ਜਾਗ ਲੇਹੁ ਰੇ ਮਨਾ ਜਾਗ ਲੇਹੁ

index-ਹਰਜੀਤ ਸਿੰਘ ਜਲੰਧਰ

ਸੰਸਾਰ ਪ੍ਰਸਿੱਧ ਵਿਦਵਾਨ ਗੀਥ ਦਾ ਕਥਨ ਹੈ ‘ਕਿਸੇ ਕੌਮ ਦੀ ਕਿਸੇ ਵੇਲੇ ਦੀ ਕਿਸਮਤ ਦਾ ਨਿਰਭਰ ਉਸ ਕੌਮ ਦੇ ਪੰਝੀ ਸਾਲਾਂ ਤੋਂ ਛੋਟੇ ਨੌਜਵਾਨਾਂ ਦੀਆਂ ਰਾਵਾਂ ਪੁਰ ਹੁੰਦਾ ਹੈ।’ ਹੈ ਵੀ ਇਹ ਕਥਨ ਬਿਲਕੁਲ ਠੀਕ। ਨੌਜਵਾਨ ਕਿਸੇ ਵੀ ਕੌਮ ਦਾ ਭਵਿੱਖ ਹੁੰਦੇ ਹਨ। ਉਹਨਾਂ ਦੀ ਮੌਜੂਦਾ ਦਿਸ਼ਾ ਅਤੇ ਦਸ਼ਾ ਕੌਮ ਦੀ ਕਿਸਮਤ ਨੂੰ ਨੀਯਤ ਕਰਦੀ ਹੈ। ਕਿਸੇ ਵੀ ਰੁੱਖ ਦਾ ਵਧਣਾ ਫੁੱਲਣਾ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਉਸ ਦੀ ਜੜ ਕਿੰਨੀ ਕੁ ਡੂੰਘੀ ਹੈ। ਉਪਰਲੀ ਸਤਾ ਤੇ ਲੱਗੀਆਂ ਜੜਾਂ ਥੋੜੀ ਹੀ ਹਵਾ ਨਾਲ ਆਪਣੇ ਮੂਲ ਧਰਤੀ ਤੋਂ ਜੁਦਾ ਹੋ ਜਾਂਦੀਆਂ ਹਨ ਤੇ ਰੁੱਖ ਦੀ ਹੋਂਦ ਹੀ ਖਤਮ ਹੋ ਜਾਂਦੀ ਹੈ। ਜਿਤਨੀ ਜੜ ਮਜ਼ਬੂਤ ਉਤਨਾ ਹੀ ਰੁੱਖ ਦਾ ਤਣਾ ਮਜ਼ਬੂਤ ਹੁੰਦਾ ਹੈ। ਕੌਮਾਂ ਦੀ ਉਸਾਰੀ ਵੀ ਨੌਜਵਾਨ ਪੀੜੀ ਦੀ ਸੋਚ ‘ਤੇ ਨਿਰਭਰ ਕਰਦੀ ਹੈ। ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਕਿਸੇ ਵੀ ਕੌਮ ਦੀ ਜੜ ਉਸਦਾ ਧਰਮ ਪ੍ਰਤੀ ਪਿਆਰ ਤੇ ਸਤਿਕਾਰ ਹੁੰਦਾ ਹੈ। ਜਦੋਂ ਕੌਮਾਂ ਵਿਚ ਆਪਣੇ ਧਰਮ ਦੇ ਸਿਧਾਂਤਾਂ ਨੂੰ ਹੀ ਕਿਨਾਰੇ ਕਰ ਦਿੱਤਾ ਜਾਵੇ ਤਾਂ ਉਨਾਂ ਕੌਮਾਂ ਦਾ ਆਉਣ ਵਾਲਾ ਸਮਾਂ ਵੀ ਦੁਖਾਂਤ ਨਾਲ ਭਰਿਆ ਹੀ ਹੋਵੇਗਾ।
ਗਿਬਨ ਨੇ ਆਪਣੀ ਪ੍ਰਸਿੱਧ ਪੁਸਤਕ ਰੋਮਨ ਸਾਮਰਾਜ ਦੇ ਉਸਰਨ ਤੇ ਡਿੱਗਣ (The Rise and Fall of Roman Empire) ਦੇ ਕਾਰਨਾਂ ਵਿਚ ਲਿਖਿਆ ਸੀ ਕਿ ਇੰਨੇ ਵੱਡੇ ਸਾਮਰਾਜ ਦੇ ਅਲੋਪ ਹੋ ਜਾਣ ਦੇ ਵੱਡੇ ਕਾਰਨਾਂ ਵਿਚੋਂ ਕੁਝ ਕਾਰਨ ਇਹ ਹਨ :

