ਹਵਾ ਦਾ ਰੁਖ਼ ਅਤੇ ਚੋਲਾ

Person voting

ਮੋਹਨ ਸ਼ਰਮਾ

ਸੇਵਾ ਦੇ ਨਾਂ ’ਤੇ ਸੱਤਾ ਦੀ ਕੁਰਸੀ ਪ੍ਰਾਪਤ ਕਰਨ ਅਤੇ ਵੋਟ ਬੈਂਕ ਨੂੰ ਆਪਣੇ ਵੱਲ ਖਿੱਚਣ ਲਈ ਸਿਆਸਤਦਾਨ ਵਾਅਦਿਆਂ ਅਤੇ ਲਾਰਿਆਂ ਦਾ ਜਾਲ ਸੁੱਟਦੇ ਹਨ। ਕਿਸੇ ਚੁਸਤ ਸ਼ਿਕਾਰੀ ਵਾਂਗ ਵੋਟਰ ਨੂੰ ਆਪਣੇ ਜਾਲ ਵਿਚ ਫਸਾ ਕੇ ਜਿੱਤ ਪ੍ਰਾਪਤ ਕਰ ਲੈਂਦੇ ਹਨ। ਬਾਅਦ ਵਿਚ ਅਕਸਰ, ਵੋਟਰ ਆਪਣੇ ਆਪ ਨੂੰ ਠੱਗਿਆ ਜਿਹਾ ਮਹਿਸੂਸ ਕਰਦਾ ਹੈ। ਚੋਣ ਲੜਨ ਵਾਲੇ ਨੇ ਆਪਣੇ ਇਲਾਕੇ ਵਿਚ ਸੂਹੀਏ ਰੱਖੇ ਹੁੰਦੇ ਹਨ ਜਿਹੜੇ ਵਿਰੋਧੀ ਗਰੁੱਪ ਵਿਚ ਘੁਸਪੈਠ ਕਰਕੇ, ਚਾਪਲੂਸੀ ਅਤੇ ਹਮਦਰਦੀ ਦਾ ਚੋਲਾ ਪਹਿਨ ਕੇ ਆਪਣੀਆਂ ‘ਨੇਕ ਸਲਾਹਾਂ’ ਨਾਲ ਚੋਣ ਸਰਗਰਮੀਆਂ ਦਾ ਸੂਤਰਧਾਰ ਬਣ ਜਾਂਦੇ ਹਨ। ਅਜਿਹੇ ਸੂਹੀਆਂ ਦੇ ਦੋਨਾਂ ਹੱਥਾਂ ਵਿਚ ਲੱਡੂ ਹੁੰਦੇ ਹਨ ਅਤੇ ਉਹ ਕੀਤੇ ਹੋਏ ਇਕਰਾਰ ਅਨੁਸਾਰ ਦੂਜੇ ਗਰੁੱਪ ਦੇ ਆਗੂ ਨੂੰ ਉਸ ਦੇ ਵਿਰੋਧੀ ਦੀਆਂ ਪੈਰ ਪੈਰ ਦੀਆਂ ਸਰਗਰਮੀਆਂ ਦੀ ਗੁਪਤ ਰਿਪੋਰਟ ਭੇਜਦੇ ਰਹਿੰਦੇ ਹਨ। ਬਦਲੇ ਵਿਚ ਕੀਤੇ ਗਏ ‘ਇਕਰਾਰਨਾਮੇ’ ਅਨੁਸਾਰ ਬਣਦੀ ਰਕਮ ਬਟੋਰ ਕੇ ਆਪਣੇ ਹੱਥ ਰੰਗਣ ਦੇ ਨਾਲ ਨਾਲ ਭਵਿੱਖ ਪ੍ਰਤੀ ਵੀ ‘ਮਿਹਰ ਭਰਿਆ ਹੱਥ’ ਰੱਖਣ ਦਾ ਵਾਅਦਾ ਪ੍ਰਾਪਤ ਕਰ ਲੈਂਦੇ ਹਨ।
ਸਾਲ 1972 ਦੀਆਂ ਪੰਚਾਇਤੀ ਚੋਣਾਂ ਵਿਚ ਮੈਨੂੰ ਪ੍ਰੀਜਾਈਡਿੰਗ ਅਫ਼ਸਰ ਦੀ ਜ਼ਿੰਮੇਵਾਰੀ ਨਿਭਾਉਣੀ ਪਈ। 4 ਪੋਲਿੰਗ ਅਫ਼ਸਰ ਅਤੇ 2 ਪੁਲਿਸ ਕਰਮਚਾਰੀ ਮੇਰੀ ਟੀਮ ਦਾ ਹਿੱਸਾ ਸਨ। ਉਨ੍ਹਾਂ ਦਿਨਾਂ ਵਿਚ ਵੋਟਾਂ ਉਪਰੋਂ ਸੁਰਾਖ਼ ਵਾਲੀਆਂ ਵੱਡੀਆਂ ਪੀਪੀਆਂ ਵਿਚ ਪੈਂਦੀਆਂ ਸਨ ਜਿਨ੍ਹਾਂ ਨੂੰ ਚੋਣ ਸਮੇਂ ਜਿੰਦਰਾ ਲਾ ਕੇ ਸੀਲ ਕੀਤਾ ਜਾਂਦਾ ਸੀ। ਸਰਪੰਚ ਦੀ ਸਿੱਧੀ ਚੋਣ ਪ੍ਰਣਾਲੀ ਦੇ ਨਾਲ ਨਾਲ ਪਿੰਡ ਦੀ ਆਬਾਦੀ ਅਨੁਸਾਰ ਪੰਚਾਂ ਦੀ ਚੋਣ ਵੀ ਸੀਲ ਬੰਦ ਪੀਪੀਆਂ ਵਿਚ ਵੋਟਾਂ ਪੁਆ ਕੇ ਕੀਤੀ ਜਾਂਦੀ ਸੀ।

