ਫੇਸਬੁੱਕ ’ਤੇ ਟਿੱਪਣੀਆਂ ਕਾਰਨ ਗੁਰਪਾਲ ਸਿੰਘ ਦੀ ਟਿਕਟ ਕੱਟੀ

ਸਿਡਨੀ: ਫੇਸਬੁੱਕ ‘ਤੇ ਕੀਤੀਆਂ ਟਿੱਪਣੀਆਂ ਕਾਰਨ ਆਸਟਰੇਲੀਆ ਵਿੱਚ ਸੰਸਦ ਮੈਂਬਰ ਦੀ ਚੋਣ ਲੜ ਰਹੇ ਪੰਜਾਬੀ ਗੁਰਪਾਲ ਸਿੰਘ ਨੂੰ ਆਸਟਰੇਲਿਆਈ ਸਿਆਸਤ ਤੋਂ ਹੱਥ ਧੋਣੇ ਪੈ ਗਏ ਹਨ। ਚੰਡੀਗੜ੍ਹ ਨਾਲ ਸਬੰਧਤ ਕਿੱਤੇ ਵਜੋਂ ਵਕੀਲ ਗੁਰਪਾਲ ਸਿੰਘ ਨੇ ਮੁਆਫ਼ੀ ਮੰਗ ਕੇ ਖਹਿੜਾ ਛੁਡਾਇਆ ਹੈ। ਉਸ ਨੇ ਹਲਕਾ ਸਕਲਿਨ ਦੀ ਸੀਟ ਤੋਂ ਉਮੀਦਵਾਰ ਵਜੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਸੱਤਾਧਾਰੀ ਲਿਬਰਲ ਪਾਰਟੀ ਵੱਲੋਂ ਸੰਘੀ ਪਾਰਲੀਮੈਂਟ ਦੀ ਚੋਣ ਲੜ ਰਿਹਾ ਸੀ। ਇੱਥੋਂ ਦਹਾਕਿਆਂ ਤੋਂ ਲੇਬਰ ਪਾਰਟੀ ਜਿੱਤਦੀ ਆ ਰਹੀ ਹੈ। ਮੁਲਕ ਵਿੱਚ 18 ਮਈ ਨੂੰ ਚੋਣਾਂ ਹਨ। ਪ੍ਰਧਾਨ ਮੰਤਰੀ ਸਕੌਟ ਮਾਰੀਸਨ ਨੇ ਗੁਰਪਾਲ ਦਾ ਚੋਣ ਅਮਲ ਵਿੱਚੋ ਹਟਣ ਦਾ ਸਵਾਗਤ ਕੀਤਾ ਹੈ। ਲਿਬਰਲ ਪਾਰਟੀ ਨੇ ਵੀ ਗੁਰਪਾਲ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ। ਲਿਬਰਲ ਬੁਲਾਰੇ ਨੇ ਕਿਹਾ ਕਿ ਗੁਰਪਾਲ ਸਿੰਘ ਨੂੰ ਸਕਲਿਨ ਹਲਕੇ ਦੇ ਉਮੀਦਵਾਰ ਵਜੋਂ ਅਸਤੀਫ਼ਾ ਦੇਣ ਲਈ ਕਿਹਾ ਗਿਆ ਸੀ।
ਗੁਰਪਾਲ ਨੇ ਫੇਸਬੁੱਕ ਉੱਤੇ ਪਿਛਲੇ ਸਾਲ ਬਲਾਤਕਾਰ ਪੀੜਤ ਪੰਜਾਬੀ ਔਰਤ ਬਾਰੇ ਪਈ ਪੋਸਟ ‘ਤੇ ‘ਕੁਮੈਂਟ’ ਰਾਹੀ ਆਲੋਚਨਾ ਕੀਤੀ ਸੀ। ਉਸ ਨੇ ਪੀੜਤ ਔਰਤ ਦੇ ਦਾਅਵੇ ਨੂੰ ਖਾਰਜ ਕਰਦੇ ਹੋਏ ਵਿਚਾਰ ਦਿੱਤੇ ਕਿ ਅਸਲ ਪੀੜਤ ਪਤੀ ਹੈ। ਉਸ ਨੂੰ ਕਥਿਤ ਪੀੜਤਾ ਲਈ ਕੋਈ ਹਮਦਰਦੀ ਨਹੀਂ ਸੀ। ਪੰਜਾਬੀ ਔਰਤ ਦੀ ਆਲੋਚਨਾ ਕਰਦਿਆਂ ਗੁਰਪਾਲ ਨੇ ਪਤੀ ਦੀ ਪਿੱਠ ਥਾਪੜੀ ਸੀ। ਇਸ ਤੋਂ ਪਹਿਲਾ ਗੁਰਪਾਲ ਨੇ ਸਮਲਿੰਗੀ ਵਿਆਹਾਂ ‘ਤੇ ਦੇਸ਼ ਵਿਆਪੀ ਜਨਮਤ ਤੋਂ ਪਹਿਲਾਂ 2017 ਦੀ ਇੰਟਰਵਿਊ ਵਿੱਚ ਵਿਵਾਦਪੂਰਨ ਟਿੱਪਣੀ ਕੀਤੀ ਸੀ। ਲਿਬਰਲ ਪਾਰਟੀ ਨੇ ਗੁਰਪਾਲ ਦੀਆਂ ਤਸਵੀਰਾਂ ਪਾਰਟੀ ਦੀ ਵੈਬਸਾਈਟ ਤੋਂ ਹਟਾ ਦਿੱਤੀਆਂ ਹਨ।

Comments

comments

Share This Post

RedditYahooBloggerMyspace