ਗੁਰੂ ਕਾਲ ਵੇਲੇ ਦੀ ਮਰਿਯਾਦਾ

guru granth sahib

ਸਿੱਖ ਗੁਰੂ ਸਾਹਿਬਾਨ ਕੇਵਲ ਇੱਕ ਅਕਾਲ ਪੁਰਖ ਦੇ ਪੁਜਾਰੀ ਸਨ,ਬਰਾਬਰੀ ਤੇ ਭੈ ਰਹਿਤ ਸਮਾਜ ਦੀ ਸਿਰਜਣਾ ਦੇ ਮਨੋਰਥ ਨਾਲ, ਉਨ੍ਹਾਂ ਕਰਮ ਕਾਡਾਂ ਨੂੰ ਤੰਤਮੰਤ ਪਾਖੰਡ ਨਾ ਜਾਣਾ (ਸੂਹੀ ਮਹੱਲਾ ੧) ਪ੍ਰਭੂ ਭਗਤੀ ਜਾਂ ਪ੍ਰਾਪਤੀ, ਦਾ ਸਹੀ ਰਾਸਤਾ ਨਾ ਹੋਣ ਕਾਰਨ ਖੰਡਨ ਕੀਤਾ।ਗੁਰੂ ਹੁਕਮ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਅਤੇ ਦੀਦਾਰ, ਖਾਲਸੇ ਕਾ, ਨਾਲ ਗੁਰੂ ਸੋਚ ਥੋੜੇ ਸ਼ਬਦਾਂ ਵਿੱਚ ਹੀ ਸਪੱਸ਼ਟ ਹੋ ਜਾਂਦੀ ਹੈ।ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਕਰਮ ਕਾਡਾਂ ਦਾ ਖੰਡਨ ਕਰਦੀ ਹੈ।ਅੱਜ ਸਿੱਖ ਪੰਥ ਵਿੱਚ ਵੀ ਅਨੇਕਾਂ ਕੁਰੀਤੀਆਂ ਅਤੇ ਕਰਮ ਕਾਡਾਂ ਦਾ ਪ੍ਰਭਾਵ ਵੱਧ ਰਿਹਾ ਹੈ।ਗੁਰੁ ਕਾਲ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਤੇ ਭਾਈ ਨੰਦ ਲਾਲ ਜੀ, ਜਿਨ੍ਹਾਂ ਜੀਵਨ ਦਾ ਬਹੁਤਾ ਸਮਾਂ, ਗੁਰੂ ਚਰਨਾਂ ਵਿੱਚ ਗੁਜਾਰਿਆ ਹੈ, ਨੇ ਆਪਣੀਆਂ ਲਿਖਤਾਂ ਵਿੱਚ ਗੁਰੂ ਆਸ਼ੇ ਅਨੁਸਾਰ ਸਿੱਖ ਜੀਵਨ ਜਾਂਚ ਨੂੰ ਸਪੱਸ਼ਟ ਕਰਨ ਦਾ ਉਦਮ ਕੀਤਾ ਹੈ।ਜੋ ਵਾਰਾਂ, ਕਬਿੱਤ, ਸਵਐ ਅਤੇ ਰਹਿਤਨਾਮਿਆਂ ਦੇ ਰੂਪ ਵਿੱਚ ਸਿੱਖ ਸੰਗਤ ਨੂੰ ਸੇਧ ਤੇ ਗਿਆਨ ਦੇਣ ਲਈ ਅੱਜ ਵੀ ਮੌਜੂਦ ਹੈ।ਇੰਨਾ ਦੀ ਪ੍ਰੋੜਤਾ ਹੋਰ ਸਿੱਖ ਵਿਦਵਾਨ ਭਾਈ ਪ੍ਰਹਿਲਾਦ ਸਿੰਘ, ਭਾਈ ਦੇਸਾ ਸਿੰਘ, ਭਾਈ ਚੌਪਾ ਸਿੰਘ, ਭਾਈ ਦਯਾ ਸਿੰਘ ਆਦਿ ਨੇ ਵੀ ਆਪਣੀਆਂ ਲਿਖਤਾਂ ਵਿੱਚ ਕੀਤੀ ਹੈ।
