ਵਿਸਾਖੀ ਮੌਕੇ ਤਖ਼ਤ ਕੇਸਗੜ੍ਹ ’ਚ ਛੇ ਲੱਖ ਤੋਂ ਵੱਧ ਸ਼ਰਧਾਲੂ ਨਤਮਸਤਕ

ਸ੍ਰੀ ਆਨੰਦਪੁਰ ਸਾਹਿਬ :ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਵਿੱਚ ਸਾਲ 1999 ਵਿੱਚ ਮਨਾਏ ਗਏ 300 ਸਾਲਾ ਖਾਲਸਾ ਸਾਜਨਾ ਦਿਵਸ ਤੋਂ ਬਾਅਦ ਪੂਰੇ 19 ਸਾਲਾਂ ਬਾਅਦ ਪਹਿਲੀ ਵਾਰ ਸੰਗਤ ਦਾ ਵੱਡਾ ਜਮਾਵੜਾ ਦੇਖਿਆ ਗਿਆ ਹੈ। ਆਲਮ ਇਹ ਸੀ ਕਿ ਗੁਰੂ ਨਗਰੀ ਜਿੱਥੇ ਖਾਲਸਾਈ ਰੰਗ ਵਿੱਚ ਰੰਗੀ ਰਹੀ ਉੱਥੇ ਹੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਤੇ ਖੁਫੀਆ ਵਿਭਾਗ ਦੇ ਅੰਕੜਿਆਂ ਅਨੁਸਾਰ ਹੁਣ ਤੱਕ ਛੇ ਲੱਖ ਤੋਂ ਵੱਧ ਸੰਗਤ ਨੇ ਗੁਰੂ ਘਰਾਂ ਵਿੱਚ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਦਰਜ ਕਰਵਾਈ ਹੈ। ਜ਼ਿਕਰਯੋਗ ਹੈ ਕਿ ਵਿਸਾਖੀ ਮੌਕੇ ਸਾਲ 1699 ਵਿੱਚ ਗੁਰੂ ਗੋਬਿੰਦ ਸਿੰਘ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੀ ਖਾਲਸਾ ਪੰਥ ਦੀ ਸਾਜਨਾ ਕਰ ਕੇ ਸਿੱਖਾਂ ਅੰਦਰ ਨਿਆਰਾਪਨ ਲਿਆਂਦਾ ਸੀ ਅਤੇ ਇਹੀ ਕਾਰਨ ਹੈ ਕਿ ਵਿਸਾਖੀ ਦਾ ਖ਼ਾਸ ਸਬੰਧ ਸ੍ਰੀ ਆਨੰਦਪੁਰ ਸਾਹਿਬ ਨਾਲ ਰਿਹਾ ਹੈ। ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਧਿਕਾਰਤ ਤੌਰ ’ਤੇ ਵਿਸਾਖੀ ਮੌਕੇ ਸੰਗਤ ਨੂੰ ਖਾਲਸੇ ਦੇ ਜਨਮ ਸਥਾਨ ’ਤੇ ਨਤਮਸਤਕ ਹੋਣ ਬਾਰੇ ਅਖਬਾਰਾਂ ਜਾਂ ਟੀਵੀ ਚੈਨਲਾਂ ’ਤੇ ਕੋਈ ਇਸ਼ਤਿਹਾਰ ਨਹੀਂ ਦਿੱਤਾ ਪਰ ਇਹ ਸ਼ਰਧਾ ਹੀ ਸੀ ਜੋ ਇਸ ਵਾਰ ਵੀ ਲੱਖਾਂ ਸ਼ਰਧਾਲੂਆਂ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲ ਖਿੱਚ ਕੇ ਲੈ ਆਈ। ਤਖ਼ਤ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਿਸਾਖੀ ਮੌਕੇ ਲੱਗੇ ਜੋੜ ਮੇਲੇ ਦੌਰਾਨ ਹੁਣ ਤੱਕ ਛੇ ਲੱਖ ਤੋਂ ਵੱਧ ਸੰਗਤ ਨਤਮਸਤਕ ਹੋ ਚੁੱਕੀ ਹੈ ਜਦੋਂਕਿ 15 ਅਪਰੈਲ ਤੱਕ ਸੰਗਤ ਦੀ ਆਮਦ ਇਸੇ ਤਰ੍ਹਾਂ ਬਰਕਰਾਰ ਰਹਿਣ ਦੀ ਆਸ ਹੈ।

