ਚੋਣ ਪ੍ਰਚਾਰ ਵਿਚ ਖ਼ਰੂਦੀਆ – ਕੋਈ ਸੁਪਨਾ ਵਾਇਰਲ ਕਰੀਏ

ਐੱਸ ਪੀ ਸਿੰਘ*

ਚੋਣ ਪ੍ਰਚਾਰ ਸੁਪਨਸਾਜ਼ੀ ਲਈ ਬੇਸ਼ਕੀਮਤੀ ਸਮਾਂ, ਮੌਕਾ ਅਤੇ ਮੰਚ ਫ਼ਰਹਾਮ ਕਰਦਾ ਹੈ, ਪਰ ਅਜੋਕੇ ਸਮਿਆਂ ਦਾ ਨੇਤਾ ਇਹਨੂੰ ਆਪਣੀ ਮਹਾਨਤਾ ਦੇ ਦਮਗਜ਼ੇ ਮਾਰਨ ਅਤੇ ਵਿਰੋਧੀ ਦੇ ਬਿਆਨੀਏ ਨੂੰ ਕੂੜ ਪ੍ਰਚਾਰ ਦੱਸਣ ਲਈ ਵਰਤ ਰਿਹਾ ਹੈ। ਸਿਆਸਤ ਦਾ ਇੱਕ ਵੱਡਾ ਮੰਤਵ ਲੋਕਾਂ ਨੂੰ ਇੱਕ ਅਲੋਕਾਰੀ ਸੁਪਨਾ ਦੇਣਾ ਹੁੰਦਾ ਹੈ – ਇਹ ਧਰਵਾਸ ਦਿਵਾਉਣਾ ਕਿ ਅਸੀਂ ਇਮਾਨਦਾਰੀ, ਮਿਹਨਤ, ਅਕਲ, ਮਿਲਵਰਤਣ ਨਾਲ ਹੁਣ ਤੋਂ ਕਿਤੇ ਬਿਹਤਰ ਦੇਸ਼, ਦੁਨੀਆਂ ਤਾਮੀਰ ਕਰ ਲਵਾਂਗੇ।

ਸੁਪਨੇ ਵਿੱਚ ਬੜਾ ਦਮ ਹੁੰਦਾ ਹੈ। ਇਸ ਦੇਸ਼ ਵਿੱਚ ਭੁੱਖ-ਨੰਗ-ਗੁਰਬਤ-ਅਨਪੜ੍ਹਤਾ ਵਿੱਚ ਗ੍ਰਸਿਆਂ ਨੂੰ ਇਹ ਸੁਪਨਾ ਵਿਖਾ ਅਸਾਂ ਤਾਕਤਵਰ ਸਾਮਰਾਜੀ ਸਲਤਨਤ ਨੂੰ ਇਸ ਉਪ-ਮਹਾਂਦੀਪ ਵਿੱਚੋਂ ਭਜਾ ਦਿੱਤਾ ਸੀ। ਹੁਣ ਨੇਤਾ ਸੁਪਨਸਾਜ਼ੀ ਦੀ ਕਾਬਲੀਅਤ ਗਵਾ ਚੁੱਕਾ ਹੈ। ਖ਼ੈਰਾਤਾਂ ਅਤੇ ਮੁਫ਼ਤਖੋਰੀ ਦੀਆਂ ਵਿਉਂਤਬੰਦੀਆਂ ਸੁਪਨਾ ਨਹੀਂ ਸਿਰਜਦੀਆਂ। ਉਹ ਤਾਂ ਲੋਕਾਂ ਦੇ ਦੁੱਖ ਤਕਲੀਫ਼ਾਂ ਦਾ ਵਣਜ-ਵਪਾਰ ਹੁੰਦਾ ਹੈ ਜਿੱਥੇ ਥੈਲੀਆਂ ਬਦਲੇ ਨੀਲੀ ਸਿਆਹੀ ਰੰਗੀਆਂ ਉਂਗਲਾਂ ਖਰੀਦੀਆਂ ਜਾਂਦੀਆਂ ਹਨ।