ਸਭ ਤੋਂ ਪਹਿਲਾਂ ਸਿੱਖ ਲਈ ਅੰਮ੍ਰਿਤ ਵੇਲੇ ਉੱਠ ਕੇ, ਧਿਆਨ ਤੇ ਵਾਹਿਗੁਰੂ ਮੰਤ੍ਰ ਦੇ ਜਾਪ ਦਾ ਆਦੇਸ਼ ਹੈ।ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਪ੍ਰਥਾਏ ਹੁਕਮ ਦਰਜ ਹੈ’ “ਗੁਰ ਸਤਿਗੁਰ ਕਾ ਜੋ ਸਿਖ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ£ ਉਦਮੁ ਕਰੇ ਭਲਕੇ ਪਰਭਾਤੀ ਇਸ਼ਨਾਨੁ ਕਰੇ ਅੰਮ੍ਰਿਤਸੁਰ ਨਾਵੈ।ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲ ਵਿਖ ਪਾਪ ਦੋਖ ਲਹਿ ਜਾਵੈ।ਫਿਰ ਚੜੈ ਦਿਵਸ ਗੁਰਬਾਣੀ ਗਾਵੈ, ਬਹਿਦਿਆ ਉੱਠਦਿਆ।ਹਰਿ ਨਾਮੁ ਧਿਆਵੈ£ ਜੋ ਸਾਸਿ ਗਿਰਾਸ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖ ਗੁਰੂ ਮਨ ਭਾਵੇ (ਅੰਗ ੩੦੫) ਭਾਈ ਗੁਰਦਾਸ ਜੀ ਇਸ ਨੂੰ ਸਪੱਸ਼ਟ ਕਰਦੇ ਲਿਖਿਆ ਹੈ, “ਅੰਮ੍ਰਿਤ ਵੇਲੇ ਉੱਠ ਕੈ ਜਾਇ ਅੰਦਿਰ  ਦਰੀਆਇ ਨਵੰਦੇ।ਸਹਿਜ ਸਮਾਧਿ ਅਗਾਧਿ ਵਿਚਿ ਇਕ ਮਨਿ ਹੋਇ ਗੁਰ ਜਾਪੁ ਜਪੰਦੇ।ਮਥੇ ਟਿਕੇ ਲਾਲ ਲਾਇ ਸਾਧ ਸੰਗਤਿ ਚਲਿ ਜਾਇ ਬਹੰਦੇ।ਸ਼ਬਦ ਸੁਰਤਿ ਲਿਵ-ਲੀਣੁ ਹੋਇ ਸਤਿਗੁਰ ਬਾਣੀ ਗਾਵਿ ਸੁਣੰਦੇ (ਵਾਰ-੬ ਪਉੜੀ ੩) ।

