ਅੰਡਰਮੈਟ੍ਰਿਕ ਨਾਲ ਵਿਆਹੀ ਆਈਲੈਟਸ ਪਾਸ ਸਟਾਫ਼ ਨਰਸ ਵੱਲੋਂ ਤੰਗ ਆ ਕੇ ਖ਼ੁਦਕੁਸ਼ੀ

ਸਮਰਾਲਾ:ਕੈਨੇਡਾ ਜਾਣ ਦੀ ਲਾਲਸਾ ਨੇ ਇੱਕ ਲੜਕੀ ਨੂੰ ਮੌਤ ਦੇ ਮੂੰਹ ਵਿਚ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਸਹੁਰਾ ਪਰਿਵਾਰ ਵੱਲੋਂ ਆਪਣੀ ਨਵਵਿਆਹੁਤਾ ਨੂੰਹ ਨੂੰ ਕੈਨੇਡਾ ਭੇਜਣ ਲਈ ਉਸ ਦੇ ਮਾਪਿਆਂ ਕੋਲੋਂ ਹੀ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਤੋਂ ਤੰਗ ਆ ਕੇ ਵਿਆਹੁਤਾ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਪੁਲੀਸ ਚੌਂਕੀ ਬਰਧਾਲਾਂ ਦੇ ਇੰਚਾਰਜ ਬਲਵੰਤ ਸਿੰਘ ਨੇ ਦੱਸਿਆ ਕਿ ਪਿੰਡ ਬਰਮਾ ਦੇ ਗਰੀਬ ਕਿਸਾਨ ਸ਼ਿੰਗਾਰਾ ਸਿੰਘ ਦੀ ਧੀ ਖੁਸ਼ਨੀਤ ਕੌਰ (28) ਦਾ ਵਿਆਹ 29 ਅਪਰੈਲ 2018 ਨੂੰ ਪਿੰਡ ਜਲਣਪੁਰ ਦੇ ਅੰਮ੍ਰਿਤ ਸਿੰਘ ਪੁੱਤਰ ਕੁਲਵੰਤ ਸਿੰਘ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਉਸ ਦੀ ਲੜਕੀ ਨੇ ਸਟਾਫ਼ ਨਰਸਿੰਗ ਦਾ ਕੋਰਸ ਤੇ ਡਿਗਰੀ ਕੀਤੀ ਹੋਈ ਸੀ, ਜਦਕਿ ਉਸ ਦਾ ਪਤੀ ਅੰਡਰ ਮੈਟ੍ਰਿਕ ਸੀ। ਵਿਆਹ ਤੋਂ ਪਹਿਲਾਂ ਲੜਕੇ ਪਰਿਵਾਰ ਨੇ ਇਹ ਸ਼ਰਤ ਰੱਖੀ ਸੀ ਕਿ ਲੜਕੀ ਆਇਲਟਸ ਪਾਸ ਕਰਕੇ ਲੜਕੇ ਨੂੰ ਵਿਦੇਸ਼ ਲੈ ਕੇ ਜਾਵੇਗੀ। ਵਿਆਹ ਤੋਂ ਪਹਿਲਾਂ ਅਤੇ ਸ਼ਗਨ ਤੋਂ ਬਾਅਦ ਸਹੁਰਾ ਪਰਿਵਾਰ ਦੇ ਕਹਿਣ ’ਤੇ ਲੜਕੀ ਵੱਲੋਂ ਕੈਨੇਡਾ ਜਾਣ ਲਈ ਫਾਇਲ ਲਗਾਈ ਗਈ ਸੀ, ਪ੍ਰੰਤੂ ਵਿਆਹ ਹੋਣ ਤੋਂ ਬਾਅਦ ਉਸ ਦਾ ਕੇਸ ਰਿਫਿਊਜ਼ ਹੋ ਗਿਆ। ਇਸ ਤੋਂ ਬਾਅਦ ਲੜਕੀ ਨੇ ਮੁੜ ਤੋਂ ਮਿਹਨਤ ਕਰਕੇ ਆਈਲਟਸ ਦੇ ਪੇਪਰ ਦਿੱਤੇ। ਫਿਰ ਸਹੁਰਾ ਪਰਿਵਾਰ ਆਪਣੀ ਨੂੰਹ ਨੂੰ ਪੇਕੇ ਪਰਿਵਾਰ ਤੋਂ ਪੈਸਿਆਂ ਦੀ ਮਦਦ ਲਿਆਉਣ ਲਈ ਕਹਿਣ ਲੱਗਾ। ਉਸ ਦੀ ਲੜਕੀ ਨੇ ਮੋਬਾਈਲ ਕਰਕੇ ਦੱਸਿਆ ਕਿ ਉਸ ਦੇ ਸਹੁਰਾ ਪਰਿਵਾਰ ਨੇ ਵਿਦੇਸ਼ ਜਾਣ ਲਈ ਪੈਸੇ ਨਾ ਦੇਣ ਕਰਕੇ ਕਾਫੀ ਝਗੜਾ ਕੀਤਾ ਹੈ ਤੇ ਉਹ ਆਪਣੀ ਜ਼ਿੰਦਗੀ ਤੋਂ ਤੰਗ ਆ ਚੁੱਕੀ ਹੈ। ਇਸ ਤੋਂ ਬਾਅਦ ਸ਼ਾਮ ਵੇਲੇ ਉਸ ਦੇ ਸਹੁਰੇ ਕੁਲਵੰਤ ਸਿੰਘ ਦਾ ਫੋਨ ਆਇਆ ਕਿ ਖੁਸ਼ਨੀਤ ਕੌਰ ਦੀ ਮੌਤ ਹੋ ਚੁੱਕੀ ਹੈ। ਪੁਲੀਸ ਨੇ ਕਾਰਵਾਈ ਕਰਦਿਆਂ ਪਤੀ ਅੰਮ੍ਰਿਤ ਸਿੰਘ, ਦਿਓਰ ਪ੍ਰਿਤਪਾਲ ਸਿੰਘ, ਸਹੁਰਾ ਕੁਲਵੰਤ ਸਿੰਘ, ਸੱਸ ਸਰਬਜੀਤ ਕੌਰ ਅਤੇ ਨਣਦ ਜਸਪ੍ਰੀਤ ਕੌਰ ਖਿਲਾਫ਼ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਬਰਧਾਲਾਂ ਚੌਂਕੀ ਇੰਚਾਰਜ ਦੇ ਬਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਵੱਲੋਂ ਲਿਖਿਆ ਗਿਆ ਖੁਦਕੁਸ਼ੀ ਨੋਟ ਪੁਲੀਸ ਵੱਲੋਂ ਬਰਾਮਦ ਕਰ ਲਿਆ ਗਿਆ ਹੈ ਜਿਸ ਨੂੰ ਜਾਂਚ ਲਈ ਲੈਬਾਰਟਰੀ ਭੇਜਿਆ ਜਾਵੇਗਾ।