ਲੰਬੇ ਸਮੇਂ ਤੋਂ ਪੰਜਾਬ ਦੀ ਸਰਜ਼ਮੀਂ ’ਤੇ ਸੁਪਨਸਾਜ਼ੀ ਦੀ ਜਗ੍ਹਾ ਹੁੰਦੀਆਂ ਆ ਰਹੀਆਂ ਰਾਜਨੀਤਕ ਕਾਰਸਤਾਨੀਆਂ ਕਰਕੇ ਚੋਣ-ਪਿੜ ਵਿੱਚ ਭਾਰੀ ਬੇਚੈਨੀ ਹੈ। ਅਵਾਜ਼ਾਰ ਹੋਈ ਭੀੜ ਨੇ ਇਸ ਵਰ੍ਹੇ ਇੱਕ ਨਵਾਂ ਵਰਤਾਰਾ ਵੇਖਿਆ ਹੈ। ਤਾਕਤਵਰ ਨੇਤਾ ਦੇ ਬੋਲਾਂ ਨੂੰ ਕੱਟ, ਭੀੜ ਵਿੱਚੋਂ ਕੋਈ ਖਰੂਦੀਆ ਹਵਾ ਵਿੱਚ ਇੱਕ ਸਵਾਲ ਉਛਾਲਦਾ ਹੈ। ਕਿਸੇ ਹੋਰ ਦੇ ਫੋਨ ਦਾ ਕੈਮਰਾ ਉਹਦੇ ਤਿੱਖੇ ਬੋਲ, ਚਿਹਰੇ ਦਾ ਰੋਸ, ਨੇਤਾ ਦੀ ਬੌਖਲਾਹਟ ਅਤੇ ਭੀੜ ਵਿੱਚੋਂ ਕਈਆਂ ਦੀ ਸਵਾਲ ਕਰਨ ਵਾਲੇ ਨਾਲ ’ਚਾਣਚੱਕ ਪਈ ਭਾਈਵਾਲੀ ਨੂੰ ਕੈਦ ਕਰਦਾ ਹੈ। ਸੋਸ਼ਲ ਮੀਡੀਆ ਉੱਤੇ ਇਹ ਡੇਢ ਮਿੰਟ ਦਾ ਅਤਿ-ਰੌਚਕ ‘ਇਜ਼ਹਾਰੇ ਸਵਾਲ/ਨਦਾਰਦ ਜਵਾਬ’ ਨਾਟਕ ਵਿਸਫੋਟ ਕਰ ਦਿੰਦਾ ਹੈ। ਦਿਨ ਚੜ੍ਹੇ ਅਖ਼ਬਾਰੀ ਸੁਰਖ਼ੀ ਵੀ ਨਾਲ ਤੁਰ ਪੈਂਦੀ ਹੈ – “ਫਲਾਣੇ ਪਿੰਡ ਵਿੱਚ ਢਿਮਕਾਣੇ ਨੇਤਾ ਨੂੰ ਕੀਤਾ ਖਰੂਦੀਏ ਦੇ ਸਵਾਲ ਨੇ ਨਿਰੁੱਤਰ।”