ਗੁਰੂ ਸਾਹਿਬਾਨ ਵਲੋਂ ਇਸਤਰਾ ਗੁਰਸਿੱਖ ਦੀ ਨਿਤਕਰਨੀ ਅੰਮ੍ਰਿਤ ਵੇਲੇ ਵਾਹਿਗੁਰੂ ਮੰਤਰ ਦਾ ਜਾਪ ਤੇ ਧਿਆਨ, ਫੇਰ ਜਪੁ ਤੇ ਜਾਪੁ ਦੇ ਪਾਠ ਉਪਰੰਤ ਸੰਗਤਿ ਵਿੱਚ ਹਾਜਰੀ ਭਰਨੀ ਸੰਧਯਾ ਸਮੇਂ ਰਹਿਰਾਸ ਤੇ ਰਾਤ ਵੇਲੇ ਕੀਰਤਨ ਸੋਹਿਲਾ ਦਾ ਪਾਠ ਕਰਨ ਦੀ ਮਰਿਯਾਦਾ ਨਿਯਤ ਕੀਤੀ ਹੈ।ਗੁਰੂ ਸਾਹਿਬ ਸਿੱਖ ਲਈ ਨਿਰਗੁਣ, ਸਰਗੁਣ ਅਤੇ ਗੁਰ ਸ਼ਬਦ ਰੂਪ ਵਿੱਚ ਬਿਰਾਜਮਾਨ ਹਨ।ਗੁਰੂ ਜੀ ਦੀ ਮਿਹਰ ਤੇ ਖੁਸ਼ੀ ਪ੍ਰਾਪਤ ਕਰਨ ਲਈ ਭਾਈ ਨੰਦ ਲਾਲ ਜੀ ਬਿਆਨ ਕਰਦੇ ਹਨ, ਸਿੱਖ, ਗੁਰੂ ਤੇ ਗੁਰ ਸ਼ਬਦ ਨਾਲ ਪ੍ਰੇਮ, ਵਿਸ਼ਵਾਸ਼ ਸਰਧਾ ਰਖੇ, ਗਿਆਨ ਤੇ ਸੇਧ ਕੇਵਲ ਗੁਰਬਾਣੀ ਤੋਂ ਹੀ ਪ੍ਰਾਪਤ ਕਰੇ।ਸ਼ਬਦ ਸੁਨੇ ਗੁਰ ਹਿਤ ਚਿਤ ਲਾਇ। ਗਯਾਨ ਸ਼ਬਦ ਗੁਰ ਸੁਨੇ ਸੁਨਾਇਣ ਵਿਸਵਾਸ਼ ਪ੍ਰੀਤ ਗੁਰ ਸ਼ਬਦ ਜੁ ਧਰੇ ।ਗੁਰੂ ਕਾ ਦਰਸ਼ਨ ਨਿਤ ਉਠ ਕਰੇ।(ਭਾਈ ਨੰਦ ਲਾਲ)
ਸਿੱਖ ਲਈ ਸ਼ਬਦ ਪ੍ਰੇਮ ਦੇ ਨਾਲ ਗੁਰਸਿੱਖਾਂ ਦੀ ਸੇਵਾ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਅਗਲਾ ਕਦਮ ਹੈ।ਜੋ ਗੁਰੂ ਸਬਦ ਨਾਲ ਪਿਆਰ ਅਤੇ ਗੁਰਸਿੱਖਾਂ ਦੀ ਸੇਵਾ ਨੂੰ ਜੀਵਨ ਦਾ ਆਦਰਸ਼ ਬਣਾਉਦਾ ਹੈ।ਉਹ ਜੀਵਨ ਮੁਕਤ ਹੋ ਕੇ ਬੈਕੁੰਠ ਦੀ ਪ੍ਰਾਪਤੀ ਕਰਦਾ ਹੈ।ਗੁਰਸਿਖ ਸੇਵ ਕਰੇ ਚਿਤ ਲਾਇ।ਆਪਾ ਮਨ ਕਾ ਸਗਲ ਮਿਟਾਇ। ਐਸੇ ਗੁਰ ਸਿੱਖ ਸੇਵ ਕੀ ਮਮਹਿੰ ਪਹੁੰਚੇ ਆਇ। ਸੁਨਹ ਨੰਦ ਚਿੱਤ ਦੇਇ ਕੈ ਮੁਕਤ ਬੈਕੰਠੈ ਜਾਇ(ਭਾਈ ਨੰਦ ਲਾਲ)
