ਜੱਲ੍ਹਿਆਂਵਾਲਾ ਬਾਗ਼ ਸਮਾਗਮ: ਮੋਦੀ ਤੇ ਕੈਪਟਨ ਆਹਮੋ-ਸਾਹਮਣੇ

ਕਠੂਆ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਕਾਂਗਰਸ ’ਤੇ ਜੱਲ੍ਹਿਆਂਵਾਲਾ ਬਾਗ ਸਾਕਾ ਦੇ ਸ਼ਤਾਬਦੀ ਸਮਾਗਮਾਂ ਦੇ ਸਿਆਸੀਕਰਨ ਦੇ ਦੋਸ਼ ਲਾਉਂਦਿਆਂ ਜਿੱਥੇ ਕਾਂਗਰਸ ਦੀ ਨਿੰਦਾ ਕੀਤੀ ਉੱਥੇ ਕੈਪਟਨ ਅਮਰਿੰਦਰ ਸਿੰਘ ਦੀ ਗੈਰਹਾਜ਼ਰੀ ਨੂੰ ਸ਼ਹੀਦਾਂ ਦਾ ਅਪਮਾਨ ਦੱਸਿਆ। ਉਨ੍ਹਾਂ ਕੈਪਟਨ ’ਤੇ ‘ਰਾਸ਼ਟਰ ਭਗਤੀ’ ਕਰਨ ਦੀ ਥਾਂ ‘ਪਰਿਵਾਰ ਭਗਤੀ’ ਵਿੱਚ ਮਸਰੂਫ਼ ਹੋਣ ਦੇ ਦੋਸ਼ ਲਾਏ।

ਮੋਦੀ ਨੇ ਕਾਂਗਰਸ ਦੀ ਨਿੰਦਾ ਕਰਦਿਆਂ ਕਿਹਾ, ‘‘ਉਪ ਰਾਸ਼ਟਰਪਤੀ ਜੱਲ੍ਹਿਆਂਵਾਲਾ ਸਾਕੇ ਸਬੰਧੀ ਅੰਮ੍ਰਿਤਸਰ ਵਿਚ ਕਰਵਾਏ ਗਏ ਸਰਕਾਰੀ ਸਮਾਗਮ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪੁੱਜੇ ਸਨ। ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਪਰ ਉੱਥੇ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੌਜੂਦ ਨਹੀਂ ਸਨ।’’ ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਧਿਰ ਲਈ ਰਾਸ਼ਟਰਵਾਦ ਅਪਮਾਨ ਹੈ। ਉਨ੍ਹਾਂ ਕਿਹਾ, ‘‘ਪੰਜਾਬ ਦੇ ਮੁੱਖ ਮੰਤਰੀ ਨੇ ਜੱਲ੍ਹਿਆਂਵਾਲਾ ਬਾਗ ਸਾਕੇ ਦੀ ਸ਼ਤਾਬਦੀ ਮੌਕੇ ਸਰਕਾਰੀ ਸਮਾਗਮ ਵਿੱਚ ਹਿੱਸਾ ਨਾ ਲੈ ਕੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ।’’