ਪੰਜਾਬ ਦੇ ਪਿੰਡਾਂ, ਕਸਬਿਆਂ, ਸ਼ਹਿਰਾਂ ਵਿੱਚ ਇਹ ਖਰੂਦੀ ਖੇਲ ਹੁਣ ਬਾਰੂਦੀ ਹੋ ਗਿਆ ਹੈ। ਕਿਸੇ ਵੀ ਨੇਤਾ ਦੀ ਆਮਦ ’ਤੇ ਇਹ ਸਵਾਲੀ-ਬੰਬ ਪਿੰਡ ਦੀ ਫਿਰਨੀ ’ਤੇ ਹੀ ਫਟ ਜਾਂਦਾ ਹੈ। ਕਦੇ ਬਠਿੰਡੇ ਦੇ ਕਿਸੇ ਪਾਰਕ ਵਿੱਚ, ਕਦੇ ਬਰਨਾਲੇ ਦੇ ਕਿਸੇ ਪਿੰਡ ਵਿੱਚ। ਬੇਚੈਨ ਪੰਜਾਬ ਸਵਾਲ ਪੁੱਛ ਰਿਹਾ ਹੈ, ਦਾਗ ਰਿਹਾ ਹੈ, ਉਛਾਲ ਰਿਹਾ ਹੈ। ਇਨ੍ਹਾਂ ਸਵਾਲਾਂ ਦਾ ਘੇਰਾ ਪਿੰਡ ਨੂੰ ਗ੍ਰਾਂਟ ਨਾ ਮਿਲਣ ਤੋਂ ਲੈ ਕੇ ਗੁਰੂ ਦੇ ਅਦਬ ਤੱਕ ਫੈਲਿਆ ਹੋਇਆ ਹੈ। ਜਿਨ੍ਹਾਂ ਕੋਲੋਂ ਨੇਤਾ ਅਗਲੇ ਪੰਜ ਸਾਲਾਂ ਲਈ ਰੁਜ਼ਗਾਰ ਮੰਗਣ ਗਿਆ, ਉਨ੍ਹਾਂ ਨੇਤਾ ਨੂੰ ਪਹਿਲਾਂ ਘਰ ਘਰ ਨੌਕਰੀ ਦਾ ਸਵਾਲ ਪਾ ਦਿੱਤਾ। ਇੰਝ ਭੀੜ ਵਿੱਚੋਂ ਉਛਾਲਿਆ ਸਵਾਲ ਨੇਤਾ ਅਤੇ ਖ਼ਲਕਤ ਵਿਚਲੇ ਰਿਸ਼ਤੇ ਵਿੱਚ ਕੀ ਰੋਲ ਨਿਭਾਉਂਦਾ ਹੈ? ਕਾਫ਼ੀ ਸਮੇਂ ਤੋਂ ਇਸ ਰਿਸ਼ਤੇ ਵਿੱਚ ਇੱਕ ਕੰਧ ਜਿਹੀ ਬਣ ਗਈ ਸੀ। ਨੇਤਾ ਦੀ ਲੋਕਾਂ ਤੋਂ ਦੂਰੀ, ਉਹਦੇ ਦੁਆਲੇ ਬੰਦੂਕਾਂ ਅਤੇ ਬਾਹੂਬਲ ਦਾ ਘੇਰਾ, ਚਾਪਲੂਸਾਂ ਅਤੇ ਘੜੰਮ-ਚੌਧਰੀਆਂ ਦੀ ਪਲਟਣ, ਉਹਦੇ ਘਰ ਮੂਹਰੇ ਪੁਲੀਸ ਦੀ ਗਾਰਦ, ਦਫ਼ਤਰ ਤੱਕ ਪਹੁੰਚ ਕਰਨ ਲਈ ਲੋੜੀਂਦੀਆਂ ਪਰਚੀਆਂ ਅਤੇ ਚੋਣ ਆਯੋਗ ਨੂੰ ਹਲਫ਼ਨਾਮੇ ਤਹਿਤ ਦਿੱਤੀ ਗਈ ਉਹਦੀ ਜਾਇਦਾਦ, ਕੋਠੀਆਂ, ਕਾਰਾਂ ਅਤੇ ਸੋਨੇ-ਹੀਰਿਆਂ ਦੇ ਭੰਡਾਰ ਦੀ ਲਿਖਤੀ ਜਾਣਕਾਰੀ – ਇਹ ਸਭ ਕੁਝ ਏਨੀ ਮਜ਼ਬੂਤ ਦੀਵਾਰ ਬਣ ਜਾਂਦਾ ਹੈ ਕਿ ਆਮ ਨਾਗਰਿਕ ਇਹਦੇ ਇੱਕ ਪਾਸੇ ਨਿਰਬਲ ਜਿਹਾ ਵੋਟ-ਧਾਰੀ ਪ੍ਰਾਣੀ ਜਾਪਦਾ ਹੈ ਜਿਸ ਨੇ ਜਿਊਂਦੇ ਰਹਿਣ ਲਈ ਕੰਧ ਦੇ ਉਸ ਪਾਰ ਰਹਿਣ ਵਾਲੇ ਸਰਬਸ਼ਕਤੀਮਾਨ ਮੂਹਰੇ ਵੋਟ-ਦਾਨ ਅਰਪਣ ਕਰਨਾ ਹੈ।

