ਕਨੇਡਾ ਸਰਕਾਰ ਨੇ ਰਾਸ਼ਟਰੀ ਝੰਡੇ ਝੁਕਾ ਕੇ ਗੁਰੂ ਗ੍ਰੰਥ ਸਾਹਿਬ ਦਾ ਕੀਤਾ ਸਤਿਕਾਰ

ਸਿੱਖ  ਧਰਮ ਦੀ  ਬੁਨਿਆਦ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਤੋਂ,ਗੁਰੂ ਨਾਨਕ ਸਾਹਿਬ ਦੇ ਪ੍ਰਗਟ ਹੋਣ ਨਾਲ ਹੀ ਆਰੰਭ ਹੁੰਦੀ ਹੈ। ਲਗਭਗ ਇਸ ਪੂਰੇ ਏਸ਼ਿਆਈ ਖਿੱਤੇ ਵਿਚ ਸਿੱਖ ਧਰਮ ਨੇ ਆਪਣੀ ਹੋਂਦ ਪੰਜ ਸਦੀਆਂ ਪਹਿਲਾਂ ਦੀ ਦਰਸਾ ਦਿੱਤੀ ਸੀ। ਅਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੋਂ 1604 ਈਸਵੀ ਵਿਚ,ਸ਼ਹੀਦ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਦੇ ਕਰ ਕਮਲਾ ਨਾਲ ਸੰਪਾਦਨ ਹੋਏ ਪੋਥੀ ਸਾਹਿਬ ਨੂੰ,ਇੱਕ ਸੌ ਚਾਰ ਵਰ੍ਹਿਆਂ ਬਾਅਦ ਨੰਦੇੜ ਦੀ ਧਰਤੀ ਉੱਤੇ,ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ 1708 ਈਸਵੀ ਵਿਚ ਗੁਰਤਾ ਗੱਦੀ ਦੇ ਕੇ,ਸਦੀਵ ਕਾਲ ਗੁਰੂ ਬਣਾ ਦਿੱਤਾ ਸੀ। ਸਦੀਆਂ ਦੀ ਮੁਗਲਈ ਗੁਲਾਮੀ ਤੋਂ ਬਾਅਦ ਸੱਤ ਸਮੁੰਦਰੋਂ ਪਾਰੋ ਆਕੇ ਜਦੋਂ ਅੰਗਰੇਜ ਨੇ ਭਾਰਤ ਨੂੰ ਗੁਲਾਮ ਬਣਾ ਲਿਆ ਤਾਂ ਭਾਰਤ ਤੋਂ ਸਿੱਖ ਕੌਮ ਅਤੇ ਗੁਰੂ ਗ੍ਰੰਥ ਸਾਹਿਬ ਬਾਰੇ ਸੰਸਾਰ ਭਰ ਵਿਚ ਜਾਣਕਾਰੀ ਵਧਣੀ ਆਰੰਭ ਹੋਈ। ਭਾਰਤ ਅਜਾਦ ਹੋਇਆ। ਪਰ ਸਿਖਾਂ ਦੀ ਕਰਮ ਭੂੰਮੀ ਦੇ ਦੋ ਟੁਕੜੇ ਹੋ ਗਏ ਅਤੇ ਸਿੱਖ ਰਾਜ ਮੁੜ ਪੁਨਰਸੁਰਜੀਤ ਨਾ ਹੋ ਸਕਿਆ। ਸਿੱਖ ਭਾਰਤੀ ਨਿਜ਼ਾਮ ਦੇ ਰਹਿਮੋਂ ਕਰਮ ਉੱਤੇ ਰਹਿ ਗਏ।

