ਬੱਦਲਾਂ ਬਾਰੇ ਟਿੱਪਣੀ ਨਾਲ ਸੋਸ਼ਲ ਮੀਡੀਆ ’ਤੇ ਘਿਰੇ ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਟੈਲੀਵਿਜ਼ਨ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਕੀਤੀ ਇਸ ਟਿੱਪਣੀ ਕਿ ਬੱਦਲ ਤੇ ਮੀਂਹ ਭਾਰਤੀ ਲੜਾਕੂ ਜਹਾਜ਼ਾਂ ਨੂੰ ਪਾਕਿਸਤਾਨੀ ਰਾਡਾਰ ਦੇ ਘੇਰੇ ਵਿੱਚ ਆਉਣ ਤੋਂ ਰੋਕ ਸਕਦੇ ਹਨ, ਨੇ ਸੋਸ਼ਲ ਮੀਡੀਆ ’ਤੇ ਇਕ ਨਵੀਂ ਚਰਚਾ ਛੇੜ ਦਿੱਤੀ ਹੈ। ਭਾਰਤੀ ਹਵਾਈ ਸੈਨਾ ਦੇ ਸੇਵਾ ਮੁਕਤ ਪਾਇਲਟਾਂ ਸਮੇਤ ਹੋਰ ਮਾਹਿਰ ਤੇ ਲੋਕ ਇਨ੍ਹਾਂ ਟਿੱਪਣੀਆਂ ਲਈ ਪ੍ਰਧਾਨ ਮੰਤਰੀ ਦਾ ਮੌਜੂ ਬਣਾਉਣ ਲੱਗੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜ਼ਮੀਨ ਅਧਾਰਿਤ ਰਾਡਾਰਾਂ ਨੂੰ ਬੱਦਲਾਂ ਜਾਂ ਮੀਂਹ ਨਾਲ ਕੋਈ ਫ਼ਰਕ ਨਹੀਂ ਪੈਂਦਾ। ਰਾਡਾਰ ਅਸਲ ਵਿੱਚ ਹਵਾ ਵਿੱਚ ਉਡਦੇ ਨਿਸ਼ਾਨਿਆਂ ਜਾਂ ਹੀਟ ਸਿਗਨੇਚਰਜ਼ (ਤਪਸ਼) ਦਾ ਪਤਾ ਲਾ ਲੈਂਦੀ ਹੈ। ਹਵਾਈ ਜਹਾਜ਼ ਦਾ ਇੰਜਨ ਤਪਸ਼ ਦਾ ਨਿਕਾਸ ਕਰਦਾ ਹੈ, ਜਿਸ ਨੂੰ ਦੁਸ਼ਮਣ ਮੁਲਕ ਦੀ ਰਾਡਾਰ ਫੜ ਲੈਂਦੀ ਹੈ।

