ਕੈਨੇਡਾ ਤੇ ਆਸਟਰੇਲੀਆ ਵਿੱਚ ਵਿਸਾਖੀ ਦੀਆਂ ਰੌਣਕਾਂ

ਵੈਨਕੂਵਰ : ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕੈਨੇਡਾ ਦੇ ਵੈਨਕੂਵਰ ਤੇ ਆਸਟਰੇਲੀਆ ਦੇ ਵਿਕਟੋਰੀਆ ’ਚ ਨਗਰ ਕੀਰਤਨ ਕੱਢਿਆ ਗਿਆ। ਕੈਨੇਡਾ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕਈ ਐਮਪੀ ਅਤੇ ਵਿਧਾਇਕਾਂ ਨੇ ਸ਼ਮੂਲੀਅਤ ਕੀਤੀ। ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਬੰਧਾਂ ਹੇਠ ਕੱਢੇ ਜਾਂਦੇ ਨਗਰ ਕੀਰਤਨ ਮੌਕੇ ਮੀਂਹ ਪੈਣ ਕਾਰਨ ਸ਼ਰਧਾਲੂਆਂ ਨੂੰ ਕੁਝ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਰ ਸ਼ਰਧਾਲੂਆਂ ਨੇ ਸਮਾਗਮ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਇਸ ਤੋਂ ਪਹਿਲਾਂ ਗੁਰਦੁਆਰਾ ਰੌਸ ਸਟਰੀਟ ਵੈਨਕੂਵਰ ਵਿਚ ਅਖੰਡ ਪਾਠ ਦੇ ਭੋਗ ਪਾਏ ਗਏ। ਨਗਰ ਕੀਰਤਨ ਨੂੰ ਰਵਾਨਾ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਖਾਲਸਾ ਸਾਜਨਾ ਦਿਵਸ ਦੀ ਮਹੱਤਤਾ ਨੂੰ ਸਮਝਦੇ ਹੋਏ ਕੈਨੇਡਾ ਸਰਕਾਰ ਨੇ ਦੇਸ਼ ਭਰ ’ਚ ਅਪਰੈਲ ਮਹੀਨੇ ਨੂੰ ਸਿੱਖ ਵਿਰਾਸਤ ਮਹੀਨੇ ਵਜੋਂ ਮਨਾਉਣ ਦਾ ਨਿਯਮ ਪਾਰਲੀਮੈਂਟ ’ਚ ਪਾਸ ਕੀਤਾ ਹੈ। ਉਨਾਂ ਕਿਹਾ ਕਿ ਗੁਰੂ ਘਰ ’ਚ ਸੰਗਤ ਨਾਲ ਬੈਠ ਕੇ ਉਨ੍ਹਾਂ ਨੂੰ ਵੱਖਰੀ ਆਤਮਿਕ ਸ਼ਾਂਤੀ ਮਿਲਦੀ ਹੈ। ਉਨ੍ਹਾਂ ਆਮ ਸ਼ਰਧਾਲੂ ਵਾਂਗ ਸੰਗਤ ’ਚ ਬੈਠ ਕੇ ਗੁਰਬਾਣੀ ਦਾ ਰਸ ਮਾਣਿਆ। ਇਸ ਮੌਕੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਮੈਂਬਰ ਪਾਰਲੀਮੈਟ ’ਚ ਸੁਖ ਧਾਲੀਵਾਲ, ਰਣਦੀਪ ਸਿੰਘ ਸਰਾਏ, ਕੈਨ ਹਾਰਡੀ ਅਤੇ ਬੀ ਸੀ ਵਿਧਾਨ ਸਭਾ ਦੇ ਕਈ ਵਿਧਾਇਕ ਹਾਜ਼ਰ ਸਨ।
ਮੈਲਬਰਨ (ਤੇਜਸ਼ਦੀਪ ਸਿੰਘ ਅਜਨੌਦਾ): ਇੱਥੇ ਵਿਕਟੋਰੀਆ ਦੀਆਂ ਸਿੱਖ ਸੰਸਥਾਵਾਂ ਅਤੇ ਗੁਰੂਘਰ ਕਮੇਟੀਆਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ ਜਿਸ ’ਚ ਵੱਡੀ ਗਿਣਤੀ ਸੰਗਤਾਂ ਨੇ ਸ਼ਮੂਲੀਅਤ ਕੀਤੀ। ਠਾਠਾਂ ਮਾਰਦੇ ਇਸ ਇਕੱਠ ’ਚ ਸੂਬੇ ਦੇ ਵੱਖ ਵੱਖ ਹਿੱਸਿਆਂ ਤੋਂ ਸਿੱਖ, ਪਰਿਵਾਰਾਂ ਸਣੇ ਪਹੁੰਚੇ ਹੋਏ ਸਨ। ਇਸ ਮੌਕੇ ਸਾਰਾ ਖੇਤਰ ਦੂਰ ਦੂਰ ਤੱਕ ਰੰਗ ਬਿਰੰਗੀਆਂ ਦਸਤਾਰਾਂ ਨਾਲ ਸਜਿਆ ਮਿਲਿਆ। ਕੇਂਦਰੀ ਮੈਲਬਰਨ ਦੇ ਪਾਰਲੀਮੈਂਟ ਲਾਗਿਉਂ ਸ਼ੁਰੂ ਹੋਇਆ ਨਗਰ ਕੀਰਤਨ ਫ਼ਲੈਗਸਟਾਫ਼ ਗਾਰਡਨ ਵਿਚ ਜਾ ਕੇ ਸਮਾਪਤ ਹੋਇਆ। ਇਥੇ ਭਾਈ ਬਲਦੇਵ ਸਿੰਘ ਵਡਾਲਾ ਦੇ ਜਥੇ ਨੇ ਕੀਰਤਨ ਕੀਤਾ ਤੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ। ਇਸ ਮੌਕੇ ਸਥਾਨਕ ਪਾਰਟੀਆਂ ਦੇ ਬੁਲਾਰਿਆਂ ਤੇ ਪ੍ਰਬੰਧਕਾਂ ਨੇ ਵੀ ਵਿਚਾਰ ਸਾਂਝੇ ਕੀਤੇ।

Comments

comments

Share This Post

RedditYahooBloggerMyspace