– ਦੇਸ਼ ਦੇ ਆਗੂਆਂ ਵਲੋਂ ਅੰਨੇਵਾਹ ਖਰਚ ਕਰੀ ਟੁਰੀ ਜਾਣਾ।

-ਨੌਜਵਾਨਾਂ ਦਾ ਦੇਸ਼ ਦੀ ਰੱਖਿਆ ਲਈ ਹਥਿਆਰ ਚੁੱਕਣ ਤੋਂ ਕੰਨੀ ਕਤਰਾਉਣਾ ਤੇ ਝਿਜਕਣਾ।

– ਐਸ਼ ਪ੍ਰਸਤੀ ਵਿਚ ਖਚਤ ਹੋ ਜਾਣਾ, ਵਿਭਚਾਰ ਦਾ ਸਭ ਪਾਸੇ ਫੈਲ ਜਾਣਾ, ਜਿਨਸੀ ਭੁੱਖ ਦਾ ਵਧ ਜਾਣਾ।

– ਘਰ ਦੀ ਪਵਿੱਤਰਤਾ ਖਤਮ ਹੋ ਜਾਣੀ।
ੲ ਨਜ਼ਾਕਤ ਦਾ ਆ ਜਾਣਾ। ਮਰਦਾਊ- ਪੁਣੇ ਦਾ ਮੁੱਕਣਾ ਅਤੇ ਕੁੜੀਆਂ ਦਾ ਮਰਦਾਂ ਵਾਂਗ ਵਿਚਰਨਾ ਤੇ ਮਰਦਾਂ ਦੀ ਔਰਤਾਂ ਵਾਂਗ ਰਹਿਣ ਦੀ ਲਾਲਸਾ।

– ਸਭ ਤੋਂ ਵੱਧ ਧਰਮ ਲਈ ਸਤਿਕਾਰ ਤੇ ਆਦਰ ਦਾ ਉੱਡ-ਪੁੱਡ ਜਾਣਾ।
ਇਹ ਗੱਲ ਲਿਖਣ ਦਾ ਭਾਵ ਹੈ ਕਿ ਜਦੋਂ ਵਰਤਮਾਨ ਤੇ ਨੌਜਵਾਨ ਪੀੜੀ ਇਕ ਦੂਜੇ ਤੋਂ ਨਫਰਤ ਕਰਨ ਲੱਗ ਪਵੇ ਤਾਂ ਉਹ ਮੁਲਕ ਵੀ ਟੁੱਟ ਜਾਂਦੇ ਹਨ ਤੇ ਉਹ ਕੌਮਾਂ ਵੀ ਡੁੱਬ ਜਾਂਦੀਆਂ ਹਨ। ਕੌਮ ਦੇ ਉੱਜਲੇ ਭਵਿੱਖ ਲਈ ਪਹਿਲੀ ਤੇ ਮੂਲ ਗੱਲ ਹੀ ਕਰਨ ਤੇ ਕਮਾਉਣ ਯੋਗ ਇਹ ਹੈ ਕਿ ਵਰਤਮਾਨ ਤੇ ਕੌਮ ਦੇ ਭਵਿੱਖ ਨੌਜਵਾਨ ਪੀੜੀ ਵਿਚੋਂ ਸਤਿਕਾਰ ਦੀ ਦੀਵਾਰ ਕਦੇ ਨਾ ਤੋੜੀ ਜਾਏ। ਇਹ ਦੀਵਾਰ ਟੁੱਟਦਿਆਂ ਹੀ ਕੌਮ ਦੇ ਭਵਿੱਖ ਵਿਚ ਤਰੇੜਾਂ ਪੈ ਜਾਂਦੀਆਂ ਹਨ।

