ਮਾਇਆਵਤੀ ਵੱਲੋਂ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ

ਨਵਾਂ ਸ਼ਹਿਰ: ਪੰਜਾਬ ਜਮਹੂਰੀਅਤ ਗੱਠਜੋੜ ਵੱਲੋਂ ਇੱਥੇ ਕੀਤੀ ਗਈ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਬਸਪਾ ਸੁਪਰੀਮੋ ਮਾਇਆਵਤੀ ਨੇ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀ ਅਗਵਾਈ ਹੇਠ ਸਰਕਾਰ ਬਣੀ ਤਾਂ ਉਨ੍ਹਾਂ ਵੱਲੋਂ ਘਰ-ਘਰ ਰੁਜ਼ਗਾਰ ਦੇਣ ਦਾ ਪ੍ਰਬੰਧ ਕੀਤਾ ਜਾਵੇਗਾ। ਇਹ ਐਲਾਨ ਉਨ੍ਹਾਂ ਪ੍ਰਧਾਨ ਮੰਤਰੀ ਵੱਲੋਂ 6 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇ ਐਲਾਨ ਦੀ ਕਾਟ ਵਜੋਂ ਕੀਤਾ। ਉਨ੍ਹਾਂ ਕਿਹਾ ਕਿ ਬਸਪਾ ਦੀ ਅਗਵਾਈ ਵਾਲੀ ਸਰਕਾਰ ਆਉਣ ’ਤੇ ਨੌਜਵਾਨਾਂ ਲਈ ਸਰਕਾਰੀ ਤੇ ਗ਼ੈਰ ਸਰਕਾਰੀ ਤੌਰ ’ਤੇ ਰੁਜ਼ਗਾਰ ਦੇ ਵਸੀਲੇ ਪੈਦਾ ਕੀਤੇ ਜਾਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਬਸਪਾ ਮੁਫ਼ਤ ਸਰਕਾਰੀ ਸਹੂਲਤਾਂ ਦੇਣ ਦੀ ਬਜਾਏ ਹਰ ਇੱਕ ਨੂੰ ਰੁਜ਼ਗਾਰ ਦੇਣ ’ਚ ਵਿਸ਼ਵਾਸ ਰਖਦੀ ਹੈ। ਉਨ੍ਹਾਂ ਕਾਂਗਰਸ ਦੀ ਨਿੰਦਾ ਕਰਨ ਦੇ ਨਾਲ ਭਾਜਪਾ ਸਰਕਾਰ ਦੀਆਂ ਨਾਕਾਮੀਆਂ ਵੀ ਗਿਣਾਈਆਂ। ਬਸਪਾ ਸੁਪਰੀਮੋ ਨੇ ਕਿਹਾ ਕਿ ਦੇਸ਼ ਅੰਦਰ ਲੰਬਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਸਰਕਾਰ ਅੱਜ ਆਪਣੀ ਵਾਪਸੀ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਆਪਣੀਆਂ ਮਾੜੀਆਂ ਨੀਤੀਆਂ ਤੇ ਮਾੜੇ ਸ਼ਾਸਨਕਾਲ ਕਰਕੇ ਪਹਿਲਾਂ ਸੂਬਿਆਂ ਤੋਂ ਬਾਹਰ ਹੋਈ ਅਤੇ ਇਸ ਵਾਰ ਕੇਂਦਰ ਤੋਂ ਪੱਕੀ ਤਰ੍ਹਾਂ ਸਾਫ਼ ਹੋ ਜਾਵੇਗੀ। ਬਸਪਾ ਦੀ ਸਥਾਪਤੀ ਅਤੇ ਬਾਬੂ ਕਾਂਸ਼ੀ ਰਾਮ ਦੇ ਸੰਘਰਸ਼ ਦੇ ਸਫ਼ਰ ਦਾ ਲੰਬਾ ਸਮਾਂ ਗੁਣਗਾਣ ਕਰਦਿਆਂ ਮਾਇਆਵਤੀ ਨੇ ਕਿਹਾ ਕਿ ਬਸਪਾ ਕਾਰਨ ਜਿੱਥੇ ਕਾਂਗਰਸ ਦੀ ਧਾਕ ਤਹਿਸ-ਨਹਿਸ ਹੋਈ ਹੈ ਉਥੇ ਕੇਂਦਰ ’ਚ ਗੱਠਜੋੜ ਸਰਕਾਰਾਂ ਬਣਨ ਦਾ ਦੌਰ ਸ਼ੁਰੂ ਹੋਇਆ। ਇਸ ਲੜੀ ਤਹਿਤ ਵੀਪੀ ਸਿੰਘ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਵੱਲੋਂ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਅਤੇ ਡਾ. ਅੰਬੇਡਕਰ ਨੂੰ ‘ਭਾਰਤ ਰਤਨ’ ਦੇਣ ਦਾ ਸਿਹਰਾ ਉਨ੍ਹਾਂ ਬਸਪਾ ਸਿਰ ਬੰਨ੍ਹਿਆ। ਭਾਜਪਾ ’ਤੇ ਤਿੱਖੇ ਹਮਲੇ ਕਰਦਿਆਂ ਬਸਪਾ ਆਗੂ ਨੇ ਕਿਹਾ ਕਿ ਇਹ ਪਾਰਟੀ ਪੂੰਜੀਪਤੀਆਂ ਦੀ ਖ਼ਿਦਮਤ ਕਰਨ ਵਾਲੀ ਹੈ ਅਤੇ ਉਸ ਦੇ ਪੱਲੇ ਜੁਮਲੇਬਾਜ਼ੀ ਅਤੇ ਨਾਟਕਬਾਜ਼ੀ ਤੋਂ ਬਿਨਾਂ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਰਾਜ ’ਚ ਦੇਸ਼ ਦੀ ਸੁਰੱਖਿਆ ਨੂੰ ਵੀ ਲਗਾਤਾਰ ਖ਼ਤਰਾ ਬਣਿਆ ਰਿਹਾ ਅਤੇ ਸਰਹੱਦਾਂ ਦੇ ਨਾਂ ’ਤੇ ਸਿਆਸਤ ਕੀਤੀ ਜਾਂਦੀ ਰਹੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਨਰਿੰਦਰ ਮੋਦੀ ਵੱਲੋਂ ‘ਚੌਕੀਦਾਰੀ’ ਦਾ ਖੇਡਿਆ ਪੱਤਾ ਨਹੀਂ ਚੱਲਣ ਦਿੱਤਾ ਜਾਵੇਗਾ। ਰੈਲੀ ਦੌਰਾਨ ਪੀਡੀਏ ਆਗੂ ਰਸ਼ਪਾਲ ਰਾਜੂ, ਸੁਖਪਾਲ ਸਿੰਘ ਖਹਿਰਾ, ਸਿਮਰਜੀਤ ਸਿੰਘ ਬੈਂਸ, ਮੰਗਤ ਰਾਮ ਪਾਸਲਾ ਨੇ ਆਪੋ ਆਪਣੇ ਸੰਬੋਧਨ ’ਚ ਪੰਜਾਬ ਦੀ ਕੈਪਟਨ ਸਰਕਾਰ ਅਤੇ ਬਾਦਲ ਦਲ ਨੂੰ ਘੇਰਦਿਆਂ ਕਿਹਾ ਕਿ ਉਨ੍ਹਾਂ ਪੰਜਾਬ ਨੂੰ ਲੁੱਟਣ ਤੇ ਕੁੱਟਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਇਸ ਵਾਰ ਪੀਡੀਏ ਦਾ ਗੱਠਜੋੜ ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਜਿੱਤ ਪ੍ਰਾਪਤ ਕਰੇਗਾ।

