ਸਰਦਾਰਾਂ ਨੂੰ ਸਲਾਮ

ਦਲੀਪ ਸਿੰਘ ਉੱਪਲ

ਮੁਲਕ ਦੀ ਵੰਡ ਸਮੇਂ ਮੇਰੇ ਪਿੰਡ ਦੇ ਚਾਰ ਹਿੱਸੇ ਸਨ। ਮੁਸਲਮਾਨਾਂ ਵਾਲੇ ਪਾਸੇ ਨੂੰ ਅਰਾਈਆਂ ਪਾਸਾ, ਦਲਿਤਾਂ ਵਾਲੇ ਪਾਸੇ ਨੂੰ ਬਾਲਮੀਕਾਂ ਦੀ ਠੱਠੀ, ਸਾਡੇ ਘਰ ਵਾਲੇ ਪਾਸੇ ਨੂੰ ਢੱਡਿਆਂ ਵਿਹੜਾ ਅਤੇ ਚੌਥੇ ਪਾਸੇ ਨੂੰ ਜੱਟਾਂ ਵਿਹੜਾ ਕਹਿੰਦੇ ਸਨ। ਸਾਡੇ ਪਾਸੇ ਜੱਟਾਂ ਦੇ ਚਾਰ-ਪੰਜ ਘਰ ਹੀ ਸਨ। ਬਾਕੀ ਘਰ ਬ੍ਰਾਹਮਣਾਂ, ਬਾਣੀਆਂ ਅਤੇ ਤਰਖਾਣਾਂ ਦੇ ਸਨ। ਸਿਰਫ਼ ਇਕ ਘਰ ਮੁਸਲਮਾਨਾਂ ਦਾ ਸੀ। ਘਰ ਦਾ ਮੁਖੀ ਅਸਗਰੀ ਸਿਲਾਈ ਦਾ ਕੰਮ ਕਰਦਾ ਸੀ। ਉਸ ਦੀ ਪਤਨੀ ਸਰਦਾਰਾਂ ਨੂੰ ਮੈਂ ਮਾਸੀ ਕਹਿੰਦਾ ਹੁੰਦਾ ਸੀ। ਮੇਰੀ ਮਾਂ ਅਤੇ ਮਾਸੀ ਸਰਦਾਰਾਂ ਦੇ ਨਾਨਕੇ ਇਕ ਹੀ ਪਿੰਡ ਵਿਚ ਸਨ। ਇਨ੍ਹਾਂ ਦਾ ਇਕ ਪੁੱਤਰ ਅਤੇ ਦੋ ਧੀਆਂ ਸਨ। ਬੇਟੇ ਦਾ ਨਾਂ ਫ਼ਕੀਰ ਮੁਹੰਮਦ ਸੀ ਪਰ ਪਿਆਰ ਨਾਲ ਸਭ ਫੀਰੋ ਹੀ ਕਹਿੰਦੇ ਸਨ। ਅਸੀਂ ਦੋਵੇਂ ਹਮਉਮਰ ਅਤੇ ਹਮਜਮਾਤੀ ਸੀ। ਸਾਡੇ ਪਰਿਵਾਰ ਤੋਂ ਬਿਨਾ ਹੋਰ ਕਿਸੇ ਵੀ ਘਰ ਦਾ ਇਨ੍ਹਾਂ ਨਾਲ ਬਹੁਤਾ ਮੇਲ-ਗੇਲ ਨਹੀਂ ਸੀ। ਮੇਰੀ ਮਾਂ ਅਤੇ ਮਾਸੀ ਸਰਦਾਰਾਂ ਤਾਂ ਜਿਵੇਂ ਸਕੀਆਂ ਭੈਣਾਂ ਹੋਣ! ਜੱਫੀ ਪਾ ਕੇ ਮਿਲਦੀਆਂ ਹੁੰਦੀਆਂ ਸਨ।

