ਅਸ਼ਲੀਲ ਵਿਹਾਰ ਦੇ ਦੋਸ਼ ਹੇਠ ਭਾਰਤੀ ਹਿੰਦੂ ਧਰਮ ਗੁਰੂ ਗ੍ਰਿਫ਼ਤਾਰ

ਮੈਲਬਰਨ: ਖ਼ੁਦ ਨੂੰ ‘ਯੋਗ ਗੁਰੂ’ ਦੱਸਣ ਵਾਲੇ ਭਾਰਤ ਦੇ ਨਾਗਰਿਕ ਆਨੰਦ ਗਿਰੀ (38) ਨੂੰ ਆਸਟਰੇਲੀਆ ਵਿਚ ਦੋ ਮਹਿਲਾਵਾਂ ਨਾਲ ਅਸ਼ਲੀਲ ਵਿਹਾਰ ਤੇ ਹਮਲਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਔਰਤਾਂ ਨੇ ਉਸ ਨੂੰ ਸਿਡਨੀ ਵਿਚ ਆਪਣੇ ਘਰ ਪੂਜਾ ਲਈ ਸੱਦਿਆ ਸੀ। ਸਪੈਸ਼ਲ ਬਰਾਡਕਾਸਟਿੰਗ ਸਰਵਿਸ (ਐੱਸਬੀਐੱਸ) ਦੀ ਰਿਪੋਰਟ ਮੁਤਾਬਕ ਗਿਰੀ ਨੂੰ ਐਤਵਾਰ ਤੜਕੇ ਸਿਡਨੀ ਦੇ ਆਕਸਲੇ ਪਾਰਕ ਵਿਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ’ਤੇ ਦੋ ਵੱਖ-ਵੱਖ ਮੌਕਿਆਂ ’ਤੇ ਔਰਤਾਂ ਨਾਲ ਅਸ਼ਲੀਲ ਵਿਹਾਰ ਕਰਨ ਦਾ ਦੋਸ਼ ਹੈ। ਉਸ ਨੇ ਆਪਣੀ ਛੇ ਹਫ਼ਤੇ ਦੀ ਅਧਿਆਤਮਕ ਸਿਖ਼ਲਾਈ ਯਾਤਰਾ ਨੂੰ ਪੂਰਾ ਕਰਨ ਤੋਂ ਬਾਅਦ ਸੋਮਵਾਰ ਨੂੰ ਵਿਦੇਸ਼ ਜਾਣਾ ਸੀ। ਨਿਊ ਸਾਊਥ ਵੇਲਜ਼ ਪੁਲੀਸ ਮੁਤਾਬਕ 2016 ਦੇ ਨਵੇਂ ਵਰ੍ਹੇ ਦੇ ਦਿਨ ਰੂਟੀ ਹਿੱਲ ਸਥਿਤ ਇਕ ਘਰ ਵਿਚ ਪੂਜਾ ’ਚ ਹਿੱਸਾ ਲੈਣ ਦੌਰਾਨ ਉਸ ਦੀ ਮੁਲਾਕਾਤ 29 ਸਾਲ ਦੀ ਇਕ ਮਹਿਲਾ ਨਾਲ ਹੋਈ ਤੇ ਗਿਰੀ ਨੇ ਔਰਤ ਦੇ ਕਮਰੇ ’ਚ ਉਸ ’ਤੇ ਕਥਿਤ ਹਮਲਾ ਕੀਤਾ। ਪੁਲੀਸ ਨੇ ਬਿਆਨ ਵਿਚ ਕਿਹਾ ਹੈ ਕਿ ‘ਯੋਗ ਗੁਰੂ’ ਨੇ ਮਹਿਲਾ ਨਾਲ ਅਸ਼ਲੀਲ ਵਿਹਾਰ ਕੀਤਾ ਤੇ ਹਮਲਾ ਕੀਤਾ। ਇਸ ਤੋਂ ਬਾਅਦ 2018 ਵਿਚ ਵੀ ਰੂਟੀ ਹਿੱਲ ਦੇ ਹੀ ਇਕ ਘਰ ਵਿਚ ਪੂਜਾ ਲਈ ਗਏ ਗਿਰੀ ਨੇ 34 ਸਾਲ ਦੀ ਔਰਤ ਨਾਲ ਅਜਿਹੀ ਹੀ ਹਰਕਤ ਕੀਤੀ। ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਕਿਉਂਕਿ ਇਸ ਨਾਲ ਪੀੜਤਾਂ ਨੂੰ ਖ਼ਤਰਾ ਹੋ ਸਕਦਾ ਹੈ। ਯੂਪੀ ਦੇ ਅਲਾਹਾਬਾਦ ਨਾਲ ਸਬੰਧਤ ਆਨੰਦ ਗਿਰੀ ਨੂੰ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਉਸ ਨੂੰ 26 ਜੂਨ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

Comments

comments

Share This Post

RedditYahooBloggerMyspace