ਗੁਰੂ ਸਾਹਿਬਾਨ ਦਾ ਆਨੰਦਪੁਰ ਸਾਹਿਬ ਨਾਲ ਰਿਸ਼ਤਾ

(ਭਾਈ ਹਰਿਸਿਮਰਨ ਸਿੰਘ)

Cityof Bliss: A bird's eye view of Anandpur Sahib which has been painted white on the eve of its 350th foundation day celebrations to be held on June 19. Tribune photo Manoj Mahajan

ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਵੱਸੇ ਆਨੰਦਪੁਰ ਸਾਹਿਬ ਦੀ ਸਿੱਖ ਪੰਥ ਅਤੇ ਮਾਨਵ ਜਾਤੀ ਨੂੰ ਖੇੜੇ ਭਰਪੂਰ ਆਨੰਦਿਤ ਜੀਵਨ ਦੇਣ ਲਈ ਲੋੜੀਂਦੀ ਸਮਾਜ ਵਿਵਸਥਾ ਸਿਰਜਣ ਦੇ ਸੰਦਰਭ ਵਿੱਚ ਸਿਧਾਂਤਕ ਅਤੇ ਇਤਿਹਾਸਕ ਮਹੱਤਤਾ ਹੈ। ਆਨੰਦਪੁਰ ਸਾਹਿਬ ਦਾ ਨਾਂ ਲੈਂਦਿਆਂ ਹੀ ਇਸ ਸਥਾਨ ਪਿੱਛੇ ਕੰਮ ਕਰ ਰਹੀ ‘ਆਨੰਦਾਂ ਦੀ ਪੁਰੀ’ ਦਾ ਉਹ ਸਿਧਾਂਤਕ ਬਿੰਬ ਅਤੇ ਫ਼ਲਸਫ਼ਾ ਮਨ ਮਸਤਕ ਵਿੱਚ ਪ੍ਰਗਟ ਹੁੰਦਾ ਹੈ ਜੋ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਈ ਸਿੱਖ ਦਾਰਸ਼ਨਿਕ ਪਰੰਪਰਾ ਦਾ ਇਤਿਹਾਸ ਵਿੱਚ ਮੂਲ ਯਤਨ ਰਿਹਾ ਹੈ। ਆਨੰਦਪੁਰ ਸਾਹਿਬ ਦੀ ਸਥਾਪਨਾ ਗੁਰੂ ਸਾਹਿਬਾਨ ਵੱਲੋਂ ਆਪਣੇ ਜੀਵਨ ਵਿੱਚ ਸਿੱਖ ਧਰਮ ਅਤੇ ਪੰਥ ਦੀ ਪ੍ਰਫੁੱਲਤਾ ਲਈ ਵਸਾਏ ਗਏ ਕਰਤਾਰਪੁਰ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਅੰਮ੍ਰਿਤਸਰ, ਤਰਨ ਤਾਰਨ ਅਤੇ ਕੀਰਤਪੁਰ ਸਾਹਿਬ ਨਗਰਾਂ ਦੀ ਸਥਾਪਨਾ ਦੀ ਚਲਾਈ ਗਈ ਲੜੀ ਦਾ ਵੀ ਇੱਕ ਸਿਖਰ ਹੈ। ਆਨੰਦਪੁਰ ਸਾਹਿਬ ਦੀ ਨੀਂਹ 19 ਜੂਨ 1665 ਨੂੰ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਭੋਰਾ ਸਾਹਿਬ ਦੇ ਸਥਾਨ ‘ਤੇ ਸਮੇਂ ਦੀ ਪਰੰਪਰਾ ਅਨੁਸਾਰ ਮੋੜ੍ਹੀ ਗੱਡ ਕੇ ਰੱਖੀ ਗਈ ਸੀ। ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਆਨੰਦਪੁਰ ਸਾਹਿਬ ਦੀ ਧਰਤੀ ਨਾਲ ਸਥਾਪਤ ਹੋਇਆ ਡੂੰਘਾ ਰੂਹਾਨੀ, ਸੰਸਾਰਕ, ਜ਼ਾਤੀ ਅਤੇ ਇਤਿਹਾਸਕ ਰਿਸ਼ਤਾ ਸਿੱਖ ਪੰਥ ਹੁਣ ਵੀ ਪੂਰੀ ਤਨਦੇਹੀ ਨਾਲ ਨਿਭਾ ਰਿਹਾ ਹੈ। ਕਿਸੇ ਵੀ ਧਰਮ, ਫ਼ਲਸਫ਼ੇ ਅਤੇ ਨਵੀਂ ਜੀਵਨ ਧਾਰਾ ਦੀ ਪ੍ਰਫੁੱਲਤਾ ਵਿੱਚ ਮੁੱਢਲੇ ਦੌਰ ‘ਤੇ ਕੇਂਦਰ ਬਣਾਉਣੇ ਪਹਿਲਾ ਮਹੱਤਵਪੂਰਨ ਕਾਰਜ ਹੁੰਦਾ ਹੈ। ਧਰਮਾਂ ਦੇ ਬਾਨੀਆਂ-ਰਹਿਬਰਾਂ ਵੱਲੋਂ ਨਗਰਾਂ ਦੇ ਰੂਪ ਵਿੱਚ ਬਣਾਏ ਜਾਂਦੇ ਅਜਿਹੇ ਕੇਂਦਰ ਉਨ੍ਹਾਂ ਦੇ ਵਿਚਾਰਾਂ ਅਤੇ ਸੁਪਨਿਆਂ ਦਾ ਮੌਲਿਕ ਅਤੇ ਵਿਵਹਾਰਕ ਮਾਡਲ ਹੁੰਦੇ ਹਨ। ਅਜਿਹੇ ਨਗਰ ਵਿਸ਼ੇਸ਼ ਤਰ੍ਹਾਂ ਦੀ ਜੀਵਨ ਜੁਗਤਿ ਅਤੇ ਹੋਰ ਵਿਚਾਰਾਂ ਦਾ ਆਦਰਸ਼ਕ ਰੂਪ ਸਾਹਮਣੇ ਲਿਆਉਂਦੇ ਹਨ। ਇਨ੍ਹਾਂ ਨੂੰ ਵਿਵਹਾਰਕ ਰੂਪ ਦੇਣ ਲਈ ਨਵੇਂ ਸਮਾਜ ਦੀ ਸਿਰਜਣਾ, ਸਮਾਜਿਕ ਰਿਸ਼ਤੇ ਬਣਾਉਣਾ, ਭਾਈਚਾਰਕ ਸਾਂਝ ਪੈਦਾ ਕਰਨ ਲਈ ਜੀਵਨ ਦੀ ਸਮੁੱਚੀ ਸੁਰੱਖਿਆ ਤੇ ਸਫ਼ਲਤਾ ਹਿੱਤ ਗੰਭੀਰ ਯਤਨ ਕਰਨੇ ਪੈਂਦੇ ਹਨ।
ਗੁਰੂ ਨਾਨਕ ਦੇਵ ਜੀ ਦਾ ਜਨਮ ਪਾਕਿਸਤਾਨ ਵਿੱਚ ਰਾਏ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ) ਵਿਖੇ ਹੋਇਆ ਸੀ, ਪਰ ਉਨ੍ਹਾਂ ਨੇ ਆਦਰਸ਼ਕ ਸਮਾਜਿਕ ਰਿਸ਼ਤਿਆਂ ਅਤੇ ਸਫ਼ਲ ਜੀਵਨ ਦਿਸ਼ਾ ਦੇਣ ਵਾਲਾ ਪਹਿਲਾ ਨਗਰ ਕਰਤਾਰਪੁਰ ਵਸਾਇਆ ਸੀ। ਇਨ੍ਹਾਂ ਹੀ ਲੀਹਾਂ ਉੱਤੇ ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਸ੍ਰੀ ਅੰਮ੍ਰਿਤਸਰ, ਤਰਨ ਤਾਰਨ, ਕੀਰਤਪੁਰ ਸਾਹਿਬ ਅਤੇ ਆਨੰਦਪੁਰ ਸਾਹਿਬ ਨਗਰਾਂ ਦੀ ਸਥਾਪਨਾ ਕੀਤੀ ਗਈ। ਇਸ ਦ੍ਰਿਸ਼ਟੀਕੋਣ ਤੋਂ ਇਨ੍ਹਾਂ ਨਾਲ ਗੁਰੂ ਸਾਹਿਬਾਨ ਦੇ ਬਹੁਪਰਤੀ ਰਿਸ਼ਤਿਆਂ ਦੀ ਸਾਂਝ ਅਤੇ ਪੰਥ ਤੇ ਮਨੁੱਖਤਾ ਨੂੰ ਇਨ੍ਹਾਂ ਨਗਰਾਂ ਰਾਹੀਂ ਦਿੱਤਾ ਜਾਣ ਵਾਲਾ ਵਿਸ਼ਵਵਿਆਪੀ ਸੰਦੇਸ਼ ਅਤੇ ਉਸ ਅਨੁਸਾਰ ਹੀ ਪੰਥ ਦਾ ਭਵਿੱਖ ਦਾ ਕਾਰਜ ਏਜੰਡਾ ਉਲੀਕਣਾ ਮਹੱਤਵਪੂਰਨ ਬਣ ਜਾਂਦਾ ਹੈ।
ਸਿੱਖ ਲਹਿਰ ਦੀ ਪ੍ਰਫੁੱਲਤਾ ਲਈ ਮੁੱਖ ਤੌਰ ‘ਤੇ ਦੋ ਖੇਤਰ ਮਾਝਾ ਅਤੇ ਸਤਲੁਜ ਦੀ ਬਾਹੀ ਵਿੱਚ ਸਥਿਤ ਕੀਰਤਪੁਰ ਸਾਹਿਬ-ਆਨੰਦਪੁਰ ਸਾਹਿਬ ਰਹੇ ਹਨ। ਮਾਝਾ ਖੇਤਰ ਛੱਡ ਕੇ ਕੀਰਤਪੁਰ ਸਾਹਿਬ ਨੂੰ ਸਿੱਖ ਸਰਗਰਮੀਆਂ ਦਾ ਖੇਤਰ ਬਣਾਉਣਾ ਗੁਰੂ ਹਰਿਗੋਬਿੰਦ ਸਾਹਿਬ ਦਾ ਆਪਣੇ ਆਪ ਵਿੱਚ ਇੱਕ ਸੁਚੇਤ ਫ਼ੈਸਲਾ ਸੀ। ਕੀਰਤਪੁਰ ਸਾਹਿਬ ਨੂੰ ਹੀ ਗੁਰੂ ਹਰਿਗੋਬਿੰਦ ਸਾਹਿਬ ਤੋਂ ਬਾਅਦ ਗੁਰੂ ਹਰਿਰਾਇ ਜੀ, ਗੁਰੂ ਹਰਿਕ੍ਰਿਸ਼ਨ ਜੀ ਅਤੇ ਬਾਬਾ ਗੁਰਦਿੱਤਾ ਜੀ ਨੇ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾਈ ਰੱਖਿਆ। ਗੁਰੂ ਤੇਗ ਬਹਾਦਰ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਉਪਰੰਤ 1665 ਵਿੱਚ ਆਨੰਦਪੁਰ ਸਾਹਿਬ ਦੀ ਸਥਾਪਨਾ ਕੀਤੀ ਸੀ।
