ਸੱਜਣ ਕੁਮਾਰ ਨੂੰ ਉਸਦੀ ਯੋਗਿਤਾ ਮੁਤਾਬਿਕ ਮਿਲਿਆ ਮਾਲੀ ਦਾ ਕੰਮ

ਨਵੀਂ ਦਿੱਲੀ: ਸਿੱਖ ਨਸਲਕੁਸ਼ੀ ਦੇ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਆਖ਼ਿਰਕਾਰ ਜੇਲ੍ਹ ਵਿੱਚ ਕੰਮ ਮਿਲ ਗਿਆ ਹੈ ਅਤੇ ਇਹ ਕੰਮ ਮਾਲੀ ਦਾ ਹੈ। ਦਿੱਲੀ ਦੀ ਤਿਹਾੜ ਜੇਲ੍ਹ ਦੇ ਮੰਡੋਲੀ ਵਿੱਚ ਨਵੇਂ ਉਸਾਰੇ ਅਹਾਤੇ ਵਿੱਚ ਸੱਜਣ ਕੁਮਾਰ (73) ਨੂੰ ਜੇਲ੍ਹ ਦੇ ਮਾਲੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਕੈਦੀਆਂ ਤੋਂ ਹਲਕਾ ਫੁਲਕਾ ਕੰਮ ਲਿਆ ਜਾਂਦਾ ਹੈ। ਇਹ ਜੇਲ੍ਹ ਵਿੱਚ ਹਰਿਆਲੀ ਨੂੰ ਕਾਇਮ ਰੱਖਣ ਲਈ ਬੂਟਿਆਂ ਦੀ ਸਾਂਭ ਸੰਭਾਲ ਕਰਦੇ ਹਨ ਤੇ ਉਨ੍ਹਾਂ ਵਿੱਚ ਪਾਣੀ ਪਾਉਂਦੇ ਹਨ।

ਦਿੱਲੀ ਛਾਉਣੀ ਦੇ ਰਾਜਨਗਰ ਇਲਾਕੇ ਵਿੱਚ ਇੱਕ ਅਤੇ ਦੋ ਨਵੰਬਰ 1984 ਨੂੰ ਪੰਜ ਲੋਕਾਂ ਦੀ ਹੱਤਿਆ ਨਾਲ ਸਬੰਧਤ ਮਾਮਲੇ ਵਿੱਚ ਸਜ਼ਾ ਮਿਲਣ ਕਾਰਨ ਸੱਜਣ ਕੁਮਾਰ ਨੇ ਤਿੰਨ ਮਹੀਨੇ ਪਹਿਲਾਂ ਦਿੱਲੀ ਹਾਈ ਕੋਰਟ ਅੱਗੇ ਆਤਮ ਸਮਰਪਣ ਕੀਤਾ ਸੀ ਪਰ ਉਸ ਨੂੰ ਇਹ ਕੰਮ ਤਿੰਨ ਮਹੀਨੇ ਬਾਅਦ ਹੁਣ ਮਿਲਿਆ ਹੈ। ਜੇਲ੍ਹ ਨਿਯਮਾਂ ਅਨੁਸਾਰ ਹਰ ਕੈਦੀ ਤੋਂ ਕੋਈ ਨਾ ਕੋਈ ਕੰਮ ਲਿਆ ਜਾਣਾ ਜ਼ਰੂਰੀ ਹੁੰਦਾ ਹੈ ਪਰ ਇਸ ਵਿੱਚ ਕੈਦੀ ਦੀ ਉਮਰ ਅਤੇ ਸਿਹਤ ਦਾ ਵੀ ਖਿਆਲ ਰੱਖਿਆ ਜਾਂਦਾ ਹੈ। ਇਸ ਕਰਕੇ ਸੱਜਣ ਕੁਮਾਰ ਨੂੰ ਸੌਖਾ ਕੰਮ ਦਿੱਤਾ ਗਿਆ ਹੈ। ਜੇਲ੍ਹ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਮਾਲੀ ਦਾ ਕੰਮ ਦੇਣ ਤੋਂ ਪਹਿਲਾਂ ਤਰਖਾਣਾ, ਬੇਕਰੀ ਅਤੇ ਕਿਤਾਬਾਂ ਦੀਆਂ ਜਿਲਦਾਂ ਚੜ੍ਹਾਉਣ ਦੇ ਕੰਮ ਦੇਣ ਬਾਰੇ ਵੀ ਵਿਚਾਰ ਹੋਈ ਸੀ। ਹੁਣ ਸੱਜਣ ਕੁਮਾਰ ਦੀਆਂ ਜੇਲ੍ਹ ਵਿੱਚੋਂ ਛੇਤੀ ਜ਼ਮਾਨਤ ਉੱਤੇ ਆਉਣ ਦੀਆਂ ਸਾਰੀਆਂ ਸੰਭਾਵਨਾਵਾਂ ਖਤਮ ਹੋ ਗਈਆਂ ਹਨ ਕਿਉਂਕਿ ਸੁਪਰੀਮ ਕੋਰਟ ਨੇ ਉਸ ਦੀ ਜ਼ਮਾਨਤ ਦੀ ਅਰਜ਼ੀ ਉੱਤੇ ਸੁਣਵਾਈ ਅਗਸਤ ਮਹੀਨੇ ਵਿੱਚ ਪਾ ਦਿੱਤੀ ਹੈ। ਸੱਜਣ ਕੁਮਾਰ ਇਸ ਸਮੇਂ ਮੰਡੋਲੀ ਦੀ ਜੇਲ੍ਹ ਵਿੱਚ 25 ਹੋਰਨਾਂ ਕੈਦੀਆਂ ਦੇ ਨਾਲ ਵਾਰਡ ਨੰਬਰ ਤਿੰਨ ਵਿੱਚ ਬੰਦ ਹੈ। ਜੇਲ੍ਹ ਅਧਿਕਾਰੀਆਂ ਅਨੁਸਾਰ ਉਹ ਆਮ ਕੈਦੀਆਂ ਵਾਾਂਗ ਹੀ ਛੇ ਵਜੇ ਉੱਠਦਾ ਹੈ ਤੇ ਚਾਹ ਪੀ ਕੇ ਦਿਨ ਦੀ ਸ਼ੁਰੂਆਤ ਕਰਦਾ ਹੈ। ਅਧਿਕਾਰੀਆਂ ਅਨੁਸਾਰ ਉਸ ਨੂੰ ਯੋਗ ਆਉਂਦਾ ਹੈ ਤੇ ਰੋਜ਼ਾਨਾ ਯੋਗ ਵੀ ਕਰਦਾ ਹੈ। ਉਹ ਵਧੇਰਾ ਸਮਾਂ ਅਖ਼ਬਾਰਾਂ ਪੜ੍ਹ ਕੇ ਕੱਢਦਾ ਹੈ।

Comments

comments

Share This Post

RedditYahooBloggerMyspace