ਟੀਵੀ ਚੈਨਲ ਨਿਊਜ਼ ਨੇਸ਼ਨ ਨੂੰ ਲੰਘੇ ਦਿਨ ਦਿੱਤੀ ਇੰਟਰਵਿਊ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 26 ਫਰਵਰੀ ਨੂੰ ਬਾਲਾਕੋਟ ਵਿੱਚ ਕੀਤੇ ਹਵਾਈ ਹਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ, ‘ਮੌਸਮ ਅਚਾਨਕ ਖ਼ਰਾਬ ਹੋ ਗਿਆ। ਅਸਮਾਨ ਵਿੱਚ ਬੱਦਲ ਸਨ…ਜ਼ੋਰਾਂ ਦਾ ਮੀਂਹ। ਖ਼ਦਸ਼ਾ ਸੀ ਕਿ ਕੀ ਅਸੀਂ ਬੱਦਲਵਾਈ ਦੇ ਚਲਦਿਆਂ ਅਸਮਾਨ ’ਚ ਜਾ ਸਕਦੇ ਹਾਂ ਕਿ ਨਹੀਂ। ਕਾਫ਼ੀ ਸੋਚ ਵਿਚਾਰ ਮਗਰੋਂ ਜ਼ਿਆਦਾਤਰ ਮਾਹਿਰਾਂ ਦੀ ਇਹ ਰਾਇ ਸੀ ਕਿ ਕਿਉਂ ਨਾ ਅਸੀਂ ਤਰੀਕ ਬਦਲ ਦੇਈਏ। ਮੇਰੇ ਦਿਮਾਗ ’ਚ ਉਸ ਵੇਲੇ ਦੋ ਗੱਲਾਂ ਸਨ। ਇਕ ਤਾਂ ਇਸ ਪੂਰੇ ਅਪਰੇਸ਼ਨ ਨੂੰ ਗੁਪਤ ਰੱਖਣਾ ਸੀ। ਤੇ ਦੂਜਾ ਇਹ ਕਿ ਮੈਨੂੰ ਵਿਗਿਆਨ ਦਾ ਪੂਰਾ ਗਿਆਨ ਨਹੀਂ ਸੀ। ਮੈਂ ਕਿਹਾ ਅਸਮਾਨ ’ਚ ਕਾਫ਼ੀ ਬੱਦਲਵਾਈ ਤੇ ਜ਼ੋਰਾਂ ਦੀ ਮੀਂਹ ਪੈ ਰਿਹਾ। ਮੇਰੀ ਕੱਚੀ ਪੱਕੀ ਸਮਝ ਨੇ ਕਿਹਾ ਕਿ ਸਾਨੂੰ ਬੱਦਲਾਂ ਦਾ ਵੀ ਲਾਹਾ ਮਿਲ ਸਕਦਾ ਹੈ। ਅਸੀਂ ਰਾਡਾਰ ਨੂੰ ਮਾਤ ਪਾ ਸਕਦੇ ਹਾਂ। ਹਰ ਕੋਈ ਸ਼ਸ਼ੋਪੰਜ ਵਿੱਚ ਸੀ। ਆਖਿਰ ਨੂੰ ਮੈਂ ਕਿਹਾ ਕਿ ਅਸਮਾਨ ’ਚ ਬੱਦਲਵਾਈ ਹੈ…ਚਲੋ ਅੱਗੇ ਵਧਦੇ ਹਾਂ।’ 26 ਫਰਵਰੀ ਨੂੰ ਵੱਡੇ ਤੜਕੇ ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ (ਮਿਰਾਜ 2000 ਜੈੱਟਾਂ) ਨੇ ਬਾਲਾਕੋਟ ਸਥਿਤ ਜੈਸ਼-ਏ-ਮੁਹੰਮਦ ਦੇ ਦਹਿਸ਼ਤੀ ਟਿਕਾਣੇ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨੀ ਹਵਾਈ ਫੌਜ ਨੇ ਹਾਲਾਂਕਿ ਆਪਣੇ ਜੈੱਟ ਫ਼ੌਰੀ ਕੰਮ ’ਤੇ ਲਾ ਦਿੱਤੇ। ਮਿਰਾਜ ਜੈੱਟਾਂ ਨੇ ਜੰਮੂ-ਕਸ਼ਮੀਰ ’ਚ ਆਪਣੇ ਹਵਾਈ ਖੇਤਰ ’ਚ ਰਹਿੰਦਿਆ ਗਾਈਡਿਡ ‘ਸਪਾਈਸ’ ਬੰਬਾਂ ਦੀ ਮਦਦ ਨਾਲ ਨਿਸ਼ਾਨੇ ਲਾਏ। ਇਹ ਬੰਬ 80 ਕਿਲੋਮੀਟਰ ਤਕ ਦਾ ਸਫ਼ਰ ਕਰ ਸਕਦੇ ਹਨ ਤੇ ਇਨ੍ਹਾਂ ਦੀ ਆਪਣੀ ਗਾਈਡੈਂਸ ਪ੍ਰਣਾਲੀ ਹੈ।

ਮੋਦੀ ਵੱਲੋਂ ਹਵਾਈ ਹਮਲਿਆਂ ਬਾਰੇ ਸਾਂਝੀ ਕੀਤੀ ਜਾਣਕਾਰੀ ਨੂੰ ਭਾਜਪਾ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਰਾਹੀਂ ਟਵੀਟ ਕੀਤਾ ਸੀ, ਜਿਸ ਨੂੰ ਹੁਣ ਉਥੋੋਂ ਹਟਾ ਲਿਆ ਗਿਆ ਹੈ।

ਪ੍ਰਧਾਨ ਮੰਤਰੀ ਨੇ ਕੋਈ ਨਾਜ਼ੁਕ ਜਾਣਕਾਰੀ ਸਾਂਝੀ ਨਹੀਂ ਕੀਤੀ: ਜਾਵੜੇਕਰ

ਨਵੀਂ ਦਿੱਲੀ: ਸੀਨੀਅਰ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਟੀਵੀ ਇੰਟਰਵਿਊ ਦੌਰਾਨ ਫ਼ੌਜੀ ਮਿਸ਼ਨ ਨਾਲ ਜੁੜੀ ਨਾਜ਼ੁਕ ਜਾਣਕਾਰੀ ਸਾਂਝੀ ਕਰਨ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ, ‘ਪ੍ਰਧਾਨ ਮੰਤਰੀ ਨੇ (ਬਾਲਾਕੋਟ ਹਮਲੇ) ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਤੇ ਨਾ ਹੀ ਉਨ੍ਹਾਂ ਵੋਟਰਾਂ ਨੂੰ ਅਸਰਅੰਦਾਜ਼ ਕਰਨ ਦਾ ਯਤਨ ਕੀਤਾ ਹੈ।’