ਅਲਵਰ ਸਮੂਹਿਕ ਜਬਰ-ਜਨਾਹ ਮਾਮਲੇ ’ਤੇ ਮੋਦੀ ਅਤੇ ਮਾਇਆਵਤੀ ’ਚ ਸ਼ਬਦੀ ਜੰਗ

ਕੁਸ਼ੀਨਗਰ/ਦਿਓਰੀਆ/ਲਖਨਊ: ਅਲਵਰ ਸਮੂਹਿਕ ਜਬਰ-ਜਨਾਹ ਮਾਮਲੇ ’ਤੇ ਨਰਿੰਦਰ ਮੋਦੀ ਅਤੇ ਮਾਇਆਵਤੀ ਵਿਚਕਾਰ ਸ਼ਬਦੀ ਜੰਗ ਭਖ ਗਈ ਹੈ। ਪ੍ਰਧਾਨ ਮੰਤਰੀ ਨੇ ਬਸਪਾ ਸੁਪਰੀਮੋ ’ਤੇ ਇਸ ਮਾਮਲੇ ’ਚ ‘ਮਗਰਮੱਛ ਦੇ ਹੰਝੂ’ ਵਹਾਉਣ ਦਾ ਦੋਸ਼ ਲਾਇਆ ਜਦਕਿ ਮਾਇਆਵਤੀ ਨੇ ਦੋਸ਼ਾਂ ਨੂੰ ‘ਗੰਦੀ ਸਿਆਸਤ’ ਕਰਾਰ ਦਿੰਦਿਆਂ ਰੱਦ ਕਰ ਦਿੱਤਾ। ਪੂਰਬੀ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਅਤੇ ਦਿਓਰੀਆ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਬਸਪਾ ਸੁਪਰੀਮੋ ’ਤੇ ਤਿੱਖਾ ਹਮਲਾ ਕਰਦਿਆਂ ਚੁਣੌਤੀ ਦਿੱਤੀ ਕਿ ਜੇਕਰ ਉਹ ਘਟਨਾ ਬਾਰੇ ਗੰਭੀਰ ਹੈ ਤਾਂ ਉਸ ਨੂੰ ਰਾਜਸਥਾਨ ’ਚ ਕਾਂਗਰਸ ਸਰਕਾਰ ਤੋਂ ਹਮਾਇਤ ਵਾਪਸ ਲੈ ਲੈਣੀ ਚਾਹੀਦੀ ਹੈ। ਕੁਝ ਘੰਟਿਆਂ ਮਗਰੋਂ ਮਾਇਆਵਤੀ ਨੇ ਪ੍ਰਧਾਨ ਮੰਤਰੀ ’ਤੇ ‘ਗੰਦੀ ਸਿਆਸਤ’ ਕਰਨ ਦਾ ਦੋਸ਼ ਲਾਉਂਦਿਆਂ ਮੰਗ ਕੀਤੀ ਕਿ ਬੀਤੇ ਸਮੇਂ ’ਚ ਦਲਿਤਾਂ ’ਤੇ ਹੋਈਆਂ ਵਧੀਕੀਆਂ ਲਈ ਉਹ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ। ਪ੍ਰੈੱਸ ਬਿਆਨ ’ਚ ਮਾਇਆਵਤੀ ਨੇ ਕਿਹਾ,‘‘ਅਲਵਰ ਕੇਸ ’ਚ ਜੇਕਰ ਸਖ਼ਤ ਅਤੇ ਢੁਕਵੀਂ ਕਾਨੂੰਨੀ ਕਾਰਵਾਈ ਨਾ ਹੋਈ ਤਾਂ ਉਹ ਯਕੀਨੀ ਤੌਰ ’ਤੇ ਕੋਈ ਫ਼ੈਸਲਾ ਲੈਣਗੇ।’’ ਪ੍ਰਧਾਨ ਮੰਤਰੀ ਅਤੇ ਬਸਪਾ ਸੁਪਰੀਮੋ ਨੇ ਰਾਜਸਥਾਨ ’ਚ ਕਾਂਗਰਸ ਸਰਕਾਰ ’ਤੇ ਦੋਸ਼ ਲਾਇਆ ਹੈ ਕਿ ਉਹ ਸਿਆਸੀ ਲਾਹੇ ਲਈ ਕੇਸ ਨੂੰ ਖੁੱਡੇ ਲਾ ਰਹੀ ਹੈ। ਜ਼ਿਕਰਯੋਗ ਹੈ ਕਿ 26 ਅਪਰੈਲ ਨੂੰ ਮਹਿਲਾ ਜਦੋਂ ਪਤੀ ਨਾਲ ਮੋਟਸਾਈਕਲ ’ਤੇ ਜਾ ਰਹੀ ਸੀ ਤਾਂ ਮੁਲਜ਼ਮ ਉਸ ਨੂੰ ਸੁੰਨਸਾਨ ਥਾਂ ’ਤੇ ਲੈ ਗਏ ਅਤੇ ਪਤੀ ਦੇ ਸਾਹਮਣੇ ਹੀ ਸਮੂਹਿਕ ਜਬਰ-ਜਨਾਹ ਕੀਤਾ। ਉਸ ਦੇ ਪਤੀ ਨੇ ਦਾਅਵਾ ਕੀਤਾ ਕਿ ਉਹ 30 ਅਪਰੈਲ ਨੂੰ ਰਾਜਸਥਾਨ ਪੁਲੀਸ ਕੋਲ ਚਲੇ ਗਏ ਸਨ ਪਰ ਐਫਆਈਆਰ 2 ਮਈ ਨੂੰ ਦਰਜ ਕੀਤੀ ਗਈ। ਉਸ ਨੇ ਦੋਸ਼ ਲਾਇਆ ਕਿ ਪੁਲੀਸ ਨੇ ਇਹ ਆਖ ਕੇ ਕਾਰਵਾਈ ਨਹੀਂ ਕੀਤੀ ਕਿ ਉਹ ਚੋਣਾਂ ’ਚ ਰੁੱਝੇ ਹੋਏ ਹਨ।