ਮੋਦੀ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ’ਤੇ ਬਣਾਏ ਗਏ ਦਬਾਅ ਨੂੰ ਸਮਝਦੇ ਹਨ। ਉਨ੍ਹਾਂ ਕਿਹਾ, ‘‘ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਲੰਬੇ ਸਮੇਂ ਤੋਂ ਜਾਣਦਾ ਹਾਂ। ਮੈਂ ਉਨ੍ਹਾਂ ਦੀ ਦੇਸ਼ ਭਗਤੀ ’ਤੇ ਕਦੇ ਸਵਾਲ ਨਹੀਂ ਕੀਤਾ। ਮੈਂ ਸਮਝ ਸਕਦਾ ਹਾਂ ਕਿ ਉਨ੍ਹਾਂ ਉੱਪਰ ‘ਪਰਿਵਾਰ ਭਗਤੀ’ ਦਾ ਕਿਹੋ-ਜਿਹਾ ਦਬਾਅ ਪਾਇਆ ਗਿਆ ਹੋਵੇਗਾ।’’ ਪ੍ਰਧਾਨ ਮੰਤਰੀ ਜੰਮੂ ਕਸ਼ਮੀਰ ਦੇ ਕਠੂਆ ਵਿੱਚ ਰੈਲੀ ਮੌਕੇ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਅਬਦੁੱਲਾ ਅਤੇ ਮੁਫ਼ਤੀ ਪਰਿਵਾਰ ਵੱਲ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਨ੍ਹਾਂ ਦੋ ਪਰਿਵਾਰਾਂ ਨੇ ਜੰਮੂ ਕਸ਼ਮੀਰ ਦੀਆਂ ਤਿੰਨ ਪੀੜ੍ਹੀਆਂ ਨੂੰ ਬਰਬਾਦ ਕਰ ਦਿੱਤਾ ਪਰ ਉਹ ਉਨ੍ਹਾਂ ਨੂੰ ਦੇਸ਼ ਵਿਚ ਵੰਡੀਆਂ ਪਾਉਣ ਨਹੀਂ ਦੇਣਗੇ। ਪ੍ਰਧਾਨ ਮੰਤਰੀ ਦਾ ਇਸ਼ਾਰਾ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਦੀ ਜੰਮੂ ਕਸ਼ਮੀਰ ਵਿੱਚ ਵੱਖਰੇ ਪ੍ਰਧਾਨ ਮੰਤਰੀ ਦੀ ਮੰਗ ਵੱਲ ਸੀ।
-ਪੀਟੀਆਈ

ਸੰਵਿਧਾਨ ਦੀ ਤਾਕਤ ਕਰਕੇ ਹੀ ਚਾਹ ਵਾਲਾ ਪ੍ਰਧਾਨ ਮੰਤਰੀ ਬਣਿਆ: ਮੋਦੀ
ਅਲੀਗੜ੍ਹ (ਉੱਤਰ ਪ੍ਰਦੇਸ਼): ਡਾ. ਭੀਮਰਾਓ ਅੰਬੇਡਕਰ ਦੇ ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿ ਬਾਬਾ ਸਾਹਿਬ ਵਲੋਂ ਦਿੱਤੇ ਗਏ ਸੰਵਿਧਾਨ ਕਰਕੇ ਹੀ ਗਰੀਬ ਪਰਿਵਾਰਾਂ ਦੇ ਪਿਛੋਕੜ ਵਾਲੇ ਲੋਕ ਅੱਜ ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਉੱਪ-ਰਾਸ਼ਟਰਪਤੀ ਦੇ ਅਹੁਦਿਆਂ ’ਤੇ ਹਨ। ਉਨ੍ਹਾਂ ਕਿਹਾ, ‘‘ਬਾਬਾ ਸਾਹਿਬ ਵਲੋਂ ਦਿੱਤੇ ਗਏ ਤਾਕਤਵਰ ਸੰਵਿਧਾਨ ਕਰਕੇ ਹੀ ਇੱਕ ਚਾਹ ਵਾਲਾ ਅੱਜ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਬੈਠਾ ਹੈ।’’ ਮੋਦੀ ਨੇ ਉੱਤਰ ਪ੍ਰਦੇਸ਼ ਵਿਚ ਵਿਰੋਧੀ ਗਠਜੋੜ ’ਤੇ ਹਮਲਾ ਕਰਦਿਆਂ ਕਿਹਾ ਕਿ ਸੂਬੇ ਵਿਚ ਜੋ ਸਾਰੀਆਂ 40 ਲੋਕ ਸਭਾ ਸੀਟਾਂ ’ਤੇ ਚੋਣ ਨਹੀਂ ਲੜ ਰਹੇ, ਉਹ ਪ੍ਰਧਾਨ ਮੰਤਰੀ ਬਣਨ ਦੇ ਸੁਫਨੇ ਲੈ ਰਹੇ ਹਨ। -ਪੀਟੀਆਈ

ਜੱਲ੍ਹਿਆਂਵਾਲਾ ਬਾਗ ਸਾਕੇ ’ਤੇ ਸਿਆਸਤ ਕਰ ਰਹੇ ਨੇ ਪ੍ਰਧਾਨ ਮੰਤਰੀ: ਅਮਰਿੰਦਰ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ‘ਘਟੀਆ ਰਾਜਨੀਤੀ’ ਕਰਨ ਦੇ ਦੋਸ਼ ਲਾਏ ਹਨ। ਇਸ ਤੋਂ ਪਹਿਲਾਂ ਕਠੂਆ ਵਿਚ ਰੈਲੀ ਮੌਕੇ ਮੋਦੀ ਨੇ ਦਾਅਵਾ ਕੀਤਾ ਸੀ ਕਿ ਜੱਲ੍ਹਿਆਂਵਾਲਾ ਬਾਗ ਸ਼ਤਾਬਦੀ ਦੇ ਸਰਕਾਰੀ ਸਮਾਗਮ ਸਮਾਗਮ ਵਿਚ ਕੈਪਟਨ ਇਸ ਕਰਕੇ ਨਹੀਂ ਸ਼ਾਮਲ ਹੋਏ ਸਨ ਕਿਉਂਕਿ ਉਹ ‘ਕਾਂਗਰਸ ਦੀ ਪਰਿਵਾਰ ਭਗਤੀ’ ਵਿੱਚ ਮਸਰੂਫ ਸਨ।

ਕੈਪਟਨ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਰਾਜ ਸਰਕਾਰ ਦੀਆਂ ਪਹਿਲਕਦਮੀਆਂ ਅਤੇ ਸਮਾਗਮਾਂ ਵਿੱਚ ਸਾਥ ਦੇਣ ਦੀ ਬਜਾਏ ਜਾਣਬੁੱਝ ਕੇ ‘ਬਰਾਬਰ ਪ੍ਰੋਗਰਾਮ’ ਰੱਖਿਆ। ਦੱਸਣਯੋਗ ਹੈ ਕਿ ਕੇਂਦਰ ਵਲੋਂ ਸ਼ਨਿਚਰਵਾਰ ਨੂੰ ਕਰਵਾਏ ਸਮਾਗਮ ਵਿੱਚ ਉਪ-ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਸ਼ਿਰਕਤ ਕੀਤੀ ਸੀ। ਕੈਪਟਨ ਨੇ ਬਿਆਨ ਰਾਹੀਂ ਦਾਅਵਾ ਕੀਤਾ ਕਿ ਪਿਛਲੇ ਦੋ ਸਾਲਾਂ ਵਿੱਚ ਉਨ੍ਹਾਂ ਨੇ ਵਿਅਕਤੀਗਤ ਤੌਰ ’ਤੇ ਪ੍ਰਧਾਨ ਮੰਤਰੀ ਨਾਲ ਰਾਬਤਾ ਕਰਕੇ ਉਨ੍ਹਾਂ ਤੋਂ ਸਮਰਥਨ ਮੰਗਿਆ ਤਾਂ ਜੋ ਸ਼ਰਧਾਂਜਲੀ ਸਮਾਗਮ ਸਾਂਝੇ ਤੌਰ ’ਤੇ ਕੀਤਾ ਜਾ ਸਕੇ, ਪਰ ਕੇਂਦਰ ਸਰਕਾਰ ਵਲੋਂ ਠੀਕ ਤਰ੍ਹਾਂ ਨਾਲ ਜਵਾਬ ਨਹੀਂ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਇਸ ਦੀ ਬਜਾਏ ਮੋਦੀ ਸਰਕਾਰ ਨੇ ਆਪਣੇ ਪੱਧਰ ’ਤੇ ਪ੍ਰੋਗਰਾਮ ਕਰਨ ਦਾ ਫ਼ੈਸਲਾ ਕੀਤਾ। ਇਸ ਤੋਂ ਸਪੱਸ਼ਟ ਹੈ ਕਿ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਜਿਹਾ ਸਿਆਸੀ ਲਾਭ ਲੈਣ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿਉਂਕਿ ਜੱਲ੍ਹਿਆਂਵਾਲਾ ਬਾਗ ਟਰੱਸਟ ਦੇ ਚੇਅਰਮੈਨ ਪ੍ਰਧਾਨ ਮੰਤਰੀ ਹਨ।
ਕੈਪਟਨ ਨੇ ਪਲਟਵਾਰ ਕਰਦਿਆਂ ਟਵੀਟ ਕੀਤਾ, ‘‘ਨਰਿੰਦਰ ਮੋਦੀ ਜੀ ਕਠੂਆ ਵਿੱਚ ਜੱਲ੍ਹਿਆਂਵਾਲਾ ਬਾਗ ’ਤੇ ਤੁਹਾਡੇ ਵਲੋਂ ਕੀਤੀ ਟਿੱਪਣੀ ਤੋਂ ਮੈਂ ਹੈਰਾਨ ਹਾਂ। ਤੁਸੀਂ ਇੱਕ ਦੁਖਦਾਈ ਘਟਨਾ ਦਾ ਸਹਾਰਾ ਲੈ ਕੇ ਗੰਦੀ ਰਾਜਨੀਤੀ ਕੀਤੀ ਹੈ। ਪਿਛਲੇ ਦੋ ਸਾਲਾਂ ਤੋਂ ਅਸੀਂ ਤੁਹਾਨੂੰ ਬੇਨਤੀਆਂ ਕਰ ਰਹੇ ਹਾਂ ਕਿ ਮੇਰੀ ਸਰਕਾਰ ਨੂੰ (ਸਮਾਗਮ ਲਈ) ਸਮਰਥਨ ਦਿਓ। ਤੁਸੀਂ ਅਜਿਹਾ ਕਰਨ ਦੀ ਬਜਾਏ ਬਰਾਬਰ ਸਮਾਗਮ ਰੱਖ ਕੇ ਆਪਣੀ ਸਰਕਾਰ ਦੇ ਫ਼ੈਸਲੇ ਨੂੰ ਆਸਾਨੀ ਨਾਲ ਅਣਦੇਖਿਆ ਕਰ ਦਿੱਤਾ।’’