ਫੀਰੋ ਪੜ੍ਹਨ ਨੂੰ ਮੇਰੇ ਨਾਲੋਂ ਹੁਸ਼ਿਆਰ ਸੀ। ਮੈਂ ਸਕੂਲੋਂ ਦਿੱਤਾ ਗਿਆ ਕੰਮ ਉਸ ਦੇ ਘਰ ਜਾ ਕੇ ਕਰਦਾ ਸੀ। ਅਸੀਂ ਖੇਡਦੇ ਵੀ ਬਹੁਤਾ ਘਰ ਹੀ ਸੀ। ਉਸ ਦੀ ਵੱਡੀ ਭੈਣ ਬਹੁਤ ਲੜਾਕੀ ਸੀ ਪਰ ਮੇਰੇ ਨਾਲ ਉਹਦਾ ਬਹੁਤ ਪਿਆਰ ਸੀ। ਆਪਣੇ ਭਰਾ ਦਾ ਨਾਂ ਲੈਂਦੀ ਸੀ ਅਤੇ ਮੈਨੂੰ ਵੀਰ ਜੀ ਕਹਿ ਕੇ ਬੁਲਾਉਂਦੀ ਹੁੰਦੀ ਸੀ। ਮੇਰੀ ਆਪਣੀ ਛੋਟੀ ਭੈਣ ਅਤੇ ਭਰਾ ਦੇ ਤਾਂ ਜਨਮ ਹੀ ਵੰਡ ਤੋਂ ਮਗਰੋਂ ਹੋਏ। ਮੇਰੇ ਪਿਤਾ ਜੀ ਪਰਿਵਾਰ ਵਿਚ ਸਭ ਤੋਂ ਵੱਡੇ ਸਨ। ਇਸ ਲਈ ਮੈਂ ਪਹਿਲਾ ਪੋਤਾ ਹੋਣ ਕਰਕੇ ਦਾਦੇ, ਦਾਦੀ ਅਤੇ ਚਾਚਿਆਂ ਦਾ ਲਾਡਲਾ ਸੀ। ਉਹ ਮਾਸੀ ਸਰਦਾਰਾਂ ਅਤੇ ਫੀਰੋ ਦੇ ਸਾਡੇ ਘਰ ਆਉਣ ਅਤੇ ਚੌਕੇ ਚੁੱਲ੍ਹੇ ਵਿਚ ਬੈਠਣ ਅਤੇ ਖਾਣ ਪੀਣ ਤੇ ਵੀ ਇਤਰਾਜ਼ ਨਹੀਂ ਸੀ ਕਰਦੇ। ਗੁਆਂਢੀ ਇਸ ਗੱਲ ਦਾ ਬਹੁਤ ਬੁਰਾ ਮੰਨਾਉਂਦੇ। ਚਾਚੀ ਲੀਲ੍ਹਾਵੰਤੀ ਤਾਂ ਮੇਰੀ ਮਾਂ ਨਾਲ ਲੜ ਵੀ ਪੈਂਦੀ। ਉਸ ਦੇ ਕੋਈ ਉਲਾਦ ਨਹੀਂ ਸੀ। ਇਸ ਲਈ ਮੈਂ ਚਾਚੀ ਲੀਲ੍ਹਾਵੰਤੀ ਅਤੇ ਮਾਸੀ ਸਰਦਾਰਾਂ ਦਾ ਬਹੁਤ
ਪਿਆਰਾ ਪੁੱਤਰ ਸੀ।