ਬੇਸ਼ਕ ਮੁਗਲਈ ਜਾਂ ਅੰਗਰੇਜ਼ੀ ਗੁਲਾਮੀ ਨੂੰ ਖਤਮ ਕਰਨ ਵਿਚ ਸਿਖਾਂ ਨੇ ਸੌ ਪਿਛੇ ਅਠਾਨਵੇਂ ਸਿਰ ਦਿੱਤੇ ਅਤੇ ਬਾਕੀ ਕੁਰਬਾਨੀਆਂ ਵਿਚ ਪਚਾਸੀ ਫ਼ੀਸਦੀ ਹਿੱਸਾ ਪਾਇਆ। ਪਰ ਫਿਰ ਵੀ ਸਿੱਖ ਕੌਮ ਭਗਵੇ ਭਾਰਤੀ ਨਿਜ਼ਾਮ ਨੂੰ ਪ੍ਰਵਾਨ ਨਹੀਂ ਚੜ੍ਹ ਸਕੀ। ਇਸ ਦਾ ਨਤੀਜਾ ਇਹ ਹੋਇਆ ਕਿ ਜਿਸ ਖਿੱਤੇ ਵਿਚ ਸਿੱਖ ਗੁਰੂ ਸਹਿਬਾਨ ਨੇ,ਮਨੁੱਖੀ ਅਜਾਦੀ ਨੂੰ ਸਥਾਪਤ ਕਰਦਿਆਂ ਆਪਣੇ ਸਰਬੰਸ ਤੱਕ ਵਾਰ ਦਿੱਤੇ, ਉਥੇ ਹੀ ਸਿਖਾਂ ਅਤੇ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਹੋਣਾ ਆਰੰਭ ਹੋ ਗਿਆ। ਭਾਰਤੀ ਨਿਜ਼ਾਮ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਰੋਕਣ ਦੀ ਬਜਾਇ ਇਸ ਨੂੰ ਸਿਧੇ ਜਾਂ ਅਸਿਧੇ ਰੂਪ ਵਿਚ ਉਤਸ਼ਾਹਿਤ ਕੀਤਾ। ਅੱਜ ਸਿਖਾਂ ਦੀ ਬਹੁਗਿਣਤੀ ਵਾਲੇ ਸੂਬੇ ਪੰਜਾਬ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇੱਕ ਆਮ ਗੱਲ ਬਣ ਚੁੱਕੀ ਹੈ। ਇਸ ਤੋਂ ਵੀ ਅਫਸੋਸ ਵਾਲੀ ਗੱਲ ਇਹ ਹੈ ਕਿ ਇਸ ਬੇਅਦਬੀ ਉੱਤੇ ਸਿਆਸਤ ਹੋ ਰਹੀ ਹੈ। ਕੋਈ ਬੇਅਦਬੀ ਉੱਤੇ ਚੁੱਪੀ ਧਾਰਕੇ ਵੋਟਾਂ ਲੈ ਰਿਹਾ ਹੈ। ਕੋਈ ਬੇਅਦਬੀ ਉੱਤੇ ਧਰਨੇ ਮਾਰਕੇ ਵੋਟਾਂ ਦੇ ਰਸਤੇ ਖੋਲ੍ਹ ਰਿਹਾ ਹੈ। ਕੋਈ ਬੇਅਦਬੀ ਦੇ ਦੋਸ਼ੀਆਂ ਨੂੰ ਨੰਗੇ ਕਰਨ ਦੇ ਦਮਗਜੇ ਮਾਰਕੇ ਵੋਟਾਂ ਲੈਣ ਦੀ ਤਾਕ ਵਿਚ ਹੈ। ਪਰ ਸਤਿਕਾਰ ਇਸੇ ਨੂੰ ਭੋਰਾ ਵੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਜਾਂ ਵਿਚਾਰਧਾਰਾ ਨੂੰ ਸਮਝਣ ਦਾ ਕਿਸੇ ਨੇ ਯਤਨ ਹੀ ਨਹੀਂ ਕੀਤਾ।

ਕੁਝ ਮੁਲਕ ਉਹ ਵੀ ਹਨ। ਜਿਥੇ ਕਦੇ ਗੁਰੂ ਸਾਹਿਬਾਨ ਦਾ ਪਰਛਾਵਾਂ ਤੱਕ ਵੀ ਨਹੀਂ ਸੀ ਪਿਆ। ਪਰ ਉਹਨਾਂ ਲੋਕਾਂ,ਜਿਹੜੇ ਇੱਕ ਵੱਖਰੇ ਹੀ ਸਭਿਆਚਾਰ ਦੇ ਮੁਰੀਦ ਸਨ,ਨੇ ਝੱਟ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਤੇ ਸਿੱਖ ਕੌਮ ਦੇ ਸਰਬੱਤ ਦੇ ਭਲੇ ਵਾਲੇ ਅਕੀਦਿਆਂ ਨੂੰ ਸਮਝ ਲਿਆ ਹੈ। ਇਹਨਾਂ ਵਿਚ ਸਾਡੇ ਉੱਤੇ ਜ਼ੁਲਮ ਢਾਹੁਣ ਵਾਲੇ ਇੰਗਲੈਂਡ ਸਮੇਤ ਅੱਜ ਅਮਰੀਕਾ ਕਨੇਡਾ ਤੱਕ ਸਿਖਾਂ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਵਿਲੱਖਣ ਸਤਿਕਾਰ ਅਤੇ ਮਾਨਤਾ ਦੇਣੀ ਆਰੰਭ ਕਰ ਦਿੱਤੀ ਹੈ। ਸੱਤ ਸਮੁੰਦਰੋਂ ਪਾਰੋਂ ਆਉਂਦੀ ਹਵਾ ਦੇ ਝੋਕੇ ਠੰਡੀਆਂ ਅਤੇ ਖੁਸ਼ੀ ਦੀਆਂ ਖਬਰਾਂ ਲਿਆ ਰਹੇ ਹਨ ਕਿ ਕੁਝ ਦਿਨ ਵਿਚ ਹੀ ਅਮਰੀਕਾ ਦੇ ਰਾਸ਼ਟਰੀ ਝੰਡੇ ਦੇ ਬਰਾਬਰ ਨਿਸ਼ਾਨ ਸਾਹਿਬ ਵੀ ਝੂਲਦਾ ਨਜਰ ਆਵੇਗਾ। ਪਰ ਕਨੇਡਾ ਸਰਕਾਰ ਨੇ ਤਾਂ ਅਚੰਭੇ ਭਰਿਆ ਕਦਮ ਚੁੱਕ ਕੇ,ਗੁਰੂ ਗ੍ਰੰਥ ਸਾਹਿਬ ਦਾ ਅਜਿਹਾ ਵਿਲੱਖਣ ਸਤਿਕਾਰ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਕੌਮ ਦੀ ਹੋਂਦ ਨੂੰ ਵਿਸ਼ਵ ਪੱਧਰ ਉਤੇ ਮਾਨਤਾ ਦੇ ਦਿੱਤੀ ਹੈ। ਟਰਾਂਟੋ ਡਾਊਨ ਟਾਊਨ ਵਿਚ ਖਾਲਸਾ ਪਰੇਡ ਮੌਕੇ,ਸਾਰੀਆਂ ਥਾਵਾਂ ਉੱਤੇ ਲੱਗੇ ਰਾਸ਼ਟਰੀ ਝੰਡਿਆਂ ਨੂੰ ਝੁਕਾਕੇ,ਗੁਰੂ ਗ੍ਰੰਥ ਸਾਹਿਬ ਨੂੰ ਸਲਾਮੀ ਅਤੇ ਅਜਿਹਾ ਸਤਿਕਾਰ ਦਿੱਤਾ ਗਿਆ ਜਿਹੜਾ ਇੱਕ ਇਤਿਹਾਸ ਬਣ ਗਿਆ ਹੈ।

