ਬਿਨਾਂ ਉਮੀਦਵਾਰ ਐਲਾਨੇ ਮੈਦਾਨ ’ਚ ਉੱਤਰੇ ਅਕਾਲੀ ਤੇ ਕਾਂਗਰਸੀ

ਮਾਨਸਾ: ਬਠਿੰਡਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਗੁਰਸੇਵਕ ਸਿੰਘ ਜਵਾਹਰਕੇ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਆਪਣੀ ਪਾਰਟੀ ਦਾ ਉਮੀਦਵਾਰ ਐਲਾਨੇ ਤੋਂ ਬਿਨਾਂ ਹੀ ਬਠਿੰਡਾ ਲੋਕ ਸਭਾ ਹਲਕੇ ਵਿਚ ਚੋਣ ਰੈਲੀਆਂ ਕਰਕੇ ਲੋਕਾਂ ਨੂੰ ਭਾਂਪਣ ਲੱਗੇ ਹਨ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਨ ਤੋਂ ਬਾਅਦ ਤਾਂ ਅਕਸਰ ਸਿਆਸੀ ਧਿਰਾਂ ਦੇ ਆਗੂ ਰੈਲੀਆਂ ਕਰਨ ਲਈ ਪਿੰਡਾਂ ਅਤੇ ਸ਼ਹਿਰਾਂ ਵਿਚ ਜਾਂਦੇ ਹਨ ਪਰ ਲਗਾਤਾਰ 10 ਸਾਲ ਸੱਤਾ ਵਿਚ ਰਹਿਣ ਤੋਂ ਬਾਅਦ ਵਿਧਾਨ ਸਭਾ ਵਿਚ ਮਿਲੀ ਕਰਾਰੀ ਹਾਰ ਮਗਰੋਂ ਇਹ ਪਹਿਲੀ ਵਾਰ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਤੋਂ ਆਪਣਾ ਉਮੀਦਵਾਰ ਐਲਾਨੇ ਤੋਂ ਬਿਨਾਂ ਹੀ ਵਰਕਰਾਂ ਦੀ ਨਬਜ਼ ਟੋਹਣ ਲੱਗਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਪ੍ਰਧਾਨ ਹੁਣ ਵਰਕਰਾਂ ਨੂੰ ਤਕੜੇ ਰਹਿਣ ਦਾ ਸੱਦਾ ਦੇ ਰਹੇ ਹਨ, ਪਰ ਉਮੀਦਵਾਰ ਐਲਾਨਣ ਵਿਚ ਖੁਦ ਕਮਜ਼ੋਰੀ ਵਿਖਾਉਣ ਲੱਗੇ ਹਨ। ਉਹ ਮਾਨਸਾ ਨੇੜਲੇ ਪਿੰਡਾਂ ਨੰਗਲ ਕਲਾਂ, ਦੂਲੋਵਾਲ, ਕੋਟਧਰਮੂ, ਮੌਜੀਆ, ਮਾਖਾ, ਰਾਏਪੁਰ, ਬੀਰੇਵਾਲਾ ਵਿਖੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਹਲਕਿਆਂ ਦੇ ਮੁਖੀ ਵੀ ਬਿਨਾਂ ਉਮੀਦਵਾਰ ਤੋਂ ਹੀ ਪਿੰਡਾਂ ਵਿਚ ਰੈਲੀਆਂ ਕਰਦੇ ਫਿਰਦੇ ਹਨ।

ਜੋਗਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਅੱਜ ਇੱਥੇ ਵਰਕਰ ਮਿਲਣੀ ਨੂੰ ਸੰਬੋਧਨ ਕਰਦਿਆਂ ਕਿਹਾ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਏ ਨੂੰ ਦੋ ਸਾਲਾਂ ਤੋਂ ਉਪਰ ਦਾ ਸਮਾਂ ਹੋ ਚੁੱਕਾ ਹੈ ਪਰ ਪੰਜਾਬ ’ਚ ਅੱਜ ਲੋਕ ਇਸ ਸਰਕਾਰ ਤੋਂ ਬੁਰੀ ਤਰ੍ਹਾਂ ਨਾਲ ਅੱਕ ਚੁੱਕੇ ਹਨ। ਪੰਜਾਬ ਸਰਕਾਰ ਵੱਲੋਂ ਆਪਣੇ ਵਜ਼ੀਰਾਂ ’ਤੇ ਸ਼ਾਹੀ ਖਰਚੇ ਕੀਤੇ ਜਾਂਦੇ ਹਨ ਜਦਕਿ ਆਮ ਜਨਤਾ ਨੂੰ ਖਜ਼ਾਨਾ ਖਾਲੀ ਦੇ ਐਲਾਨ ਸੁਣਾਏ ਜਾਂਦੇ ਹਨ।

ਭੀਖੀ : ਇਥੋਂ ਦੇ ਬੀਐਮਜੀ ਰਿਜ਼ੋਰਟ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੂੰਝਾ ਫੇਰ ਜਿੱਤ ਹਾਸਲ ਕਰੇਗਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਝੂਠੀ ਸਹੁੰ ਖਾ ਕੇ ਜਿੱਤ ਗਿਆ ਤੇ ਬਾਅਦ ਵਿੱਚ ਉਸ ਨੇ ਲੋਕਾਂ ਦਾ ਕਦੇ ਹਾਲ ਨਹੀਂ ਪੁੱਛਿਆ। ਇਸ ਕਰਕੇ ਕਾਂਗਰਸ ਪਾਰਟੀ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ।

Comments

comments

Share This Post

RedditYahooBloggerMyspace