ਸ੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਸਰਕਾਰ ਵੀ ਦਲਿਤ ਮਹਿਲਾ ਨਾਲ ਵਾਪਰੇ ਕਾਂਡ ਨੂੰ ਦਬਾਉਣਾ ਚਾਹੁੰਦੀ ਹੈ ਕਿਉਂਕਿ ਉਸ ਦਾ ਮੰਨਣਾ ਹੈ ਕਿ ‘ਹੂਆ ਤੋਂ ਹੂਆ।’ ਕਾਂਗਰਸ ਆਗੂ ਸੈਮ ਪਿਤਰੋਦਾ ਵੱਲੋਂ ਸਿੱਖ ਕਤਲੇਆਮ ਸਬੰਧੀ ਦਿੱਤੇ ਬਿਆਨ ‘ਹੂਆ ਤੋਂ ਹੂਆ’ ਦਾ ਹਵਾਲਾ ਦਿੰਦਿਆਂ ਉਨ੍ਹਾਂ ਇਹ ਤਨਜ਼ ਕੱਸਿਆ। ਪ੍ਰਧਾਨ ਮੰਤਰੀ ਨੇ ਕਿਹਾ,‘‘ਜਦੋਂ ਲਖਨਊ ’ਚ ਗੈਸਟ ਹਾਊਸ ਕਾਂਡ ਹੋਇਆ ਤਾਂ ਪੂਰੇ ਮੁਲਕ ਨੂੰ ਦਰਦ ਹੋਇਆ ਸੀ। ਪਰ ਹੁਣ ਤੁਹਾਨੂੰ ਕੋਈ ਦਰਦ ਮਹਿਸੂਸ ਨਾ ਹੋਣ ਦਾ ਕੀ ਕਾਰਨ ਹੈ। ਜੇਕਰ ਤੁਸੀਂ ਧੀਆਂ ਦੇ ਸਨਮਾਨ ਪ੍ਰਤੀ ਇਮਾਨਦਾਰ ਹੋ ਤਾਂ ਤੁਹਾਨੂੰ ਫੌਰੀ ਰਾਜਸਥਾਨ ਦੇ ਰਾਜਪਾਲ ਨੂੰ ਪੱਤਰ ਲਿਖ ਕੇ ਕਾਂਗਰਸ ਸਰਕਾਰ ਤੋਂ ਹਮਾਇਤ ਵਾਪਸ ਲੈ ਲੈਣੀ ਚਾਹੀਦੀ ਹੈ।’’ ਕਾਂਗਰਸ ’ਤੇ ਹਮਲਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ‘ਨਿਆਏ, ਨਿਆਏ, ਨਿਆਏ’ ਦਾ ਰੌਲਾ ਪਾਉਂਦੇ ਹਨ ਪਰ ਨਾਮਦਾਰ ਨੂੰ ਬਲਾਤਕਾਰੀਆਂ ਨੇ ਖਾਮੋਸ਼ ਕਰ ਦਿੱਤਾ ਹੈ।

ਝਲਕੀਆਂ

* ਮਾਇਆਵਤੀ ਦਾ ਹੈਲੀਕਾਪਟਰ ਉਤਰਨ ਮੌਕੇ ਖੇਤਾਂ ’ਚੋਂ ਨਾੜ ਦੀ ਸੁਆਹ ਤੇ ਧੂੜ ਉੱਡ ਕੇ ਸਾਰਿਆਂ ’ਤੇ ਪੈਂਦੀ ਰਹੀ।
* ਮੰਚ ’ਤੇ ਮੋਹਰੀ ਕਤਾਰ ’ਚ ਮਾਇਆਵਤੀ ਦਾ ਭਤੀਜਾ ਬਿਰਾਜਮਾਨ ਸੀ।
* ਮਾਇਆਵਤੀ ਨੇ ਅਕਾਲੀ ਦਲ ਬਾਦਲ ਬਾਰੇ ਇੱਕ ਵੀ ਸ਼ਬਦ ਨਹੀਂ ਬੋਲਿਆ।
* ਮੰਚ ਤੋਂ ‘ਖਹਿਰਾ’ ਦੀ ਥਾਂ ‘ਖਰੀਆ’ ਤੇ ਸ੍ਰੀ ਬੈਂਸ ਨੂੰ ‘ਸ੍ਰੀਮਤੀ’ ਆਖਣਾ ਹਾਸੋ-ਹੀਣਾ ਬਣ ਗਿਆ।
* ਰੈਲੀ ਦੇ ਇੱਕ ਮੰਚ ’ਤੇ ਲਿਖੇ ‘ਵੀਆਈਪੀ’ ਦੇ ਬੋਰਡ ਵੀਆਈਪੀ ਕਲਚਰ ਦੀ ਹਾਮੀ ਭਰ ਰਹੇ ਸਨ।

Comments

comments

Share This Post

RedditYahooBloggerMyspace