ਭਾਈ ਨੰਦ ਲਾਲ ਜੀ ਨੇ ਦਸਮ ਪਾਤਿਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਮਰਿਯਾਦਾ ਸਬੰਧੀ ਗੱਲਬਾਤ ਨੂੰ ਵੀ ਵਿਸਥਾਰ ਨਾਲ ਦਰਜ ਕੀਤਾ ਹੈ।ਭਾਈ ਨੰਦ ਲਾਲ ਜੀ ਦੇ ਪ੍ਰਸ਼ਨ ਸਨ, ਸਿੱਖ ਦੇ ਕਰਨ ਜੋਗ ਕੀ ਕੰਮ ਹਨ ਤੇ ਕਿਹੜੇ ਕੰਮ ਸਿੱਖ ਨੂੰ ਨਹੀਂ ਕਰਨੇ ਚਾਹੀਦੇ? ਗੁਰੂ ਜੀ ਦਾ ਹੁਕਮ ਹੋਇਆ :-ਨੰਦ ਲਾਲ ਤੁਮ ਬਚਨ ਸੁਨੋ ਸਿੱਖ ਕਰਮ ਹੈ ਏਹੁ।ਨਾਮ ਦਾਨ ਇਸ਼ਨਾਨ ਬਿਨ ਕਰੈ ਨ ਅਨੰ ਸਿਉਂ ਨੇਹੁ।ਭਾਵ ਸਵੇਰੇ ਵੇਲੇ ਪ੍ਰਸ਼ਾਦ ਛੱਕਣ ਤੋਂ ਪਹਿਲਾਂ ਨਾਮ ਜਪਣਾ ਤੇ ਇਸ਼ਨਾਨ ਜਰੂਰੀ ਹੈ।ਸਵੇਰ ਵੇਲੇ ਸਤਿਸੰਗ ਵਿੱਚ ਜਾਣਾ ਚਾਹੀਦਾ ਹੈ, ਸਤਿਸੰਗ ਵਿੱਚ ਜਾ ਕੇ ਚਿੱਤ ਨਾ ਡੋਲਣ ਦੇਵੇ।ਹਰਿ ਜਸੁ ਸੁਣਦੇ ਸਮੇਂ ਕਿਸੇ ਨਾਲ ਗੱਲ ਨਾ ਕਰੇ ਸਤਿਸੰਗ ਵਿੱਚ ਗਰੀਬ ਦੇ ਪਾਸ ਬੈਠਣ ਤੋਂ ਗੁਰੇਜ ਨਹੀ ਕਰਨਾ ਅਤੇ ਸ਼ਬਦ ਗਿਆਨ ਤੋਂ ਬਿਨਾ ਹੋਰ ਕੋਈ ਗੱਲ ਨਹੀ ਕਰਨੀ।ਗੁਰੂ ਦੇ ਬਚਨ ਸ਼ਬਦ ਤੋਂ ਬਿਨਾਂ ਹੋਰ ਕੋਈ ਗੀਤ ਨਾ ਗਾਏ।ਕੇਵਲ ਗੁਰੂ ਜੀ ਪਾਸੋਂ ਹੀ ਮੰਗਣਾ ਹੈ ਹੋਰ ਕਿਸੇ ਵਿਅਕਤੀ ਤੋਂ ਨਹੀ।ਸ਼ਬਦ ਭੋਗ ਤੇ ਗੁਰੂ ਚਰਨਾਂ ਵਿੱਚ ਸ਼ੀਸ਼ ਨਿਵਾਵੈ।ਭੋਗ ਉਪਰੰਤ ਪ੍ਰਸ਼ਾਦ ਵਰਤਾਉਣ ਵੇਲੇ ਕਿਸੇ ਨਾਲ ਲਿਹਾਜ ਕਰਕੇ ਕਿਸੇ ਨੂੰ ਬਹੁਤਾ ਜਾਂ ਥੋੜਾ ਨਹੀਂ ਦੇਣਾ।
ਕੜਾਹ ਪ੍ਰਸ਼ਾਦਿ ਬਣਾਉਣ ਦੀ ਵਿਧੀ ਇਸਤਰਾ ਦਰਜ ਹੈ ਤਿੰਨ ਚੀਜਾਂ ਭਾਵ ਆਟਾ, ਮਿੱਠਾ ਤੇ ਘਿਓ ਸਮ ਬਰਾਬਰ ਲੈ ਕੇ, ਨਿਰਮਲ ਪਵਿੱਤਰ ਜਲ ਦੀ ਵਰਤੋਂ ਕਰੇ, ਭਾਂਡੇ ਸਾਫ ਕਰਕੇ, ਆਪ ਵੀ ਇਸ਼ਨਾਨ ਕਰਕੇ ਪਵਿੱਤਰ ਹੋਏ, ਰਸੋਈ ਨੂੰ ਸਾਫ ਕਰੇ ਅਤੇ ਪ੍ਰਸਾਦਿ ਬਣਾਉਣ ਸਮੇਂ ਰਸੋਈ ਵਿੱਚ ਬੈਠ ਕੇ ਵੀ ਗੁਰ ਮੰਤਰ ਤੇ ਗੁਰ ਸ਼ਬਦ ਦਾ ਕੀਰਤਣ, ਜਾਪ ਹੋਵੇ।ਪ੍ਰਸ਼ਾਦਿ ਗੁਰੂ ਦੀ ਰਹਿਤ ਅਨੁਸਾਰ ਬਰਾਬਰ ਵੰਡੇ।