ਸੰਗਰੂਰ ਜ਼ਿਲ੍ਹੇ ਦੇ ਇਕ ਪਿੰਡ ਵਿਚ ਵੋਟਾਂ ਭੁਗਤਾਉਣ ਪਿੱਛੋਂ ਅਸੀਂ ਟੱਪਰੀਵਾਸਾਂ ਵਾਂਗ ਅਗਲੇ ਪਿੰਡ ਡੇਰਾ ਲਾ ਲੈਂਦੇ। ਪਹਿਲੇ ਦਿਨ ਕਾਗ਼ਜ਼ ਭਰੇ ਜਾਂਦੇ ਅਤੇ ਅਗਲੇ ਦਿਨ ਸਵੇਰੇ ਹੀ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਜਾਂਦਾ। ਸ਼ਾਮ ਨੂੰ ਵੋਟਾਂ ਦੀ ਗਿਣਤੀ ਮਗਰੋਂ ਲੋਕਾਂ ਦੇ ਭਰਵੇਂ ਇਕੱਠ ਵਿਚ ਚੋਣ ਨਤੀਜਾ ਐਲਾਨਣ ਦੀ ਜ਼ਿੰਮੇਵਾਰੀ ਮੇਰੀ ਹੁੰਦੀ ਸੀ। ਇੰਜ ਹੀ ਜਦੋਂ ਇਕ ਪਿੰਡ ਦੀ ਧਰਮਸ਼ਾਲਾ ਵਿਚ ਡੇਰੇ ਲਾਏ ਤਾਂ ਕੁਝ ਸਮੇਂ ਬਾਅਦ ਹੀ ਸਰਪੰਚ ਦੀ ਚੋਣ ਲੜ ਰਹੇ ਸ਼ਖ਼ਸ ਦਾ ਇਕ ‘ਖਾਸ ਬੰਦਾ’ ਮੇਰੇ ਕੋਲ ਆਇਆ ਅਤੇ ਮੈਨੂੰ ਮੁਖ਼ਾਤਿਬ ਹੋ ਕੇ ਕਿਹਾ, “ਥੋਡੇ ਨਾਲ ਅਲੱਗ ਗੱਲ ਕਰਨੀ ਐ ਜੀ।”

