ ਘੱਟ 50 ਫ਼ੀਸਦੀ ਲੋਕ ਗੁਰੂ ਜੀ ਦੇ ਪੈਰੋਕਾਰ ਬਣ ਗਏ ਸਨ। ਇਹ ਸੁਣ ਕੇ ਪਿਤਾ ਜੀ ਮੇਰੇ ਵੱਲ ਖ਼ਾਮੋਸ਼ ਹੋ ਕੇ ਦੇਖਦੇ ਰਹੇ ਤਾਂ ਮੈਂ ਵਾਪਸ ਮੱਕਾ ਜਾਣ ਦੀ ਇਜਾਜ਼ਤ ਮੰਗੀ। ਕੁਝ ਟਾਲਮਟੋਲ ਤੋਂ ਬਾਅਦ ਆਪ ਵੀ ਮੱਕਾ ਜਾਣ ਲਈ ਤਿਆਰ ਹੋ ਗਏ। ਮੱਕਾ ਪੁੱਜ ਕੇ ਦੂਸਰੇ ਦਿਨ ਸਭ ਤੋਂ ਪਹਿਲਾਂ ਮੈਂ ਗੁਰੂ ਘਰਾਂ ਦੇ ਦਰਸ਼ਨ ਕੀਤੇ। ਇਥੇ ਜ਼ੈਨਲਬਉਦਦੀਨ ਦੇ ਖ਼ਾਨਦਾਨ ‘ਚ ਮਸ਼ਹੂਰ ਸ਼ਖ਼ਸੀਅਤ ਮਹਿਬੂਬ ਰਹਿਮਾਨ ਅਤੇ ਬੁੱਧੂ ਖ਼ਾਨਦਾਨ ਵਿਚੋਂ ਅਹਿਮਦ ਸਾਦਿਕ, ਜੋ ਗੁਰੂ ਜੀ ਦੇ ਪੈਰੋਕਾਰ ਸਨ, ਪਿਤਾ ਜੀ ਨਾਲ ਉਨ੍ਹਾਂ ਦੀ ਮੁਲਾਕਾਤ ਕਰਵਾਈ। ਉਨ੍ਹਾਂ ਦੇ ਬਜ਼ੁਰਗਾਂ ਦੀ ਗੁਰੂ ਨਾਨਕ ਜੀ ਨਾਲ ਕਿਵੇਂ ਮੁਲਾਕਾਤ ਹੋਈ ਤੇ ਉਨ੍ਹਾਂ ਦੇ ਪੈਰੋਕਾਰ ਬਣਨ ਦੀ ਦਾਸਤਨਾ ਸੁਣ ਕੇ ਪਿਤਾ ਜੀ ਬੜੇ ਖ਼ੁਸ਼ ਹੋਏ। ਉਨ੍ਹਾਂ ਦੇ ਸਾਹਮਣੇ ਗੁਰੂ ਜੀ ਦੀ ਬਹੁਤ ਭਾਵਪੂਰਤ ਲਫ਼ਜ਼ਾਂ ਨਾਲ ਤਾਰੀਫ਼ ਕੀਤੀ ਅਤੇ ਕਿਹਾ ਕਿ ਹਰ ਮੁਸਲਮਾਨ ਨੂੰ ਗੁਰੂ ਜੀ ਦੇ ਰਸਤੇ ‘ਤੇ ਚੱਲਣਾ ਚਾਹੀਦਾ ਹੈ।

ਦੂਸਰੇ ਦਿਨ ਆਪਣਾ ਸਾਰਾ ਸਾਮਾਨ ਬੰਦ ਕਰ ਕੇ ਵਾਪਸ ਪੰਜਾਬ ਜਾਣ ਦੀ ਇਜਾਜ਼ਤ ਮੰਗੀ ਤਾਂ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹੱਜ ਤੋਂ ਬਾਅਦ ਜਾਣਾ ਪਰ ਮੇਰਾ ਹਠ ਵੇਖ ਕੇ ਇਜਾਜ਼ਤ ਦੇ ਦਿੱਤੀ ਤੇ ਕਿਹਾ, ‘ਰਸਤੇ ‘ਚ ਜੱਦਾ, ਅਦਨ ਤੇ ਕਰਾਚੀ ਆਦਿ ਵਿਚ ਜ਼ਿਆਦਾ ਸਮਾਂ ਨਹੀਂ ਰੁਕਣਾ, ਸਿੱਧੇ ਘਰ ਜਾਣਾ। ਮੈਂ ਵੀ ਹੱਜ ਤੋਂ ਬਾਅਦ ਜਲਦੀ ਆ ਜਾਵਾਂਗਾ। ਮੇਰੇ ਘਰ ਆਉਣ ‘ਤੇ ਤੁਸੀਂ ਘਰ ਹੋਣੇ ਚਾਹੀਦੇ ਹੋ।’ ਪਿਤਾ ਜੀ ਮੈਨੂੰ ਰੁਖ਼ਸਤ ਕਰਨ ਲਈ ਇਕ ਮੀਲ ਤਕ ਨਾਲ ਆਏ।