ਮੋਦੀ ਵਲੋਂ ਕੈਪਟਨ ’ਤੇ ਕਾਂਗਰਸ ਹਾਈਕਮਾਂਡ ਦੇ ਦਬਾਅ ਕਾਰਨ ਸਮਾਗਮ ਵਿੱਚ ਸ਼ਾਮਲ ਨਾ ਹੋਣ ਦੇ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਬਿਆਨ ਰਾਹੀਂ ਕਿਹਾ ਕਿ ਭਾਜਪਾ ਦੇ ਉਲਟ , ਕਾਂਗਰਸ ਹਾਈਕਮਾਂਡ ਆਪਣੀਆਂ ਰਾਜ ਸਰਕਾਰਾਂ ’ਤੇ ਹੁਕਮ ਥੋਪਣ ਵਿੱਚ ਯਕੀਨ ਨਹੀਂ ਰੱਖਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵੋਟਰਾਂ ਨੂੰ ਲੁਭਾਉਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਏਨਾ ਹੇਠਾਂ ਡਿੱਗਣਾ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਮੋਦੀ ਨੂੰ ਬੇਨਤੀ ਕੀਤੀ ਕਿ ਉਹ ਇਸ ਉੱਚ ਅਹੁਦੇ ਦੇ ਮਾਣ-ਸਨਮਾਨ ਦਾ ਘਾਣ ਕਰਨ ਤੋਂ ਗੁਰੇਜ਼ ਕਰਨ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਕਤਲੇਆਮ ਦੇ ਸ਼ਹੀਦਾਂ, ਰੋਜ਼ਾਨਾ ਸਰਹੱਦ ’ਤੇ ਸ਼ਹੀਦ ਹੁੰਦੇ ਜਵਾਨਾਂ ਤੇ ਆਈਐੱਸਆਈ ਦੀ ਸ਼ਹਿ ’ਤੇ ਹੁੰਦੇ ਹਮਲਿਆਂ ਵਿੱਚ ਜਾਨ ਗੁਆਉਣ ਵਾਲੇ ਜਵਾਨਾਂ ਦੀ ਸ਼ਹਾਦਤ ਨੂੰ ਆਪਣੇ ਸਿਆਸੀ ਮੁਫ਼ਾਦਾਂ ਲਈ ਨਾ ਵਰਤਣ।

Comments

comments

Share This Post

RedditYahooBloggerMyspace