ਵੀਵੀਪੈਟ ਪਰਚੀਆਂ ਮਿਲਾਉਣ ਦੀ ਮੰਗ ਦਾ ਵਿਰੋਧ ਕਿਉਂ ਕਰ ਰਿਹਾ ਹੈ ਚੋਣ ਕਮਿਸ਼ਨ: ਸਿੰਘਵੀ

ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਈਵੀਐੱਮ ਨਾਲ ਲੱਗੀ ਵੀਵੀਪੈਟ ਦੀਆਂ ਘੱਟੋ-ਘੱਟ 50 ਫੀਸਦੀ ਪਰਚੀਆਂ ਨੂੰ ਮਿਲਾਉਣ ਦੀ ਮੰਗ ਦੁਹਰਾਉਂਦਿਆਂ ਅੱਜ ਸਵਾਲ ਕੀਤਾ ਕਿ ਚੋਣ ਕਮਿਸ਼ਨ ਨੂੰ ਇਸ ਉਪਰ ਕੀ ਇਤਰਾਜ਼ ਹੈ ਅਤੇ ਉਹ ਇਸ ਦਾ ਵਿਰੋਧ ਕਿਉਂ ਕਰ ਰਹੇ ਹਨ? ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ‘ਵੰਡ-ਪਾਊ ਅਤੇ ਨਫ਼ਤਰ ਫੈਲਾਉਣ ਵਾਲੇ’ ਬਿਆਨ ਦੇ ਰਹੇ ਹਨ ਤਾਂ ਜੋ ਮੁੱਖ ਮੁੱਦਿਆਂ ਤੋਂ ਧਿਆਨ ਭਟਕਾਇਆ ਜਾ ਸਕੇ।
ਕਾਂਗਰਸ ਦੇ ਕੌਮੀ ਬੁਲਾਰੇ ਸਿੰਘਵੀ ਨੇ ਕਿਹਾ, ‘‘ਸਾਡਾ ਇਹ ਕਹਿਣਾ ਹੈ ਕਿ ਚੋਣ ਕਮਿਸ਼ਨ ਨੂੰ ਕੋਈ ਜ਼ਿੱਦ ਨਹੀਂ ਕਰਨੀ ਚਾਹੀਦੀ। ਅਸੀਂ ਈਵੀਐੱਮ ’ਤੇ ਭਰੋਸਾ ਨਹੀਂ ਕਰਦੇ, ਪਰ ਫਿਲਹਾਲ ਇਸ ਦਾ ਕੋਈ ਬਦਲ ਨਹੀਂ ਹੈ ਕਿਉਂਕਿ ਸਮਾਂ ਹੀ ਨਹੀਂ ਹੈ। ਅਸੀਂ ਕਹਿ ਰਹੇ ਹਾਂ ਕਿ ਈਵੀਐੱਮ ਨਾਲ ਚੋਣਾਂ ਹੋਣ, ਪਰ ਘੱਟੋ-ਘੱਟ 40-50 ਫੀਸਦੀ ਵੀਵੀਪੈੱਟ ਪਰਚੀਆਂ ਮਿਲਾਈਆਂ ਜਾਣੀਆਂ ਚਾਹੀਦੀਆਂ ਹਨ। ਇਸ ਦੇ ਲਈ ਕਮਿਸ਼ਨ ਏਨਾ ਵਿਰੋਧ ਕਿਉਂ ਕਰ ਰਿਹਾ ਹੈ ? ਇਸ ਲਈ ਤਾਂ ਚੋਣ ਕਮਿਸ਼ਨ ਨੂੰ ਖ਼ੁਦ ਪਹਿਲ ਕਰਨੀ ਚਾਹੀਦੀ ਹੈ।’’ ਉਨ੍ਹਾਂ ਦੋਸ਼ ਲਾਇਆ, ‘‘ਵੀਵੀਪੈਟ ਦੀਆਂ ਪਰਚੀਆਂ ਮਿਲਾਉਣ ਦੀ ਗੱਲ ਦੇਸ਼ ਦੀ ਇੱਕ ਕੌਮੀ ਪਾਰਟੀ (ਭਾਜਪਾ) ਨਹੀਂ ਮੰਨਦੀ। ਇਹ ਤਾਂ ਚੋਰ ਦੀ ਦਾੜ੍ਹੀ ਵਿੱਚ ਤਿਣਕੇ ਵਾਲੀ ਗੱਲ ਹੈ।’’ ਚੋਣ ਕਮਿਸ਼ਨ ਦੀ ‘ਲਾਜਿਸਿਟਿਕ ਦੀ ਘਾਟ’ ਵਾਲੀ ਦਲੀਲ ’ਤੇ ਸਿੰਘਵੀ ਨੇ ਕਿਹਾ, ‘‘ਇਹ ਤਾਂ ਭਰੋਸੇਯੋਗਤਾ ਦੀ ਗੱਲ ਹੈ। ਇੱਕ ਪਾਸੇ ਭਰੋਸੇਯੋਗਤਾ ਦਾ ਸਵਾਲ ਹੈ ਤਾਂ ਦੂਜੇ ਪਾਸੇ ਲਾਜਿਸਟਿਕ ਦਾ ਸਵਾਲ ਹੈ। ਪਰਚੀਆਂ ਮਿਲਾਉਣ ਲਈ ਜੇਕਰ ਇੱਕ ਦੀ ਬਜਾਏ ਪੰਜ ਟੀਮਾਂ ਲਾ ਦਿੱਤੀਆਂ ਜਾਣ ਤਾਂ ਇੱਕ ਜਾਂ ਦੋ ਦਿਨਾਂ ਵਿੱਚ ਕੰਮ ਪੂਰਾ ਹੋ ਜਾਵੇਗਾ।’’

Comments

comments

Share This Post

RedditYahooBloggerMyspace