ਕਰਤਾਰਪੁਰ ਲਾਂਘਾ: ਪਾਕਿ ਨੇ 90 ਫੀਸਦੀ ਸੜਕ ਬਣਾਈ

ਬਟਾਲਾ : ਕੌਮਾਂਤਰੀ ਸੀਮਾ ਡੇਰਾ ਬਾਬਾ ਨਾਨਕ ਕੋਲ ਬਣ ਰਹੇ ਕਰਤਾਰਪੁਰ ਲਾਂਘੇ ਦੇ ਕੰਮ ਵਿੱਚ ਦੋਵੇਂ ਦੇਸ਼ ਤੇਜ਼ੀ ਦਿਖਾ ਰਹੇ ਹਨ। ਪਾਕਿਸਤਾਨ ਵਾਲੇ ਪਾਸੇ ਚੱਲ ਰਹੇ ਨਿਰਮਾਣ ਕਾਰਜ ਨੂੰ ਹੁਣ ਇੱਧਰ ਦੇ ਸ਼ਰਧਾਲੂ ਦੇਖ ਸਕਦੇ ਹਨ, ਕਿਉਂਕਿ ਪਾਕਿਸਤਾਨ ਨੇ ਜ਼ੀਰੋ ਲਾਈਨ ਕੋਲ ਬਣੇ ਧੁੱਸੀ ਬੰਨ੍ਹ ਦੇ ਇਕ ਹਿੱਸੇ ਨੂੰ ਸੜਕ ਬਣਾਉਣ ਲਈ ਹਟਾ ਦਿੱਤਾ ਹੈ। ਪਾਕਿਸਤਾਨ ਵੱਲੋਂ ਰਾਵੀ ਦਰਿਆ ’ਤੇ ਪੁਲ ਬਣਾਉਣ ਦਾ ਕੰਮ ਜਿੱਥੇ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ, ਉਥੇ ਰਾਵੀ ਦਰਿਆ ਤੋਂ ਫੌਜੀ ਖੇਤਰ ਤੱਕ ਬਣਨ ਵਾਲੀ ਸੜਕ ਦਾ ਕੰਮ 90 ਫ਼ੀਸਦੀ ਤੱਕ ਮੁਕੰਮਲ ਕਰ ਲਿਆ ਗਿਆ ਹੈ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਪਹਿਲੀ ਪਾਤਸ਼ਾਹੀ ਦੇ 550ਵੇਂ ਜਨਮ ਦਿਹਾੜੇ ਤੋਂ ਪਹਿਲਾਂ ਕਰਤਾਰਪੁਰ ਲਾਂਘੇ ਦੇ ਕੰਮ ਨੂੰ ਅਕਤੂਬਰ ਮਹੀਨੇ ਤੱਕ ਮੁਕੰਮਲ ਕਰਨ ਦੀ ਸਹਿਮਤੀ ਦਿੱਤੀ ਹੋਈ ਹੈ। ਅੱਜ ਵਿਸਾਖੀ ਦਿਹਾੜੇ ’ਤੇ ਵੱਡੀ ਗਿਣਤੀ ਸੰਗਤਾਂ ਨੇ ਦੋਵਾਂ ਦੇਸ਼ਾਂ ਦੇ ਚੱਲ ਰਹੇ ਕੰਮ ਨੂੰ ਦੇਖਿਆ।
ਕੌਮਾਂਤਰੀ ਸੀਮਾ ’ਤੇ ਲਾਂਘੇ ਦੇ ਕੰਮ ਦੀ ਸ਼ੁਰੂਆਤ ਪਿਛਲੇ ਦਿਨੀਂ ਕੀਤੀ ਗਈ। ਹੁਣ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਕੇਂਦਰ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਲੱਗੇ ਹੋਏ ਹਨ ਜਿਨ੍ਹਾਂ 13 ਅਪਰੈਲ ਨੂੰ ਡੇਰਾ ਬਾਬਾ ਨਾਨਕ ਕੋਲ ਬਣੇ ਧੁੱਸੀ ਬੰਨ੍ਹ ਦੇ ਇਕ ਹਿੱਸੇ ਨੂੰ ਹਟਾ ਦਿੱਤਾ ਹੈ ਜਿਸ ਨਾਲ ਸੰਗਤਾਂ ਪਾਕਿਸਤਾਨ ਵਾਲੇ ਪਾਸੇ ਚੱਲ ਰਹੇ ਕੰਮ ਨੂੰ ਹੁਣ ਸਾਫ਼ ਦੇਖ ਸਕਦੀਆਂ ਹਨ ਪਰ ਇਥੇ ਤਾਇਨਾਤ ਬੀਐਸਐਫ ਅਤੇ ਪੰਜਾਬ ਪੁਲੀਸ ਦੇ ਜਵਾਨਾਂ ਵਲੋਂ ਨਿਰਮਾਣ ਕਾਰਜਾਂ ਦੀ ਤਸਵੀਰ ਲੈਣ ਤੋਂ ਮਨ੍ਹਾਂ ਕੀਤਾ ਜਾ ਰਿਹਾ ਹੈ। ਇੱਥੇ ਸੁਰੱਖਿਆ ਏਜੰਸੀਆਂ ਨੇ ਸਿਵਲ ਕੱਪੜਿਆਂ ਵਿੱਚ ਵੀ ਆਪਣੇ ਜਵਾਨ ਤਾਇਨਾਤ ਕੀਤੇ ਹੋਏ ਹਨ।

ਧੁੱਸੀ ਬੰਨ੍ਹ ਦਾ ਇਕ ਹਿੱਸਾ ਹਟਾਇਆ: ਅਧਿਕਾਰੀ

ਨੈਸ਼ਨਲ ਹਾਈਵੇਅ ਅਥਾਰਟੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਵਾਲੇ ਪਾਸੇ ਬਣਾਇਆ ਧੁੱਸੀ ਦਾ ਲੈਵਲ ਜ਼ਮੀਨ ਤੋਂ ਕਰੀਬ ਸਾਢੇ ਪੰਜ ਮੀਟਰ ਸੀ, ਜੋ ਹੁਣ ਹਟਾਇਆ ਗਿਆ ਹੈ। ਨਿਰਮਾਣ ਕੰਪਨੀ ਵਲੋਂ ਗੁਰਦੁਆਰਾ ਬਾਬਾ ਸਿੱਧ ਸਿਹੁੰ ਤੋਂ ਲੈ ਕੇ ਜ਼ੀਰੋ ਲਾਈਨ ਤੱਕ ਪੁਲ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਕਰਤਾਰਪੁਰ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ, ਇੰਜੀਨੀਅਰ ਸੁਖਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਸੰਸਥਾ ਵੱਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਲਈ ਬਿਨਾਂ ਵੀਜ਼ਾ ਤੇ ਬਿਨਾਂ ਪਾਸਪੋਰਟ ਤੋਂ ਲੰਘੇ 18 ਸਾਲਾਂ ਤੋਂ ਇੱਥੇ ਹਰ ਮੱਸਿਆ ਵੇਲੇ ਅਰਦਾਸ ਕੀਤੀ ਜਾ ਰਹੀ ਹੈ।

Comments

comments

Share This Post

RedditYahooBloggerMyspace