ਨੇਤਾ ਨੂੰ ਇਹ ਵਿਹਾਰਕ ਢਾਂਚਾ ਸੂਤ ਬੈਠ ਗਿਆ ਸੀ, ਪਰ ਹੁਣ ਸਵਾਲੀ ਖ਼ਰੂਦੀਆ ਨੇਤਾ ਨੂੰ ਬਹਿਸ ਵਿੱਚ ਘੜੀਸਣ ਦਾ ਯਤਨ ਕਰ ਰਿਹਾ ਹੈ। ਚੋਣ ਪ੍ਰਚਾਰ ਲਈ ਸੱਥ ਤੱਕ ਜਾਣਾ ਨੇਤਾ ਦੀ ਮਜਬੂਰੀ ਹੈ। ਕੰਧ ਦੀ ਸੁਰੱਖਿਆ ਤੋਂ ਮਹਿਰੂਮ, ਹੁਣ ਉਹ ਸੋਟੀ ’ਤੇ ਬੰਨ੍ਹੀ ਕਾਲੀ ਲੀਰ ਤੋਂ ਡਰੀ ਜਾ ਰਿਹਾ ਹੈ। ਖਰੂਦੀਏ ਨੂੰ ਕਿਸੇ ਦਾ ਏਜੰਟ ਦੱਸ, ਭੀੜ ਤੋਂ ਭੱਜਣ ਵਿੱਚ ਸਦਾਕਤ ਭਾਲ ਰਿਹਾ ਹੈ।