ਜਾਪਾਨ ਦੀ ਇਕ ਲੋਕ ਗਾਥਾ, ਜਿਸਨੂੰ ਪ੍ਰਿੰਸੀਪਲ ਸਤਿਬੀਰ ਸਿੰਘ ਜੀ ਨੇ ਪੁਸਤਕ ਰਬਾਬ ਤੋਂ ਨਗਾਰਾ ਵਿਚ ਕਲਮਬੰਦ ਕੀਤਾ ਹੈ, ਇਸ ਤਰਾਂ ਹੈ :
ਇਕ ਵਾਰੀ ਬਾਦਸ਼ਾਹ ਨੇ ਫੁਰਮਾਨ ਜਾਰੀ ਕੀਤਾ ਕਿ ਸਭ ਬੁੱਢਿਆਂ ਨੂੰ ਇਤਨੀ ਦੂਰ ਜੰਗਲੀਂ ਛੱਡ ਆਓ ਜਿੱਥੇ ਉਹ ਮੁੜ ਨਗਰਾਂ ਵਿਚ ਨਾ ਆ ਸਕਣ ਕਿਉਂਕਿ ਬੁੱਢੇ ਦੇਸ਼ ‘ਤੇ ਬੋਝ ਹਨ। ਹੁਕਮ ਮੰਨਦੇ ਹੋਏ ਇਕ ਨੌਜਵਾਨ ਬੇਟੇ ਨੇ ਬਜ਼ੁਰਗ ਪਿਤਾ ਨੂੰ ਮੋਢਿਆਂ ‘ਤੇ ਚੁੱਕਿਆ ਤੇ ਬੀਆਬਾਣਾਂ ਵਿਚ ਸੰਘਣੇ ਜੰਗਲਾਂ ਨੂੰ ਚੀਰਦਾ, ਛੱਡ ਜਦ ਵਾਪਸ ਤੁਰਨ ਲੱਗਾ ਤਾਂ ਪਿਓ ਨੇ ਪੁੱਛਿਆ, ”ਬੇਟਾ ਹੁਣ ਕਿਵੇਂ ਮੁੜੇਂਗਾ?” ਬੱਚਾ ਪਰੇਸ਼ਾਨ ਹੋ ਨਿੰਮੋਝੂਣਾ ਹੋ ਕੇ ਬੈਠ ਗਿਆ। ਉਸ ਦੀ ਚਿੰਤਾ ਨੂੰ ਅਨੁਭਵ ਕਰਦੇ ਹੋਏ ਪਿਤਾ ਨੇ ਮੁਸਕਰਾ ਕੇ ਕਿਹਾ, ”ਬੇਟਾ ਘਬਰਾਉਣ ਦੀ ਲੋੜ ਨਹੀਂ। ਆਉਂਦੇ ਹੋਏ ਰਾਹ ਵਿਚ ਮੈਂ ਹਰੇ ਦਰੱਖਤਾਂ ਦੀਆਂ ਟਾਹਣੀਆਂ ਤੋੜ-ਤੋੜ ਸੁੱਟਦਾ ਆਇਆ ਹਾਂ। ਉਹਨਾਂ ਡਿੱਗੀਆਂ ਹੋਈਆਂ ਟਾਹਣੀਆਂ ਦੀ ਸੇਧ ਵਿਚ ਤੁਰਦਾ-ਤੁਰਦਾ ਘਰ ਪਹੁੰਚ ਜਾਏਂਗਾ।” ਬੇਟੇ ਨੇ ਪਿਤਾ ਦੇ ਪੈਰਾਂ ਨੂੰ ਛੂੰਹਦੇ ਹੋਏ ਆਖਿਆ, ”ਬਾਪੂ! ਲੱਖ ਕੱਢੇ ਬਾਦਸ਼ਾਹ ਫੁਰਮਾਨ ਮੈਂ ਨਹੀਂ ਏਥੇ ਤੁਹਾਨੂੰ ਛੱਡਣਾ। ਜਿਸ ਪਿਤਾ ਨੂੰ ਇਤਨਾ ਖਿਆਲ ਹੈ ਕਿ ਮੁੜਦੇ ਹੋਏ ਬੇਟਾ ਭਿਆਨਕ ਜੰਗਲਾਂ ਵਿਚ ਹੀ ਭਟਕ ਨਾ ਜਾਵੇ, ਮੇਰੇ ਲਈ ਰਾਹ ਬਣਾਉਂਦਾ ਆਇਆ ਹੈ, ਉਸ ਨੂੰ ਮੈਂ ਇੱਥੇ ਕਿਵੇਂ ਛੱਡ ਸਕਦਾ ਹਾਂ ਸਗੋਂ ਆਪਣੇ ਪਾਸ ਹੀ ਰੱਖਾਂਗਾ।”

ਬਾਦਸ਼ਾਹ ਨੇ ਫ਼ੁਰਮਾਨ ਵਾਪਸ ਲੈਂਦੇ ਹੋਏ ਕਿਹਾ ਕਿ ਉਸਨੇ ਤਾਂ ਨਵੀਂ ਪੀੜੀ ਨੂੰ ਨਿਰੋਲ ਸਬਕ ਦੇਣ ਲਈ ਇਹ ਹੁਕਮ ਚਾੜਿਆ ਸੀ।
ਇਹ ਗੱਲ ਠੀਕ ਹੈ ਕਿ ਜਵਾਨੀ ਮਸਤਾਨੀ ਤੇ ਸੁਪਨਿਆਂ, ਉਮੰਗਾਂ ਦਾ ਨਾਮ ਹੈ। ਇਸ ਉਮਰ ਵਿਚ ਸਭ ਸੰਭਾਵਨਾਵਾਂ ਇਸ ਦੇ ਹੱਥ ਵਿਚ ਹੁੰਦੀਆਂ ਹਨ। ਕੋਈ ਖਤਰਾ ਵੀ ਇਸ ਨੂੰ ਆਪਣੇ ਇਰਾਦੇ ਤੋਂ ਮੋੜ ਨਹੀਂ ਸਕਦਾ॥ ਕੋਈ ਵੈਰੀ ਇਸ ਅੱਗੇ ਅੜ ਨਹੀਂ ਸਕਦਾ। ਆਪਣੇ ਵਿਸ਼ਵਾਸ ਦੀ ਸੁੰਦਰ ਦਲੇਰੀ ਦੇ ਆਸਰੇ ‘ਤੇ ਇਹ ਚੜ ਜਾਂਦੀ ਹੈ ਪਰਬਤਾਂ ਤੇ ਪਹਾੜੀਆਂ ਦੀਆਂ ਟੀਸੀਆਂ ‘ਤੇ। ਇੱਥੇ ਹੀ ਬੱਸ ਨਹੀਂ, ਇਹ ਤਾਂ ਬੱਦਲਾਂ ਨੂੰ ਵੀ ਪੌੜੀ ਲਾ ਕੇ ਸਰ ਕਰ ਲੈਣਾ ਚਾਹੁੰਦੀ ਹੈ।

ਮੇਰੇ ਨੌਜਵਾਨ ਪਿਆਰਿਓ! ਜੰਮ ਜੰਮ ਸੁਪਨੇ ਲਵੋ, ਖਿਆਲ ਉਡਾਰੀਆਂ, ਉਮੰਗਾਂ ਤੇ ਤਾਂਘਾਂ ਨੂੰ ਆਪਣੇ ਦਿਲਾਂ ‘ਚ ਥਾਂ ਜ਼ਰੂਰ ਦਿਓ ਪਰ ਇਹ ਨਾ ਭੁੱਲਿਓ ਕਿ ਜ਼ਿੰਦਗੀ ਦੀਆਂ ਔਖੀਆਂ ਘਾਟੀਆਂ ਸਰ ਕਰਨ ਲਈ ਤਿਆਰ ਹੋਣ ਦਾ ਸਮਾਂ ਵੀ ਇਹੋ ਹੀ ਹੈ। ਇਹ ਹੀ ਸਮਾਂ ਹੈ ਜਦੋਂ ਆਚਰਨ ਤੇ ਸ਼ਖਸੀਅਤ ਨੂੰ ਉਸਾਰਨਾ ਤੇ ਪੱਕਾ ਕਰਨਾ ਹੈ। ਇਹ ਕੰਮ ਹੈ ਬਹੁਤ ਕਰੜਾ, ਪਰ ਹੈ ਬਹੁਤ ਜ਼ਰੂਰੀ ਤੇ ਇਸ ਨੂੰ ਕਰਨ ਤੋਂ ਬਿਨਾਂ ਭਵਿੱਖ ਉਜਲਾ ਨਹੀਂ ਸਗੋਂ ਧੁੰਦਲਾ ਹੀ ਹੁੰਦਾ ਹੈ। ਕੇਵਲ ਉੱਚੀਆਂ ਉਡਾਰੀਆਂ ਤੇ ਖਾਹਸ਼ਾਂ ਲਈ ਸੁਪਨੇ ਲੈ ਕੇ ਇਹ ਘਾੜਤ ਨਹੀਂ ਘੜੀ ਜਾਂਦੀ ਤੇ ਕੇਵਲ ਜਵਾਨੀ ਦੇ ਜੋਸ਼ ਵਿਚ ਬਹੁਤ ਕੁਝ ਪ੍ਰਾਪਤ ਨਹੀਂ ਹੁੰਦਾ ਸਗੋਂ ਆਪਣੇ ਫ਼ਰਜ਼ਾਂ ਤੋਂ ਅਵੇਸਲਾਪਣ ਸਾਨੂੰ ਆਪਣੇ ਜੀਵਨ ਦੀ ਧਾਰਾ ਤੋਂ ਵੀ ਮੋੜ ਦਿੰਦਾ ਹੈ।

ਨੋਬਲ ਇਨਾਮ ਜੇਤੂ (1980) ਜੈਸ਼ਲਾਅ ਮਾਇਲੋਸ਼ (Zeslaw Milsosz) ਨੇ ਸਟਾਕ ਹੋਮ ਵਿਚ ਇਨਾਮ ਲੈਂਦੇ ਹੋਏ ਕਿਹਾ ਸੀ : ਸਾਡੀ ਨੌਜਵਾਨ ਪੀੜੀ ਇਤਿਹਾਸ ਤੋਂ ਸਬਕ ਲੈਣ ਤੋਂ ਇਨਕਾਰੀ ਹੈ। ਆਪ ਤਜਰਬਾ ਕਰਨਾ ਲੋੜਦੀ ਹੈ। (That our age is characterised by the refusal to remember.) ਇਸ ਦਾ ਸਿੱਟਾ ਇਹ ਹੈ ਕਿ ਸਾਡੀ ਪੀੜੀ ਠੇਡੇ ਖਾ ਰਹੀ ਹੈ, ਭਟਕ ਰਹੀ ਹੈ।

ਨੌਜਵਾਨੀ ਮਸਤਾਨੀ ਕੁਝ ਕਰਨ ਲਈ ਉੱਦਮ ਕਰਨ ਵਿਚ ਇਕ ਰੁਕਾਵਟ ਬਣ ਕੇ ਖੜੀ ਹੈ। ਕੁਝ ਸਿੱਖਣ ਨੂੰ ਜੀਅ ਨਹੀਂ ਕਰਦਾ, ਆਪਣੇ ਵਿਰਸੇ ਦੇ ਸੁਨਹਿਰੀ ਪੰਨਿਆਂ ਨੂੰ ਫਰੋਲਣ ਦਾ ਸਮਾਂ ਨਹੀਂ। ਪੜਨਾ ਤਾਂ ਦੂਰ ਦੀ ਗੱਲ ਸਗੋਂ ਨੇੜਿਉਂ ਲੰਘਣ ਤੋਂ ਵੀ ਇਨਕਾਰੀ ਹਾਂ। ਬੱਸ ਆਪਣੇ ਗਿਆਨ ਦੇ ਤਲ ‘ਤੇ ਜੀਊਣ ਦੇ ਸੁਭਾਅ ਨੇ ਸਾਨੂੰ ਗੁਰੂ ਬਖਸ਼ੇ ਗਿਆਨ ਤੋਂ ਦੂਰ ਕਰ ਦਿੱਤਾ ਹੈ। ਡੀ.ਜੇ. ਦੀਆਂ ਕੰਨ ਪਾੜਵੀਆਂ ਆਵਾਜ਼ਾਂ ਦੇ ਅੱਗੇ ਅੱਧੇ ਨੰਗੇ ਸਰੀਰ ਲੈ ਕੇ ਡਾਂਸ ਕਰਨਾ, ਹੱਥਾਂ ਵਿਚ ਸ਼ਰਾਬ ਦੇ ਪੈੱਗਾਂ ਦੀ ਨੁਮਾਇਸ਼ ਕਰਨੀ, ਦੋਸਤਾਂ ਮਿੱਤਰਾਂ ਨਾਲ ਐਸ਼ੋ-ਇਸ਼ਰਤ ਕਰਨ ਤੋਂ ਬਿਨਾਂ, ਹੋਰ ਕੁਝ ਵੀ ਸਾਡੀ ਸੋਚ ਦਾ ਹਿੱਸਾ ਨਹੀਂ ਰਿਹਾ।
ਸੰਸਾਰਕ ਭੋਗਾਂ ਵੱਲ, ਮਾੜੇ ਕੰਮਾਂ ਵੱਲ ਹੀ ਹਰ ਸਮੇਂ ਸੁਰਤ ਅੰਦਰ ਖਿਆਲ ਵਸੇ ਰਹਿੰਦੇ ਹਨ। ਇਉਂ ਜਾਪਦਾ ਹੈ ਕਿ ਜਵਾਨੀ ਦੀ ਮਦਹੋਸ਼ੀ ਨੇ ਤੇ ਇਸਦੇ ਆਲੇ ਦੁਆਲੇ ਨੇ ਨਵੀਂ ਪੀੜੀ ਨੂੰ ਸਿਰਫ਼ ਸਬਕ ਲੈਣ ਤੋਂ ਹੀ ਇਨਕਾਰੀ ਨਹੀਂ ਕੀਤਾ ਸਗੋਂ ਸਬਕ ਲੈਣ ਤੋਂ ਹੀ ਨਕਾਰਾ ਕਰ ਦਿੱਤਾ ਹੈ। ਇਸ ਆਲੇ-ਦੁਆਲੇ ਨੇ ਸਾਡੀ ਨੌਜਵਾਨ ਸੋਚ ਦੀ ਸੋਚਣ ਸ਼ਕਤੀ ਨੂੰ ਬਿਲਕੁਲ ਤਾਲਾ ਲਾ ਦਿੱਤਾ ਹੈ ਤੇ ਇਸਦੀ ਮੱਤ ਨੂੰ ਐਸਾ ਗੋਤਾ ਦਿੱਤਾ ਹੈ ਕਿ ਇਹ ਮੁੜ ਉਭਰ ਹੀ ਨਾ ਸਕੇ, ਸਾਹ ਤੱਕ ਨਾ ਲੈ ਸਕੇ ਤੇ ਇਹਨਾਂ ਦੇ ਸੁਪਨੇ ਚਕਨਾਚੂਰ ਹੋ ਜਾਣ।

