ਫਿਨਲੈਂਡ ਬਣਿਆ ਖ਼ੁਦਕੁਸ਼ ਤੋਂ ਖ਼ੁਦਖ਼ੁਸ਼ ਮੁਲਕ

ਵਾਂਤਾ : ਸੰਯੁਕਤ ਰਾਸ਼ਟਰ ਨੇ ਪਿਛਲੇ ਮਹੀਨੇ ਜਦੋਂ ਫਿਨਲੈਂਡ ਨੂੰ ਲਗਾਤਾਰ ਦੂਜੀ ਵਾਰ ਦੁਨੀਆਂ ਦਾ ਸਭ ਤੋਂ ਵੱਧ ਖੁਸ਼ ਮੁਲਕ ਐਲਾਨਿਆ, ਤਾਂ ਕੁਝ ਸਵਾਲ ਉੱਠੇ ਕਿ ਅੱਤ ਦੇ ਠੰਢੇ ਮੌਸਮ ਅਤੇ ਉੱਚੀ ਖੁਦਕੁਸ਼ੀ ਦਰ ਵਾਲਾ ਮੁਲਕ ਦੁਨੀਆਂ ਭਰ ਵਿੱਚੋਂ ਸਭ ਤੋਂ ਖ਼ੁਸ਼ ਮੁਲਕ ਕਿਵੇਂ ਹੋ ਸਕਦਾ ਹੈ। ਭਾਵੇਂ ਕੌਮਾਂਤਰੀ ਪੱਧਰ ਦੇ ਸਰਵੇਖਣਾਂ ਦੇ ਅੰਕੜਿਆਂ ਵਿਚ ਨੁਕਸ ਹੋ ਸਕਦਾ ਹੈ ਪਰ 1990 ਦੇ ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਦੁਨੀਆਂ ਭਰ ਵਿਚੋਂ ਖ਼ੁਦਕੁਸ਼ੀ ਦੀ ਉੱਚੀ ਦਰ ਵਿਚ ਫਿਨਲੈਂਡ ਦਾ ਹੰਗਰੀ ਤੋਂ ਬਾਅਦ ਦੂਜਾ ਨੰਬਰ ਸੀ।

ਫਿਨਲੈਂਡ ਦੀ ਸਿਹਤ ਅਤੇ ਭਲਾਈ ਬਾਰੇ ਕੌਮੀ ਸੰਸਥਾ ਦੇ ਪ੍ਰੋਫੈਸਰ ਤਿਮੋ ਪੈਰਤੋਨੱਨ ਦਾ ਕਹਿਣਾ ਹੈ ਕਿ ਖੁਦਕੁਸ਼ੀ ਦਰ ਲਈ ਫਿਨਲੈਂਡ ਦੇ ਠੰਢੇ ਮੌਸਮ ਅਤੇ ਉਸ ਦੇ ਕੰਕਰੀਟ ਦੇ ਸ਼ਹਿਰਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ, ‘‘ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਜੇਕਰ ਤੁਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਤਾਂ ਖੁਦਕੁਸ਼ੀ ਦਾ ਖ਼ਤਰਾ ਸਾਰਿਆਂ ਲਈ ਬਰਾਬਰ ਹੀ ਹੁੰਦਾ ਹੈ।’’ ਉਨ੍ਹਾਂ ਕਿਹਾ, ‘‘ ਮੈਨੂੰ ਲੱਗਦਾ ਹੈ ਕਿ ਤੁਹਾਡੇ ਸਮਾਜਿਕ ਤਾਲਮੇਲ ਦੇ ਨਾਲ ਤੁਸੀਂ ਮਦਦ ਕਰਨ ਤੇ ਮਦਦ ਮੰਗਣ ਲਈ ਕਿੰਨਾ ਕੁ ਤਿਆਰ ਹੋ, ਇਹ ਬਹੁਤ ਜ਼ਰੂਰੀ ਗੱਲਾਂ ਹਨ।’’

ਹੁਣ ਫਿਨਲੈਂਡ ਵਿੱਚ 1990 ਤੋਂ ਬਾਅਦ ਖੁਦਕੁਸ਼ੀ ਦਰ ਘਟ ਕੇ ਅੱਧੀ ਰਹਿ ਗਈ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਅਨੁਸਾਰ ਹੁਣ ਫਿਨਲੈਂਡ ਵਿਚ ਖੁਦਕੁਸ਼ੀ ਦਰ ਦੁਨੀਆਂ ਭਰ ਵਿਚੋਂ 22ਵੇਂ ਨੰਬਰ ’ਤੇ ਹੈ, ਜੋ ਕਿ ਅਮਰੀਕਾ ਨਾਲੋਂ ਘੱਟ ਹੈ ਅਤੇ ਆਸਟਰੇਲੀਆ ਨਾਲੋਂ ਇੱਕ ਦਰਜ ਉੱਪਰ ਹੈ। ਫਿਨਲੈਂਡ ਵਾਸੀਆਂ ਦਾ ਜੀਵਨ ਪੱਧਰ ਉੱਚਾ ਹੈ। ਸੁਰੱਖਿਆ, ਸਰਕਾਰੀ ਨੌਕਰੀਆਂ, ਬਰਾਬਰੀ ਅਤੇ ਗਰੀਬੀ ਦਰ ਘੱਟ ਹੋਣਾ ਵੀ ਫਿਨਲੈਂਡ ਨੂੰ ਖੁਸ਼ ਮੁਲਕ ਬਣਾਉਂਦਾ ਹੈ।

Comments

comments

Share This Post

RedditYahooBloggerMyspace