ਮੈਂ ਉਸ ਵੇਲੇ ਆਪਣੀ ਪੋਲਿੰਗ ਪਾਰਟੀ ਨਾਲ ਬੈਠਾ ਸੀ ਅਤੇ ਉਸ ਵੇਲੇ ਉਸ ਦੀ ‘ਖਾਸ ਗੱਲ’ ਸੁਣਨ ਲਈ ਸਹਿਮਤ ਨਹੀਂ ਹੋਇਆ। ਉਸ ਦੇ ਵਾਰ ਵਾਰ ਜ਼ਿੱਦ ਕਰਨ ਅਤੇ ਪੋਲਿੰਗ ਪਾਰਟੀ ਦੇ ਕਹਿਣ ’ਤੇ ਮੈਂ ਉੱਠ ਖੜ੍ਹਿਆ ਅਤੇ ਇੰਨੀ ਕੁ ਵਿੱਥ ’ਤੇ ਖੜ੍ਹੋ ਗਿਆ ਜਿਥੋਂ ਉਸ ਨਾਲ ਕੀਤੀ ਗੱਲਬਾਤ ਦੀ ਆਵਾਜ਼ ਪੋਲਿੰਗ ਪਾਰਟੀ ਦੇ ਮੈਂਬਰਾਂ ਨੂੰ ਵੀ ਸੁਣ ਸਕੇ। ਮੈਂ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਸੀ ਰੱਖਣਾ ਚਾਹੁੰਦਾ। ਬੈਠੀ ਜਿਹੀ ਆਵਾਜ਼ ਵਿਚ ਉਸ ਨੇ ਗੱਲ ਤੋਰੀ, “ਮੈਂ ਜੀ, ਜਿਹੜਾ ਕਿਹਰ ਸਿਹੁੰ ਸਰਪੰਚੀ ਦੀ ਚੋਣ ਲੜ ਰਿਹੈ, ਉਹਦਾ ਖਾਸ ਬੰਦਾ ਹਾਂ। ਆਪਾਂ ਓਹਨੂੰ ਜਿਤਉਣੈ। ਬਸ ਤੁਸੀਂ 2 ਕੁ ਸੌ ਵੋਟਾਂ ਦਾ ਹੇਰ-ਫੇਰ ਕਰ ਦਿਓ। ਥੋਡੀ ‘ਸੇਵਾ-ਪਾਣੀ’ ਕੰਨੀਉਂ ਕੋਈ ਕਸਰ ਨਹੀਂ ਰਹੂਗੀ।” ਮੇਰੇ ਨਾਂਹ ਵਿਚ ਜਵਾਬ ਦੇਣ ਵਿਚ ਉਹ ‘ਸੇਵਾ-ਪਾਣੀ’ ਵਾਲੀ ਰਾਸ਼ੀ ਵਧਾਉਂਦਾ ਗਿਆ ਅਤੇ ਅਖ਼ੀਰ ਵਿਚ 5000 ਰੁਪਏ ਦੇਣ ਦਾ ਚੋਗਾ ਸੁੱਟਿਆ (ਉਸ ਸਮੇਂ ਦਾ 5000 ਹੁਣ ਅੰਦਾਜ਼ਨ 5 ਲੱਖ ਰੁਪਏ ਦੇ ਬਰਾਬਰ ਹੈ)। ਕੋਰਾ ਜਵਾਬ ਦੇ ਕੇ ਮੈਂ ਆਪਣੇ ਸਾਥੀਆਂ ਵਿਚ ਬਹਿ ਗਿਆ ਅਤੇ ਕੀਤੀ ਗੱਲ ਉਨ੍ਹਾਂ ਕੋਲ ਦੁਹਰਾ ਦਿੱਤੀ।