ਸਰੀਰਕ ਪੱਵਿਤਰਤਾ ਲਈ ਇਸ਼ਨਾਨ ਠੰਡੇ ਪਾਣੀ ਨਾਲ ਕਰੇ, ਕੇਸ ਸਾਫ ਰੱਖਣੇ ਤੇ ਦਾਤਣ ਵੀ ਨਿੱਤ ਕਰਨੀ, “ਦਰਜ ਹੈ ਕੰਘਾ ਦੋਨੋ ਵਕਤ ਕਰ ਪਾਗ ਚੁਨੈ ਕਰ ਬਾਂਧਈ, ਦਾਤਨ ਨਿੱਤ ਕਰੇ ਨਾ ਦੁੱਖ ਪਾਵੈ ਲਾਲ ਜੀ“(ਰਹਿਤਨਾਮਾ ਭਾਈ ਨੰਦ ਲਾਲ ਜੀ)
ਸਿੱਖ ਲਈ ਇਸਤਰੀ ਦੀ ਇੱਜਤ ਕਰਨੀ ਜਰੂਰੀ ਹੈ ਗੁਰੂ ਹੁਕਮ ਹੈ “ਸੋ ਕਿਉਂ ਮੰਦਾ ਆਖੀਐ ਜਿਤੁ ਜੰਮਿਹ ਰਾਜਾ” (ਅੰਗ ੪੭੩) ਸੰਗਤ ਵਿੱਚ ਆਈ ਮਾਈ, ਭੈਣ ਨੂੰ ਬੁਰੀ ਦ੍ਰਿਸ਼ਟੀ ਨਾਲ ਨਹੀਂ ਵੇਖਣਾ, ਧੀ ਭੈਣ ਦਾ ਮੁੱਲ ਨਹੀਂ ਵਟਣਾ, ਵਿਚਾਰ ਕੇ ਧੀ ਭੈਣ ਦਾ ਰਿਸ਼ਤਾ ਕਰਨਾ।ਆਪਣੀ ਅੋਰਤ ਤੋਂ ਬਿਨ੍ਹਾਂ ਸੇਜ ਦੀ ਸਾਂਝੇ ਨਹੀਂ ਕਰਨੀ, ਵੇਸਵਾ ਗਮਨ ਨਹੀਂ ਕਰਨਾ।ਅੋਰਤਾਂ ਦੇ ਰਾਗ ਨਹੀਂ ਸੁਣਨੇ, ਪਰਾਈ ਅੋਰਤ ਜਾਂ ਵੇਸਵਾ ਕੋਲ ਨਹੀਂ ਜਾਣਾ।
ਸਿੱਖ ਨੂੰ ਗੁੱਸਾ ਕ੍ਰੋਧ ਨਹੀਂ ਕਰਨਾ ਚਾਹੀਦਾ।ਨੰਗੇ ਤ੍ਰੇੜ ਨਾ ਰਾਤ੍ਰੀ ਨੂੰ ਸੋਂਣਾ ਹੈ, ਨਾ ਇਸ਼ਨਾਨ ਕਰਨਾ ਹੈ, ਨੰਗੇ ਬਾਹਰ ਨਹੀਂ ਘੁੰਮਣਾ, ਨੰਗੇ ਸਿਰ ਖਾਣਾ ਵੀ ਨਹੀਂ ਅਤੇ ਨਾ ਹੀ ਪ੍ਰਸ਼ਾਦਿ ਨੰਗੇ ਸਿਰ ਵੰਡਣਾ ਹੈ।