ਕੈਨੇਡਾ ਭੇਜਣ ਦੇ ਨਾਂ ’ਤੇ 4 ਲੱਖ ਠੱਗੇ
ਲੁਧਿਆਣਾ: ਨੌਜਵਾਨ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 4 ਲੱਖ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਸਤਜੀਤ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰ. 8 ਦੀ ਪੁਲੀਸ ਨੇ ਅਜੈ ਅਰੋੜਾ, ਰਮੇਸ਼ ਵਰਮਾ, ਰੋਬਿਨ ਵਰਮਾ, ਰਮਨ ਕੁਮਾਰ ਤੇ ਰਮੇਸ਼ ਵਰਮਾ ਖਿਲਾਫ਼ ਧੋਖਾਧੜੀ ਤੇ ਇਮੀਗ੍ਰੇਸ਼ਨ ਐਕਟ ਤਹਿਤ ਕੇਸ ਦਰਜ ਕੀਤਾ ਹੈ। ਸਤਜੀਤ ਸਿੰਘ ਨੇ ਪੁਲੀਸ ਸ਼ਿਕਾਇਤ ’ਚ ਦੱਸਿਆ ਕਿ ਮੁਲਜ਼ਮਾਂ ਨਾਲ ਉਸ ਦੀ ਮੁਲਾਕਾਤ ਦੋ ਸਾਲ ਪਹਿਲਾਂ ਹੋਈ ਸੀ। ਮੁਲਜ਼ਮਾਂ ਨੇ ਉਸ ਨੂੰ ਵਿਸ਼ਵਾਸ ’ਚ ਲੈ ਕੇ ਵੱਖ-ਵੱਖ ਸਮੇਂ ’ਚ 4 ਲੱਖ ਰੁਪਏ ਲਏ ਕਿ ਉਸ ਨੂੰ ਕੈਨੇਡਾ ’ਚ ਵਰਕ ਪਰਮਿਟ ’ਤੇ ਭੇਜਣਗੇ ਪਰ ਨਾ ਮੁਲਜ਼ਮਾਂ ਨੇ ਉਸ ਨੂੰ ਕੈਨੇਡਾ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਤੋਂ ਬਾਅਦ ਉਸ ਨੇ ਪੁਲੀਸ ਨੁੰ ਸ਼ਿਕਾਇਤ ਦਿੱਤੀ।-ਟਨਸ