ਜਿਥੇ ਇਹ ਸੁਣ ਵੇਖ ਕੇ ਖੁਸ਼ੀ ਹੋ ਰਹੀ ਹੈ ਕਿ ਜਿਹਨਾਂ ਨੇ, ਗੁਰੂ ‘ਚੰਦਨ’ ਕੋਲ ਕੁਝ ਪਲ ਬਿਤਾਏ, ਉਹ ਪੱਛਮੀਂ ਸਭਿਚਾਰ ਦੇ ਬੂਟੇ ਤਾਂ ਚੰਦਨ ਹੋ ਗਏ ਅਤੇ  ਸੰਸਾਰ ਭਰ ਵਿਚ ਸੁਗੰਧੀਆਂ ਫੈਲਾਉਣ ਲੱਗ ਪਏ ਹਨ। ਉਥੇ ਦੂਜੇ ਪਾਸੇ ਮਨ ਅੰਦਰ ਇੱਕ ਅਫਸੋਸ ਹੈ ਕਿ ਅਸੀਂ ਸਦੀਆਂ ਤੋਂ ਗੁਰੂ ਸਾਹਿਬ ਦੇ ਫਲਸਫੇ ਦੇ ਕਰੀਬ ਉੱਗ ਕੇ ਵੀ ਰਿੰਡ ਹੀ ਸਾਬਤ ਹੋ ਰਹੇ ਹਾਂ। ਭਾਰਤੀ ਭਗਵਾ ਨਿਜ਼ਾਮ ਮੁਗਲਈ ਜਾਂ ਅੰਗਰੇਜ਼ੀ ਜ਼ੁਲਮ ਦੀ ਤਪਸ਼ ਦਾ ਸਤਾਇਆ, ਗੁਰੂ ਚੰਦਨ ਦੇ ਦੁਆਲੇ ਸੱਪਾਂ ਵਾਂਗੂੰ ਲਿਪਟ ਕੇ ਠੰਡਕ ਲੈਂਦਾ ਰਿਹਾ। ਪਰ ਅੱਜ ਵੀ ਆਪਣੇ ਅੰਦਰਲੇ ਜਹਿਰ ਨੂੰ ਨਹੀਂ ਮਾਰ ਸਕਿਆ। ਕਾਸ਼ ! ਅਕਾਲ ਪੁਰਖ ਭਾਰਤੀ ਨਿਜ਼ਾਮ ਨੂੰ ਅਤੇ ਸਾਨੂੰ ਧਰਮ ਦੇ ਨਾਮ ਉੱਤੇ ਰਾਜਨੀਤੀਆਂ ਕਰਨ ਵਾਲਿਆਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਹਿਮੀਅਤ ਅਤੇ ਸਤਿਕਾਰ ਦੀ ਸੋਝੀ ਬਖਸ਼ ਦੇਵੇ।

Comments

comments

Share This Post

RedditYahooBloggerMyspace