ਗੁਰੂ ਸਿੱਖ ਨੇ ਆਜ਼ਾਦ ਹਸਤੀ ਕਾਇਮ ਰੱਖਣੀ ਹੈ, ਤੁਰਕ ਦਾ ਹੁਕਮ ਨਹੀਂ ਮੰਨਣਾ, ਹਲਾਲ ਨਹੀਂ ਖਾਣਾ ਸ਼ਾਸਤਰ ਦਾ ਸਤਿਕਾਰ ਅਤੇ ਉਸਨੂੰ ਧਾਰਨ ਕਰਨਾ ਹੈ।ਹਿੰਦੂ ਮੁਸਲਮਾਨ ਦੋਵਾਂ ਤੋਂ ਨਿਆਰਾ ਰਹੇ। ਦਸਵੰਧ ਗੁਰੂ ਦੇ ਨਾਮ ਤੇ ਦੇਣਾ ਹੈ।
ਵਿਲੱਖਣ ਪਵਿੱਤਰ ਜੀਵਨ ਜਾਚ ਮੀਣੇ ਮਸੰਦੀਐ ਅਤੇ ਕੁੜੀ ਮਾਰ ਨਾਲ ਮਿਲ ਵਰਤਣ ਨਹੀਂ ਰੱਖਣਾ।ਮੜੀ ਗੋਰ ਦਵੇਲ ਨਹੀਂ ਮੰਨਣਾ।ਝੂਠ ਨਹੀਂ ਬੋਲਣਾ, ਚੁਗਲੀ ਕਰਕੇ ਕਿਸੇ ਦਾ ਕਾਰਜ ਨਹੀਂ ਬਿਗਾੜਨਾ।ਕੀਤੇ ਬਚਨ ਦੀ ਪਾਲਣਾ ਕਰਨੀ।ਨਿੰਦਾ ਨਹੀਂ ਕਰਨੀ, ਜੂਆ ਨਹੀਂ ਖੇਡਣਾ, ਚੋਰੀ ਨਹੀਂ ਕਰਨੀ, ਧੋਖੇ ਵਾਲਾ ਵਪਾਰ ਨਹੀਂ ਕਰਨਾ।ਸੂਹਾ ਵਸਤਰ ਨਹੀਂ ਪਹਿਨਣਾ ਅਤੇ ਨਸਵਾਰ ਨਹੀਂ ਲੈਣੀ, ਨੇਕ ਕਮਾਈ ਵਿੱਚੋਂ ਗੁਰੂ ਹਿੱਤ ਦਸਬੰਧ ਦੇਣੇ ਗਰੀਬ ਜਾਂ ਪ੍ਰਦੇਸ਼ੀ ਦਾ ਮਾਲ ਨਹੀਂ ਖੋਹਣਾ, ਦਾਨ ਦਿੱਤੀ ਹੋਈ ਵਸਤੂ ਵਾਪਸ ਨਹੀਂ ਲੈਣੀ।ਗਰੀਬ ਨੂੰ ਦਾਨ ਦੇ ਕੇ ਮਦਦ ਕਰਨੀ।
ਧਰਮ ਨਹੀਂ ਵਿਸਾਰਨਾ, ਪ੍ਰਸ਼ਾਦ ਗੁਰੂ ਭੇਂਟ ਕਰਕੇ ਹੀ ਛਕਣਾ ਚਾਹੀਦਾ ਹੈ।ਕਾਰਜ ਆਰੰਭ ਜਾਂ ਘਰੋਂ ਜਾਣ ਤੋਂ ਪਹਿਲਾਂ ਅਰਦਾਸ ਕਰਨੀ।ਗੁਰੂ ਦੀ ਨਿੰਦਾ ਨਹੀਂ ਸੁਨਣੀ, ਗੁਰੂ ਨਿੰਦਕ ਨੂੰ ਕਿਰਪਾਨ ਦੀ ਮਰਿਯਾਦਾ ਵਿੱਚ ਲੈ ਆਉਣਾ।ਆਪਣੇ ਗੁਰੂ ਨੂੰ ਛੱਡ ਕੇ ਕਿਸੇ ਹੋਰ ਪਾਸੋਂ ਨਹੀਂ ਮੰਗਣਾ ਨਾ ਜੰਤ੍ਰ ਮੇ ਨ ਤੰਤ੍ਰ ਮੇ ਨ ਮੰਤ੍ਰ ਵਸਿ ਆਵਇ (ਅਕਾਲ ਉਸਤਤਿ)। “ਦੀਖਿਆ ਆਖ ਬੁਝਾਇਆ ਸਿਫਤੀ ਸਚਿ ਸਮੇਉ।ਤਿਨ ਕਓੁ ਕਿਆ ਉਪਦੇਸੀਐ ਜਿਨ ਗੁਰੂ ਨਾਨਕ ਦੇÀ” (ਅੰਗ ੧੫੦) ਦੀ ਪਾਲਣਾ ਕਰਨੀ ਹੈ।