ਇਸ ਮੌਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਮੁੱਚੀ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਅੱਜ ਦੁਨੀਆਂ ਦੇ ਹੋਰ ਧਰਮ ਆਪੋ-ਆਪਣੇ ਧਰਮ ਦੀ ਚੜ੍ਹਦੀਕਲਾ ਅਤੇ ਤਰੱਕੀ ਲਈ ਯਤਨਸ਼ੀਲ ਹਨ ਪਰ ਖਾਲਸਾ ਪੰਥ ਆਪਣੇ ਗੁਰੂ ਦੇ ਹੁਕਮ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਨਹੀਂ ਹੋ ਰਿਹਾ, ਬਲਕਿ ਕਈ ਪੰਥ ਦੋਖੀ ਲੋਕ ਅੱਜ ਸਾਡੇ ਸਿਧਾਂਤ, ਸਾਡੀ ਕੁਰਬਾਨੀ ਅਤੇ ਸਾਡੇ ਇਤਿਹਾਸ ਨੂੰ ਸੱਟ ਮਾਰਨ ਦੀਆਂ ਕੋਝੀਆਂ ਕੋਸ਼ਿਸ਼ਾਂ ਕਰ ਰਹੇ ਹਨ। ਸਾਨੂੰ ਆਪਣੇ ਗੁਰੂ ਦੀ ਸ਼ਕਤੀ ’ਤੇ ਭਰੋਸਾ ਹੈ ਕਿ ਇਨ੍ਹਾਂ ਲੋਕਾਂ ਦੀਆਂ ਚਾਲਾਂ ਕਾਮਯਾਬ ਨਹੀਂ ਹੋਣਗੀਆਂ।

ਸਿੱਖ ਯੂਥ ਆਫ਼ ਪੰਜਾਬ ਦੇ ਕਾਰਕੁਨਾਂ ਨੇ ਸਿੱਖ ਰਾਜ ਦਾ ਝੰਡਾ ਝੁਲਾਇਆ
ਅੱਜ ਵਿਸਾਖੀ ਦੇ ਦਿਹਾੜੇ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੇਠਾਂ ਸਿੱਖ ਯੂਥ ਆਫ ਪੰਜਾਬ ਦੇ ਕਾਰਕੁਨਾਂ ਨੇ ਖਾਲਸੇ ਦੇ ਪ੍ਰਗਟ ਦਿਹਾੜੇ ਨੂੰ ‘ਸਿੱਖ ਰਾਸ਼ਟਰ ਦਿਵਸ’ ਵਜੋਂ ਮਨਾਉਂਦੇ ਹੋਏ ਸਿੱਖ ਰਾਜ ਦਾ ਝੰਡਾ ਝੁਲਾਇਆ ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਆਜ਼ਾਦੀ ਦੀ ਮੰਗ ਕੀਤੀ। ਦਲ ਖਾਲਸਾ ਨਾਲ ਸਬੰਧਤ ਪਾਰਟੀ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਝੰਡੇ ਦੀ ਰਸਮ ਅਦਾ ਕੀਤੀ। ਉਨ੍ਹਾਂ ਰੈਫਰੈਂਡਮ ਦੇ ਨਾਂ ’ਤੇ ਸਿੱਖ ਨੌਜਵਾਨਾਂ ਦੀਆਂ ਹੋ ਰਹੀਆਂ ਗ੍ਰਿਫ਼ਤਾਰੀਆਂ ਬਾਰੇ ਕਿਹਾ ਕਿ ਹਰ ਕੌਮ ਨੂੰ ਆਪਣਾ ਭਵਿੱਖ ਤੈਅ ਕਰਨ ਦਾ ਅਧਿਕਾਰ ਹੈ ਤੇ ਸਾਡਾ ਭਵਿੱਖ ਭਾਰਤੀ ਨਿਜ਼ਾਮ ਅਧੀਨ ਹੋਣ ਵਾਲੀਆਂ ਵੋਟਾਂ ਰਾਹੀਂ ਨਹੀਂ ਬਲਕਿ ਸੰਯੁਕਤ ਰਾਸ਼ਟਰ ਅਧੀਨ ਰੈਫਰੈਂਡਮ ਕਰਵਾ ਕੇ ਹੋ ਸਕਦਾ ਹੈ।

Comments

comments

Share This Post

RedditYahooBloggerMyspace