ਉਨ੍ਹੀ ਦਿਨੀਂ ਪੰਜਾਬ ਵਿਚ ਅਫ਼ਵਾਹਾਂ ਉਡਦੀਆਂ ਕਿ ਮੁਲਕ ਵੰਡਿਆ ਜਾ ਰਿਹਾ ਹੈ, ਮੁਸਲਮਾਨਾਂ ਨੂੰ ਇੱਥੋਂ ਕੱਢ ਦਿੱਤਾ ਜਾਵੇਗਾ। ਸਹਿਮ ਭਾਰੀ ਪੈ ਰਿਹਾ ਸੀ। ਕੁਝ ਪਿੰਡਾਂ ਵਿਚ ਮਾਰ-ਧਾੜ ਵੀ ਹੋ ਰਹੀ ਸੀ। ਮੈਂ ਇਕ ਦਿਨ ਸ਼ਾਮ ਮਾਸੀ ਸਰਦਾਰਾਂ ਦੇ ਘਰ ਫੀਰੋ ਨਾਲ ਪੜ੍ਹਨ ਗਿਆ। ਉਥੇ ਅਰਾਈਆਂ ਵਾਲੇ ਪਾਸਿਓਂ ਕੋਈ ਔਰਤ ਆਈ ਹੋਈ ਸੀ। ਉਸ ਦਾ ਛੋਟਾ ਪੁੱਤਰ ਫੀਰੋ ਦੀਆਂ ਭੈਣਾਂ ਨਾਲ ਖੇਡ ਰਿਹਾ ਸੀ। ਮਾਸੀ ਸਰਦਾਰਾਂ ਨੇ ਪਿੱਤਲ ਦਾ ਗਲਾਸ ਸੁਕ-ਮਾਂਜਾ ਜਿਹਾ ਕਰਕੇ ਮੱਝ ਦੀ ਧਾਰ ਕੱਢਣ ਲੱਗਿਆਂ ਪਹਿਲਾਂ ਉਸ ਗਲਾਸ ਵਿਚ ਦੁੱਧ ਚੋਇਆ। ਗਲਾਸ ਪੌਣਾ ਭਰ ਕੇ ਮੇਰੇ ਕੋਲ ਆਈ ਅਤੇ ਮੇਰੇ ਵੱਲ ਵਧਾ ਕੇ ਕਿਹਾ, “ਲੈ ਪੁੱਤ, ਦੁੱਧ ਪੀ ਲਾ।” ਮਾਸੀ ਦੀ ਸਹੇਲੀ ਬੜੀ ਹੈਰਾਨ-ਪਰੇਸ਼ਾਨ ਜਿਹੀ ਹੋ ਰਹੀ ਸੀ। ਉਹ ਪੁੱਠੇ ਡੇਲਿਆਂ ਨਾਲ ਝਾਕ ਰਹੀ ਸੀ। ਮੈਨੂੰ ਘਬਰਾਹਟ ਜਿਹੀ ਹੋਈ। ਉਸ ਨੇ ਮਾਸੀ ਨੂੰ ਕਿਹਾ, “ਨੀ ਸਰਦਾਰਾਂ, ਇਹ ਤੂੰ ਕੀ ਚੋਜ ਕਰਨ ਡਹੀ ਏਂ। ਇਹ ਪੁੱਠੇ ਜੂੜਿਆਂ ਵਾਲੇ ਸਵੇਰੇ ਸਵੇਰੇ ਉੱਠ ਕੇ ਸਾਡੇ ਮੱਥੇ ਲਗਦੇ ਨੇ, ਨਰਕਾਂ ਨੂੰ ਜਾਣ ਇਹ ਸਿੰਘੜੇ। ਤੂੰ ਨਹੀਂ ਸੁਣਿਆਂ, ਕਈ ਪਿੰਡਾਂ ਵਿਚ ਇਨ੍ਹਾਂ ਨੇ ਸਾਡੇ ਭਰਾ ਮਾਰ ਸੁੱਟੇ ਨੇ। ਮੇਰੇ ਪੇਕਿਆਂ ਤੋਂ ਤਾਂ ਮੇਰੇ ਚਾਚੇ ਦੀ ਕੁੜੀ ਨੂੰ ਚੁੱਕ ਕੇ ਲੈ ਗਏ। ਤੇ ਤੂੰ, ਤੂੰ ਇਨ੍ਹਾਂ ਨੂੰ ਦੁੱਧ ਪਿਆਉਨੀ ਏਂ। ਕੀ ਲਗਦਾ ਏ ਨੀ ਇਹ ਤੇਰਾ?”