ਮੋਦੀ ਦੀ ਟਿੱਪਣੀ ਸ਼ਰਮਸਾਰ ਕਰਨ ਵਾਲੀ: ਮਹਿਬੂਬਾ

ਸ੍ਰੀਨਗਰ: ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੱਦਲਾਂ ਵੱਲੋਂ ਭਾਰਤੀ ਹਵਾਈ ਸੈਨਾ ਦੀ ਕੀਤੀ ਇਮਦਾਦ ਸਬੰਧੀ ਟਿੱਪਣੀ ‘ਸ਼ਰਮਸਾਰ’ ਕਰਨ ਵਾਲੀ ਹੈ। ਮਹਿਬੂਬਾ ਨੇ ਹੈਰਾਨੀ ਜ਼ਾਹਿਰ ਕਰਦਿਆਂ ਪੁੱਛਿਆ ਕਿ ਕੀ ਪ੍ਰਧਾਨ ਮੰੰਤਰੀ ਨੂੰ ਹਵਾਈ ਸੈਨਾ ਦੀ ਸਲਾਹ ਨੂੰ ਨਜ਼ਰਅੰਦਾਜ਼ ਕਰਦਿਆਂ ਖ਼ਰਾਬ ਮੌਸਮ ਵਿੱਚ ਅਪਰੇਸ਼ਨ ਚਲਾਉਣ ਲਈ ਹੁਕਮ ਦੇਣ ਦਾ ਅਧਿਕਾਰ ਹੈ। ਮਹਿਬੂਬਾ ਨੇ ਇਕ ਟਵੀਟ ’ਚ ਕਿਹਾ, ‘ਬੱਦਲਾਂ ਵਾਲਾ ਤਰਕ ਸ਼ਰਮਸਾਰ ਕਰਨ ਵਾਲਾ ਹੈ। ਬਾਲਾਕੋਟ ਹਵਾਈ ਹਮਲਿਆਂ ਦੀ ਸਚਾਈ ’ਤੇ ਉਜਰ ਕਰਨ ਬਦਲੇ ਮੇਰੇ ’ਤੇ ਕਈ ਤੋਹਮਤਾਂ ਲਾਈਆਂ ਗਈਆਂ। ਪਰ ਪਾਕਿਸਤਾਨੀ ਮੀਡੀਆ ਤੇ ਪੱਤਰਕਾਰਾਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਉਪਰੋਕਤ ਟਿੱਪਣੀ ਲਈ ਟਰੌਲ ਕੀਤੇ ਜਾਣਾ, ਸੱਚਮੁਚ ਸ਼ਰਮਸਾਰ ਕਰਨ ਵਾਲਾ ਹੈ।’

ਸੋਸ਼ਲ ਮੀਡੀਆ ’ਤੇ ਹੋਏ ਟਵੀਟ….

ਜੁਮਲਾ ਹੀ ਫੇਕਤਾ ਰਹਾ ਪਾਂਚ ਸਾਲ ਕੀ ਸਰਕਾਰ ਮੇਂ, ਸੋਚਾ ਥਾ ਕਲਾਊਡੀ ਹੈ ਮੌਸਮ, ਨਹੀਂ ਆਊਂਗਾ ਰਾਡਾਰ ਮੇਂ।
-ਕਾਂਗਰਸ

ਏ ਹਟ ਬੁੜਬਕ, ਤੇਰਾ ਧਿਆਨ ਕਿਧਰ ਹੈ, ਰਾਡਾਰ ਇਧਰ ਹੈ।
-ਲਾਲੂ ਪ੍ਰਸਾਦ ਯਾਦਵ

ਪਾਕਿਸਤਾਨੀ ਰਾਡਾਰ ਬੱਦਲਾਂ ਨੂੰ ਵਿੰਨਣ ’ਚ ਨਾਕਾਮ ਹਨ। ਇਹ ਕਾਫ਼ੀ ਜੁਗਤਪੂਰਨ ਅਹਿਮ ਜਾਣਕਾਰੀ ਹੈ, ਜੋ ਭਵਿੱਖੀ ਹਵਾਈ ਹਮਲਿਆਂ ਦੀ ਯੋਜਨਾ ਘੜਨ ਮੌਕੇ ਅਹਿਮ ਸਾਬਤ ਹੋ ਸਕਦੀ ਹੈ।
-ਉਮਰ ਅਬਦੁੱਲਾ, ਨੈਸ਼ਨਲ ਕਾਨਫਰੰਸ

ਭਾਜਪਾ ਦੇ ਸਮੱਰਥਕ ਆਪਣੇ ਹੈਂਡਲ ਮੂਹਰਿਓਂ ਚੌਕੀਦਾਰ ਹਟਾ ਕੇ ਰਾਡਾਰ ਕਦੋਂ ਲਾਉਣਗੇ?’
-ਅੰਕੁਰ ਭਾਰਦਵਾਜ

ਬੱਦਲ ਭਾਵੇਂ ਜਹਾਜ਼ ਨੂੰ ਰਾਡਾਰ ਤੋਂ ਨਹੀਂ ਲੁਕਾ ਸਕਦੇ, ਪਰ ਹਾਂ ਉਹ ਯਕੀਨੀ ਤੌਰ ’ਤੇ ਪ੍ਰਧਾਨ ਮੰਤਰੀ ਮੋਦੀ ਦੇ ਗੱਲ ਕਰਨ ਦੇ ਸਲੀਕੇ ’ਤੇ ਜ਼ਰੂਰ ਪ੍ਰਛਾਵਾਂ ਪਾ ਸਕਦੇ ਹਨ।’
-ਸਲਮਾਨ ਖ਼ੁਰਸ਼ੀਦ

Comments

comments

Share This Post

RedditYahooBloggerMyspace