ਭਾਰਤ-ਪਾਕਿ ਅਧਿਕਾਰੀਆਂ ਨੇ ਕਰਤਾਰਪੁਰ ਲਾਂਘੇ ਦੇ ਤਕਨੀਕੀ ਪੱਖ ਵਿਚਾਰੇ

ਬਟਾਲਾ : ਭਾਰਤ-ਪਾਕਿਸਤਾਨ ਦੇ ਉੱਚ ਅਧਿਕਾਰੀਆਂ ਦੀ ਅੱਜ ਇੱਕ ਅਹਿਮ ਮੀਟਿੰਗ ਕੌਮਾਂਤਰੀ ਸਰਹੱਦ ਡੇਰਾ ਬਾਬਾ ਨਾਨਕ ਕੋਲ ਸਥਿਤ ਜ਼ੀਰੋ ਲਾਈਨ ਉੱਤੇ ਹੋਈ ਜੋ ਲੱਗਪਗ ਚਾਰ ਘੰਟਿਆਂ ਤਕ ਚੱਲੀ। ਇਸ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ, ਤਿਆਰ ਕੀਤੇ ਜਾਣ ਵਾਲੇ ਗੇਟ ਅਤੇ ਆਈਸੀਪੀ (ਇੰਟੈਗ੍ਰੇਟਿਡ ਚੈੱਕ ਪੋਸਟ) ਸਮੇਤ ਹੋਰ ਤਕਨੀਕੀ ਪੱਖਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਵਿੱਚ ਦੋਵਾਂ ਦੇਸ਼ਾਂ ਦੇ ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਤੇ ਤਕਨੀਕੀ ਮਾਹਿਰਾਂ ਨੇ ਸ਼ਿਰਕਤ ਕੀਤੀ। ਇਹ ਮੀਟਿੰਗ ਪਹਿਲਾਂ 2 ਅਪਰੈਲ ਨੂੰ ਵਾਹਗਾ ਸਰਹੱਦ ਉੱਤੇ ਹੋਣੀ ਤੈਅ ਸੀ ਪਰ ਭਾਰਤ ਵੱਲੋਂ ਪਾਕਿਸਤਾਨ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਗੋਪਾਲ ਸਿੰਘ ਚਾਵਲਾ ਅਤੇ ਕੁੱਝ ਖਾਲਿਸਤਾਨ ਪੱਖੀਆਂ ਨੂੰ ਮੈਂਬਰ ਲੈਣ ਦੇ ਭਾਰਤ ਵੱਲੋਂ ਕੀਤੇ ਇਤਰਾਜ਼ ਕਾਰਨ ਮੀਟਿੰਗ ਮੁਅੱਤਲ ਕਰਨੀ ਪਈ ਸੀ। ਇਹ ਲਾਂਘਾ ਇਸ ਸਾਲ ਨਵੰਬਰ ਮਹੀਨੇ ਵਿੱਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਖੋਲ੍ਹਿਆ ਜਾਣਾ ਹੈ।

