ਵੈਸਟਫੇਲੀਅਨ ਸੰਧੀ: ਰਾਸ਼ਟਰਵਾਦ ਦੀ ਪਹਿਲੀ ਸਵੇਰ

ਕਰਮਜੀਤ ਸਿੰਘ
ਇਸ ਵਾਰ ਰਾਸ਼ਟਰਵਾਦ ਨੂੰ ਵੀ ਚੋਣ ਪ੍ਰਚਾਰ ਵਿਚ ਅਹਿਮ ਮੁੱਦਾ ਬਣਾਇਆ ਗਿਆ ਹੈ। ਪਿਛਲੀ ਕਿਸੇ ਵੀ ਪਾਰਲੀਮਾਨੀ ਚੋਣ ਵਿਚ ਇਸ ਨੂੰ ਇੰਨਾ ਮਹੱਤਵਪੂਰਨ ਨਹੀਂ ਸੀ ਸਮਝਿਆ ਗਿਆ। ਪਹਿਲੀ ਨਜ਼ਰੇ ਲੱਗਦਾ ਹੈ ਕਿ ਰਾਸ਼ਟਰਵਾਦ ਅਤੇ ਦੇਸ਼ਭਗਤੀ ਇਕੋ ਸਿੱਕੇ ਦੇ ਪਹਿਲੂ ਹਨ ਪਰ ਫਰਕ ਵੱਡੇ ਹਨ। ਡੂੰਘਾ ਉਤਰਿਆਂ ਪਤਾ ਲੱਗੇਗਾ ਕਿ ਰਾਸ਼ਟਰਵਾਦ ਕਾਫੀ ਗੁੰਝਲਦਾਰ ਮਾਜਰਾ ਹੈ। ਰਾਸ਼ਟਰਵਾਦ ਬਾਰੇ ਕੌਮਾਂਤਰੀ ਪੱਧਰ ‘ਤੇ ਹੋਈਆਂ ਅਤੇ ਹੋ ਰਹੀਆਂ ਵੱਡੀਆਂ ਬਹਿਸਾਂ ਵਿਚ ਭਾਰਤੀ ਵਿਦਵਾਨਾਂ ਦੀ ਸ਼ਮੂਲੀਅਤ ਟਾਵੀਂ-ਟੱਲੀ ਹੀ ਹੈ ਜਾਂ ਇਉਂ ਕਹੋ ਕਿ ਨਾਂਹ ਦੇ ਬਰਾਬਰ ਹੈ। ਇਹ ਸਿਹਰਾ ਭਾਰਤੀ ਜਨਤਾ ਪਾਰਟੀ ਨੂੰ ਹੀ ਜਾਂਦਾ ਹੈ, ਜਦੋਂ ਉਸ ਨੇ ਰਾਸ਼ਟਰਵਾਦ ਦੀ ਮਹੱਤਤਾ ਨੂੰ ਬਹਿਸ ਦੇ ਐਨ ਕੇਂਦਰ ਵਿਚ ਲੈ ਆਂਦਾ ਹੈ ਪਰ ਇਹ ਸਿਹਰਾ ਵੀ ਇਸੇ ਪਾਰਟੀ ਨੂੰ ਜਾਂਦਾ ਹੈ, ਜਿਸ ਨੇ ਰਾਸ਼ਟਰਵਾਦ ਨੂੰ ਸੰਕੀਰਨ, ਸੌੜੇ ਅਤੇ ਇਕਪਾਸੜ ਦ੍ਰਿਸ਼ਟੀਕੋਣ ਤੋਂ ਦੇਖਿਆ ਹੈ। ਵਿਰੋਧੀਆਂ, ਵਿਸ਼ੇਸ਼ ਕਰਕੇ ਘੱਟ ਗਿਣਤੀਆਂ ਦੀ ਇਹ ਸਮਝ ਹੈ ਕਿ ਇਹ ਨਜ਼ਰੀਆ ਹਿੰਦੂ ਰਾਸ਼ਟਰਵਾਦ ਦਾ ਹੀ ਦੂਜਾ ਰੂਪ ਹੈ।