ਇਥੋਂ ਚੱਲ ਕੇ ਮੈਂ ਜੱਦੇ ਪੁੱਜਾ। ਇਥੇ ਗੁਰੂ ਨਾਨਕ ਸਾਹਿਬ ਦਾ ਬੜਾ ਆਲੀਸ਼ਾਨ ਗੁਰੂਦੁਆਰਾ ਹੈ, ਜਿਸ ਦਾ ਪ੍ਰਬੰਧ ਜਨਾਬ ਵਾਲਿਦ ਇਬਨੇ ਸਾਹਿਬ ਕਰ ਰਹੇ ਹਨ। ਉਹ ਬਹੁਤ ਨੇਕ, ਰਹਿਮ ਦਿਲ ਸਨ ਤੇ ਹਰ ਸਮੇਂ ਜਪੁਜੀ ਸਾਹਿਬ ਦਾ ਪਾਠ ਕਰਦੇ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ ਉਹ ਹਰ ਪੂਰਨਮਾਸ਼ੀ ਨੂੰ ਕਰਾਚੀ ਦੇ ਸੱਚਖੰਡ ਦਰਬਾਰ ਜਾਂਦੇ ਹਨ, ਜਿਸ ਦਾ ਪ੍ਰਬੰਧ ਗੁਰੂ ਨਾਨਕ ਦੇਵ ਜੀ ਦੇ ਸਿੰਧੀ ਪੈਰੋਕਾਰਾਂ ਦੇ ਹੱਥ ਹੈ। ਉਨ੍ਹਾਂ ਨਾਲ ਰਹਿ ਕੇ ਮੇਰੇ ਦਿਲ ਨੂੰ ਬਹੁਤ ਸਕੂਨ ਮਿਲਿਆ। ਉਨ੍ਹਾਂ ਨੇ ਕਿਹਾ ਕਿ ਖ਼ੁਦਾਵੰਦ ਕਰੀਮ ਖ਼ੁਦ ‘ਨਾਨਕ’ ਨਾਮ ਰੱਖ ਕੇ ਸੰਸਾਰ ‘ਚ ਲੋਕਾਂ ਨੂੰ ਨਜਾਤ ਦਾ ਰਸਤਾ ਦੱਸਣ ਲਈ ਆਏ ਪਰ ਅਫ਼ਸੋਸ ਕਿ ਕਲਯੁੱਗ ‘ਚ ਇਸ ਸਫ਼ਰ ਵਿਚ ਬਹੁਤ ਘੱਟ ਲੋਕ ਉਸ ਸੱਚਾਈ ਨੂੰ ਪਛਾਣ ਸਕੇ। ਉਸ ਤੋਂ ਬਾਅਦ ਮੈਂ 2 ਮਈ 1930 ਨੂੰ ਘਰ ਮੀਰਪੁਰ (ਕਸ਼ਮੀਰ) ਪੁੱਜਿਆ। ਪਿਤਾ ਜੀ ਦੇ ਆਉਣ ਤੋਂ ਬਾਅਦ ਹੀ ਮੈਂ ਸੱਚ ਦੀ ਤਲਾਸ਼ ਵਿਚ ਲਾਹੌਰ ਆਇਆ।

ਲਾਹੌਰ ਪੁੱਜ ਕੇ ਮੈਂ ਦਾਤਾਗੰਜ ਬਖ਼ਸ਼ ਸਰਾਂ ਵਿਚ ਨਿਵਾਸ ਕੀਤਾ। ਇਥੇ ਨੇੜੇ ਹੀ ਆਰੀਆ ਸਮਾਜ ਦਾ ਗੁਰਦਿੱਤ ਭਵਨ ਸਟੋਰ ਸੀ। ਉਸ ਧਰਮ ਅਤੇ ਸਨਾਤਨ ਧਰਮ ਦਾ ਇਕ ਮਹੀਨੇ ਅਧਿਐਨ ਕੀਤਾ। ਉਹ ਧਰਮ ਮੈਨੂੰ ਕੀਲ ਨਾ ਸਕਿਆ ਤਾਂ ਮੈਂ ਗਿਰਜੇ ਦੇ ਪਾਦਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਪਰ ਦਿਲ ਨੇ ਕਬੂਲ ਨਾ ਕੀਤਾ। ਇੰਨੇ ਨੂੰ ਘਰ ਤੋਂ ਆਏ ਤਿੰਨ ਮਹੀਨੇ ਹੋ ਗਏ ਸਨ। ਦਿਲ ਬੜਾ ਪਰੇਸ਼ਾਨ ਸੀ। ਇਸੇ ਪਰੇਸ਼ਾਨੀ ਵਿਚ ਜੁੱਮੇ ਨੂੰ ਜਾਮੀਆ ਮਸੀਤ ਵਿਚ ਨਮਾਜ਼ ਪੜ੍ਹਨ ਦਾ ਮਨ ਬਣਾਇਆ। ਨਮਾਜ਼ ਪੜ੍ਹਦੇ ਸਮੇਂ ਮੈਨੂੰ ਆਕਾਸ਼ਬਾਣੀ ਹੋਈ, ਜਿਸ ਵਿਚ ਕਈ ਤਰ੍ਹਾਂ ਦੀਆਂ ਹਦਾਇਤਾਂ ਹੋਈਆਂ ਤਾਂ ਮੈਂ ਨਮਾਜ਼ ਵਿੱਚੇ ਹੀ ਛੱਡ ਕੇ ਮਸੀਤ ਤੋਂ ਬਾਹਰ ਆ ਕੇ ਬਾਰਾਂਦਰੀ ਦੀਆਂ ਪੌੜੀਆਂ ‘ਤੇ ਬੈਠ ਕੇ ਆਕਾਸ਼ਬਾਣੀ ਬਾਰੇ ਡੂੰਘੀ ਸੋਚ ਵਿਚ ਸਾਂ ਕਿ ਉੱਥੋਂ ਸਾਹਮਣੇ ਤੋਂ ਇਕ ਵੱਡੀ ਉਮਰ ਦਾ ਸਿੱਖ ਭਾਈ ਆਇਆ। ਉਨ੍ਹਾਂ ਕੋਲੋਂ ਪੁੱਛਿਆ, ‘ਆਪ ਕਿੱਧਰ ਜਾ ਰਹੇ ਹੋ?’ ਜਵਾਬ ਮਿਲਿਆ, ‘ਗੁਰਦੁਆਰੇ।’ ਮੈਂ ਕਿਹਾ, ‘ਉੱਥੇ ਜਾ ਸਕਦਾ ਹਾਂ?’ ਉਨ੍ਹਾਂ ਕਿਹਾ, ‘ਕਿਸੇ ਨੂੰ ਜਾਣ ਦੀ ਮਨਾਹੀ ਨਹੀਂ। ਮੈਂ ਉਨ੍ਹਾਂ ਦੇ ਨਾਲ ਹੀ ਤੁਰ ਪਿਆ। ਗੁਰਦੁਆਰਾ ਸਾਹਿਬ ਪਹੁੰਚ ਕੇ ਉਹ ਅੰਦਰ ਚਲੇ ਗਏ ਪਰ ਮੈਨੂੰ ਸੇਵਾਦਾਰ ਨੇ ਰੋਕ ਦਿੱਤਾ ਤੇ ਪੁੱਛਿਆ, ‘ਕੋਈ ਨਸ਼ੀਲੀ ਚੀਜ਼, ਸਿਗਰਟ, ਬੀੜੀ, ਤੰਬਾਕੂ ਆਦਿ ਕੋਲ ਤਾਂ ਨਹੀਂ?’ ਨਾਂਹ ‘ਚ ਜਵਾਬ ਦੇਣ ‘ਤੇ ਉਸ ਨੇ ਮੈਨੂੰ ਅੰਦਰ ਜਾਣ ਦਿੱਤਾ। ਅੰਦਰ ਜਾ ਕੇ ਮੈਂ ਉਸ ਬਜ਼ੁਰਗ ਜੀ ਤਲਾਸ਼ ਕੀਤੀ, ਜਿਸ ਨਾਲ ਆਇਆ ਸਾਂ ਪਰ ਨਾ ਮਿਲੇ। ਸੇਵਾਦਾਰ ਤੋਂ ਪੁੱਛਿਆ ਕਿ ਗੁਰਦੁਆਰੇ ਦਾ ਪ੍ਰਧਾਨ ਕੌਣ ਹੈ? ਉਸ ਨੇ ਕਿਹਾ, ‘ਜਥੇਦਾਰ ਅੱਛਰ ਸਿੰਘ ਤੇ ਉਨ੍ਹਾਂ ਦੀ ਰਿਹਾਇਸ਼ ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ ਲਾਗੇ ਹੈ।’ ਮੈਂ ਜਥੇਦਾਰ ਜੀ ਦੇ ਘਰ ਗਿਆ ਤੇ ਬੇਨਤੀ ਕੀਤੀ ਕਿ ਮੈਂ ਸਿੱਖ ਧਰਮ ਬਾਰੇ ਜਾਣਕਾਰੀ ਲੈਣੀ ਹੈ। ਉਨ੍ਹਾਂ ਨੇ ਮੈਨੂੰ ਪਿਆਰ ਨਾਲ ਕੋਲ ਬਿਠਾਇਆ ਅਤੇ ਮੇਰੇ ਬਹੁਤ ਸਾਰੇ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਜਿੱਤੇ। ਆਖ਼ਰ ਉਨ੍ਹਾਂ ਕਿਹਾ ਕਿ ਤੁਹਾਡਾ ਮੇਰੇ ਲੋਕ ਆਉਣ ਦਾ ਅਸਲੀ ਮਤਲਬ ਕੀ ਹੈ? ਮੈਂ ਉਨ੍ਹਾਂ ਨੂੰ ਕਿਹਾ ਕਿ ਮੇਰਾ ਯਕੀਨ ਹੈ ਕਿ ਸਿੱਖ ਧਰਮ ਦੀ ਵਾਹਿਦ ਇਕ ਖ਼ੁਦਾ ਦੀ ਭਗਤੀ ਰਾਹੀਂ ਆਵਾਗਮਨ ਤੋਂ ਮੁਕਤੀ ਪਾਈ ਜਾ ਸਕਦੀ ਹੈ। ਇਸ ਲਈ ਮੈਂ ਸਿੱਖ ਧਰਮ ਗ੍ਰਹਿਣ ਕਰਨਾ ਚਾਹੁੰਦਾ ਹਾਂ। ਉਨ੍ਹਾਂ ਨੇ ਮੇਰੇ ਲਿਬਾਸ ਕੁਲੇਬਾਜ਼ ਸਕੰਦਰੀ ਧੁਰਾ ਅਤੇ ਮੇਰੀ ਸ਼ਕਲ ਦੇਖਦੇ ਹੋਏ ਕਿਹਾ, ‘ਸਈਦ ਸਾਹਿਬ, ਆਪ ਅਮੀਰ ਖ਼ਾਨਦਾਨ ‘ਚੋਂ ਹੋ। ਸਿੱਖੀ ਇਕ ਗ਼ਰੀਬ ਜ਼ਿੰਦਗੀ ਹੈ। ਇਹ ਜਿਸਮ, ਮਨ ਅਤੇ ਧੰਨ ਦੌਲਤ, ਸਾਰਾ ਕੁਝ ਕੁਰਬਾਨ ਕਰਨਾ ਪੈਂਦਾ ਹੈ। ਇਸ ਲਈ ਆਪ ਇਸ ਰਸਤੇ ‘ਤੇ ਨਹੀਂ ਚੱਲ ਸਕਦੇ। ਸਿੱਖ ਧਰਮ ਅਪਨਾਉਣ ਦਾ ਖ਼ਿਆਲ ਛੱਡ ਦੇਵੋ।’ ਮੈਂ ਅੱਖਾਂ ਵਿਚੋਂ ਹੰਝੂ ਕੇਰਦੇ ਹੋਏ ਕਿਹਾ ਕਿ ‘ਮੈਂ ਤਾਂ ਬੜੀ ਦੇਰ ਤੋਂ ਸੱਚੇ ਰਸਤੇ ਦੀ ਤਲਾਸ਼ ਵਿਚ ਪਰੇਸ਼ਾਨ ਹਾਂ। ਮੈਂ ਸਿੱਖ ਧਰਮ ਵਿਚ ਆਉਣ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਹਾਂ। ਮੇਰਾ ਸਿਰ ਤਲੀ ‘ਤੇ ਹੀ ਦੇਖੋਗੇ। ਤਕਰੀਬਨ ਚਾਰ ਘੰਟੇ ਦੀ ਗਿਆਨ ਚਰਚਾ ਤੋਂ ਬਾਅਦ ਉਹ ਉੱਠ ਕੇ ਚਲੇ ਗਏ। ਜਾਂਦੇ ਹੋਏ ਕਹਿ ਗਏ ਕਿ ‘ਸ਼ਾਹ ਜੀ ਸਿੱਖੀ ਬਹੁਤ ਬਾਰੀਕ ਅਤੇ ਮੁਸ਼ਕਲ ਰਸਤਾ ਹੈ।’