ਖਰੂਦੀਆਂ ਨੇ ਕੁਝ ਪਲਾਂ ਲਈ ਤਾਕਤ ਦੀ ਅਸਮਤਾ ਵਾਲਾ ਸਮੀਕਰਣ ਤੋੜ ਦਿੱਤਾ ਹੈ। ਬੇਚੈਨ ਖ਼ਲਕਤ ਨੂੰ ਇਹ ਵਰਤਾਰਾ ਚੰਗਾ ਲੱਗ ਸਕਦਾ ਹੈ। ਢਾਂਚਾਗਤ ਬਹਿਸ ਦੇ ਚੌਖਟੇ ਨੂੰ ਭੰਨ ਕੇ ਸਵਾਲ ਕਰਦੇ ਨਾਗਰਿਕ ਦੀ ਸੁਰੱਖਿਆ ਦੀ ਜ਼ਾਮਨੀ ਹੁਣ ਸੰਵਿਧਾਨ ਵਿਚਲੇ ਕਿਸੇ ਮੌਲਿਕ ਅਧਿਕਾਰ ਦੀ ਮੱਦ ਵਿੱਚੋਂ ਨਹੀਂ ਸਗੋਂ ਮੋਬਾਈਲ ਫੋਨ ਕੈਮਰੇ ਵਿੱਚੋਂ ਆ ਰਹੀ ਹੈ। ਕੈਮਰਾ ਨਾ ਹੁੰਦਾ ਤਾਂ ਕੰਧ ਨੇ ਉਹਨੂੰ ਜੱਫਾ ਮਾਰ ਕੇ ਥੱਲੇ ਸੁੱਟ ਲੈਣਾ ਸੀ, ਧੱਫਾ ਮਾਰ ਕੇ ਜਵਾਬ ਵੀ ਦੇ ਦੇਣਾ ਸੀ। ਕੈਮਰਾ ਅਤੇ ਕੰਧ ਹੁਣ ਸੱਥ ਵਿੱਚ ਆਹਮੋ-ਸਾਹਮਣੇ ਖੜ੍ਹੇ ਹਨ। ਪਰ ਇਹ ਵਰਤਾਰਾ ਸਿਆਸਤ ਨੂੰ ਕਿੰਨੀ ਕੁ ਸਾਰਥਕਤਾ ਨਾਲ ਪ੍ਰਭਾਵਿਤ ਕਰੇਗਾ? ਗੁੱਸੇ ਨਾਲ ਅੰਦਰੋਂ-ਅੰਦਰੀ ਭਰਿਆ-ਪੀਤਾ ਨਾਗਰਿਕ ਸਰੇਰਾਹ ਹੁੰਦੀ ਨੇਤਾ ਦੀ ਬੇਪਤੀ ਨਾਲ ਹੀ ਸੰਤੁਸ਼ਟ ਹੋ ਗਿਆ ਤਾਂ ਕੁਝ ਵੀ ਨਹੀਂ ਬਦਲੇਗਾ। ਬਹੁਤੀ ਵਾਰੀ ਭੀੜ ਵਿੱਚੋਂ ਸਵਾਲ ਵਗਾਹ ਕੇ ਮਾਰਨ ਵਾਲਾ ਵੀ ਫਤਵਾ ਹੀ ਜਾਰੀ ਕਰ ਰਿਹਾ ਹੁੰਦਾ ਹੈ, ਜਵਾਬ ਦਾ ਤਲਬਗਾਰ ਨਹੀਂ ਹੁੰਦਾ। ਕੁਝ ਪਲਾਂ ਲਈ ਨੇਤਾ ਕਵਚ-ਰਹਿਤ ਹੁੰਦਾ ਹੈ। ਦੋਵਾਂ ਵਿਚਲਾ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਦੀ ਕੁੱਵਤ ਰੱਖਦਾ ਇਹ ਸੰਵਾਦ, ਨਿੱਠ ਕੇ ਕੀਤੀ ਸਿਆਸਤ ਦਾ ਬਦਲ ਹਰਗਿਜ਼ ਨਹੀਂ ਹੋ ਸਕਦਾ। ਛੇਤੀ ਹੀ ਨੇਤਾ ਵੀ ਇਹ ਹਥਿਆਰ ਚਲਾਉਣਾ ਸਿੱਖ ਲੈਂਦਾ ਹੈ। ਇੱਕ ਦੂਜੇ ਦੀਆਂ ਰੈਲੀਆਂ ਵਿੱਚ ਰਾਜਨੀਤਕ ਪਾਰਟੀਆਂ ਦੇ ਇਹ ਫ੍ਰੀ-ਲਾਂਸ ਘੁਲਾਟੀਏ ਮੋਬਾਈਲ ਫੋਨ ਅਤੇ ਤਿੱਖੇ ਸਵਾਲਾਂ ਨਾਲ ਲੈਸ ਹੋ ਕੇ ਭੀੜ ਵਿੱਚ ਸ਼ਾਮਿਲ ਹੋ ਕੌਤਕ ਵਰਤਾਉਂਦੇ ਹਨ। ਘਰ ਬੈਠੀ ਭੀੜ ਇਨ੍ਹਾਂ ਵਾਇਰਲ ਵੀਡੀਓਜ਼ ਨੂੰ ਵੇਖ ‘ਸਾਰੇ ਨੇਤਾ ਚੋਰ ਹਨ’ ਵਾਲੇ ਬਿਆਨੀਏ ’ਤੇ ਫਿਸਲ ਜਾਂਦੀ ਹੈ।