ਇਸ ਵਿਚ ਸ਼ੱਕ ਵਾਲੀ ਕੋਈ ਗੱਲ ਨਹੀਂ ਕਿ ਹਿੰਦੂ ਰਾਸ਼ਟਰਵਾਦ ਦੇ ਪੁਨਰ ਜਨਮ ਬਾਰੇ ਵੱਡੀ ਬਹਿਸ ਚੱਲ ਰਹੀ ਹੈ। ਕੁਝ ਸਾਲਾਂ ਵਿਚ ਇਸ ਰਾਸ਼ਟਰਵਾਦ ਬਾਰੇ ਵੱਡੀਆਂ ਕਿਤਾਬਾਂ ਆਈਆਂ ਹਨ ਅਤੇ ਬਾਹਰਲੇ ਮੁਲਕਾਂ ਦੇ ਵਿਦਵਾਨ ਵੀ ਇਸ ਵਰਤਾਰੇ ਨੂੰ ਦਿਲਚਸਪੀ ਨਾਲ ਦੇਖ ਰਹੇ ਹਨ। ਹਿੰਦੂ ਰਾਸ਼ਟਰਵਾਦ ਦੇ ਸਿਧਾਂਤਕਾਰ ਰਾਸ਼ਟਰਵਾਦ ਨੂੰ ਸਿਧਾਂਤਕ ਆਧਾਰ ਦੇਣ ਲਈ ਦੂਰ-ਪਿਛਾਂਹ ਵੱਲ ਪਰਤੇ ਹਨ, ਦੋ ਹਜ਼ਾਰ ਸਾਲ ਪਹਿਲਾਂ ਦੇ ਮਿਥਿਹਾਸ ਤੇ ਇਤਿਹਾਸ ਵਿਚੋਂ ਰਾਸ਼ਟਰਵਾਦ ਦੇ ਇਸ਼ਾਰੇ, ਨਿਸ਼ਾਨ ਤੇ ਪ੍ਰਤੀਕ ਲੱਭ ਰਹੇ ਹਨ। ਇਥੋਂ ਤੱਕ ਕਿ ਸੁਪਰੀਮ ਕੋਰਟ ਦੇ ਉਸ ਫੈਸਲੇ ਦੇ ਹਵਾਲੇ ਨਾਲ ਹਿੰਦੂ ਰਾਸ਼ਟਰਵਾਦ ਨੂੰ ਮਾਨਤਾ ਦਿਵਾਉਣ ਦੇ ਯਤਨ ਕੀਤੇ ਜਾ ਰਹੇ ਹਨ, ਜਿਸ ਵਿਚ ਕਿਹਾ ਗਿਆ ਸੀ ਕਿ ਹਿੰਦੂ ਧਰਮ ਅਤੇ ਹਿੰਦੂਤਵ ਨੂੰ ਧਰਮ ਵਜੋਂ ਲੈਣ ਦੀ ਥਾਂ ਜ਼ਿੰਦਗੀ ਬਤੀਤ ਕਰਨ ਦਾ ਇਕ ਰਾਹ (Way of Life) ਹੀ ਸਮਝਿਆ ਜਾਵੇ।
ਰਾਸ਼ਟਰਵਾਦ ਹੈ ਕੀ? ਕੀ ਇਹ ਕਿਸੇ ਰਾਸ਼ਟਰ ਜਾਂ ਕੌਮ ਦੀ ਵਿਚਾਰਧਾਰਾ ਹੈ? ਕੀ ਇਸ ਨੂੰ ਵੱਡੀ ਲਹਿਰ ਸਮਝਿਆ ਜਾਵੇ ਜੋ ਆਪਣੇ ਆਪ ਵਿਚ ਸਮਾਜਿਕ ਵੀ ਹੈ ਅਤੇ ਰਾਜਨੀਤਕ ਵੀ ਹੈ? ਕੀ ਰਾਸ਼ਟਰਵਾਦ ਦੀਆਂ ਜੜ੍ਹਾਂ ਪ੍ਰਾਚੀਨ ਇਤਿਹਾਸ ਵਿਚ ਫੈਲੀਆਂ ਹੋਈਆਂ ਹਨ ਜਿਵੇਂ ਇਸਰਾਇਲੀ ਰਾਸ਼ਟਰਵਾਦ, ਯੂਨਾਨੀ ਰਾਸ਼ਟਰਵਾਦ ਅਤੇ ਹਿੰਦੂ ਰਾਸ਼ਟਰਵਾਦ ਦੇ ਸਮਰਥਕ ਦਾਅਵਾ ਕਰਦੇ ਹਨ? ਜਾਂ ਇਹ ਅਸਲੋਂ ਨਵਾਂ ਵਰਤਾਰਾ ਹੈ ਜਿਵੇਂ ਬੈਨੇਡਿਕਟ ਐਂਡਰਸਨ, ਅਰਨੈਸਟ ਗੈਲਨਰ ਤੇ ਐਰਿਕ ਹਾਬਸਬਾਮ ਦੀ ਖੋਜ ਇਸ ਨਤੀਜੇ ਉਤੇ ਪਹੁੰਚੀ ਹੈ।

ਰਾਸ਼ਟਰਵਾਦ ਦੀ ਪ੍ਰੀਭਾਸ਼ਾ ਬੁਝਾਰਤ ਬਣੀ ਹੋਈ ਹੈ। ਇਸ ਬਾਰੇ ਵਿਦਵਾਨਾਂ ਦੀ ਰਾਏ ਅਤੇ ਰਾਹ ਵੱਖਰੇ ਹਨ; ਇਥੋਂ ਤੱਕ ਕਿ ਇਕ ਦੂਜੇ ਦੇ ਉਲਟ ਵੀ ਹਨ। ਕਿਸੇ ਪ੍ਰੀਭਾਸ਼ਾ ਵਿਚ ‘ਸਿਧਾਂਤ’ ਦੀ ਗੱਲ ਹੋਏਗੀ, ਕੋਈ ‘ਵਿਸ਼ਵਾਸ’ ਨੂੰ ਪਹਿਲ ਦਿੰਦਾ ਹੈ। ਕਿਸੇ ਹੋਰ ਵਿਦਵਾਨ ਲਈ ‘ਪਛਾਣ’ ਦਾ ਨੁਕਤਾ ਮਹੱਤਵਪੂਰਨ ਹੈ ਅਤੇ ਕਿਸੇ ਵਿਚ ‘ਅਪਣੱਤ’ ਦੇ ਜਜ਼ਬਾਤ ਪ੍ਰਧਾਨ-ਸੁਰ ਰੱਖਦੇ ਹਨ।

ਇਉਂ ਅਸੀਂ ਕਹਿ ਸਕਦੇ ਹਾਂ ਕਿ ਰਾਸ਼ਟਰਵਾਦ ਬਹੁ-ਪਰਤੀ ਸੰਕਲਪ ਹੈ, ਜਿਸ ਵਿਚ ਵਿਸ਼ੇਸ਼ ਭਾਸ਼ਾ, ਇਤਿਹਾਸ, ਜਜ਼ਬਾਤ, ਧਰਮ, ਰਸਮੋ-ਰਿਵਾਜ, ਪਛਾਣ, ਪ੍ਰਤੀਕ, ਤਿਉਹਾਰ, ਰੰਗ, ਸਟੇਟ, ਇਲਾਕਾ ਇਕ ਮਾਲਾ ਵਿਚ ਪ੍ਰੋਏ ਨਜ਼ਰ ਨਹੀਂ ਆਉਣਗੇ। ਹਰ ਦੇਸ਼ ਦਾ ਰਾਸ਼ਟਰਵਾਦ ਵੱਖਰਾ ਹੋਵੇਗਾ।

‘ਐਨਸਾਈਕਲੋਪੀਡੀਆ ਆਫ ਨੈਸ਼ਨਲਿਜ਼ਮ’ ਨੇ ਦੋ ਵੱਡੀਆਂ ਜਿਲਦਾਂ ਵਿਚ ਜਿੱਥੇ ਰਾਸ਼ਟਰਵਾਦ ਦੀਆਂ ਦਰਜਨਾਂ ਵੰਨਗੀਆਂ ਦਾ ਜ਼ਿਕਰ ਅਤੇ ਵਿਸ਼ਲੇਸ਼ਣ ਕੀਤਾ ਹੈ, ਉੱਥੇ 130 ਤੋਂ ਉਪਰ ਕੌਮਾਂ ਜਾਂ ਰਾਸ਼ਟਰਾਂ ਦੇ ਰਾਸ਼ਟਰਵਾਦਾਂ ਦੀ ਨਿਸ਼ਾਨਦੇਹੀ ਵੀ ਕੀਤੀ ਹੈ।

ਇਸੇ ਵਿਸ਼ਵਕੋਸ਼ ਵਿਚ ਵੱਖ ਵੱਖ ਮੁਲਕਾਂ ਅੰਦਰ ਵਸਦੀਆਂ ਕਈ ਕੌਮੀਅਤਾਂ ਨੂੰ ਵੀ ਰਾਸ਼ਟਰਵਾਦ ਦੇ ਘੇਰੇ ਵਿਚ ਲਿਆਂਦਾ ਹੈ, ਜਿਸ ਵਿਚ ਸਿੱਖ ਰਾਸ਼ਟਰਵਾਦ ਵੀ ਸ਼ਾਮਲ ਹੈ। ਜੇ ਠੀਕ ਪ੍ਰੀਭਾਸ਼ਾ ਦੀ ਤਲਾਸ਼ ਕਰਨੀ ਹੋਵੇ ਤਾਂ ਇਹ ਕਿਹਾ ਜਾਂਦਾ ਹੈ ਕਿ ਰਾਸ਼ਟਰਵਾਦ ਨੂੰ ਨਕਸ਼ੇ ਵਾਂਗ ਦੇਖਿਆ ਜਾਏ, ਜਿਸ ਵਿਚ ਹਰ ਮੁਲਕ ਬਾਰੇ ਨਿਰਪੱਖ ਜਾਣਕਾਰੀ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ ਅਤੇ ਇਹ ਜਾਣਕਾਰੀ ਦੇਣ ਲੱਗਿਆਂ ਖਾਸ ਧਿਰ ਨਹੀਂ ਬਣਿਆ ਜਾਂਦਾ।

ਰਾਸ਼ਟਰਵਾਦ ਬਾਰੇ ਬਹਿਸ ਵਿਚ ਮੋਹਰਲੀ ਕਤਾਰ ਵਿਚ ਖੜ੍ਹੇ ਕਰੀਬ ਅੱਧੀ ਦਰਜਨ ਵਿਦਵਾਨਾਂ ਵਿਚ ਐਂਥਨੀ ਡੀ ਸਮਿੱਥ ਸ਼ਾਮਲ ਹਨ, ਜਿਨ੍ਹਾਂ ਦੀ ਧਾਰਨਾ ਹੈ ਕਿ ਰਾਸ਼ਟਰਵਾਦ ਤੇ ਰਾਸ਼ਟਰ ਦਾ ਜੇ ਗੰਭੀਰ ਵਿਸ਼ਲੇਸ਼ਣ ਕਰਨਾ ਹੈ ਤਾਂ ਸਮਾਜ ਵਿਚ ਰਾਜਨੀਤਕ ਵਿਗਿਆਨ ਤੇ ਇਤਿਹਾਸ ਵਰਗੇ ਵਿਸ਼ਿਆਂ ਨਾਲ ਰਿਸ਼ਤਾ ਜੋੜਨਾ ਪਵੇਗਾ। ਇਉਂ ਰਾਸ਼ਟਰਵਾਦ ਦੀ ਸਮਝ ਬਹੁਤ ਸਾਰੇ ਸਬੰਧਤ ਵਿਸ਼ਿਆਂ ਦੀ ਸਮਝ ਨਾਲ ਅਟੁੱਟ ਜੁੜੀ ਹੋਈ ਹੈ। ਐਂਥਨੀ ਨੂੰ ਇਸ ਵਿਚਾਰਧਾਰਾ ਦਾ ਬਾਨੀ ਕਿਹਾ ਜਾਂਦਾ ਹੈ। ਐਂਥਨੀ ਮੰਨਦਾ ਹੈ ਕਿ ਰਾਸ਼ਟਰਵਾਦ ਆਧੁਨਿਕ ਵਰਤਾਰਾ ਹੈ ਪਰ ਰਾਸ਼ਟਰ ਜਾਂ ਕੌਮ ਕੋਈ ਨਵਾਂ ਵਰਤਾਰਾ ਨਹੀਂ। ਇਸ ਦੀ ਹੋਂਦ ਸਦੀਆਂ ਪੁਰਾਣੀ ਹੈ। ਐਂਥਨੀ ਇਕੋ ਇਕ ਵਿਦਵਾਨ ਹੈ, ਜਿਸ ਨੇ ਦਲੀਲਾਂ ਅਤੇ ਤੱਥਾਂ ਸਹਿਤ ਰਾਸ਼ਟਰ ਦੇ ਰੋਲ, ਤਾਕਤ, ਪ੍ਰਭਾਵ ਨੂੰ ਖੋਜੀ ਬਿਰਤੀ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਰਾਸ਼ਟਰਵਾਦ ਅਤੇ ਰਾਸ਼ਟਰ ਬਾਰੇ ਚੱਲ ਰਹੀਆਂ ਬਹਿਸਾਂ ਵਿਚ ਉਸ ਦਾ ਵਿਸ਼ਲੇਸ਼ਣ, ਜਾਣਕਾਰੀ ਬਹੁ-ਪਰਤੀ ਵੀ ਹੈ ਅਤੇ ਸੂਖਮ ਵੀ।
ਅਰਨੈਸਟ ਰੈਨਿਨ (1829-92) ਨੇ ਰਾਸ਼ਟਰ ਦੀ ਧਾਰਨਾ ਬਾਰੇ ਜੋ ਵਿਚਾਰ ਦਿੱਤੇ ਹਨ, ਉਨ੍ਹਾਂ ਦਾ ਵੀ ਜ਼ਿਕਰ ਕਰਨਾ ਬਣਦਾ ਹੈ। ਭਾਸ਼ਾ ਵਿਗਿਆਨ, ਦਰਸ਼ਨ, ਸੱਭਿਅਤਾਵਾਂ, ਧਰਮ ਅਧਿਐਨ ਅਤੇ ਇਤਿਹਾਸ ਦੇ ਇਸ ਵਿਦਵਾਨ ਨੇ ਰਾਸ਼ਟਰ ਨੂੰ ‘ਅਧਿਆਤਮਕ ਸਿਧਾਂਤ’ ਨਾਲ ਜੋੜ ਦਿੱਤਾ ਹੈ। ਰਾਸ਼ਟਰ ਬਾਰੇ ਉਸ ਦੀਆਂ ਕਈ ਟਿੱਪਣੀਆਂ ਮੁਹਾਵਰਾ ਬਣ ਗਈਆਂ ਹਨ। ਉਸ ਨੇ ਰਾਸ਼ਟਰ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਰਾਸ਼ਟਰ ਦੀ ਤੁਲਨਾ ‘ਆਤਮਾ’ ਨਾਲ ਕੀਤੀ ਹੈ ਪਰ ਨਾਲ ਇਹ ਟਿੱਪਣੀ ਵੀ ਕੀਤੀ ਹੈ ਕਿ ਰਾਸ਼ਟਰ ਕੋਈ ਅੰਤਿਮ ਹਕੀਕਤ ਨਹੀਂ। ਇਸ ਦਾ ਆਦਿ ਵੀ ਹੈ ਅਤੇ ਅੰਤ ਵੀ। ਇਕ ਹੋਰ ਥਾਂ ‘ਤੇ ਉਸ ਦਾ ਵਿਸ਼ਵਾਸ ਹੈ ਕਿ ਰਾਸ਼ਟਰ ਕਿਸੇ ਸਮੇਂ ‘ਕਨਫੈਡਰੇਸ਼ਨ’ ਵਿਚ ਵੀ ਤਬਦੀਲ ਹੋ ਸਕਦਾ ਹੈ। ਕਈ ਧਾਰਨਾਵਾਂ ਵਿਚ ਅਸਪੱਸ਼ਟਤਾ ਅਤੇ ਧੁੰਦਲਾਪਨ ਹੋਣ ਕਰਕੇ ਉਸ ਦੀ ਤਿੱਖੀ ਆਲੋਚਨਾ ਵੀ ਹੋਈ ਹੈ।
ਜਦੋਂ ਵੀ ਰਾਸ਼ਟਰਵਾਦ, ਰਾਸ਼ਟਰ ਅਤੇ ਇਸ ਨਾਲ ਜੁੜੇ ਵਿਸ਼ਿਆਂ ਦੇ ਸੰਕਲਪ, ਥਿਊਰੀਆਂ, ਸਿਧਾਂਤਾਂ ਅਤੇ ਇਤਿਹਾਸ ਦਾ ਜ਼ਿਕਰ ਛਿੜੇਗਾ ਤਾਂ ਬੈਨੇਡਿਕਟ ਐਂਡਰਸਨ (1936-2015) ਰਾਸ਼ਟਰਵਾਦ ਦੇ ਵਿਦਵਾਨਾਂ ਦੀ ਕਤਾਰ ਵਿਚ ‘ਮਾਊਂਟ ਐਵਰੈਸਟ’ ਬਣਿਆ ਰਹੇਗਾ। ਉਸ ਦੀ ਕਿਤਾਬ ‘ਕਾਲਪਨਿਕ ਰਾਸ਼ਟਰ’ (ਇਮੈਜਨਡ ਕਮਿਊਨਿਟੀਜ਼) ਨੇ ਰਾਸ਼ਟਰਵਾਦ ਦੇ ਪਾਣੀਆਂ ਵਿਚ ਭੂਚਾਲ ਲੈ ਆਂਦਾ, ਜਦੋਂ ਉਸ ਦੀ ਮੌਲਿਕ ਖੋਜ ਨੇ ਇਹ ਧਾਰਨਾ ਸਾਹਮਣੇ ਲਿਆਂਦੀ ਕਿ ਰਾਸ਼ਟਰ ਤਾਂ ‘ਕਾਲਪਨਿਕ’ ਵਰਤਾਰਾ ਹੀ ਹੈ, ਜਿਸ ਦਾ ਇਤਿਹਾਸ ਦੇ ਕਿਸੇ ਪੜਾਅ ‘ਤੇ ‘ਸਮਾਜਿਕ ਨਿਰਮਾਣ’ ਹੋਇਆ ਅਤੇ ਜਿਸ ਦੀ ਸਿਰਜਣਾ ਵਿਚ ਛਾਪਾਖਾਨਾ, ਅਖ਼ਬਾਰ, ਨਾਵਲਾਂ ਅਤੇ ਸੰਚਾਰ ਸਾਧਨਾਂ ਦਾ ਵੱਡਾ ਹਿੱਸਾ ਹੈ।