ਜਥੇਦਾਰ ਜੀ ਦੇ ਜਾਣ ਤੋਂ ਬਾਅਦ ਮੈਂ ਕਾਫ਼ੀ ਦੇਰ ਤਕ ਉੱਥੇ ਹੀ ਬੈਠਾ ਕਈ ਖ਼ਿਆਲਾਂ ਵਿਚ ਡੁੱਬਿਆ ਰਿਹਾ। ਆਖ਼ਰ ਫ਼ੈਸਲਾ ਕੀਤਾ ਕਿ ਕੋਈ ਬਾਤ ਨਹੀਂ, ਜਦੋਂ ਤਕ ਸੱਚੀ ਦਰਗਾਹ ਤੋਂ ਖੈਰ ਨਹੀਂ ਪਏਗੀ, ਦਰ ਨਹੀਂ ਛੱਡਾਂਗਾ। ਦੂਸਰੇ ਦਿਨ ਸਵੇਰੇ 6 ਵਜੇ ਉਸੇ ਥਾਂ, ਜਿੱਥੇ ਕੱਲ੍ਹ ਬੈਠਿਆ ਸੀ, ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ ਲਾਗੇ, ਜਥੇਦਾਰ ਅੱਛਰ ਸਿੰਘ ਗੁਰਦੁਆਰੇ ਵੱਲੋਂ ਕਾਫ਼ੀ ਦੇਰ ਬਾਅਦ ਆਏ ਤਾਂ ਮੈਂ ਕਿਹਾ ਕਿ ‘ਮੈ ਬਾਬੇ ਨਾਨਕ ਦੇ ਰਾਹ ਦਾ ਪਰਵਾਨਾ ਹਾਂ। ਇਹ ਦੇਖੋ ਕਿਤਾਬ ‘ਸਿਹਾਯਤੋ ਬਾਬਾ ਨਾਨਕ ਫ਼ਕੀਰ’, ਜੋ ਮੈਂ ਅਰਬ ਫੇਰੀ ਸਮੇਂ ਆਪਣੇ ਨਾਲ ਲੈ ਕੇ ਉੱਥੋਂ ਆਇਆ ਹਾਂ। ਮੈਨੂੰ ਆਪਣੇ ਕਦਮਾਂ ਵਿਚ ਥਾਂ ਦੇਵੋ ਅਤੇ ਸਿੱਖ ਧਰਮ ਵਿਚ ਦਾਖ਼ਲ ਕਰੋ।’ ਕਿਤਾਬ ਪੜ੍ਹਦੇ ਹੋਏ ਉਨ੍ਹਾਂ ਨੂੰ ਮੇਰੇ ‘ਤੇ ਰਹਿਮ ਆਇਆ ਅਤੇ ਮੈਨੂੰ ਕਿਹਾ ਕਿ ‘ਤੁਹਾਨੂੰ ਪਰਿਵਾਰ ਸਮੇਤ ਅੰਮ੍ਰਿਤਪਾਨ ਕਰਵਾਇਆ ਜਾਵੇਦਾ ਅਤੇ ਅਤੇ ਆਪਣੇ ਪਰਿਵਾਰ ਨੂੰ ਲਿਆਉਣ ਵਾਸਤੇ ਕਿਹਾ। ਮੈਂ ਆਪਣੇ ਘਰ ਮੀਰਪੁਰ (ਕਸ਼ਮੀਰ) ਆਇਆ ਅਤੇ ਕੁਝ ਜ਼ਰੂਰੀ ਸਾਮਾਨ ਲੈ ਕੇ ਕਿਸੇ ਨੂੰ ਦੱਸੇ ਬਗੈਰ ਹੀ ਰਾਤ ਸਮੇਂ ਆਪਣੀ ਬੇਗਮ ਗੁਲਜ਼ਾਰ ਬੇਗਮ ਅਤੇ ਕਰੀਬ ਪੰਜ ਸਾਲ ਦੇ ਬੇਟੇ ਮਹਿਮੂਦ ਨਜ਼ੀਰ ਨੂੰ ਲੈ ਕੇ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵੱਲ ਚੱਲ ਪਿਆ। ਜਦੋਂ ਲਾਹੌਰ ਤੋਂ ਪਹਿਲਾਂ ਕਾਪੂ ਕੀ ਸਟੇਸ਼ਨ ਆਇਆ ਤਾਂ ਮੈਂ ਆਪਣੀ ਬੇਗਮ ਨੂੰ ਕਿਹਾ ਕਿ ਹੁਣ ਲਾਹੌਰ ਆਉਣ ਵਾਲਾ ਹੈ। ਉਸ ਸਮੇਂ ਮੈਨੂੰ ਖ਼ਿਆਲ ਆਇਆ ਕਿ ਅਰਬੀ ਦੀ ਪੜ੍ਹਾਈ ਲਾਹੌਰ ਵਿਚ ਕੀਤੀ ਸੀ। ਇਥੇ ਬਹੁਤੇ ਲੋਕੀ ਮੈਨੂੰ ਜਾਣਦੇ ਸਨ। ਜੇਕਰ ਕਿਸੇ ਨੇ ਮੈਨੂੰ ਤੇ ਬੁਰਕੇ ਵਿਚ ਮੇਰੀ ਔਰਤ ਨੂੰ ਗੁਰਦੁਆਰੇ ਦਾਖ਼ਲ ਹੁੰਦਿਆਂ ਵੇਖਿਆ ਤਾਂ ਕੀ ਬਣੇਗਾ। ਇਸ ਲਈ ਇਹ ਫ਼ੈਸਲਾ ਹੋਇਆ ਕਿ ਲਾਹੌਰ ਤੋਂ ਪਹਿਲਾਂ ਸ਼ਾਦਰਾ ਸਟੇਸ਼ਨ ਹੈ, ਉੱਥੇ ਮੇਰਾ ਇਕ ਸ਼ਾਗਿਰਦ ਇਮਾਮ ਦੀਨ ਸ਼ਾਹ ਫੋਰਮੈਨ ਹੈ। ਉਨ੍ਹਾਂ ਦੇ ਘਰ ਠਹਿਰ ਕੇ ਅੱਗੇ ਦਾ ਪ੍ਰੋਗਰਾਮ ਬਣਾ ਲਵਾਂਗੇ। ਸ਼ਾਦਰਾ ਉਤਰ ਕੇ ਇਮਾਮ ਦੀਨ ਸ਼ਾਹ ਦੇ ਘਰ ਗਏ। ਪੀਰ ਜਾਣ ਕੇ ਉਸ ਨੇ ਬੜਾ ਸਵਾਗਤ ਕੀਤਾ। ਬੱਚੇ ਅਤੇ ਔਰਤ ਨੂੰ ਉੱਥੇ ਛੱਡ ਕੇ ਆਪਣ ਟਾਂਗੇ ‘ਤੇ ਸਵਾਰ ਹੋ ਕੇ ਗੁਰਦੁਆਰਾ ਡੇਹਰਾ ਸਾਹਿਬ ਪੁੱਜਿਆ। ਉੱਥੇ ਜਥੇਦਾਰ ਜੀ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਕੱਲ੍ਹ ਐਤਵਾਰ ਨੂੰ ਅੰਮ੍ਰਿਤਸਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋਣਾ ਹੈ, ਉੱਥੇ ਪੁੱਜੋ। ਅਸੀਂ ਤੁਹਾਨੂੰ ਅੰਮ੍ਰਿਤਪਾਨ ਕਰਵਾ ਕੇ ਇਥੇ ਲੈ ਆਵਾਂਗੇ। ਰਾਤ ਇਮਾਮ ਦੀਨ ਦੇ ਘਰ ਰਹਿ ਕੇ ਸਵੇਰੇ ਸ਼ਾਦਰਾ ਸਟੇਸ਼ਨ ਆ ਗਏ। ਬੇਗਮ ਨੂੰ ਪਲੈਟਫਾਰਮ ‘ਤੇ ਬਿਠਾ ਕੇ ਮੈਂ ਟਿਕਟ ਲੈਣ ਲਈ ਗਿਆ। ਬੇਗਮ ਬੁਰਕਾ ਪਹਿਨ ਕੇ ਬੱਚੇ ਨੂੰ ਝੋਲੀ ਵਿਚ ਲੈ ਕੇ ਬੈਠੀ ਸੀ ਅਤੇ ਖੱਬੇ ਪਾਸੇ ਚਮੜੇ ਦਾ ਸੂਟਕੇਸ਼ ਰੱਖਿਆ ਸੀ। ਮੇਰੇ ਵਾਪਸ ਆਉਣ ‘ਤੇ ਦੇਖਿਆ ਕਿ ਸੂਟਕੇਸ ਗੁੰਮ ਹੈ। ਇਹ ਸੂਟਕੇਸ ਕਿਸੇ ਨੇ ਚੋਰੀ ਕਰ ਲਿਆ ਸੀ। ਇਸ ਵਿਚ 700 ਰੁਪਏ, ਬੇਗਮ ਦੇ ਸਾਰੇ ਜ਼ੇਵਰ ਅਤੇ ਹੋਰ ਕੀਮਤੀ ਸਾਮਾਨ ਸੀ। ਪੁਲਿਸ ਕੋਲ ਰਿਪੋਰਟ ਲਿਖਵਾਈ। ਸਾਰਾ ਦਿਨ ਚੋਰੀ ਦੀ ਤਲਾਸ਼ ਵਿਚ ਨਿਕਲ ਗਿਆ। ਦੂਸਰੇ ਦਿਨ ਅੰਮ੍ਰਿਤਸਰ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਪੁੱਛਿਆ ਕਿ ਲਾਹੌਰ ਦੇ ਗੁਰਦੁਆਰਾ ਡੇਹਰਾ ਸਾਹਿਬ ਤੋਂ ਕਈ ਗੁਰਦੁਆਰੇ ਦਾ ਪ੍ਰਬੰਧਕ ਤਾਂ ਨਹੀਂ ਆਇਆ, ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਕੱਲ੍ਹ ਆਪ ਦਾ ਸਾਰਾ ਦਿਨ ਇੰਤਜ਼ਾਰ ਕਰ ਕੇ ਵਾਪਸ ਚਲੇ ਗਏ ਸਨ ਅਤੇ ਅੱਜ ਅੰਮ੍ਰਿਤ ਸੰਚਾਰ ਨਹੀਂ ਹੋਣਾ। ਇਹ ਸਿਰਫ਼ ਐਤਵਾਰ ਨੂੰ ਹੀ ਹੁੰਦਾ ਹੈ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿਚ ਜਥੇਦਾਰ ਮੋਹਨ ਸਿੰਘ, ਜਥੇਦਾਰ ਗੁਰਮੁੱਖ ਸਿੰਘ ਮੁਸਾਫ਼ਰ ਆਦਿ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਾ ਮਿਲੀ। ਫਿਰ ਘੰਟਾਘਰ, ਜਿੱਥੇ ਬੇਗਮ ਨੂੰ ਬਿਠਾ ਕੇ ਆਇਆ ਸਾਂ, ਉੱਥੇ ਪੁੱਜਾ ਤਾਂ ਕਿਹਾ ਕਿ ਇਥੇ ਕੋਈ ਬਾਤ ਨਹੀਂ ਪੁੱਛਦਾ। ਬੇਗਮ, ਜਿਸ ਦਾ ਪਿਆਰਾ ਜ਼ੇਵਰ ਚੋਰੀ ਹੋ ਚੁੱਕਾ ਸੀ, ਇਕ ਲੰਬਾ ਸਾਹ ਲੈ ਕੇ ਬੋਲੀ, ‘ਪਹਿਲਾਂ ਹੀ ਸਾਡਾ ਭਾਰੀ ਨੁਕਸਾਨ ਹੋ ਗਿਆ ਹੈ, ਹੁਣ ਇਹ ਲੋਕ ਵੀ ਕੋਈ ਬਾਤ ਨਹੀਂ ਪੁੱਛਦੇ। ਚਲੋ! ਵਾਪਸ ਆਪਣੇ ਘਰ ਮੀਰਪੁਰ ਚੱਲੀਏ। ਮੈਂ ਸਮਝ ਗਿਆ ਕਿ ਬੇਗਮ ਦਾ ਦਿਲ ਡੋਲ ਗਿਆ ਹੈ। ਮੈਂ ਉਸ ਨੂੰ ਸਮਝਾਇਆ ਕਿ ‘ਅਸੀਂ ਹਕੀਕਤ ਦੇ ਦਾਇਰੇ ਵਿਚ ਦਾਖ਼ਲ ਹੋਣ ਵਾਲੇ ਹਾਂ। ਪਤਾ ਨਹੀਂ ਇਸ ਤੋਂ ਪਹਿਲਾਂ ਕਿਤਨੇ ਇਮਤਿਹਾਨ ਹੋਣਗੇ।’ ਉਸ ਨੇ ਆਖਿਆ, ‘ਸਾਡੇ ਕੋਲ ਇਕ ਪੈਸਾ ਵੀ ਨਹੀਂ ਬਚਿਆ, ਸਵੇਰ ਤੋਂ ਭੁੱਖੇ ਬੈਠੇ ਹਾਂ।’ ਮੈਂ ਕਿਹਾ, ‘ਘਬਰਾਉਣ ਦੀ ਕੀ ਬਾਤ ਹੈ, ਦੇਖ ਤੇਰੇ ਹੱਥ ਵਿਚ ਭਾਰੀ ਸੋਨੇ ਦੀ ਅੰਗੂਠੀ ਹੈ, ਇਸ ਨੂੰ ਬਾਜ਼ਾਰ ਵਿਚ ਵੇਚ ਕੇ ਪੈਸੇ ਹੀ ਪੈਸੇ ਹੋ ਜਾਣਗੇ।’ ਐਸਾ ਹੀ ਹੋਇਆ। ਹਾਲ ਬਾਜ਼ਾਰ ਵਿਚੋਂ ਖਾਣਾ ਖਾਧਾ ਅਤੇ ਵਾਪਸ ਲਾਹੌਰ ਗੁਰਦੁਆਰੇ ਡੇਹਰਾ ਸਾਹਿਬ ਜਥੇਦਾਰ ਜੀ ਨੂੰ ਮਿਲੇ ਤਾਂ ਸਾਰੀ ਹੱਡਬੀਤੀ ਦਾਸਤਾਨ ਸੁਣਾਈ। ਉਨ੍ਹਾਂ ਮੇਰਾ ਗੁਰਦੁਆਰਾ ਸਾਹਿਬ ਵਿਚ ਰਿਹਾਇਸ਼ ਦਾ ਪ੍ਰਬੰਧ ਕੀਤਾ ਅਤੇ ਜੁੱਤੇ ਘਰ ਵਿਚ ਮੈਨੂੰ ਸੇਵਾ ‘ਤੇ ਲਗਾ ਦਿੱਤਾ। ਮੈਨੂੰ ਮਰਦਾਨ ਜੁੱਤੇ ਘਰ ਵਿਚ ਅਤੇ ਮੇਰੀ ਬੇਵੀ ਨੂੰ ਔਰਤਾਂ ਦੇ ਜੁੱਤੇ ਘਰ ਵਿਚ ਸੇਵਾ ਮਿਲ ਗਈ।

ਕਾਫ਼ੀ ਸਮੇਂ ਬਾਅਦ ਜੇਠ ਸੁਦੀ ਚਾਰ ਸੰਨ 1935 (ਮਈ ਦੇ ਤੀਸਰੇ ਹਫ਼ਤੇ) ਦੇ ਦਿਨ ਪਰਿਵਾਰ ਸਮੇਤ ‘ਖੰਡੇ ਦੀ ਪਾਹੁਲ’ ਦਿੱਤੀ ਗਈ। ਮੇਰਾ ਨਾਂ ਪ੍ਰਿਥੀਪਾਲ ਸਿੰਘ ਅਤੇ ਮੇਰੀ ਪਤਨੀ ਦਾ ਨਾਂ ਇੰਦਰਜੀਤ ਕੌਰ ਅਤੇ ਬੇਟੇ ਦਾ ਨਾਂ ਭਗਤ ਸਿੰਘ ਰੱਖਿਆ ਗਿਆ। ਉਸ ਤੋਂ ਬਾਅਦ ਮੈਂ ਗੁਰਮੁਖੀ ਹਰਫ਼ ਸਿੱਖ ਕੇ ਗੁਰਬਾਣੀ ਨੂੰ ਗਹਿਰਾਈ ਨਾਲ ਪੜ੍ਹਨਾ ਸ਼ੁਰੂ ਕੀਤਾ। ਪੂਰੇ ਇਕ ਸਾਲ ਬਾਅਦ ਪੰਜਾ ਸਾਹਿਬ ਜਾਣ ਦਾ ਵਿਚਾਰ ਹੋਇਆ। ਉੱਥੇ ਹੀ ਮੇਰੀ ਬੀਵੀ ਇੰਦਰਜੀਤ ਕੌਰ ਦੀ ਟਾਈਫ਼ਾਈਡ ਨਾਲ ਮੌਤ ਹੋ ਗਈ ਅਤੇ ਪੰਜ ਸਾਲ ਦਾ ਲੜਕਾ ਅਤੇ ਪੰਜ ਮਹੀਨੇ ਦੀ ਬੱਚੀ ਛੱਡ ਕੇ ਉਹ ਗੁਰਪੁਰੀ ਸਿਧਾਰ ਗਈ।

ਦੇਸ਼ ਦੇ ਵੱਖ-ਵੱਖ ਸਹਿਰਾਂ ‘ਚ ਮੈਂ ਧਾਰਮਿਕ ਪ੍ਰਚਾਰ ਕਰਦਾ ਰਿਹਾ। ਸਿੱਖ ਪੰਥ ਦੇ ਕੰਮਾਂ ਤੇ ਮੋਰਚਿਆਂ ਵਿਚ ਮੋਹਰੀ ਹੋ ਕੇ ਖ਼ਿਦਮ ਕਰਦਾ ਰਿਹਾ। ਪ੍ਰਿਥੀਪਾਲ ਸਿੰਘ ਨੇ ਸ਼ਹੀਦਗੰਜ਼ ਲਾਹੌਰ ਦੇ ਮੋਰਚੇ ਵਿਚ ਅਹਿਮ ਭੂਮਿਕਾ ਨਿਭਾਈ। ਆਖ਼ਰ ਆਪ ਜੀ 1968 ਵਿਚ ਕਾਨਪੁਰ (ਯੂਪੀ) ਵਿਖੇ ਆਪਣੀ ਜ਼ਿੰਦਗੀ ਦਾ ਸਫ਼ਰ ਪੂਰਾ ਕਰ ਕੇ ਪਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ।