ਐਮਾਜ਼ੋਨ ਦੇ ਮਾਲਕ ਬੇਜ਼ੋਸ ਚੰਦਰਮਾ ‘ਤੇ ਭੇਜਣਗੇ ਮਿਸ਼ਨ

ਵਾਸ਼ਿੰਗਟਨ : ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਮਾਲਕ ਜੈੱਫ ਬੇਜ਼ੋਸ ਚੰਦਰਮਾ ਮਿਸ਼ਨ ਲਾਂਚ ਕਰਨ ਦੀ ਤਿਆਰੀ ਵਿਚ ਹਨ। ਉਨ੍ਹਾਂ ਦੀ ਏਅਰੋ ਸਪੇਸ ਕੰਪਨੀ ‘ਬਲੂ ਓਰੀਜਨ’ ਇਕ ਹਾਈ-ਟੇਕ ਲੈਂਡਰ ਚੰਦਰਮਾ ‘ਤੇ ਭੇਜਣ ਜਾ ਰਹੀ ਹੈ। ਵਾਸ਼ਿੰਗਟਨ ਕਨਵੈਨਸ਼ਨ ਸੈਂਟਰ ਵਿਚ ਬੇਜ਼ੋਸ ਨੇ ‘ਬਲੂ ਮੂਨ’ ਲੈਂਡਰ ਦਾ ਮਾਡਲ ਵੀ ਸਭ ਦੇ ਸਾਹਮਣੇ ਪੇਸ਼ ਕੀਤਾ ਹੈ। ਇਸ ਲੈਂਡਰ ‘ਤੇ ਰੋਵਰ ਅਤੇ ਹੋਰ ਉਪਕਰਣ ਨਾਲ ਭੇਜੇ ਜਾ ਸਕਣਗੇ।

ਮਿਸ਼ਨ ਦਾ ਐਲਾਨ ਕਰਦੇ ਹੋਏ ਬੇਜ਼ੋਸ ਨੇ ਕਿਹਾ ਕਿ ਇਹ ਪੁਲਾੜ ‘ਚ ਇਨਫ੍ਰਾਸਟਰੱਕਚਰ ਵਿਕਸਿਤ ਕਰਨ ਦੀ ਪਹਿਲੀ ਪੌੜੀ ਹੈ। ਉਨ੍ਹਾਂ ਨੇ ਲੈਂਡਰ ਦੇ ਲਾਂਚ ਹੋਣ ਦੀ ਤਰੀਕ ਤਾਂ ਨਹੀਂ ਦੱਸੀ ਪ੍ਰੰਤੂ ਕਿਹਾ ਕਿ ਬਲੂ ਓਰੀਜਨ 2024 ਤਕ ਚੰਦਰਮਾ ‘ਤੇ ਮਨੁੱਖੀ ਮਿਸ਼ਨ ਭੇਜ ਸਕਦਾ ਹੈ। ਦਰਅਸਲ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਗਲੇ ਪੰਜ ਸਾਲਾਂ ਵਿਚ ਕਿਸੇ ਵੀ ਤਰ੍ਹਾਂ ਚੰਦਰਮਾ ‘ਤੇ ਮਨੁੱਖੀ ਮਿਸ਼ਨ ਭੇਜੇ ਜਾਣ ਦੀ ਗੱਲ ਕਹੀ ਸੀ। ਇਸ ਨੂੰ ਲੈ ਕੇ ਅਮਰੀਕੀ ਪੁਲਾੜ ਏਜੰਸੀ ਨਾਸਾ ਦਬਾਅ ਵਿਚ ਹੈ। ਉਹ 2028 ‘ਚ ਚੰਦਰ ਮਿਸ਼ਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।

ਬੇਜ਼ੋਸ ਨੇ ਕਿਹਾ ਕਿ ਹੁਣ ਚੰਦਰਮਾ ‘ਤੇ ਦੁਬਾਰਾ ਜਾਣ ਦਾ ਸਮਾਂ ਆ ਗਿਆ ਹੈ। ਇਸ ਵਾਰ ਉੱਥੇ ਜ਼ਿਆਦਾ ਸਮੇਂ ਤਕ ਰਹਿਣਾ ਹੈ। ਅਸੀਂ ਟਰੰਪ ਪ੍ਰਸ਼ਾਸਨ ਵੱਲੋਂ ਤੈਅ ਕੀਤੀ ਗਈ ਸਮਾਂ ਸੀਮਾ ‘ਚ ਚੰਦਰਮਾ ਮਿਸ਼ਨ ਭੇਜਣ ਵਿਚ ਮਦਦ ਕਰ ਸਕਦੇ ਹਾਂ। ਦੱਸਣਯੋਗ ਹੈ ਕਿ 1972 ‘ਚ ਨਾਸਾ ਦਾ ਅਪੋਲੋ ਮਿਸ਼ਨ ਖ਼ਤਮ ਹੋਣ ਪਿੱਛੋਂ ਚੰਦਰਮਾ ‘ਤੇ ਕੋਈ ਵੀ ਮਨੁੱਖੀ ਮਿਸ਼ਨ ਨਹੀਂ ਭੇਜਿਆ ਗਿਆ ਹੈ।

ਛੋਟੇ ਸੈਟੇਲਾਈਟ ਲਾਂਚ ਕਰਨ ‘ਚ ਸਮਰੱਥ ਹੋਵੇਗਾ ਬਲੂ ਮੂਨ

ਬਲੂ ਮੂਨ ਲੈਂਡਰ ਦੇ ਨਾਲ ਚਾਰ ਸਵੈਚਾਲਿਤ ਰੋਵਰ ਅਤੇ ਪੁਲਾੜ ਯਾਤਰੀ ਲਈ ਵਿਸ਼ੇਸ਼ ਵਾਹਨ ਦੇ ਨਾਲ ਕਈ ਵਿਗਿਆਨਕ ਉਪਕਰਣ ਇਕੱਠੇ ਚੰਦਰਮਾ ‘ਤੇ ਭੇਜੇ ਜਾ ਸਕਦੇ ਹਨ। ਇਹ ਛੋਟੇ ਸੈਟੇਲਾਈਟ ਲਾਂਚ ਕਰਨ ਦੇ ਵੀ ਸਮਰੱਥ ਹੋਵੇਗਾ। ਬੇਜ਼ੋਸ ਨੇ ਇਸ ਨੂੰ ਇਕ ਅਦਭੁੱਤ ਲੈਂਡਰ ਦੱਸਿਆ ਹੈ ਜੋ 3.6 ਟਨ ਵਜ਼ਨ ਚੰਦਰਮਾ ਦੀ ਸਤਹਿ ‘ਤੇ ਪਹੁੰਚਾ ਸਕਦਾ ਹੈ। ਹੁਣ ਇਸ ਮਿਸ਼ਨ ‘ਤੇ ਆਉਣ ਵਾਲੇ ਖ਼ਰਚ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

2021 ‘ਚ ਨਵੀਂ ਪੀੜ੍ਹੀ ਦਾ ਰਾਕੇਟ ਲਾਂਚ ਕਰਨ ਦੀ ਤਿਆਰੀ

ਬਲੂ ਓਰੀਜਨ ਦੁਬਾਰਾ ਇਸਤੇਮਾਲ ਕੀਤਾ ਜਾ ਸਕਣ ਵਾਲਾ ਹੈਵੀ ਲਿਫਟ ‘ਨਿਊ ਗਲੇਨ ਰਾਕੇਟ’ ਵੀ 2021 ਤਕ ਲਾਂਚ ਕਰੇਗਾ। ਸਪੇਸ ਐਕਸ ਅਤੇ ਬੋਇੰਗ ਵੀ ਇਸ ਤਰ੍ਹਾਂ ਦੇ ਰਾਕੇਟ ਵਿਕਸਿਤ ਕਰ ਰਹੇ ਹਨ। ਸੈਲਾਨੀਆਂ ਨੂੰ ਪੁਲਾੜ ਵਿਚ ਭੇਜਣ ਲਈ ਨਿਊ ਸ਼ੇਪਰਡ ਰਾਕੇਟ ਵੀ ਲਾਂਚ ਹੋਣਗੇ। ਬਲੂ ਓਰੀਜਨ ਨੇ ਪਹਿਲੀ ਵਾਰ ਅਪ੍ਰੈਲ 2018 ‘ਚ ਇਸ ਰਾਕੇਟ ਨੂੰ ਲਾਂਚ ਕੀਤਾ ਸੀ। ਤਦ ਇਹ 106 ਕਿਲੋਮੀਟਰ ਦੀ ਉੱਚਾਈ ਤਕ ਪੁੱਜ ਸਕਿਆ ਸੀ।

Comments

comments

Share This Post

RedditYahooBloggerMyspace