ਅਸੀਂ ਮੰਨਦੇ ਹਾਂ ਕਿ ਅੱਜ ਤੁਹਾਨੂੰ ਸਹੀ ਦਿਸ਼ਾ ਦਿਖਾਉਣ ਵਿਚ ਵਰਤਮਾਨ ਦੇ ਕੌਮਪ੍ਰਸਤ ਬੁਰੀ ਤਰਾਂ ਨਾਕਾਮ ਰਹੇ ਹਨ। ਅੱਜ ਸਕੂਲਾਂ-ਕਾਲਜਾਂ ਵਿਚ ਤੁਹਾਡੀ ਸੋਚ ਨੂੰ ਠੀਕ ਰਸਤੇ ‘ਤੇ ਤੋਰਨ ਵਾਲਾ ਕੋਈ ਨਜ਼ਰ ਨਹੀਂ ਆਉਂਦਾ ਸਗੋਂ ਤੁਹਾਡੇ ਵਿਚਾਰਾਂ ਨੂੰ ਗਲਤ ਰਸਤੇ ‘ਤੇ ਤੋਰਨ ਵਾਲੀ ਸੋਚ ਅੱਜ ਮਿੱਠੀ ਜ਼ਹਿਰ ਦੇ ਰੂਪ ਵਿਚ ਦਿੱਤੀ ਜਾ ਰਹੀ ਹੈ। ਕੌਮਾਂ ਨੂੰ ਖਤਮ ਕਰਨ ਦਾ ਢੰਗ ਉਸ ਦੀ ਸੋਚ ਨੂੰ ਬਦਲਣਾ ਹੁੰਦਾ ਹੈ। ਜਦੋਂ ਇਸ ਦੀ ਸੋਚ ਵਿਚ ਹੀ ਬਹੁਗਿਣਤੀ ਦਾ ਪ੍ਰਭਾਵ ਵੱਸ ਜਾਵੇਗਾ ਉਦੋਂ ਆਜ਼ਾਦੀ ਦੀ ਗੱਲ ਕਰਨੀ ਤਾਂ ਦੂਰ ਦੀ ਗੱਲ ਸਗੋਂ ਉਸਦਾ ਸੁਪਨਾ ਵੀ ਲੈਣਾ ਅਸੰਭਵ ਹੋ ਜਾਵੇਗਾ। ਸਰੀਰਾਂ ਦੀ, ਮੁਲਕਾਂ ਦੀ ਗੁਲਾਮੀ ਗੋਲੀ ਦੇ ਜ਼ੋਰ ਨਾਲ ਹਟਾਈ ਜਾ ਸਕਦੀ ਹੈ ਪਰ ਮਾਨਸਿਕ ਗੁਲਾਮੀ ਤਲਵਾਰ ਦੀ ਨੋਕ ਨਾਲ ਨਹੀਂ ਤੇ ਨਾ ਹੀ ਮਸ਼ੀਨਗੰਨਾਂ ਦੀਆਂ ਗੋਲੀਆਂ ਨਾਲ ਲਾਹੀ ਜਾ ਸਕਦੀ ਹੈ। ਇਸਨੂੰ ਗਲੋਂ ਲਾਹੁਣ ਲਈ ਤਾਂ ਵਿਚਾਰ ਬਦਲਣੇ ਪੈਂਦੇ ਹਨ, ਸੋਚ ਬਦਲਣੀ ਪੈਂਦੀ ਹੈ। ਇਹੋ ਕਾਰਨ ਸੀ ਕਿ ਸੰਨ 1943 ਵਿਚ ਸਿੱਖ ਸੋਚ ਨੂੰ ਸਿੱਖ ਨੌਜਵਾਨੀ ਵਿਚ ਆਪਣਾ ਥਾਂ ਬਣਾਈ ਰੱਖਣ ਲਈ ਸਿੱਖ ਵਿਦਿਆਰਥੀਆਂ ਦੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਬਣਾਈ ਗਈ ਸੀ ਕਿਉਂਕਿ ਉਸ ਸਮੇਂ ਵੀ ਕਾਲਜਾਂ ਵਿਚ ਹਿੰਦੂ ਵਿਦਿਆਰਥੀਆਂ ਲਈ ਸਟੂਡੈਂਟ ਕਾਂਗਰਸ, ਮੁਸਲਿਮ ਵਿਦਿਆਰਥੀਆਂ ਦੀ ਜਥੇਬੰਦੀ ਮੁਸਲਿਮ ਸਟੂਡੈਂਟਸ ਫੈਡਰੇਸ਼ਨ ਤੇ ਕਾਮਰੇਡਾਂ ਦੀ ਵਿਦਿਆਰਥੀ ਜਥੇਬੰਦੀ ਸਟੂਡੈਂਟਸ ਯੂਨੀਅਨ ਕੰਮ ਕਰ ਰਹੀਆਂ ਸਨ ਤੇ ਸਿੱਖ ਵਿਦਿਆਰਥੀ ਖਾਸ ਤੌਰ ‘ਤੇ ਸਟੂਡੈਂਟਸ ਯੂਨੀਅਨ ਵੱਲ ਨੂੰ ਪ੍ਰੇਰਿਤ ਹੋ ਰਹੇ ਸਨ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਮੁੱਖ ਫਰਜ਼ ਸਿੱਖ ਵਿਦਿਆਰਥੀਆਂ ਦੇ ਹਿਤਾਂ ਦੀ ਰਾਖੀ ਕਰਨਾ, ਗੁਰੂ ਸ਼ਬਦ ਨਾਲ ਜੋੜਨਾ, ਸਿੱਖ ਇਤਿਹਾਸ ਦੀ ਜਾਣਕਾਰੀ ਦੇਣਾ, ਸਿੱਖ ਸੁਨਹਿਰੀ ਵਿਰਸੇ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ, ਸਿੱਖ ਰਹਿਣੀ ਬਹਿਣੀ ਤੇ ਸਿੱਖ ਕਿਰਦਾਰ ਨੂੰ ਵਿਦਿਆਰਥੀਆਂ ਨਾਲ ਸਾਂਝਾ ਕਰਨਾ, ਸਿੱਖ ਸੱਭਿਆਚਾਰ ਦੇ ਨਿਆਰੇਪਨ ਨੂੰ ਕਾਇਮ ਰੱਖਣਾ ਤੇ ਸਿੱਖ ਵਿਦਿਆਰਥੀਆਂ ਅੰਦਰ ‘ਸਿੱਖ ਇਕ ਵੱਖਰੀ ਕੌਮ ਦਾ ਅਹਿਸਾਸ ਜਗਾਈ ਰੱਖਣਾ ਸੀ। ਇਸ ਸੰਸਥਾ ਨੇ ਬਾਖੂਬੀ ਆਪਣਾ ਫਰਜ਼ ਪੂਰਾ ਕੀਤਾ ਤੇ ਕਈ ਕੀਮਤੀ ਹੀਰੇ ਕੌਮ ਨੂੰ ਦਿੱਤੇ, ਜਿਨਾਂ ਦੇ ਨਾਂ ਵੀ ਅੱਜ ਸਾਡੀ ਯਾਦ ਦਾ ਹਿੱਸਾ ਨਹੀਂ ਰਹੇ।