ਈਸੜੂ ਕਤਲ ਕੇਸ: ਲੜਕੀ ਤੇ ਉਸ ਦੀ ਮਾਂ ਗ੍ਰਿਫਤਾਰ਼
ਖੰਨਾ: ਈਸੜੂ ਪਿੰਡ ’ਚ ਅਣਖ ਖਾਤਰ ਹੋਏ ਗੁਰਵਿੰਦਰ ਸਿੰਘ ਗੋਲਡੀ ਦੇ ਕਤਲ ਮਾਮਲੇ ’ਚ ਪੁਲੀਸ ਨੇ ਲੜਕੀ ਸੁਖਦੀਪ ਕੌਰ ਤੇ ਉਸ ਦੀ ਮਾਂ ਜਸਵਿੰਦਰ ਕੌਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਨਾਬਾਲਗ ਹੋਣ ਕਰਕੇ ਲੜਕੀ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ ਜਦਕਿ ਜਸਵਿੰਦਰ ਕੌਰ ਨੂੰ ਸਥਾਨਕ ਅਦਾਲਤ ’ਚ ਪੇਸ਼ ਕਰਕੇ ਦੋ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ। ਇਸ ਨਾਲ ਹੀ ਪਿਤਾ ਸਤਨਾਮ ਸਿੰਘ ਦਾ ਵੀ ਰਿਮਾਂਡ ਹਾਸਲ ਕੀਤਾ ਗਿਆ ਤਾਂ ਜੋ ਹੋਰ ਸੁਰਾਗ ਹਾਸਲ ਕੀਤੇ ਜਾ ਸਕਣ। ਇਸ ਮਾਮਲੇ ’ਚ ਚੌਕੀ ਇੰਚਾਰਜ ਕਰਮਜੀਤ ਸਿੰਘ, ਏਐੱਸਆਈ ਹਰਭਜਨ ਸਿੰਘ, ਹੌਲਦਾਰ ਜਸਵੰਤ ਸਿੰਘ, ਹੋਮਗਾਰਡ ਜਵਾਨ ਅਵਤਾਰ ਸਿੰਘ ਦੇ ਨਾਲ ਨਾਲ ਰਾਜਿੰਦਰ ਸਿੰਘ, ਬਿੱਲੂ, ਘੋਗੀ, ਸ਼ਰਨਜੀਤ ਸਿੰਘ, ਹਨੀ, ਤੋਤਾ ਫਰਾਰ ਹਨ। ਪੁਲੀਸ ਵਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

Comments

comments

Share This Post

RedditYahooBloggerMyspace