ਭਾਈ ਨੰਦ ਲਾਲ ਕੋਲ ਪ੍ਰਗਟ ਕੀਤੀ ਮਰਿਯਾਦਾ ਨੂੰ ਜੇਕਰ ਵਿਚਾਰੀਏ ਤਾਂ ਗੁਰਬਾਣੀ, ਗੁਰ ਮੰਤ੍ਰ ਦਾ ਜਾਪ , ਸਤਿਸੰਗ, ਪਵਿੱਤਰ, ਦਾਨੀ ਤੇ ਬਹਾਦੁਰੀ ਵਾਲੇ ਜੀਵਨ ਤੋਂ ਇਲਾਵਾ ਗੁਰਸਿੱਖ ਦਾ ਹੋਰ ਕੋਈ ਕਰਮ ਕਾਂਡ ਗੁਰੂ ਕਾਲ ਵਿੱਚ ਪ੍ਰਵਾਨ ਨਹੀਂ ਸੀ, ਅਤੇ ਨਾ ਹੀ ਅੱਜ ਸਿੱਖ ਦੇ ਜੀਵਨ ਵਿੱਚ ਹੋਣਾ ਚਾਹੀਦਾ ਹੈ।ਭਾਈ ਪ੍ਰਹਿਲਾਦ ਸਿੰਘ, ਭਾਈ ਦੇਸਾ ਸਿੰਘ, ਭਾਈ ਚੱਪਾ ਸਿੰਘ ਅਤੇ ਭਾਈ ਦਿਯਾ ਸਿੰਘ ਜੀ ਦੇ ਰਹਿਤਨਾਮੇ ਵੀ ਇਸੇ ਗੱਲ ਦੀ ਹੀ ਗਵਾਹੀ ਭਰਦੇ ਹੋਏ ਕੁੱਝ ਹੋਰ ਗੁਰੂ ਹੁਕਮ ਵੀ ਦਰਜ ਕਰਦੇ ਹਨ।ਭਾਈ ਪ੍ਰਹਿਲਾਦ ਸਿੰਘ ਲਿਖਦੇ ਹਨ।ਸਿੱਖ ਨੂੰ ਸਿਰ ਤੇ ਟੋਪੀ ਨਹੀਂ ਧਾਰਨ ਕਰਨੀ ਚਾਹੀਦੀ।ਭਾਈ ਦੇਸਾ ਸਿੰਘ ਜੀ ਦਰਜ ਕਰਦੇ ਹਨ ਹੁਕਾ, ਚਰਸ, ਤਮਾਕੂ ਕੁਠਾ, ਗਾਂਜਾ, ਟੋਪੀ ਤਾੜੀ, ਖਾਕੂ ਦੇ ਨਸ਼ਿਆ ਦਾ ਸੇਵਨ ਨਹੀ ਕਰਨਾ, ਜੂਆ, ਮਦਿਰਾ, ਚੋਰੀ ਤੇ ਪਰਾਈ ਇਸਤਰੀ ਤੋਂ ਦੂਰ ਰਹਿਣਾ।ਜੇਕਰ ਸਿੱਖ ਬਾਦਸ਼ਾਹ ਹੋਵੇ ਤਾਂ ਗਰੀਬ ਸਿੰਘਾਂ ਦੀ ਪਾਲਣਾ ਕਰੇ, ਉਨ੍ਹਾਂ ਨੂੰ ਹੀ ਨੋਕਰ ਰੱਖੇ ਅਤੇ ਪਰਦੇਸੀ ਸਿੰਘਾਂ ਦੀ ਸੇਵਾ ਵੀ ਕਰੇ।ਨਾ ਵੱਢੀ ਲੈ ਕੇ ਇੰਨਸਾਫ ਕਰੇ ਅਤੇ ਝੂਠੀ ਗਵਾਹੀ ਨਾ ਦੇਵੇ, ਸਿੱਖ ਉੱਦਮ ਕਰਕੇ ਰੋਜੀ ਕਮਾਵੇ, ਜੇਕਰ ਕੋਈ ਸਿੰਘ ਪੁਜਾਰੀ ਵੀ ਹੈ ਤਾਂ ਸਰੀਰ ਦੇ ਨਿਰਬਾਹ ਦੀ ਲੋੜ ਅਨੁਸਾਰ ਹੀ ਲੈਣ।