ਫੈਡਰੇਸ਼ਨ ਦੇ ਕੀਤੇ ਕਾਰਜਾਂ ਕਰਕੇ ਸਿੱਖ ਨੌਜਵਾਨਾਂ ਵਿਚ ਕੌਮੀਅਤ ਦੀ ਭਾਵਨਾ ਉਜਾਗਰ ਹੋਈ ਅਤੇ ਖਾਲਸਾ ਜੀ ਕੇ ਬੋਲ ਬਾਲੇ ਦੀ ਸ਼ਮਾਂ ਵੀ ਬਲ ਉਠੀ। ਆਜ਼ਾਦੀ ਤੋਂ ਬਾਅਦ ਵੀ ਇਸ ਜਥੇਬੰਦੀ ਨੇ ਆਪਣੇ ਕਾਰਜਾਂ ਨੂੰ ਠੱਲ ਨਾ ਪੈਣ ਦਿੱਤੀ ਤੇ ‘ਪੰਥ ਪਹਿਲਾਂ ਮੈਂ ਬਾਅਦ ‘ਚ’ ਦੀ ਵਿਚਾਰਧਾਰਾ ਨੂੰ ਸਿੱਧਾ ਨੌਜਵਾਨਾਂ ਅੰਦਰ ਪ੍ਰਚੰਡ ਕਰੀ ਰੱਖਿਆ। 1984 ਵਿਚ ਦਰਬਾਰ ਸਾਹਿਬ ਉੱਤੇ ਭਾਰਤੀ ਫੌਜ ਵਲੋਂ ਟੈਂਕਾਂ ਤੇ ਤੋਪਾਂ ਨਾਲ ਕੀਤੇ ਗਏ ਹਮਲੇ ਸਮੇਂ ਵੀ ਫੈਡਰੇਸ਼ਨ ਦੇ ਸੂਰਮੇ ਹਿੱਕ ਡਾਹ ਕੇ ਲੜੇ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ।

ਪਰ ਸੰਨ 1984 ਤੋਂ ਬਾਅਦ ਸਿੱਖ ਕੌਮ ਦੀ ਹਰਿਆਵਲ ਦਸਤਾ ਕਹੀ ਜਾਣ ਵਾਲੀ ਇਹ ਜਥੇਬੰਦੀ ਹੌਲੀ-ਹੌਲੀ ਸਕੂਲਾਂ-ਕਾਲਜਾਂ ਵਿਚੋਂ ਅਲੋਪ ਹੋ ਗਈ। ਜੇ ਕਿਤੇ ਇਸ ਦੇ ਯੂਨਿਟ ਮੌਜੂਦ ਵੀ ਹਨ ਤਾਂ ਉਹ ਨੌਜਵਾਨਾਂ ਉੱਤੇ ਪੂਰਾ ਪ੍ਰਭਾਵ ਨਹੀਂ ਪਾ ਰਹੇ। ਇਸ ਜਥੇਬੰਦੀ ਵਿਚ ਵਧ ਰਹੇ ਰਾਜਸੀ ਪ੍ਰਭਾਵ ਅਤੇ ਦਖਲ ਨੇ ਇਸ ਨੂੰ ਕਾਫ਼ੀ ਹੱਦ ਤੱਕ ਕਮਜ਼ੋਰ ਕੀਤਾ ਹੈ। ਰਾਜਨੀਤਿਕ ਹਮੇਸ਼ਾ ਹੀ ਕਿਸੇ ਦੇ ਲਾਭ ਤੋਂ ਪਹਿਲਾਂ ਆਪਣਾ ਲਾਭ ਲੱਭਦੇ ਹਨ। ਬਿਲਕੁਲ ਇਸ ਸੋਚ ‘ਤੇ ਤੁਰਦਿਆਂ ਹੋਇਆਂ ਇਸ ਜਥੇਬੰਦੀ ਦੇ ਖੰਭ ਕੱਟਣ ਲਈ ਆਪਣਾ ਯੂਥ ਵਿੰਗ ਬਣਾ ਲਿਆ ਤੇ ਆਪਣੀ ਇਕ ਹੋਰ ਵਿਦਿਆਰਥੀ ਜਥੇਬੰਦੀ ਖੜੀ ਕਰ ਲਈ ਤਾਂ ਕਿ ਉਸਨੂੰ ਕਿਸੇ ਹੋਰ ਸਿੱਖ ਜਥੇਬੰਦੀ ਪਾਸੋਂ ਆਪਣੇ ਭਵਿੱਖ ਲਈ ਆਗੂਆਂ ਦੀ ਭਾਲ ਨਾ ਕਰਨੀ ਪਵੇ।