ਜਦੋਂ ਵੀ ਰਾਸ਼ਟਰਵਾਦ, ਰਾਸ਼ਟਰ ਅਤੇ ਇਸ ਨਾਲ ਜੁੜੇ ਵਿਸ਼ਿਆਂ ਦੇ ਸੰਕਲਪ, ਥਿਊਰੀਆਂ, ਸਿਧਾਂਤਾਂ ਅਤੇ ਇਤਿਹਾਸ ਦਾ ਜ਼ਿਕਰ ਛਿੜੇਗਾ ਤਾਂ ਬੈਨੇਡਿਕਟ ਐਂਡਰਸਨ (1936-2015) ਰਾਸ਼ਟਰਵਾਦ ਦੇ ਵਿਦਵਾਨਾਂ ਦੀ ਕਤਾਰ ਵਿਚ ‘ਮਾਊਂਟ ਐਵਰੈਸਟ’ ਬਣਿਆ ਰਹੇਗਾ। ਉਸ ਦੀ ਕਿਤਾਬ ‘ਕਾਲਪਨਿਕ ਰਾਸ਼ਟਰ’ (ਇਮੈਜਨਡ ਕਮਿਊਨਿਟੀਜ਼) ਨੇ ਰਾਸ਼ਟਰਵਾਦ ਦੇ ਪਾਣੀਆਂ ਵਿਚ ਭੂਚਾਲ ਲੈ ਆਂਦਾ, ਜਦੋਂ ਉਸ ਦੀ ਮੌਲਿਕ ਖੋਜ ਨੇ ਇਹ ਧਾਰਨਾ ਸਾਹਮਣੇ ਲਿਆਂਦੀ ਕਿ ਰਾਸ਼ਟਰ ਤਾਂ ‘ਕਾਲਪਨਿਕ’ ਵਰਤਾਰਾ ਹੀ ਹੈ, ਜਿਸ ਦਾ ਇਤਿਹਾਸ ਦੇ ਕਿਸੇ ਪੜਾਅ ‘ਤੇ ‘ਸਮਾਜਿਕ ਨਿਰਮਾਣ’ ਹੋਇਆ ਅਤੇ ਜਿਸ ਦੀ ਸਿਰਜਣਾ ਵਿਚ ਛਾਪਾਖਾਨਾ, ਅਖ਼ਬਾਰ, ਨਾਵਲਾਂ ਅਤੇ ਸੰਚਾਰ ਸਾਧਨਾਂ ਦਾ ਵੱਡਾ ਹਿੱਸਾ ਹੈ।

