‘ਸਿੱਖ ਅੱਤਵਾਦ’ ਸ਼ਬਦ ਹਟਾਏ ਜਾਣ ਦੀ ਅਮਰਿੰਦਰ ਨੂੰ ਹੋਈ ਤਕਲੀਫ਼

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੈਨੇਡਾ ਸਰਕਾਰ ਵਲੋਂ ਮੁਲਕ ਨੂੰ ਅਤਿਵਾਦ ਤੋਂ ਖ਼ਤਰਿਆਂ ਬਾਰੇ ਜਾਰੀ ਕੀਤੀ ਗਈ ਰਿਪੋਰਟ ਵਿਚੋਂ  ਸਿੱਖਾਂ ਸਬੰਧੀ  ਵੇਰਵੇ ਹਟਾਏ ਜਾਣ ਦਾ ਵਿਰੋਧ ਕੀਤਾ ਹੈ। ਕੈਨੇਡਾ ਦੀ ਸੀਬੀਸੀ ਨਿਊਜ਼ ਅਨੁਸਾਰ ਪਹਿਲਾਂ ਜਦੋਂ ਇਹ ਰਿਪੋਰਟ ਦਸਬੰਰ 2018 ਵਿੱਚ ਜਾਰੀ ਕੀਤੀ ਗਈ ਸੀ ਤਾਂ ਉਸ ਵੇਲੇ ਕੈਨੇਡਾ ਨੂੰ ਸਭ ਤੋਂ ਵੱਧ ਪੰਜ ਅਤਿਵਾਦੀ ਖ਼ਤਰਿਆਂ ਵਿਚ ਆਜ਼ਾਦੀ ਪੱਖੀ ਸਿੱਖ ਵੀ ਸ਼ਾਮਲ ਸਨ। ਇਸ ਕਾਰਨ ਸਰਕਾਰ ਨੂੰ ਸਿੱਖ ਭਾਈਚਾਰੇ ਦਾ ਗੁੱਸਾ ਵੀ ਝੱਲਣਾ ਪਿਆ ਸੀ।

ਕੈਪਟਨ ਨੇ ਜਾਰੀ ਬਿਆਨ ਰਾਹੀਂ ਟਰੂਡੋ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਸਰਕਾਰ ਨੇ ਘਰੇਲੂ ਸਿਆਸੀ ਦਬਾਅ ਅੱਗੇ ਗੋਡੇ ਟੇਕ ਦਿੱਤੇ ਹਨ। ਇਹ ਕਦਮ ਭਾਰਤੀ ਅਤੇ ਆਲਮੀ ਸੁਰੱਖਿਆ ਲਈ ਖ਼ਤਰਾ ਹੈ। ਅਮਰਿੰਦਰ ਨੇ ਕਿਹਾ ਕਿ ਕੈਨੇਡਾ ਦੀ ਲਿਬਰਲ ਪਾਰਟੀ ਦੀ ਸਰਕਾਰ ਵਲੋਂ ‘ਗੋਡੇ ਟੇਕਣ ਦਾ ਲਿਆ ਫ਼ੈਸਲਾ’ ਇਸ ਚੋਣ ਵਰ੍ਹੇ ਦੌਰਾਨ ਸਿਆਸੀ ਹਿੱਤਾਂ ਦੀ ਰੱਖਿਆ ਕਰਨ ਲਈ ਲਿਆ ਗਿਆ ਹੈ। ਇਸ ਫ਼ੈਸਲੇ ਨਾਲ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ’ਤੇ ਲੰਬੇ ਸਮੇਂ ਦੌਰਾਨ ਗੰਭੀਰ ਪ੍ਰਭਾਵ ਪੈ ਸਕਦੇ ਹਨ।’’ ਉਨ੍ਹਾਂ ਕਿਹਾ, ‘‘ਭੜਕੀਆਂ ਘਰੇਲੂ ਭਾਵਨਾਵਾਂ ਨੂੰ ਸ਼ਾਂਤ ਕਰਨ ਦੇ ਯਤਨਾਂ ਤਹਿਤ ਟਰੂਡੋ ਗਲਤ ਫ਼ੈਸਲਾ ਲੈ ਕੇ ਅੱਗ ਨਾਲ ਖੇਡ ਰਹੇ ਹਨ।’’ ਉਨ੍ਹਾਂ ਕਿਹਾ ਕਿ ਟਰੂਡੋ ਸਰਕਾਰ ਆਪਣੇ ਇਸ ਬਿਨਾਂ ਸੋਚੇ-ਸਮਝੇ ਕਦਮ ਰਾਹੀਂ ਅਤਿਵਾਦ ਨੂੰ ਹਵਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਭਾਰਤ ਫੇਰੀ ਮੌਕੇ ਸਬੂਤ ਦੇ ਚੁੱਕੇ ਹਨ ਕਿ ਉਨ੍ਹਾਂ ਦੇ ਮੁਲਕ (ਕੈਨੇਡਾ) ਦੀ ਧਰਤੀ ਤੋਂ ਮਿੱਤਰ ਦੇਸ਼ ਖ਼ਿਲਾਫ਼ ਵੱਖਵਾਦੀ ਖਾਲਿਸਤਾਨੀ ਵਿਚਾਰਧਾਰਾ ਫੈਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਟਰੂਡੋ ਨੂੰ ਦੱਸਿਆ ਜਾ ਚੁੱਕਿਆ ਹੈ ਕਿ ਕੈਨੇਡਾ ਰਹਿੰਦੇ ਖਾਲਿਸਤਾਨੀ ਕਾਰਕੁਨਾਂ ਵਲੋਂ ਭਾਰਤ ਵਿੱਚ ਅਤਿਵਾਦੀ ਗਤੀਵਿਧੀਆਂ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
ਮੁੱਖ ਮੰਤਰੀ ਨੇ ਕੈਨੇਡਾ ਵਲੋਂ ਜਾਰੀ ਤਾਜ਼ਾ ਰਿਪੋਰਟ ਵਿੱਚ ਖਾਲਿਸਤਾਨ ਅਤੇ ਖਾਲਿਸਤਾਨੀ ਜਥੇਬੰਦੀਆਂ ਬਾਰੇ ਹਵਾਲਿਆਂ ਨੂੰ ਮਿਟਾਏ ਜਾਣ ਨੂੰ ‘ਅਮਨ ਪਸੰਦ ਆਲਮੀ ਭਾਈਚਾਰੇ ਦੀਆਂ ਨਜ਼ਰਾਂ ਵਿੱਚ ਨਾ-ਮੁਆਫ਼ੀਯੋਗ ਕਾਰਵਾਈ’ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਟਰੂਡੋ ਨੇ ਕੈਨੇਡਾ ਵਿੱਚ ਆਗਾਮੀ ਚੋਣਾਂ ਦੇ ਮੱਦੇਨਜ਼ਰ ਫ਼ੈਸਲਾ ਲਿਆ ਹੈ ਪਰ ਭਵਿੱਖ ਵਿੱਚ ਇਸ ਦੇ ਭਾਰਤ ਅਤੇ ਕੈਨੇਡਾ ਦੇ ਸਬੰਧਾਂ ’ਤੇ ਮਾੜੇ ਪ੍ਰਭਾਵ ਪੈ ਸਕਦੇ ਹਨ।

Comments

comments

Share This Post

RedditYahooBloggerMyspace