ਕੇਜਰੀ ਦੇ 17 ਤਕ ਪੰਜਾਬ ’ਚ ਡੇਰੇ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਲਕ ਤੋਂ 17 ਮਈ ਤੱਕ ਪੰਜਾਬ ’ਚ ਹੀ ਡੇਰੇ ਲਾਉਣਗੇ। ਦਿੱਲੀ ਵਿਚ ਅੱਜ ਵੋਟਾਂ ਦਾ ਅਮਲ ਮੁਕੰਮਲ ਹੁੰਦਿਆਂ ਸਾਰ ਹੀ ਉਹ ਪੰਜਾਬ ਲਈ ਰਵਾਨਾ ਹੋ ਜਾਣਗੇ। ਸ੍ਰੀ ਕੇਜਰੀਵਾਲ ਤੋਂ ਇਲਾਵਾ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਦਰਜਨ ਦੇ ਕਰੀਬ ਸੀਨੀਅਰ ਨੇਤਾ ਵੀ ਸੂਬੇ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ’ਚ ਚੋਣ ਮੁਹਿੰਮ ਨੂੰ ਹੋਰ ਤਿੱਖਾ ਕਰਨਗੇ। ਸ੍ਰੀ ਕੇਜਰੀਵਾਲ 13 ਮਈ ਨੂੰ ਸੰਗਰੂਰ ਹਲਕੇ ਵਿਚ ਪ੍ਰਚਾਰ ’ਚ ਜੁਟ ਜਾਣਗੇ। ਉਹ ਆਪਣਾ ਚੋਣ ਪ੍ਰਚਾਰ ਕੇਵਲ ਚਾਰ ਲੋਕ ਸਭਾ ਹਲਕਿਆਂ ਸੰਗਰੂਰ, ਫਰੀਦਕੋਟ, ਬਠਿੰਡਾ ਅਤੇ ਪਟਿਆਲਾ ਤਕ ਹੀ ਸੀਮਤ ਰਖਣਗੇ।
ਸ੍ਰੀ ਕੇਜਰੀਵਾਲ ਸੂਬਾ ਪ੍ਰਧਾਨ ਭਗਵੰਤ ਮਾਨ ਦੇ ਹਲਕੇ ਸੰਗਰੂਰ ਵਿਚ ਦੋ ਦਿਨ ਲਾਉਣਗੇ ਜਦਕਿ ਬਾਕੀ ਤਿੰਨ ਹਲਕਿਆਂ ਵਿਚ ਇਕ-ਇਕ ਦਿਨ ਹੀ ਪ੍ਰਚਾਰ ਕਰਨਗੇ। ਚਾਰੇ ਹਲਕਿਆਂ ਵਿਚ ਉਹ ਰੋਡ ਸ਼ੋਅ ਅਤੇ ਚੋਣ ਜਲਸਿਆਂ ਨੂੰ ਹੀ ਸੰਬੋਧਨ ਕਰਨਗੇ। ਇਸ ਕਾਰਨ ਬਾਕੀ 9 ਹਲਕਿਆਂ ਦੇ ਉਮੀਦਵਾਰਾਂ ਨੂੰ ਕੋਈ ਵੀ ਸਟਾਰ ਪ੍ਰਚਾਰਕ ਨਸੀਬ ਨਹੀਂ ਹੋਵੇਗਾ। 2017 ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਭਗਵੰਤ ਮਾਨ ਨੇ ਸਾਰੇ 117 ਹਲਕਿਆਂ ਵਿਚ ਪ੍ਰਚਾਰ ਕੀਤਾ ਸੀ ਪਰ ਇਸ ਵਾਰ ਉਨ੍ਹਾਂ ਦੀ ਆਪਣੀ ਸੰਗਰੂਰ ਵਿਚ ਕਾਂਟੇ ਦੀ ਟੱਕਰ ਹੋਣ ਕਾਰਨ ਉਹ ਹੋਰ ਹਲਕਿਆਂ ਵਿਚ ਪ੍ਰਚਾਰ ਕਰਨ ਲਈ ਬਹੁਤਾ ਖੁੱਲ੍ਹਾ ਸਮਾਂ ਨਹੀਂ ਦੇ ਰਹੇ। ਸ੍ਰੀ ਕੇਜਰੀਵਾਲ ਦਿੱਲੀ ਤੋਂ ਆਉਂਦਿਆਂ ਹੀ ਸੰਗਰੂਰ ਦੇ ਕਸਬਾ ਖਨੌਰੀ ਤੋਂ ਪੰਜਾਬ ’ਚ ਪ੍ਰਵੇਸ਼ ਕਰਨਗੇ ਅਤੇ ਖਨੌਰੀ-ਲਹਿਰਾਗਾਗਾ-ਸੁਨਾਮ ਅਤੇ ਚੀਮਾ-ਲੌਂਗੋਵਾਲ-ਧਨੌਲਾ ਅਤੇ ਢਿੱਲਵਾਂ-ਬਰਨਾਲਾ ਤੱਕ ਰੋਡ ਸ਼ੋਅ ਅਤੇ ਚੋਣ ਜਲਸਿਆਂ ਨੂੰ ਸੰਬੋਧਨ ਕਰਨਗੇ। ਉਹ ਅਗਲੇ ਦਿਨ 14 ਮਈ ਨੂੰ ਬਰਨਾਲਾ-ਸੰਘੇੜਾ-ਸ਼ੇਰਪੁਰ-ਧੂਰੀ-ਸੰਗਰੂਰ ਤੱਕ ਰੋਡ ਸ਼ੋਅ ਕੱਢਣਗੇ ਅਤੇ ਭਵਾਨੀਗੜ੍ਹ, ਦਿੜ੍ਹਬਾ ਅਤੇ ਸੁਨਾਮ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਉਹ 15 ਮਈ ਨੂੰ ਬਠਿੰਡਾ ਲੋਕ ਸਭਾ ਹਲਕੇ ਦੀ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ ਦੇ ਹੱਕ ਵਿਚ ਪਿੰਡ ਢੈਪਈ ਤੋਂ ਲੈ ਕੇ ਭੀਖੀ-ਬੋੜਾਵਾਲ, ਗੁਰਨੇ ਕਲਾਂ-ਬੁਢਲਾਡਾ-ਫਫੜੇ ਭਾਈਕੇ-ਮਾਨਸਾ ਅਤੇ ਫਿਰ ਮੌੜ-ਕਮਾਲੂ-ਢਿੰਗਰਾ-ਸ਼ੇਖਪੁਰਾ-ਤਲਵੰਡੀ-ਲਾਲੇਆਣਾ-ਮਾਹੀ ਨੰਗਲ-ਭਾਂਗੀ ਬਾਂਦਰ-ਜੱਸੀ ਪਹੁਵਾਲੀ-ਬਠਿੰਡਾ ਤੱਕ ਰੋਡ ਸ਼ੋਅ ਅਤੇ ਜਨ ਸਭਾ ਕਰਨਗੇ। ਉਹ 16 ਮਈ ਨੂੰ ਫਰੀਦਕੋਟ ਲੋਕ ਸਭਾ ਹਲਕੇ ਦੇ ਉਮੀਦਵਾਰ ਪ੍ਰੋਫੈਸਰ ਸਾਧੂ ਸਿੰਘ ਦੇ ਹੱਕ ਵਿਚ ਜੈਤੋ-ਕੋਟਕਪੂਰਾ-ਫਰੀਦਕੋਟ-ਮੁੱਦਕੀ-ਬਾਘਾ ਪੁਰਾਣਾ ਅਤੇ ਫਿਰ ਨਿਹਾਲ ਸਿੰਘ ਵਾਲਾ-ਫੂਲੋਵਾਲੀ ਪੁਲ-ਚੜਿੱਕ-ਬੁੱਧ ਸਿੰਘ ਵਾਲਾ ਤੋਂ ਮੋਗਾ ਤੱਕ ਰੋਡ ਸ਼ੋਅ ਅਤੇ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਸ੍ਰੀ ਕੇਜਰੀਵਾਲ 17 ਮਈ ਨੂੰ ਪਟਿਆਲਾ ਲੋਕ ਸਭਾ ਹਲਕੇ ਦੀ ਉਮੀਦਵਾਰ ਨੀਨਾ ਮਿੱਤਲ ਦੇ ਹੱਕ ਵਿਚ ਨਾਭਾ-ਪਟਿਆਲਾ-ਰਾਜਪੁਰਾ ਤੋਂ ਜ਼ੀਰਕਪੁਰ ਤੱਕ ਰੋਡ ਸ਼ੋਅ ਕਰਨਗੇ। ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਤੇ ਵਿਧਾਇਕ ਅਮਨ ਅਰੋੜਾ ਨੇ ਦੱਸਿਆ ਕਿ ਕੇਜਰੀਵਾਲ ਤੋਂ ਇਲਾਵਾ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸਤਿੰਦਰ ਜੈਨ, ਮੰਤਰੀ ਗੋਪਾਲ ਰਾਏ, ਰਜਿੰਦਰਪਾਲ ਗੁਪਤਾ, ਡਿਪਟੀ ਸਪੀਕਰ ਰਾਖੀ ਬਿੜਲਾ, ਦਿੱਲੀ ਤੋਂ ਲੋਕ ਸਭਾ ਚੋਣ ਲੜਨ ਵਾਲੇ ਰਾਘਵ ਚੱਢਾ ਤੇ ਆਤਿਸ਼ੀ, ਅਮਾਨਤਉੱਲਾ, ਵਿਧਾਇਕ ਨਰੇਸ਼ ਯਾਦਵ ਅਤੇ ਅਵਤਾਰ ਸਿੰਘ ਕਾਲਕਾ ਸਮੇਤ ਕਈ ਹੋਰ ਸੀਨੀਅਰ ਆਗੂ ਵੀ ਚੋਣ ਪ੍ਰਚਾਰ ਕਰਨ ਲਈ ਆ ਰਹੇ ਹਨ।

Comments

comments

Share This Post

RedditYahooBloggerMyspace