ਮਾਸੀ ਸਰਦਾਰਾਂ ਨੇ ਧਾਰ ਵਿਚੇ ਛੱਡ ਦਿੱਤੀ। ਜੁੱਤੀ ਲਾਹ ਕੇ ਹੱਥ ਵਿਚ ਫੜ ਲਈ ਅਤੇ ਕੜਕ ਕੇ ਕਿਹਾ, “ਉੱਠ, ਉੱਠ ਤੇ ਦਫ਼ਾ ਹੋ ਜਾ ਮੇਰੇ ਘਰੋਂ! ਤੇ ਮੁੜ ਕੇ ਕਦੇ ਵੜੀ ਤਾਂ ਮਾਰ ਮਾਰ ਜੁੱਤੀਆਂ ਸਿਰ ਪੋਲਾ ਕਰ ਦਊਂ। ਖ਼ਬਰਦਾਰ ਜੇ ਹੋਰ ਕੁਝ ਭੌਂਕੀ ਤਾਂ।” ਉਹ ਔਰਤ ਆਪਣੇ ਬੱਚੇ ਨੂੰ ਚੁੱਕ ਘਰੋਂ ਬਾਹਰ ਚਲੀ ਗਈ। ਮਾਸੜ ਅਸਗਰੀ ਅਤੇ ਫੀਰੋ ਬੜੇ ਹੈਰਾਨ ਸਨ ਪਰ ਮਾਸੀ ਸਰਦਾਰਾਂ ਨੂੰ ਜਿਵੇਂ ਚੱਕਰ ਆ ਗਿਆ ਹੋਵੇ। ਉਹ ਮੰਜੇ ‘ਤੇ ਡਿੱਗ ਪਈ ਸੀ। ਮੈਂ ਉੱਠ ਕੇ ਮਾਸੀ ਨੂੰ ਜੱਫੀ ਪਾ ਲਈ। ਦੁੱਧ ਪੈਰ ਵੱਜਣ ਨਾਲ ਡੁੱਲ੍ਹ ਗਿਆ ਸੀ। ਮਾਸੀ ਦੀਆਂ ਅੱਖਾਂ ਭਰ ਆਈਆਂ ਸਨ। ਮੈਨੂੰ ਜੱਫੀ ਪਾ ਕੇ ਕਹਿੰਦੀ, “ਕੋਈ ਗੱਲ ਨਹੀਂ ਮੇਰੇ ਹੀਰਿਆ, ਦੁੱਧ ਮੈਂ ਹੋਰ ਦੇ ਦਿੰਨੀ ਆਂ।”