ਭਾਈ ਚੌਪਾ ਸਿੰਘ ਲਿਖਦੇ ਹਨ ਸਿੱਖ ਨੂੰ ਧਰਮਸਾਲੀਆ, ਪੀਰ, ਜਾਂ ਮਸੰਦ ਨਹੀ ਬਨਣਾ ਚਾਹੀਦਾ, ਪਿੰਡ ਵਿੱਚ ਇੱਕ ਅਸਥਾਨ ਸਾਧੂ ਸੰਗਤ ਕਾ ਬਨਵਾਣਾ ਜਿੱਥੇ ਸਾਧੂ  ਸੰਗਤ ਇਕੱਤ੍ਰ ਹੋਵੇ ਅਤੇ ਆਇਆ ਗਿਆ ਵਿਸ਼ਰਾਮ ਕਰੇ।ਜੇਕਰ ਸਿੱਖ ਤੋਂ ਕੁਰਹਿਤ ਹੋ ਜਾਣ ਤਾਂ ਸਿੰਘ ਅੱਗੇ  ਹੱਥ ਜੋੜ ਕੇ, ਤਨਖਾਹ ਲਗਵਾ ਕੇ ਭੁਲ ਬਖਸ਼ਾਵੇ ਪਰ ਬਖਸ਼ਣ ਵਾਲੇ ਸਿੰਘ ਵੀ ਮੁਆਫੀ ਵੇਲੇ ਅੜੀ ਨਾ ਕਰਨ, ਸਿੱਖਾਂ ਦਾ ਮਸਲਾ ਸਿੱਖਾ ਵਿੱਚ ਹੀ ਨਿਬੜੇ ਸਰਕਾਰ ਤੇ ਅਦਾਲਤ ਕੋਲ ਲੈ ਜਾਣ ਵਾਲਾ ਗੁਰੂ ਅਵੱਗਿਆ ਦਾ ਦੋਸ਼ੀ ਹੋਵੇਗਾ।
ਭਾਈ ਦਿਯਾ ਸਿੰਘ ਜੀ ਹੋਰ ਦਰਜ ਕਰਦੇ ਹਨ ਕਿ ਸਿੱਖ ਸਖੀ ਸਰਵਰ ਦਾ ਪ੍ਰਸ਼ਾਦਿ ਸੀਰਨੀ ਨਾ ਖਾਵੈ, ਆਨੰਦ ਬਿਨਾ ਬਿਵਾਹ ਨਾ ਕਰੇ।
ਪੁਰਾਤਨ ਰਹਿਤਨਾਮਿਆਂ ਵਿੱਚ ਪੁਜਾਰੀਵਾਦ ਦਾ ਕਿਧਰੇ ਜਿਕਰ ਨਹੀ ਹੈ ਸਿੱਖ ਲਈ ਗੁਰਬਾਣੀ ਜਾਪ, ਕੀਰਤਣ ਤੋਂ ਇਲਾਵਾ ਕਾਰਜ ਦੀ ਆਰੰਭਤਾ ਅਤੇ ਪੂਰਤੀ ਤੇ ਸੁੱਖ-ਦੁੱਖ ਸਮੇਂ ਕੇਵਲ ਗੁਰੂ ਜੀ ਅੱਗੇ ਅਰਦਾਸ ਕਰਨ ਦੀ ਹੀ ਮਰਿਯਾਦਾ ਨਿਯਤ ਹੈ।ਧਰਮ ਪ੍ਰਚਾਰ ਵਿੱਚ ਲੱਗੇ ਸਿੱਖਾਂ ਨੂੰ ਵਿਚਾਰਨਾ ਚਾਹੀਦਾ ਹੈ ਕਿ ਉਹ ਕਿਧਰੇ ਧਰਮਸਾਲਿਆ ਬਣ ਕੇ ਆਪਣੇ ਡੇਰੇ ਬਣਾ ਕੇ, ਗੁਰੂ ਹੁਕਮ ਦੀ ਅਵੱਗਿਆ ਤਾਂ ਨਹੀ ਕਰ ਰਹੇ, ਅਤੇ ਵੱਖਰੀਆਂ ਮਰਿਯਾਦਾ ਵਾਲੇ ਸਿੱਖ ਧਰਮ ਨਾਲ ਸਬੰਧਤ ਡੇਰੇਦਾਰ ਕੋਮ ਨੂੰ, ਗੁਰੂ ਜੀ ਵਲੋਂ ਵਰਜਿਤ ਕਰਮ ਕਾਡਾਂ ਵੱਲ ਤਾਂ ਹੀ ਧੱਕ ਰਹੇ।

-ਇਕਬਾਲ ਸਿੰਘ ਲਾਲਪੁਰਾ

Comments

comments

Share This Post

RedditYahooBloggerMyspace