ਅਗਲੇ ਦਿਨ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ। ਵੋਟਾਂ ਦੇ ਰੁਝਾਨ ਤੋਂ ਕਿਹਰ ਸਿੰਘ ਦੀ ਥਾਂ ਦੂਜੇ ਸ਼ਖ਼ਸ ਦੇ ਜਿੱਤਣ ਦੀ ਹਾਲਤ ਸਪੱਸ਼ਟ ਹੋ ਰਹੀ ਸੀ। ਕਿਹਰ ਸਿੰਘ ਦਾ ‘ਖਾਸ ਬੰਦਾ’ ਵੋਟ ਪਾਉਣ ਲਈ ਕਤਾਰ ਵਿਚ ਖੜੋਤਾ ਸੀ। ਉਨ੍ਹਾਂ ਦਿਨਾਂ ਵਿਚ ਵੋਟਾਂ ਵਾਲੀ ਪੀਪੀ ਵਿਚ ਤੇਜ਼ਾਬ ਸੁੱਟਣ ਜਿਹੀਆਂ ਘਟਨਾਵਾਂ ਆਮ ਹੋ ਰਹੀਆਂ ਸਨ। ਕਿਹਰ ਸਿੰਘ ਦੇ ਹਾਰਨ ਵਾਲੀ ਹਾਲਤ ਦੇਖ ਕੇ ਮੈਨੂੰ ਵੀ ਸ਼ੱਕ ਪਿਆ ਕਿ ਕਿਤੇ ਕਿਹਰ ਸਿੰਘ ਦਾ ਇਹ ‘ਖਾਸ ਬੰਦਾ’ ਸਰਪੰਚੀ ਦੀ ਚੋਣ ਜਿੱਤ ਰਹੇ ਸ਼ਖ਼ਸ ਦੀ ਪੀਪੀ ਵਿਚ ਤੇਜ਼ਾਬ ਸੁੱਟ ਕੇ ਗੜਬੜੀ ਨਾ ਕਰ ਦੇਵੇ। ਅਜਿਹੇ ਹਾਲਾਤ ਨੂੰ ਕਾਬੂ ਵਿਚ ਰੱਖਣ ਲਈ ਮੈਂ ਟੀਮ ਨਾਲ ਆਏ ਪੁਲਿਸ ਕਰਮਚਾਰੀ ਨੂੰ ਬੁਲਾ ਕੇ ਕਤਾਰ ਵਿਚ ਖੜ੍ਹੇ ਉਸ ਬੰਦੇ ਉੱਤੇ ਬਾਜ਼ ਅੱਖ ਰੱਖਣ ਲਈ ਕਿਹਾ ਅਤੇ ਨਾਲ ਹੀ ਆਪ ਵੀ ਚੌਕਸ ਹੋ ਗਿਆ।