ਜਾਣਕਾਰ ਸੂਤਰਾਂ ਅਨੁਸਾਰ ਮੀਟਿੰਗ ਦੇ ਏਜੰਡੇ ’ਤੇ ਮੁੱਖ ਤੌਰ ਉੱਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਯੋਜਨਾ ਉੱਤੇ ਜਲ ਵਿਗਿਆਨਕ ਪਹਿਲੂ ਤੇ ਨਿਰਮਾਣ ਕਾਰਜਾਂ ਦੇ ਤਕਨੀਕੀ ਕੰਮਾਂ ’ਤੇ ਵਿਚਾਰ ਚਰਚਾ ਕੀਤੀ ਗਈ। ਯੋਜਨਾ ਅਨੁਸਾਰ ਪਾਕਿਸਤਾਨ ਸੀਮਾ ’ਤੇ ਪੈਂਦੇ ਰਾਵੀ ਦਰਿਆ ਉੱਤੇ ਪੁਲ ਵੀ ਬਣੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਪੁਲ ਦੇ ਬਣਨ ਨਾਲ ਭਾਰਤ ਵੱਲ ਹੜ੍ਹ ਦਾ ਖ਼ਤਰਾ ਵੀ ਬਣ ਜਾਵੇਗਾ ਜੋ ਦੋਵਾਂ ਦੇਸ਼ਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਰਹੇਗਾ। ਇਸ ਤੋਂ ਇਲਾਵਾ ਕਰਤਾਰਪੁਰ ਲਾਂਘੇ ਲਈ ਬਣਨ ਵਾਲੇ ਗੇਟ ਅਤੇ ਆਈਸੀਪੀ ਯੋਜਨਾ ਦੇ ਤਕਨੀਕੀ ਪੱਖ ਉੱਤੇ ਲੰਬੀ ਵਿਚਾਰ ਚਰਚਾ ਹੋਈ ਹੈ। ਪਹਿਲਾਂ ਦੀ ਤਰ੍ਹਾਂ ਪੱਤਰਕਾਰਾਂ ਨੂੰ ਮੀਟਿੰਗ ਸਥਾਨ ਤੋਂ ਡੇਢ ਕਿਲੋਮੀਟਰ ਦੂਰ ਹੀ ਰੱਖਿਆ ਗਿਆ। ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਤੋਂ ਧੁੱਸੀ ਬੰਨ੍ਹ ਤੱਕ ਸੜਕ 200 ਫੁੱਟ ਚੌੜੀ ਅਤੇ ਸਾਢੇ ਚਾਰ ਕਿਲੋਮੀਟਰ ਤੱਕ ਲੰਬੀ ਬਣਾਈ ਗਈ ਹੈ। ਇਸੇ ਤਰ੍ਹਾਂ ਪਾਕਿਸਤਾਨ ਵਲੋਂ ਰਾਵੀ ਤੋਂ ਧੁੱਸੀ ਬੰਨ੍ਹ ਤੱਕ ਆਪਣੇ ਪਾਸੇ 15 ਤੋਂ 20 ਫੁੱਟ ਤੱਕ ਮਿੱਟੀ ਦੀ ਦੀਵਾਰ ਬਣਾਈ ਗਈ ਹੈ। ਇਸ ਮੌਕੇ ’ਤੇ ਭਾਰਤ ਦੇ ਵੱਖ ਵੱਖ ਅਧਿਕਾਰੀਆਂ ਨੇ ਇਹ ਵੀ ਚਿੰਤਾ ਜਤਾਈ ਕਿ ਬਰਸਾਤਾਂ ਅਤੇ ਰਾਵੀ ਦਰਿਆ ’ਚ ਪਾਣੀ ਦਾ ਪੱਧਰ ਵੱਧਣ ’ਤੇ ਇਧਰ (ਭਾਰਤ) ’ਚ ਹੜ੍ਹ ਆਉਣ ਦਾ ਖ਼ਤਰਾ ਬਰਕਰਾਰ ਰਹੇਗਾ। ਅੱਜ ਦੀ ਮੀਟਿੰਗ ਨੂੰ ਅਹਿਮ ਇਸ ਕਰਕੇ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਵਿੱਚ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਅਤੇ ਸੂਬਾਈ ਤੇ ਸੰਘੀ ਕੰਮਕਾਜ ਵਿਭਾਗ ਦੇ 8-10 ਡੈਲੀਗੇਟਾਂ ਜਦੋਂ ਕਿ ਭਾਰਤ ਵੱਲੋਂ ਕੇਂਦਰ ਅਤੇ ਪੰਜਾਬ ਦੇ ਵੱਖ ਵੱਖ ਵਿਭਾਗਾਂ ਦੇ 12 ਅਧਿਕਾਰੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਐੱਨਐੱਚਏ ਤੋਂ ਇਲਾਵਾ ਲੈਂਡ ਪੋਰਟ ਅਥਾਰਟੀ ਦੇ ਅਭਿਲ ਸਕਸੈਨਾ, ਚੀਫ ਇੰਜਨੀਅਰ ਜੇਐੱਸ ਸੰਧੂ, ਪ੍ਰੋਜੈਕਟ ਡਾਇਰੈਕਟਰ ਜਸਪਾਲ ਸਿੰਘ, ਡਰੇਨ ਵਿਭਾਗ ਦੇ ਚੀਫ ਇੰਜਨੀਅਰ ਮਨਜੀਤ ਸਿੰਘ, ਵੇਦ ਸ਼ਰਮਾ, ਸੀਨੀਅਰ ਇੰਜਨੀਅਰ ਐਸਕੇ ਸ਼ਰਮਾ ਤੋਂ ਇਲਾਵਾ ਬੀਐੱਸਐੱਫ ਦੇ ਉੱਚ ਅਧਿਕਾਰੀ ਹਾਜ਼ਰ ਸਨ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਅਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਵੀ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ। ਦੱਸਣਯੋਗ ਹੈ ਕਿ ਇਸੇ ਸਥਾਨ ’ਤੇ 19 ਮਾਰਚ ਨੂੰ ਵੀ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਦੀ ਅਹਿਮ ਮੀਟਿੰਗ ਹੋਈ ਸੀ। ਆਜ਼ਾਦੀ ਤੋਂ ਬਾਅਦ ਇਹ ਦੂਸਰਾ ਮੌਕਾ ਹੈ ਜਦੋਂ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਦੀ ਡੇਰਾ ਬਾਬਾ ਨਾਨਕ ਕੋਲ ਸੀਮਾ ’ਤੇ ਮੀਟਿੰਗ ਹੋਈ ਹੈ।

