ਲੋਕ ਰੋਹ ਕਾਰਨ ਬੇਰੰਗ ਮੁੜੇ ਵਿਧਾਇਕ

ਭਿੱਖੀਵਿੰਡ: ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ ਦੇ ਹੱਕ ਵਿਚ ਦਦੇਹਰ ਸਾਹਿਬ ਚੋਣ ਪ੍ਰਚਾਰ ਕਰਨ ਪੁੱਜੇ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਸਾਨ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਕੁਰਸੀਆਂ ਅਤੇ ਡਾਂਗਾਂ ਵੀ ਚੱਲੀਆਂ ਅਤੇ ਵਿਧਾਇਕ ਨੂੰ ਰੈਲੀ ਛੱਡ ਵਾਪਸ ਜਾਣਾ ਪਿਆ। ਅੱਜ ਦੇਰ ਸ਼ਾਮ ਦਦੇਹਰ ਸਾਹਿਬ ਵਿਚ ਕਿਸਾਨਾਂ ਨੇ ਕੀਤੇ ਵਾਅਦੇ ਪੂਰੇ ਨਾ ਕਰਨ ’ਤੇ ਰੋਸ ਜਤਾਇਆ, ਉਥੇ ਹੀ ਉਨ੍ਹਾਂ ਹਥਿਆਰਾਂ ਦੇ ਲਾਇਸੈਂਸ ਲਈ ਡੋਪ ਟੈਸਟ ਬੰਦ ਕਰਨ, ਟਰਾਂਸਫਾਰਮਰ ਚੋਰੀ ਹੋਣ ਤੇ ਸੰਬੰਧਿਤ ਥਾਣੇ ਵਿੱਚ ਸ਼ਿਕਾਇਤ ਦਰਜ ਕਰਨ, ਪਟਵਾਰੀ ਨਾ ਹੋਣ ਕਰ ਕੇ ਆ ਰਹੀਆਂ ਮੁਸ਼ਕਿਲਾਂ, ਤਹਿਸੀਲਾਂ, ਕਚਹਿਰੀਆਂ ਵਿਚ ਹੁੰਦੀ ਲੁੱਟ ਅਤੇ ਪਿਛਲੀ ਸਰਕਾਰ ਵੱਲੋਂ ਨੌਜਵਾਨਾਂ ਨਾਲ ਕੀਤੇ ਵਾਅਦੇ ਨਾ ਪੂਰੇ ਕਰਨ ’ਤੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨੌਕਰੀਆਂ, ਰੁਜ਼ਗਾਰ ਜਾਂ ਮਾਣ ਭੱਤਾ ਨਾ ਦੇਣ ’ਤੇ ਅਤੇ ਗਰੀਬ ਲੋਕਾਂ ਨੂੰ 5-5 ਮਰਲੇ ਦੇ ਪਲਾਟ ਨਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਕਿਸਾਨ ਸੰਘਰਸ਼ ਕਮੇਟੀ (ਸਤਨਾਮ ਸਿੰਘ ਪੰਨੂ) ਵਲੋਂ ਆਪਣੀਆਂ ਮੰਗਾਂ ਪੇਸ਼ ਕੀਤੀਆਂ ਗਈਆਂ ਤਾਂ ਅੱਜ ਦਾ ਇਕੱਠ ਕਰਨ ਵਾਲੇ ਲੋਕ ਇਸ ਦਾ ਵਿਰੋਧ ਕਰਨ ਲੱਗੇ ਅਤੇ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦ ਪੰਡਾਲ ਵਿਚ ਕੁਰਸੀਆਂ, ਡਾਂਗਾਂ ਚੱਲੀਆਂ ਅਤੇ ਕਈ ਲੋਕਾਂ ਦੀਆਂ ਪੱਗਾਂ ਵੀ ਲੱਥ ਗਈਆਂ ਅਤੇ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹਲਕਾ ਵਿਧਾਇਕ ਉਥੋਂ ਖਿਸਕ ਗਏ। ਵਿਰੋਧ ਕਰਨ ਵਾਲਿਆਂ ਵਿਚੋਂ ਕੁਲਵਿੰਦਰ ਸਿੰਘ ਨਾਮ ਦਾ ਵਿਅਕਤੀ ਜ਼ਖਮੀ ਹੋ ਗਿਆ ਹੈ ਜਿਸ ਨੂੰ ਸਰਹਾਲੀ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ।
ਇਸ ਮੌਕੇ ਸਤਨਾਮ ਸਿੰਘ ਪੰਨੂ ਗਰੁੱਪ ਦੇ ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਜੀਤ ਸਿੰਘ,ਪ੍ਰਗਟ ਸਿੰਘ, ਰਣਜੀਤ ਸਿੰਘ ਆਦਿ ਵਲੋਂ ਵਿਧਾਇਕ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਉਨ੍ਹਾਂ ’ਤੇ ਹਮਲਾ ਕੀਤਾ ਹੈ, ਉਨ੍ਹਾਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ, ਨਹੀਂ ਤਾਂ ਉਹ ਇਨਸਾਫ ਲਈ ਸੰਘਰਸ਼ ਕਰਨਗੇ।

Comments

comments

Share This Post

RedditYahooBloggerMyspace