ਬਨੂੜ ’ਚ ਸੌਦਾ ਚਰਚਾ ਮੌਕੇ ਸਥਿਤੀ ਤਣਾਅਪੂਰਣ ਬਣੀ

ਬਨੂੜ: ਸੌਦਾ ਅਨਸਰਾਂ ਵੱਲੋਂ ਐਤਵਾਰ ਨੂੰ ਬਨੂੜ ਵਿੱਚ ਕੀਤੀ ਜਾਣ ਵਾਲੀ ਸੌਦਾ ਚਰਚਾ ਮੌਕੇ ਕਈਂ ਘੰਟੇ ਸਥਿਤੀ ਤਣਾਅ ਪੂਰਨ ਬਣੀ ਰਹੀ। ਖਾਲਸਾ ਸਾਜਨਾ ਦਿਵਸ ਮੌਕੇ  ਚਰਚਾ ਕਰਾਉਣ ਦਾ ਵਿਰੋਧ ਕਰ ਰਹੀਆਂ ਪੰਥਕ ਜਥੇਬੰਦੀਆਂ ਨੇ ਬਨੂੜ ਬੈਰੀਅਰ ਉੱਤੇ ਦੋ ਘੰਟੇ ਦੇ ਕਰੀਬ ਆਵਾਜਾਈ ਠੱਪ ਰੱਖੀ। ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੋਹਾਂ ਧਿਰਾਂ ਦਰਮਿਆਨ ਟਕਰਾਅ ਨੂੰ ਟਾਲਣ ਲਈ ਸੌਦਾ ਚਰਚਾ ਆਰੰਭ ਹੁੰਦਿਆਂ ਹੀ ਚੋਣ ਕਮਿਸ਼ਨ ਤੋਂ ਲਾਊਡ ਸਪੀਕਰ ਲਾਉਣ ਅਤੇ ਨਾਮ ਚਰਚਾ ਕਰਨ ਸਬੰਧੀ ਲੋੜੀਂਦੀ ਮਨਜ਼ੂਰੀ ਨਾ ਲਏ ਜਾਣ ਕਾਰਨ ਨਾਮ ਚਰਚਾ ਬੰਦ ਕਰਾ ਦਿੱਤੀ, ਜਿਸ ਮਗਰੋਂ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਸੌਦਾ ਅਨਸਰ ਵਾਪਸ ਚਲੇ ਗਏ ਤੇ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੀ ਜਾਮ ਚੁੱਕ ਲਿਆ। ਸੜਕੀ ਜਾਮ ਕਾਰਨ ਆਵਾਜਾਈ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪਟਿਆਲਾ, ਘਨੌਰ, ਰਾਜਪੁਰਾ ਤੋਂ ਵੱਡੀ ਮਾਤਰਾ ਵਿੱਚ ਆਈ ਫੋਰਸ ਕਾਰਨ ਸ਼ਹਿਰ ਸਾਰਾ ਦਿਨ ਪੁਲੀਸ ਛਾਉਣੀ ਬਣਿਆ ਰਿਹਾ।

ਜਾਣਕਾਰੀ ਅਨੁਸਾਰ ਸੌਦਾ ਅਨਸਰਾਂ ਵੱਲੋਂ ਡੇਰੇ ਦੇ ਸਥਾਪਨਾ ਦਿਵਸ ਸਬੰਧੀ ਬਨੂੜ ਵਿਖੇ ਜ਼ਿਲ੍ਹਾ ਪੱਧਰੀ ਸੌਦਾ ਚਰਚਾ ਇੱਥੋਂ ਦੇ ਵਾਰਡ ਨੰਬਰ ਵਿਖੇ ਲਾਂਡਰਾਂ ਨੂੰ ਜਾਣ ਵਾਲੇ ਮਾਰਗ ਉੱਤੇ ਦੁਪਹਿਰ ਦੋ ਵਜੇ ਤੋਂ ਚਾਰ ਤੱਕ ਰੱਖੀ ਗਈ ਸੀ। ਇਸ ਸੌਦਾ ਚਰਚਾ ਵਿੱਚ ਮੁਹਾਲੀ, ਪਟਿਆਲਾ ਅਤੇ ਟਰਾਈਸਿਟੀ ਤੋਂ ਡੇਰਾ ਅਨਸਰ ਸ਼ਿਰਕਤ ਕਰ ਰਹੇ ਸਨ।

ਸੌਦਾ ਚਰਚਾ ਸਬੰਧੀ ਪੰਥਕ ਜਥੇਬੰਦੀਆਂ ਨੂੰ ਭਿਣਕ ਪੈ ਗਈ। ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਮੁਖੀ ਬਰਜਿੰਦਰ ਸਿੰਘ ਪਰਵਾਨਾ ਆਪਣੇ ਤਿੰਨ ਕੁ ਦਰਜਨ ਦੇ ਕਰੀਬ ਸਾਥੀਆਂ ਸਮੇਤ ਦੁਪਹਿਰ ਬਾਰਾਂ ਕੁ ਵਜੇ ਬੈਰੀਅਰ ਉੱਤੇ ਪੁੱਜ ਗਏ, ਜਿਨ੍ਹਾਂ ਨੂੰ ਬੈਰੀਅਰ ਉੱਤੇ ਵੱਡੀ ਗਿਣਤੀ ਵਿੱਚ ਤਾੲਨਿਾਤ ਪੁਲੀਸ ਫੋਰਸ ਨੇ ਅੱਗੇ ਜਾਣ ਤੋਂ ਰੋਕ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ, ਪ੍ਰਸ਼ਾਸਨ ਅਤੇ ਸਰਕਾਰ ਵਿਸਾਖੀ ਦੇ ਦਿਹਾੜੇ ਉੱਤੇ ਨਾਮ ਚਰਚਾ ਕਰਾਉਣ ਦੀ ਮਨਜ਼ੂਰੀ ਦੇ ਕੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ।