ਕੌਮਾਂਤਰੀ ਸਰਹੱਦ ਉੱਤੇ ਓਵਰਬਿ੍ਰਜ ਦੀ ਉਸਾਰੀ ਦਾ ਕੰਮ ਸ਼ੁਰੂ

ਬਟਾਲਾ:  ਡੇਰਾ ਬਾਬਾ ਨਾਨਕ ਨਜ਼ਦੀਕ ਕੌਮਾਂਤਰੀ ਸਰਹੱਦ ’ਤੇ ਸੌ ਮੀਟਰ ਲੰਬਾ ਅਤੇ ਸਾਢੇ ਪੰਜ ਮੀਟਰ ਉੱਚਾ ਪੁਲ ਬਣਾਉਣ ਦਾ ਕੰਮ ਰਸਮੀਂ ਤੌਰ ਉੱਤੇ ਸ਼ੁਰੂ ਹੋ ਗਿਆ ਹੈ। ਸੀਗਲ ਇੰਡੀਆ ਪ੍ਰਾਈਵੇਟ ਲਿਮਿਟਡ ਦੇ ਉਪ ਪ੍ਰਧਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਸੀਮਾ ਸੁਰੱਖਿਆ ਬਲ ਅਤੇ ਹੋਰ ਸਬੰਧਤ ਵਿਭਾਗਾਂ ਤੋਂ ਪ੍ਰਵਾਨਗੀ ਮਿਲਣ ਬਾਅਦ ਹੀ ਭਾਰਤ- ਪਾਕਿਸਤਾਨ ਜ਼ੀਰੋ ਲਾਈਨ ’ਤੇ ਓਵਰਬ੍ਰਜਿ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਆਸ ਜਤਾਈ ਕਿ ਜੁਲਾਈ ਤੱਕ ਪੁਲ ਨੂੰ ਮੁਕੰਮਲ ਕਰ ਲਿਆ ਜਾਵੇਗਾ। ਭਾਰਤ ਵੱਲੋਂ ਕਰਤਾਰਪੁਰ ਲਾਂਘੇ ਦੇ ਕੰਮ ਨੂੰ ਤੇਜ਼ ਕਰਨ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਨਿਰਮਾਣ ਕਾਰਜਾਂ ’ਚ ਲੱਗੀਆਂ ਟੀਮਾਂ ਰਾਤ ਸਮੇਂ ਵੀ ਕੰਮ ਕਰ ਰਹੀਆਂ ਹਨ।

Comments

comments

Share This Post

RedditYahooBloggerMyspace