ਇਸ ਘਟਨਾ ਤੋਂ ਤਕਰੀਬਨ ਦੋ ਮਹੀਨੇ ਮਗਰੋਂ ਮੁਸਲਮਾਨਾਂ ਦੇ ਗਰੋਹ ਨੇ ਲਾਗਲੇ ਚਾਰ ਪਿੰਡਾਂ ਦੇ ਸਿੱਖਾਂ ਦੇ ਘਰਾਂ ਨੂੰ ਅੱਗ ਲਾ ਕੇ ਸਾੜ ਦਿੱਤਾ। ਇਹ ਗਰੋਹ ਸਾਡੇ ਪਿੰਡ ਵੀ ਆਇਆ ਪਰ ਅਰਾਈਆਂ ਪਾਸੇ ਵਾਲਿਆਂ ਨੇ ਅੱਗੇ ਹੋ ਕੇ ਪਿੰਡ ਬਚਾ ਲਿਆ। ਧੰਨ ਸਨ ਉਹ ਸਾਡੇ ਭਰਾ। ਬਦਕਿਸਮਤੀ ਇਹ ਕਿ ਪੰਦਰਾਂ ਦਿਨਾਂ ਮਗਰੋਂ ਇਕ ਹੋਰ, ਬਹੁਤ ਵੱਡਾ ਜਥਾ ਆਇਆ ਤੇ ਆਉਂਦੇ ਸਾਰ ਅਰਾਈਆਂ ਦੇ ਘਰਾਂ ਨੂੰ ਅੱਗ ਲਾ ਦਿੱਤੀ। ਸਿੱਖ ਪਰਿਵਾਰਾਂ ਨੇ ਬਹੁਤ ਮਿੰਨਤਾਂ ਕੀਤੀਆਂ ਪਰ ਕੋਈ ਗੱਲ ਨਾ ਸੁਣੀ। ਮੁਸਲਮਾਨਾਂ ਦੇ ਘਰ ਹੀ ਨਹੀਂ ਸਾੜੇ, ਸੈਂਕੜੇ ਬੇਦੋਸ਼ੇ ਕਤਲ ਕਰ ਦਿੱਤੇ। ਕੁਝ ਔਰਤਾਂ ਖੂਹਾਂ ਵਿਚ ਛਾਲਾਂ ਮਾਰ ਗਈਆਂ।
ਮੇਰੇ ਪਿਤਾ ਜੀ ਅਤੇ ਲੀਲ੍ਹਾਵੰਤੀ ਦਾ ਪਤੀ ਚਾਚਾ ਪ੍ਰਕਾਸ਼ ਥਾਣੇ ਤੋਂ ਪੁਲੀਸ ਲੈਣ ਲਈ ਗਏ ਸਨ ਪਰ ਜਦੋਂ ਪੁਲੀਸ ਆਈ, ਭਾਣਾ ਵਾਪਰ ਚੁੱਕਾ ਸੀ। ਹਮਲਾ ਹੋਣ ‘ਤੇ ਤੁਰੰਤ ਹੀ ਮਾਸੀ ਸਰਦਾਰਾਂ ਦਾ ਪਰਿਵਾਰ ਸਾਡੇ ਘਰ ਆ ਕੇ ਲੁਕ ਗਿਆ ਸੀ। ਵੱਡੀ ਬੇਟੀ ਅਰਾਈਆਂ ਪਾਸੇ ਗਈ ਹੋਣ ਕਰਕੇ ਮਾਰੀ ਗਈ। ਅਸਗਰੀ, ਮਾਸੀ ਸਰਦਾਰਾਂ, ਫੀਰੋ ਅਤੇ ਉਸ ਦੀ ਭੈਣ ਨੂੰ ਮੇਰੀ ਮਾਂ ਨੇ ਕੋਠੜੀ ਵਿਚ ਬੰਦ ਕਰ ਦਿੱਤਾ ਸੀ। ਉਹ ਸਾਡੇ ਕੋਲ ਤਕਰੀਬਨ ਦਸ ਦਿਨ ਰਹੇ।

ਇਕ ਦਿਨ ਰਾਤ ਨੂੰ ਮੇਰੇ ਪਿਤਾ ਜੀ, ਚਾਚਾ ਪ੍ਰਕਾਸ਼ ਅਤੇ ਮੇਰੇ ਪਿਤਾ ਜੀ ਦੇ ਸੀਰੀ ਇਨ੍ਹਾਂ ਨੂੰ ਰਫਿਊਜੀ ਕੈਂਪ ਵਿਚ ਛੱਡ ਕੇ ਆਏ। ਮਾਸੀ ਸਰਦਾਰਾਂ ਨਾਲ ਮੇਰੀ ਇਹ ਆਖਰੀ ਮਿਲਣੀ ਸੀ। ਉਨ੍ਹਾਂ ਦੀ ਕਦੇ ਕੋਈ ਚਿੱਠੀ ਵੀ ਨਹੀਂ ਸੀ ਆਈ। ਪਤਾ ਨਹੀਂ ਫੀਰੋ ਵੀ ਹੁਣ ਹੈ ਜਾਂ ਨਹੀਂ। ਮਾਸੀ ਸਰਦਾਰਾਂ ਕਦੇ ਨਹੀਂ ਭੁੱਲਦੀ। ਸਲਾਮ ਏ ਮਾਸੀ ਸਰਦਾਰਾਂ! ਤੂੰ ਜਿੱਥੇ ਹੋਵੇਂ, ਸੁਖੀ ਹੋਵੇਂ।

Comments

comments

Share This Post

RedditYahooBloggerMyspace