ਜਦੋਂ ਉਹ ‘ਖਾਸ ਬੰਦਾ’ ਪੀਪੀ ਨੇੜੇ ਪਹੁੰਚਿਆ ਤਾਂ ਸਾਡੀ ਦੋਹਾਂ ਦੀ ਅੱਖ ਉਸ ਉਪਰ ਸੀ ਪਰ ਮੈਂ ਉਸ ਵੇਲੇ ਸੁੰਨ ਹੋ ਗਿਆ ਜਦੋਂ ਉਸ ‘ਖਾਸ ਬੰਦੇ’ ਨੇ ਆਪਣੀ ਵੋਟ ਕਿਹਰ ਸਿੰਘ ਦੀ ਥਾਂ ਦੂਜੇ ਉਮੀਦਵਾਰ ਦੀ ਪੀਪੀ ਵਿਚ ਪਾ ਦਿੱਤੀ। ਵੋਟਾਂ ਦੀ ਗਿਣਤੀ ਹੋਈ, ਕਿਹਰ ਸਿੰਘ ਸਰਪੰਚੀ ਦੀ ਚੋਣ ਹਾਰ ਗਿਆ ਅਤੇ ਦੂਜਾ ਸ਼ਖ਼ਸ ਭਾਰੀ ਬਹੁਮਤ ਨਾਲ ਪਿੰਡ ਦੀ ਸਰਪੰਚੀ ਹਾਸਲ ਕਰਨ ਵਿਚ ਕਾਮਯਾਬ ਹੋ ਗਿਆ। ਜਿੱਤ ਦੇ ਜਸ਼ਨ ਮਨਾਉਣ, ਜ਼ਿੰਦਾਬਾਦ ਦੇ ਬੈਠੀ ਆਵਾਜ਼ ਵਿਚ ਨਾਅਰੇ ਲਾਉਣ ਅਤੇ ਤਾੜੀਆਂ ਮਾਰਨ ਵਾਲਿਆਂ ਵਿਚ ਕਿਹਰ ਸਿੰਘ ਦਾ ‘ਖਾਸ ਬੰਦਾ’ ਹੁਣ ਸਰਪੰਚ ਦੇ ਪਾਲੇ ਵਿਚ ਸਭ ਤੋਂ ਅੱਗੇ ਸੀ।
ਪਿੱਛੋਂ ਪਤਾ ਲੱਗਿਆ ਕਿ ਸਰਪੰਚੀ ਦੀ ਚੋਣ ਜਿੱਤਣ ਵਾਲੇ ਨੇ ਹਰ ਤਰ੍ਹਾਂ ਦੇ ਲਾਲਚ ਨਾਲ ਕਿਹਰ ਸਿੰਘ ਦੇ ‘ਖਾਸ ਬੰਦੇ’ ਨੂੰ ਖਰੀਦਿਆ ਹੋਇਆ ਸੀ ਅਤੇ 5000 ਰੁਪਏ ਵਿਚ ਪੋਲਿੰਗ ਪਾਰਟੀ ਨੂੰ ਖਰੀਦਣ ਵਾਲੀ ਗੱਲ ਛੇੜ ਕੇ ਉਹ ਦੇਖਣਾ ਚਾਹੁੰਦੇ ਸਨ ਕਿ ਵੋਟਾਂ ਪਵਾਉਣ ਵਾਲੇ ‘ਵਿਕਾਊ ਮਾਲ’ ਹਨ ਜਾਂ ਹੱਕ ਸੱਚ ਦੀ ਗੱਲ ਕਰਨ ਵਾਲੇ!… ਵਰਤਮਾਨ ਸਿਆਸਤ ਵਿਚ ਅਜਿਹੇ ‘ਖਾਸ ਬੰਦਿਆਂ’ ਦੀ ਗਿਣਤੀ ਬਹੁਤ ਵਧ ਗਈ ਹੈ ਅਤੇ ਹੁਣ ਉਹ ਚੋਲਾ ਬਦਲ ਕੇ ਰਾਜ ਸੱਤਾ ਭੋਗਣ ਵਾਲੀ ਪਾਰਟੀ ਵਿਚ ਘੁਸਪੈਠ ਕਰਨ ਲਈ ਪਰ ਤੋਲ ਰਹੇ ਹਨ। ਅਜਿਹੇ ਜ਼ਮੀਰ-ਵਿਹੂਣੇ ਸ਼ਖ਼ਸ ਸਮਾਜ, ਸੂਬੇ ਅਤੇ ਮੁਲਕ ਲਈ ਧੱਬਾ ਹੀ ਹੁੰਦੇ ਹਨ।

Comments

comments

Share This Post

RedditYahooBloggerMyspace