ਉਸ ਦਾ ਕਹਿਣਾ ਸੀ ਕਿ ਲੋਕਾਂ ਦਾ ਸਮੂਹ ਭਾਵੇਂ ਛੋਟਾ ਹੋਵੇ ਜਾਂ ਵੱਡਾ, ਉਸ ਸਮੂਹ ਦੇ ਮੈਂਬਰ ਬਹੁਤਾ ਕਰਕੇ ਇਕ ਦੂਜੇ ਨੂੰ ਜਾਣਦੇ ਵੀ ਨਹੀਂ, ਉਨ੍ਹਾਂ ਨੇ ਇਕ ਦੂਜੇ ਨੂੰ ਦੇਖਿਆ ਵੀ ਨਹੀਂ ਹੁੰਦਾ, ਫਿਰ ਵੀ ਉਹ ‘ਕਲਪਨਾ’ ਵਿਚ ਉਸ ਸਮੂਹ ਨਾਲ ਜੁੜੇ ਹੁੰਦੇ ਹਨ, ਜਿਸ ਕਰਕੇ ਉਹ ਸਮੂਹ ‘ਕਾਲਪਨਿਕ ਰਾਸ਼ਟਰ’ ਹੀ ਕਿਹਾ ਜਾਵੇਗਾ। ਇਸ ਧਾਰਨਾ ਦੀ ਆਲੋਚਨਾ ਕਰਨ ਵਾਲੇ ਐਂਥਨੀ ਸਮੇਤ ਕਈ ਹੋਰ ਵਿਦਵਾਨਾਂ ਦੀ ਵੀ ਕਮੀ ਨਹੀਂ ਪਰ ਉਸ ਦੀ ਖੋਜ ਨੇ ਵਿਦਵਾਨਾਂ ਅਤੇ ਮਾਹਰਾਂ ਨੂੰ ਨਾ ਕੇਵਲ ਦੋ ਹਿੱਸਿਆਂ ਵਿਚ ਵੰਡ ਦਿੱਤਾ ਸਗੋਂ ਸਮਾਜ ਵਿਗਿਆਨ, ਰਾਜਨੀਤਕ ਵਿਗਿਆਨ ਅਤੇ ਹੋਰ ਕਈ ਵਿਸ਼ਿਆਂ ਦੇ ਮਾਹਰਾਂ ਨੇ ਵੀ ਰਾਸ਼ਟਰਵਾਦ ਵਿਚ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ। ਇਨ੍ਹਾਂ ਵਿਚ ਮਾਨਵ ਵਿਗਿਆਨ, ਪੁਰਾਤੱਤਵ ਵਿਗਿਆਨ, ਖੇਡਾਂ, ਇਕਨਾਮਿਕਸ, ਇਕਾਲੋਜੀ, ਭਵਨ-ਨਿਰਮਾਣ ਕਲਾ, ਕਾਨੂੰਨ, ਪੂੰਜੀਵਾਦ, ਸਾਹਿਤ, ਕਲਾ ਅਤੇ ਪੱਤਰਕਾਰੀ ਸ਼ਾਮਲ ਹਨ।

ਜੇ ਰਾਸ਼ਟਰਵਾਦ ਆਧੁਨਿਕ ਘਟਨਾ ਜਾਂ ਵਰਤਾਰਾ ਹੈ ਤਾਂ ਅਹਿਮ ਸਵਾਲ ਢੁੱਕਵਾਂ ਜਵਾਬ ਮੰਗਦਾ ਹੈ ਕਿ ਆਰੰਭ ਕਦੋਂ ਸਮਝਿਆ ਜਾਵੇ? ਜਵਾਬ 17ਵੀਂ ਸਦੀ ਦੇ ਯੂਰੋਪ ਦੀ ਸਰਜ਼ਮੀਨ ’ਤੇ ਮਿਲਦਾ ਹੈ, ਜਦੋਂ ਇਸ ਮਹਾਂਦੀਪ ਵਿਚ ਰਾਸ਼ਟਰਵਾਦ ਦੀ ਸੱਜਰੀ ਸਵੇਰ ਨੇ ਜਨਮ ਲਿਆ। 1618 ਤੋਂ 1648 ਦਾ ਦੌਰ ਅਜਿਹਾ ਸਮਾਂ ਸੀ ਜਦੋਂ ਯੂਰੋਪ ਵਿਚ, ਵਿਸ਼ੇਸ਼ ਕਰਕੇ ਕੇਂਦਰੀ ਖਿੱਤੇ ਵਿਚ 30 ਸਾਲ ਤਕ ਕਦੇ ਲਗਾਤਾਰ ਤੇ ਕਦੇ ਰੁਕ ਰੁਕ ਕੇ ਉਹ ਲੜਾਈਆਂ ਤੇ ਝੜਪਾਂ ਹੋਈਆਂ ਕਿ ਸਾਰੇ ਪਾਸੇ ਤਬਾਹੀ ਨਜ਼ਰ ਆਉਣ ਲੱਗੀ। ਇਹ ਜੰਗਾਂ ਭਾਵੇਂ ਕੈਥੋਲਿਕਾਂ ਤੇ ਪ੍ਰੋਟੈਸਟੈਂਟਾਂ ਵਿਚਕਾਰ ਹੋਈਆਂ ਪਰ ਕੇਂਦਰ ਵਿਚ ਅਜਿਹੀ ਰਾਜਨੀਤੀ ਸੀ ਜੋ ਧਰਮ ਤੋਂ ਖਹਿੜਾ ਛੁਡਾਉਣਾ ਚਾਹੁੰਦੀ ਸੀ ਜਾਂ ਇਉਂ ਕਹਿ ਲਓ ਕਿ ਧਰਮ ਦੀ ਸਰਦਾਰੀ ਨੂੰ ਕਮਜ਼ੋਰ ਕਰਨਾ ਚਾਹੁੰਦੀ ਸੀ; ਹੋਇਆ ਵੀ ਇੰਜ ਹੀ।

ਯੂਰੋਪ ਦੇ ਇਤਿਹਾਸ ਦੀ ਇਹ ਦਰਦ ਭਿੱਜੀ ਦਾਸਤਾਨ ਹੈ ਜਦੋਂ ਯੂਰੋਪ ਦੀ 9 ਕਰੋੜ ਦੀ ਆਬਾਦੀ ਵਿਚੋਂ 80 ਲੱਖ ਲੋਕ ਇਨ੍ਹਾਂ ਲੜਾਈਆਂ ਦੀ ਭੇਟ ਚੜ੍ਹ ਗਏ। ਹਾਲਤ ਇਹ ਬਣ ਗਈ ਕਿ ਕੀ ਹਾਕਮ, ਕੀ ਲੋਕ ਅਤੇ ਕੀ ਚਰਚ, ਸਭ ਅੱਕ-ਥੱਕ ਕੇ ਅਮਨ ਕਾਇਮੀ ਦੀ ਦੁਆ ਕਰਨ ਲੱਗੇ। ਭਿਆਨਕ ਤਬਾਹੀ ਨੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਕਿ ਰੱਬ ਕਿਤੇ ਹੈ ਵੀ? ਇਨ੍ਹਾਂ ਹੀ ਹਾਲਾਤ ਨੇ ਅਕਤੂਬਰ 1648 ਨੂੰ ਇਤਿਹਾਸਕ ਸੰਧੀ ਨੂੰ ਜਨਮ ਦਿੱਤਾ ਜਿਸ ਨੂੰ ਵੈਸਟਫੇਲੀਅਨ ਸੰਧੀ ਕਿਹਾ ਜਾਂਦਾ ਹੈ। ਵੈਸਟਫੇਲੀਆ ਜਰਮਨੀ ਸੂਬਾ ਹੈ, ਜਿਸ ਦੇ ਦੋ ਸ਼ਹਿਰਾਂ ਵਿਚ ਚਾਰ ਸਾਲ ਦੀ ਲਗਾਤਾਰ ਕੂਟਨੀਤਕ ਜਦੋਜਹਿਦ ਪਿੱਛੋਂ ਇਹ ਸੰਧੀ ਵਜੂਦ ਵਿਚ ਆਈ। ਅਸਲ ਵਿਚ ਇਹ ਦੋ ਸੰਧੀਆਂ ਦਾ ਮਿਲਾਪ ਹੈ।

ਵੈਸਟਫੇਲੀਅਨ ਸੰਧੀ ਦੇ ਕੁਝ ਦਿਲਚਸਪ ਤੱਥ ਹਨ। 194 ਰਾਜਾਂ ਦੇ ਰਾਜਕੁਮਾਰਾਂ ਨੇ ਜਰਮਨੀ ਦੇ ਦੋ ਸ਼ਹਿਰਾਂ ਵਿਚ ਉਤਾਰਾ ਕੀਤਾ। ਸਭ ਛੋਟੇ ਵੱਡੇ ਰਾਜਾਂ ਨੂੰ ਬਰਾਬਰ ਦਰਜਾ ਹਾਸਲ ਹੋਇਆ। ਕੈਥੋਲਿਕ ਤੇ ਪ੍ਰੋਟੈਸਟੈਂਟ ਕਿਉਂਕਿ ਇਕ ਦੂਜੇ ਦੇ ਦੁਸ਼ਮਣ ਬਣ ਗਏ ਸਨ, ਇਸ ਲਈ ਉਨ੍ਹਾਂ ਨੂੰ ਵੱਖਰੇ ਵੱਖਰੇ ਸ਼ਹਿਰਾਂ ਵਿਚ ਰੱਖਿਆ ਗਿਆ। ਚਾਰ ਹਜ਼ਾਰ ਤੋਂ ਉਪਰ ਅਧਿਕਾਰੀ, ਡਿਪਲੋਮੈਟ ਅਤੇ ਵਿਚੋਲੇ ਸਰਬਸੰਮਤੀ ਉੱਤੇ ਪਹੁੰਚਣ ਲਈ ਪੂਰੇ ਚਾਰ ਸਾਲਾਂ ਤੱਕ ਬਹਿਸਾਂ ਕਰਦੇ ਰਹੇ। ਸੰਧੀ ਦਾ ਖਰੜਾ ਵੀ ਬੜੀ ਮੁਸ਼ੱਕਤ ਪਿੱਛੋਂ ਤਿਆਰ ਹੋਇਆ। ਖਰੜੇ ਦੀ ਸ਼ਬਦਾਵਲੀ ਵੀ ਕੂਟਨੀਤਕ ਕਲਾ ਦਾ ਨਮੂਨਾ ਹੈ।