ਆਨੰਦਪੁਰ ਸਾਹਿਬ ਦੀ ਸਥਾਪਨਾ ਸਿੱਖੀ ਦੇ ਵੱਡੇ ਮਕਸਦਾਂ ਦੀ ਪੂਰਤੀ ਲਈ ਆਪਣੇ ਆਪ ਵਿੱਚ ਇੱਕ ਮੀਲ ਪੱਥਰ ਸੀ। ਸਮਾਜ ਦੇ ਹਰ ਵਰਗ ਅਤੇ ਕਿੱਤੇ ਨਾਲ ਸਬੰਧਿਤ ਲੋਕਾਂ ਦਾ ਇੱਥੇ ਆ ਕੇ ਵੱਸਣਾ, ਘਰਾਂ ਦੀ ਉਸਾਰੀ, ਬਾਜ਼ਾਰ, ਗਲੀਆਂ, ਧਾਰਮਿਕ ਸਰਗਰਮੀਆਂ ਲਈ ਭੋਰਾ ਸਾਹਿਬ ਸਮੇਤ ਹੋਰ ਸਥਾਨਾਂ ਦੀ ਉਸਾਰੀ, ਸਿੱਖ ਸੰਗਤਾਂ ਦਾ ਆਨੰਦਪੁਰ ਸਾਹਿਬ ਗੁਰੂ ਦਰਸ਼ਨਾਂ ਲਈ ਆਉਣਾ, ਗੁਰੂ ਪਰਿਵਾਰ ਦੇ ਮਹਿਲਾਂ ਅਤੇ ਮਾਤਾ ਗੁਜਰੀ ਜੀ ਦਾ ਆਈ ਸੰਗਤ ਦੀ ਟਹਿਲ ਸੇਵਾ ਕਰਨਾ, ਧਰਮ ਪ੍ਰਚਾਰ ਲਈ ਗੁਰੂ ਸਾਹਿਬ ਵੱਲੋਂ ਪੰਜਾਬ ਅਤੇ ਪੰਜਾਬ ਤੋਂ ਬਾਹਰ ਲੰਮੇ ਪ੍ਰਚਾਰ ਦੌਰਿਆਂ ‘ਤੇ ਜਾਣਾ ਆਦਿ ਸਭ ਇੱਥੋਂ ਦੇ ਇਤਿਹਾਸ ਦੇ ਰੌਸ਼ਨ ਪਹਿਲੂ ਹਨ। ਇੱਥੋਂ ਹੀ ਗੁਰੂ ਤੇਗ ਬਹਾਦਰ (ਬਾਕੀ ਸਫ਼ਾ 26 ‘ਤੇ)
ਸਾਹਿਬ ਧਰਮ ਹੇਤ ਮਜ਼ਲੂਮਾਂ ਦੀ ਰਾਖੀ ਲਈ ਸ਼ਹਾਦਤ ਪ੍ਰਾਪਤ ਕਰਨ ਵਾਸਤੇ ਦਿੱਲੀ ਗਏ ਸਨ। ਸਿੱਖ ਲਹਿਰ ਨੂੰ ਵਿਸ਼ੇਸ਼ ਦਿਸ਼ਾ ਦੇਣ ਵਾਲਾ ਇਹ ਇਤਿਹਾਸਕ ਘਟਨਾਕ੍ਰਮ ਸੀ। ਉਹ ਕਿਹੋ ਜਿਹਾ ਮੰਜ਼ਰ ਹੋਵੇਗਾ ਜਦੋਂ ਮਾਤਾ ਗੁਜਰੀ ਜੀ, ਬਾਲਕ ਗੋਬਿੰਦ ਰਾਏ ਅਤੇ ਸਿੱਖ ਸੰਗਤ ਨੇ ਗੁਰੂ ਤੇਗ ਬਹਾਦਰ ਜੀ ਨੂੰ ਧਰਮ ਦੀ ਰਾਖੀ ਲਈ ਆਨੰਦਪੁਰ ਸਾਹਿਬ ਤੋਂ ਵਿਦਾ ਕੀਤਾ ਹੋਵੇਗਾ। ਉਨ੍ਹਾਂ ਦੇ ਸੀਸ ਦਾ ਸਸਕਾਰ ਆਨੰਦਪੁਰ ਸਾਹਿਬ ਵਿਖੇ ਹੀ ਹੋਇਆ ਸੀ।
ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਸਾਹਿਬ ਵਿਖੇ 1666 ਵਿੱਚ ਹੋਇਆ ਸੀ। ਆਨੰਦਪੁਰ ਸਾਹਿਬ ਉਨ੍ਹਾਂ ਦੀ ਕਰਮ ਭੂਮੀ ਸੀ।
ਗੁਰੂ ਤੇਗ ਬਹਾਦਰ ਜੀ ਨੇ ਬਾਲਕ ਗੋਬਿੰਦ ਰਾਏ ਨੂੰ ਆਨੰਦਪੁਰ ਸਾਹਿਬ ਵਿਖੇ ਹਰ ਪ੍ਰਕਾਰ ਦੀ ਲੋੜੀਂਦੀ ਸਿੱਖਿਆ ਦੇਣ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਸੀ। ਫਿਰ ਜਦੋਂ ‘ਧਰਮ ਕਰਮ’ ਯਾਨੀ ਮਜ਼ਲੂਮਾਂ ਦੀ ਰਾਖੀ ਲਈ ਨੌਵੇਂ ਗੁਰੂ ਸਾਹਿਬ ਲਈ ਕੁਰਬਾਨੀ ਦੇਣ ਦਾ ਸਮਾਂ ਆਇਆ ਤਾਂ ਉਨ੍ਹਾਂ ਨੂੰ ਆਨੰਦਪੁਰ ਸਾਹਿਬ ਤੋਂ ਖ਼ੁਦ ਬਾਲਕ ਗੋਬਿੰਦ ਰਾਏ ਨੇ ਵਿਦਾ ਕੀਤਾ ਸੀ। ਭੋਰਾ ਸਾਹਿਬ ਦਾ ਸਥਾਨ ਅਤੇ ਆਨੰਦਪੁਰ ਸਾਹਿਬ ਦੀਆਂ ਜੂਹਾਂ ਅੱਜ ਵੀ ਇਸ ਮਹਾਨ ਘਟਨਾ ਦੀ ਗਵਾਹੀ ਭਰਦੀਆਂ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦਾ ਮਕਸਦ ਇਉਂ ਸਪੱਸ਼ਟ ਕੀਤਾ ਹੈ: ‘ਯਾਹੀ
  ਕਾਜ ਧਰਾ ਹਮ ਜਨਮੰ॥
  ਸਮਝ ਲੇਹੁ ਸਾਧੂ ਸਭ ਮਨਮੰ॥
  ਧਰਮ ਚਲਾਵਨ ਸੰਤ ਉਬਾਰਨ॥
  ਦੁਸਟ ਸਭਨ ਕੋ ਮੂਲ ਉਪਾਰਨ॥’
ਜਿਸ ਮਕਸਦ ਦੀ ਪੂਰਤੀ ਲਈ ਆਨੰਦਪੁਰ ਸਾਹਿਬ ਵਿਖੇ 1699 ਦੀ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਸਾਜਿਆ ਗਿਆ ਸੀ, ਉਸ ਦੀ ਪੂਰਨਤਾ ਵਿੱਚ ਆਨੰਦਪੁਰ ਸਾਹਿਬ ਦੀ ਇਤਿਹਾਸਕ ਮਹੱਤਤਾ ਅਤੇ ਇਸ ਦੇ ਇਲਾਹੀ ਯੋਗਦਾਨ ਦੇ ਵੱਖ-ਵੱਖ ਪੱਧਰ ਅਤੇ ਨਕਸ਼ ਖ਼ਾਲਸਾ ਪੰਥ ਦੀ ਚੇਤਨਾ ਵਿੱਚ ਹਰ ਪਲ ਵੱਸੇ ਰਹਿੰਦੇ ਹਨ। ਇਸੇ ਲਈ ਆਨੰਦਪੁਰ ਸਾਹਿਬ ਨੂੰ ਸਿੱਖ ਬੌਧਿਕਤਾ, ਵਿਦਵਤਾ ਅਤੇ ਵਕਤ ਦੇ ਵਿਦਵਾਨਾਂ ਦਾ ਕੇਂਦਰ ਬਣਾਉਣਾ ਅਤੇ ਇਸ ਨਗਰ ਨੂੰ ‘ਮਾਡਲ ਸਿਟੀ ਸਟੇਟ’ ਵਾਂਗ ਵਿਕਸਤ ਕਰਨਾ, ਇਸ ਸ਼ਹਿਰ ਦੀ ਰੱਖਿਆ ਲਈ ਅਪਣਾਏ ਗਏ ਯੁੱਧਨੀਤਕ ਪੈਂਤੜੇ, ਪੰਜ ਕਿਲ੍ਹਿਆਂ ਦੀ ਉਸਾਰੀ, ਆਨੰਦਪੁਰ ਸਾਹਿਬ ਨੂੰ ਇੱਕ ਸ਼ਕਤੀਸ਼ਾਲੀ ਵਪਾਰਕ-ਆਰਥਿਕ-ਸਭਿਆਚਾਰਕ-ਰਾਜਨੀਤਿਕ ਅਤੇ ਨਵੀਂ ਕ੍ਰਾਂਤੀ ਦੇ ਕੇਂਦਰ ਵਜੋਂ ਵਿਕਸਿਤ ਕਰਨਾ ਅਤੇ ਇਸ ਸਬੰਧੀ ਤਿਆਰੀ ਲਈ ਹੋਲੇ ਮੁਹੱਲੇ ਦੀ ਪਰੰਪਰਾ ਨੂੰ ਸ਼ੁਰੂ ਕਰਨਾ, ਸਿੱਖੀ ਧਰਮ ਪ੍ਰਚਾਰ ਕੇਂਦਰ ਵਜੋਂ ਸਿੱਖ ਚੇਤਨਾ ਨੂੰ ਤਿਆਰ ਕਰਨਾ, ਖੇੜੇ ਭਰਪੂਰ ਅਨੰਦਿਤ ਜੀਵਨ ਵਿਵਸਥਾ ਸਿਰਜਣ ਲਈ ਅਨੰਦਪੁਰ ਸਾਹਿਬ ਨੂੰ ਸੱਚਮੁੱਚ ਰੂਪ ਵਿੱਚ ‘ਆਨੰਦਾਂ ਦੀ ਪੁਰੀ’ ਬਣਾਉਣਾ ਅਤੇ ਖ਼ਾਲਸਾ ਪੰਥ ਦੀ ਚੇਤਨਾ ਵਿੱਚ ਆਨੰਦਪੁਰ ਸਾਹਿਬ ਨੂੰ ਨਵੀਂ ਵਿਸਮਾਦੀ ਵਿਸ਼ਵ ਕ੍ਰਾਂਤੀ ਦਾ ਇੱਕ ਆਧਾਰ ਤਿਆਰ ਕਰਨਾ ਆਦਿ ਅਜਿਹੇ ਕਰਮ ਅਤੇ ਜੀਵਨ ਦਿਸ਼ਾਵਾਂ ਹਨ, ਜਿਨ੍ਹਾਂ ਨੂੰ ਖ਼ਾਲਸਾ ਪੰਥ ਨੇ ਆਪਣੇ ਚੇਤੇ ਵਿੱਚ ਵਸਾਇਆ ਹੋਇਆ ਹੈ। ਅਪਰੈਲ 1999 ਵਿੱਚ ਖ਼ਾਲਸਾ ਪੰਥ ਦੀ ਸਾਜਨਾ ਦੇ 300ਵੇਂ ਵਰ੍ਹੇ ਨੂੰ ਪੰਥ ਨੇ ਪੂਰੇ ਖ਼ਾਲਸਾਈ ਜਲੌਅ ਵਿੱਚ ਮਨਾਇਆ ਸੀ। ਇਸ ਤੋਂ ਪੰਥ ਨੂੰ ਸਿੱਖੀ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਨਵੀਂ ਪ੍ਰੇਰਨਾ ਮਿਲੀ ਸੀ।
‘ਆਨੰਦਪੁਰ ਸਾਹਿਬ ਦੇ ਫ਼ਲਸਫ਼ੇ’ ਤੋਂ ਨਾ ਕੇਵਲ ਸਿੱਖ ਪੰਥ ਸਗੋਂ ਵਿਸ਼ਵ ਵੀ ਨਵੀਂ ਪ੍ਰੇਰਨਾ ਲੈਂਦਾ ਰਹੇਗਾ। ਇਸ ਨਗਰ ਨੂੰ ਸਥਾਪਤ ਹੋਇਆਂ 350 ਸਾਲ ਬੀਤ ਚੁੱਕੇ ਹਨ। ਭਵਿੱਖ ਵਿੱਚ ਹੋਰ ਸਦੀਆਂ ਵੀ ਬੀਤ ਜਾਣਗੀਆਂ, ਪਰ ਇਸ ਨਗਰ ਦਾ ਨਵੀਂ ਵਿਸ਼ਵ ਚੇਤਨਾ ਦਾ ਕੇਂਦਰ ਬਣਨਾ ਜ਼ਰੂਰੀ ਹੈ। ਗੁਰੂ ਸਾਹਿਬਾਨ ਦੇ ਆਨੰਦਪੁਰ ਸਾਹਿਬ ਨਾਲ ਜੁੜੇ ਬਹੁ-ਪਰਤੀ ਰਿਸ਼ਤਿਆਂ ਦਾ ਸੁਨੇਹਾ ਠੀਕ ਪ੍ਰਸੰਗ ਵਿੱਚ ਸਮਝ ਕੇ ਉਸੇ ਅਨੁਸਾਰ ਕਾਰਜ ਕਰਦਿਆਂ ਖ਼ਾਲਸਾ ਪੰਥ ਨੂੰ ਨਵੀਂ ਵਿਸਮਾਦੀ ਵਿਸ਼ਵ ਵਿਵਸਥਾ ਦੀ ਸਥਾਪਨਾ ਲਈ ਵਚਨਬੱਧ ਹੋਣਾ ਪਵੇਗਾ।

Comments

comments

Share This Post

RedditYahooBloggerMyspace