ਸਿਆਸਤ ਵਿੱਚ ਖ਼ਰੂਦੀਏ ਦੀ ਭੂਮਿਕਾ ਤੋਂ ਮੈਂ ਮੁਨਕਰ ਨਹੀਂ, ਪਰ ਸਾਨੂੰ ਸਵਾਲ ਪੁੱਛਣਾ ਸਿੱਖਣਾ ਪੈਣਾ ਹੈ। ਕੁਝ ਸਾਲ ਪਹਿਲਾਂ ਦਿੱਲੀ ਵਿੱਚ ਰਵਾਇਤੀ ਪਾਰਟੀਆਂ ਦਾ ਬੋਰੀਆ-ਬਿਸਤਰਾ ਗੋਲ ਕਰਨ ਵਾਲੇ ਸਿਆਸਤ ਵਿੱਚ ਵੱਡੇ ਸਵਾਲ ਉਛਾਲ ਕੇ ਆਏ ਖਰੂਦੀਏ ਹੀ ਸਨ। ਲੋਕ ਸਭਾ ਦੀ ਚੋਣ ਵਿੱਚ ਛਾਤੀ ’ਤੇ ਹੱਥ ਮਾਰ ਕੇ ਹਾਰਨ ਲਈ ਪਿੜ ਵਿੱਚ ਉਤਰੀਆਂ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦੀਆਂ ਔਰਤਾਂ ਇਸ ਢਾਂਚਾਗਤ ਸਿਆਸਤ ਵਿੱਚ ਅਸਲੀ ਖਰੂਦ ਪਾ ਰਹੀਆਂ ਹਨ ਜਿਹੜਾ ਸੋਚਣ ’ਤੇ ਮਜਬੂਰ ਕਰਦਾ ਹੈ, ਅੰਦਰਲਾ ਵਲੂੰਧਰਦਾ ਹੈ, ਦਿਲ ਦਿਮਾਗ਼ ਨੂੰ ਨਰੋਈ ਸਿਆਸਤ ਸਿਖਾਉਂਦਾ ਹੈ।

ਥੋੜ੍ਹ-ਚਿਰੀ ਸੁਰਖ਼ੀ ਲਈ ਖਰੂਦੀਆਂ ਨੂੰ ਇੰਤਜ਼ਾਰ ਕਰਨਾ ਹੋਵੇਗਾ ਕਿ ਨੇਤਾ ਕਦੋਂ ਪਿੰਡ ਦੀ ਫਿਰਨੀ ਟੱਪੇ। ਜੇ ਸੱਚਮੁੱਚ ਰਵਾਇਤੀ ਸਿਆਸਤ ਵਿਚਲੀ ਕੰਧ ਤੋੜਨੀ ਹੈ ਤਾਂ ਖਰੂਦੀਆਂ ਨੂੰ ਸਵਾਲ ਖੜ੍ਹੇ ਕਰ ਜ਼ਮੀਨ ’ਤੇ ਕੰਮ ਕਰਨਾ, ਸੰਗਠਿਤ ਹੋਣਾ ਤੇ ਮੁੱਦਿਆਂ ਨੂੰ ਸਮਝਣਾ ਹੋਵੇਗਾ। ਆਪ ਸਵਾਲਾਂ-ਅੰਕੜਿਆਂ-ਕਾਨੂੰਨਾਂ ਨਾਲ ਮੱਥਾ-ਪੱਚੀ ਕਰਨੀ ਹੋਵੇਗੀ ਤਾਂ ਜੋ ਨੇਤਾ ਮਜਬੂਰ ਹੋਵੇ ਤੇ ਵੋਟਰਾਂ ਦੇ ਦਰਬਾਰ ਸਵਾਲੀ ਬਣ ਕੇ ਆਵੇ, ਜਵਾਬ ਨਾਲ ਲਿਆਵੇ।