ਵੈਸਟਫੇਲੀਅਨ ਸੰਧੀ ਦੇ ਫੈਸਲੇ ਵੀ ਪ੍ਰਭੂਸੱਤਾ ਸੰਕਲਪ ਅਤੇ ਆਤਮ ਨਿਰਣੇ ਦੇ ਹੱਕ ਦੀ ਇਤਿਹਾਸਕ ਯਾਦਗਾਰ ਹਨ। ਹਰ ਰਾਜ ਦੀਆਂ ਹੱਦਾਂ ਮਿੱਥ ਦਿੱਤੀਆਂ ਗਈਆਂ। ਇਕ ਦੂਜੇ ਦੇ ਅੰਦਰੂਨੀ ਮਾਮਲਿਆਂ ਵਿਚ ਦਖਲਅੰਦਾਜ਼ੀ ਬੰਦ ਕਰ ਦਿੱਤੀ ਗਈ। ਨੈਦਰਲੈਂਡਸ 80 ਸਾਲ ਦੀ ਜੰਗ ਪਿੱਛੋਂ ਆਖਰ ਸਪੇਨ ਤੋਂ ਆਜ਼ਾਦ ਹੋਇਆ। ‘ਜਿਸ ਦਾ ਰਾਜ ਉਸੇ ਦਾ ਧਰਮ’ ਨੀਤੀ ਹੋਂਦ ਵਿਚ ਆਈ। ਧਾਰਮਿਕ ਆਜ਼ਾਦੀ ਵੀ ਮਿਲੀ। ਕੂਟਨੀਤਕ ਕਲਾ ਪ੍ਰਫੁੱਲਤ ਹੋਈ। ਹੋਲੀ ਰੋਮਨ ਸਾਮਰਾਜ ਦੇ ਖਾਤਮੇ ਦੀ ਸ਼ੁਰੂਆਤ ਹੋਈ। ਪੋਪ ਦੀ ਸਰਦਾਰੀ ਪਹਿਲਾਂ ਵਾਲੀ ਨਾ ਰਹੀ। ਫਰਾਂਸ ਨੂੰ ਸਭ ਤੋਂ ਵੱਧ ਲਾਭ ਮਿਲਿਆ ਅਤੇ ਜਰਮਨੀ ਨੂੰ ਵੱਧ ਨੁਕਸਾਨ ਹੋਇਆ।
ਜਿਹੜੇ 200 ਦੇ ਕਰੀਬ ਪ੍ਰਭੂਸੰਪਨ ਮੁਲਕ ਅੱਜ ਅਸੀਂ ਦੇਖ ਰਹੇ ਹਾਂ, ਉਸ ਦਾ ਕੱਚਾ ਤਾਣਾ-ਬਾਣਾ, ਰਾਜਨੀਤਕ ਪ੍ਰਣਾਲੀ, ਕੌਮਾਂਤਰਰੀ ਕਾਨੂੰਨ ਦੀ ਸਵੇਰ ਵੈਸਟਫੇਲੀਅਨ ਸੰਧੀ ਨਾਲ ਆਰੰਭ ਹੋਈ ਸੀ। 1789 ਦੇ ਫਰਾਂਸੀਸੀ ਇਨਕਲਾਬ ਦਾ ਇਕ ਪ੍ਰੇਰਨਾ ਸਰੋਤ ਵੀ ਇਹ ਸੰਧੀ ਹੀ ਸੀ। ਇਸੇ ਸੰਧੀ ਪਿੱਛੋਂ ਬਰਤਾਨੀਆ, ਸਪੇਨ, ਆਸਟਰੀਆ ਅਤੇ ਹੋਰ ਕਈ ਮੁਲਕਾਂ ਨੂੰ ਏਸ਼ੀਆ ਅਤੇ ਅਫਰੀਕਾ ਵਿਚ ਬਸਤੀਆਂ ਕਾਇਮ ਕਰਨ ਦੇ ਮੌਕੇ ਮਿਲੇ। ਇਸੇ ਸੰਧੀ ਨੇ ਮੁਲਕਾਂ ਨੂੰ ਹੋਰ ਮਜ਼ਬੂਤ ਕੀਤਾ ਅਤੇ ਕੈਥੋਲਿਕ ਦੇ ਕਿਲ੍ਹਿਆਂ ਵਿਚ ਵੱਡੀਆਂ ਤਰੇੜਾਂ ਆਈਆਂ। ਕਿਸੇ ਸੰਧੀ ਪਿੱਛੋਂ ਕਦੇ ਸਹਿਜੇ ਸਹਿਜੇ ਕਦੇ ਤੇਜ਼ੀ ਨਾਲ ਅਤੇ ਕਦੇ ਤੂਫਾਨ ਦੀ ਤੇਜ਼ੀ ਨਾਲ ਨਵੇਂ ਰਾਸ਼ਟਰ ਹੋਂਦ ਵਿਚ ਆਏ ਅਤੇ ਸਾਰੀ ਦੁਨੀਆਂ ਰਾਸ਼ਟਰਵਾਦ ਦੇ ਕਲਾਵੇ ਵਿਚ ਆ ਗਈ। ਕਈ ਵਿਦਵਾਨ ਇਸ ਵਰਤਾਰੇ ਨੂੰ ‘ਰਾਸ਼ਟਰਵਾਦ ਦੀ ਕੈਦ’ ਵੀ ਕਹਿੰਦੇ ਹਨ, ਜਿਸ ਨੇ ਪਹਿਲੀ ਤੇ ਦੂਜੀ ਸੰਸਾਰ ਜੰਗ ਵਿਚ ਕਰੋੜਾਂ ਲੋਕਾਂ ਦੀ ਜਾਨ ਲਈ।

ਕੀ ਰਾਸ਼ਟਰ ਅਤੇ ਰਾਸ਼ਟਰਵਾਦ ਆਖਰੀ ਸਾਹਾਂ ‘ਤੇ ਹਨ? ਕੀ ਕੋਈ ਅਜਿਹੀ ਰਾਜਨੀਤਕ ਪ੍ਰਣਾਲੀ ਹੋਂਦ ਵਿਚ ਆ ਸਕਦੀ ਹੈ ਜੋ ਰਾਸ਼ਟਰਵਾਦ ਦਾ ਢੁੱਕਵਾਂ ਅਤੇ ਸਾਰਥਕ ਬਦਲ ਹੋਵੇ? ਕੀ ਰਾਸ਼ਟਰਵਾਦ ਵਿਚ ਇਨਕਲਾਬੀ ਤਬਦੀਲੀਆਂ ਹੀ ਨਵੇਂ ਰਾਸ਼ਟਰਵਾਦ ਨੂੰ ਜਨਮ ਦੇਣਗੀਆਂ? ਇਹ ਔਖੇ ਅਤੇ ਗੁੰਝਲਦਾਰ ਸਵਾਲ ਬਿਨਾਂ ਕਿਸੇ ਨਤੀਜੇ ਉੱਤੇ ਪਹੁੰਚਿਆਂ ਅਜੇ ਵੱਡੀ ਬਹਿਸ ਦੇ ਹੀ ਘੇਰੇ ਵਿਚ ਹਨ।
ਸੰਪਰਕ: 99150-91063

Comments

comments

Share This Post

RedditYahooBloggerMyspace