ਭਾਈ ਪਰਵਾਨਾ ਨੇ ਫੇਸ ਬੁੱਕ ਉੱਤੇ ਲਾਈਵ ਹੋ ਕੇ ਸਿੱਖ ਸੰਗਤ ਨੂੰ ਬਨੂੜ ਪਹੁੰਚਣ ਦੇ ਸੁਨੇਹੇ ਲਾਉਣੇ ਆਰੰਭ ਕਰ ਦਿੱਤੇ, ਜਿਸ ਮਗਰੋਂ ਇੱਥੇ ਆਲੇ ਦੁਆਲੇ ਦੇ ਪਿੰਡਾਂ ਵਿੱਚੋਂ ਨੌਜਵਾਨ ਪਹੁੰਚਣ ਲੱਗੇ, ਜਿਨ੍ਹਾਂ ਭਾਈ ਪਰਵਾਨਾ ਦੀ ਅਗਵਾਈ ਹੇਠ ਨਾਮ ਚਰਚਾ ਬੰਦ ਕਰਾਉਣ ਦੀ ਮੰਗ ਨੂੰ ਲੈ ਕੇ ਦੁਪਹਿਰ ਪੌਣੇ ਕੁ ਇੱਕ ਵਜੇ ਬਨੂੜ ਬੈਰੀਅਰ ਉੱਤੇ ਜਾਮ ਲਗਾ ਦਿੱਤਾ।

ਉੱਧਰ ਧਰਨਾਕਾਰੀਆਂ ਦੀ ਅਗਵਾਈ ਕਰ ਰਹੇ ਭਾਈ ਪਰਵਾਨਾ ਨੇ ਵੀ ਪ੍ਰਸ਼ਾਸਨ ਨੂੰ ਚਰਚਾ ਬੰਦ ਕਰਾਉਣ ਲਈ ਅੱਧੇ ਘੰਟੇ ਦਾ ਅਲਟੀਮੇਟਮ ਦਿੰਦਿਆਂ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਖੁਦ ਮੌਕੇ ਤੇ ਜਾ ਕੇ ਚਰਚਾ ਬੰਦ ਕਰਾਉਣ ਦਾ ਐਲਾਨ ਕਰ ਦਿੱਤਾ, ਜਿਸ ਮਗਰੋਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਬੈਰੀਅਰ ਕੋਲੋਂ ਚਰਚਾ ਵਿੱਚ ਜਾਣ ਲਈ ਲੰਘ ਰਹੇ ਡੇਰਾ ਪ੍ਰੇਮੀਆਂ ਵਿਰੁੱਧ ਵੀ ਜਥੇਬੰਦੀਆਂ ਦੇ ਕਾਰਕੁਨਾਂ ਨੇ ਨਾਅਰੇਬਾਜ਼ੀ ਆਰੰਭ ਦਿੱਤੀ ਤੇ ਉਨ੍ਹਾਂ ਨੂੰ ਵਾਪਸ ਮੋੜਨ ਲਈ ਖੁਦ ਅੱਗੇ ਆਉਣ ਲੱਗੇ ’ਤੇ ਪੁਲੀਸ ਨੇ ਕਾਫ਼ੀ ਮੁਸ਼ੱਕਤ ਨਾਲ ਸਥਿਤੀ ’ਤੇ ਕਾਬੂ ਪਾਇਆ ਤੇ ਸਵਾ ਕੁ ਦੋ ਵਜੇ ਦੇ ਕਰੀਬ ਸੌਦਾ ਚਰਚਾ ਨੂੰ ਆਰੰਭ ਹੁੰਦਿਆਂ ਹੀ ਬੰਦ ਕਰਾ ਦਿੱਤਾ।

ਸੌਦਾ ਚਰਚਾ ਦੀ ਪ੍ਰਵਾਨਗੀ ਸਬੰਧੀ ਭੰਬਲਭੂਸਾ

ਥਾਣਾ ਬਨੂੜ ਦੇ ਮੁਖੀ ਨਿਰਮਲ ਸਿੰਘ, ਐੱਸਡੀਐੱਮ ਜਗਦੀਪ ਸਹਿਗਲ ਆਦਿ ਨੇ ਸੌਦਾ ਚਰਚਾ ਕਰਨ ਦੀ ਮਨਜ਼ੂਰੀ ਸਬੰਧੀ ਅਗਿਆਨਤਾ ਪ੍ਰਗਟਾਈ। ਸੌਦਾ ਚਰਚਾ ਦੇ ਮੁੱਖ ਪ੍ਰਬੰਧਕ ਹਰਮਿੰਦਰ ਤੇ ਦੇਵਿੰਦਰ ਨੇ ਆਖਿਆ ਕਿ ਉਨ੍ਹਾਂ ਕੋਲ ਲੋੜੀਂਦੀਆਂ ਅਦਾਲਤੀ ਮਨਜ਼ੂਰੀਆਂ ਮੌਜੂਦ ਹਨ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਕੋਲੋਂ ਮਨਜ਼ੂਰੀ ਲੈਣ ਸਬੰਧੀ ਜਾਣਕਾਰੀ ਨਾ ਹੋਣ ਕਾਰਨ ਲਾਊਡ ਸਪੀਕਰ ਬੰਦ ਕਰਨ ਕਰਕੇ ਸੌਦਾ ਚਰਚਾ ਰੱਦ ਕੀਤੀ ਗਈ ਹੈ ਤੇ ਜਲਦੀ ਹੀ ਦੁਬਾਰਾ ਕੀਤੀ ਜਾਵੇਗੀ।

Comments

comments

Share This Post

RedditYahooBloggerMyspace