ਮੰਚ ਵੱਡਾ ਹੋਵੇਗਾ ਤਾਂ ਖਰੂਦੀਏ ਦੇ ਸਵਾਲ ਵੀ ਵੱਡੇ ਹੋਣਗੇ। ਜਿਹੜੇ ਅੱਜ ਪਿੰਡ ਨੂੰ ਨਾ ਮਿਲੀ ਗ੍ਰਾਂਟ ਬਾਰੇ ਕਾਲੀ ਲੀਰ ਹਵਾ ਵਿੱਚ ਲਹਿਰਾ ਸਵਾਲ ਪੁੱਛਦੇ ਨੇ, ਉਹ ਪੁੱਛਣਗੇ ਕਸ਼ਮੀਰ ਵਿੱਚ ਕੀ ਕਰ ਰਹੇ ਹੋ? ਪਾਕਿਸਤਾਨ ਨਾਲ ਲੜਾਈ ਵਾਲਾ ਪਿੜ ਕਿਉਂ ਮੱਲ ਰਹੇ ਹੋ? ਨੌਕਰੀਆਂ ਦੀ ਗੱਲ ਕਰਦੇ ਭਾਸ਼ਣਾਂ ਵਿੱਚ ਐਟਮ ਬੰਬ ਕਿਉਂ ਜੜ੍ਹ ਰਹੇ ਹੋ? ਗ਼ਦਰੀ ਬਾਬਿਆਂ ਦੇ ਕੈਨੇਡਾ ਤੋਂ ਪੰਜਾਬ ਨੂੰ ਕੂਚ ਕਰਦੇ ਸੁਪਨੇ ਦਾ ਕਿਉਂ ਪੁੱਠਾ ਗੇੜਾ ਕੱਢ ਰਹੇ ਹੋ?

ਉਸ 28 ਅਗਸਤ 1963 ਦੀ ਸ਼ਾਮ ਅਮਰੀਕਾ ਦੀ ਰਾਜਧਾਨੀ ਵਿੱਚ ਜਦੋਂ ਮਾਰਟਿਨ ਲੂਥਰ ਕਿੰਗ ਜੂਨੀਅਰ ਆਪਣੀ ਤਕਰੀਰ ਖ਼ਤਮ ਕਰ ਰਿਹਾ ਸੀ ਤਾਂ ਭੀੜ ਵਿੱਚੋਂ ਉਹਦੀ ਇੱਕ ਹਮਾਇਤਣ ਨੇ ਖਰੂਦੀ ਵਾਲੀ ਭੂਮਿਕਾ ਨਿਭਾਉਂਦਿਆਂ ਚੀਕ ਕੇ ਕਿਹਾ, ‘‘ਮਾਰਟਿਨ! ਇਨ੍ਹਾਂ ਨੂੰ ਆਪਣੇ ਸੁਪਨੇ ਬਾਰੇ ਦੱਸ… ਸੁਪਨੇ ਬਾਰੇ ਦੱਸ!’’ ਸੁਣਦਿਆਂ ਉਸ ਤਕਰੀਰ ਦੀ ਪਹਿਲਾਂ ਲਿਖੀ ਇਬਾਰਤ ਨੂੰ ਪਾਸੇ ਕੀਤਾ ਅਤੇ ਕਿਹਾ, ‘‘ਆਈ ਹੈਵ ਏ ਡ੍ਰੀਮ (ਮੈਂ ਇੱਕ ਸੁਪਨਾ ਵੇਖਦਾ ਹਾਂ)।’’

ਲੋਕਾਂ ਗੱਲ ਸੁਣੀ, ਇਤਿਹਾਸ ਬਦਲਿਆ। ਵਕਤ ਹੈ ਅਸੀਂ ਆਪਣੇ ਸਮਿਆਂ ਦੇ ਹਾਣ ਦੇ ਖਰੂਦੀਏ ਬਣੀਏ, ਕੋਈ ਵੱਡਾ ਸਵਾਲ ਹਵਾ ਵਿੱਚ ਉਛਾਲੀਏ, ਕੋਈ ਅਲੋਕਾਰੀ ਸੁਪਨਾ ਵਾਇਰਲ ਕਰੀਏ।

Comments

comments

Share This Post

RedditYahooBloggerMyspace