1989 ਤੋਂ ਬਾਅਦ ਇਸ ਜਥੇਬੰਦੀ ਵਿਚ ਆਈ ਖੜੋਤ ਨਾਲ ਸਿੱਖ ਵਿਦਿਆਰਥੀਆਂ ਦੀ ਸੋਚ ਨੂੰ ਖੋਰਾ ਲੱਗਾ ਹੈ। ਉਹਨਾਂ ਦੀਆਂ ਲੋੜਾਂ ਬਾਰੇ ਹੁਣ ਕੌਣ ਸੋਚੇ ਕਿਉਂਕਿ ਉਹਨਾਂ ਦੀ ਬਾਂਹ ਫੜਨ ਵਾਲਾ ਹੋਰ ਕੋਈ ਹੈ ਹੀ ਨਹੀਂ। ਸਾਡੀ ਪੁਰਜ਼ੋਰ ਅਪੀਲ ਹੈ ਕਿ ਇਸ ਜਥੇਬੰਦੀ ਦੇ ਵੱਖ- ਵੱਖ ਆਗੂਆਂ ਦੇ ਧੜਿਆਂ ਨੂੰ ਆਪਸੀ ਮੱਤਭੇਦ ਭੁਲਾ ਕੇ, ਸਕੂਲਾਂ ਤੇ ਕਾਲਜਾਂ ਵਿਚ ਪੜ ਰਹੇ ਕੌਮ ਦੇ ਹਰਿਆਵਲ ਦਸਤੇ ਨੌਜਵਾਨ ਪੀੜੀ ਨੂੰ ਸਿੱਖ ਸ੍ਵੈ-ਮਾਣ ਨਾਲ ਜੀਊਣ ਦੀ ਜਾਚ ਸਿਖਾਉਣ ਲਈ ਉੱਦਮ ਕਰਨ ਤਾਂਕਿ ਉਹ ਸਿੱਖੀ ਸਰੂਪ, ਸਿੱਖ ਰਹਿਤ ਮਰਯਾਦਾ ਤੇ ਗੁਰਬਾਣੀ ਦੀ ਰੌਸ਼ਨੀ ਵਿਚ ਸਮੇਂ ਦੇ ਹਾਣੀ ਬਣ ਸਕਣ।

ਪਰ ਨੌਜਵਾਨੋ! ਇਹ ਗੁੱਝੀਆਂ ਸੱਟਾਂ ਜੋ ਸਾਨੂੰ ਪੈ ਰਹੀਆਂ ਹਨ ਇਹਨਾਂ ਵਲੋਂ ਮੂੰਹ ਮੋੜ ਕੇ ਬੈਠਣ ਜਾਂ ਅੱਖਾਂ ਬੰਦ ਕਰਨ ਨਾਲ ਮਸਲਾ ਹੱਲ ਨਹੀਂ ਹੋਣਾ ਸਗੋਂ ਇਹਨਾਂ ਦਾ ਟਾਕਰਾ ਕਰਨਾ ਪੈਣਾ ਹੈ ਤੇ ਇਸ ਟਾਕਰੇ ਲਈ ਨੌਜਵਾਨੋ ਵੱਡੀ ਤਿਆਰੀ ਦੀ ਲੋੜ ਹੈ। ਨਿਰਾਸ਼ਤਾ ਹਮੇਸ਼ਾ ਜੀਵਨ ਲਈ ਹਾਨੀਕਾਰਕ ਹੁੰਦੀ ਹੈ ਤੇ ਕੌਮਾਂ ਦੇ ਭਵਿੱਖ ਲਈ ਖਤਰਨਾਕ। ਇਸ ਲਈ ਸਮਾਂ ਨਾ ਗਵਾਓ। ਕਮਰਕੱਸੇ ਕਰੋ। ਹੁਣ ਤੋਂ ਹੀ ਹਥੌੜੇ ਦੀਆਂ ਸੱਟਾਂ ਮਾਰੋ ਤੇ ਲੋਹੇ ਨੂੰ ਤਪਾਉਣ ਲਈ ਤੇ ਕੁੱਟਣ ਲਈ ਉੱਦਮ ਕਰੋ। ਹੁਣ ਉੱਦਮ ਕਰਨ ਦੀ ਲੋੜ ਹੈ ਕਿਉਂਕਿ ਜਵਾਨੀ ਵਿਚ ਦਿਲਾਂ ਵਿਚ, ਡੌਲਿਆਂ ਵਿਚ ਜੋਸ਼ ਦਾ ਤਾਉ ਤੇ ਉਬਾਲ ਹੁੰਦਾ ਹੈ। ਤੁਹਾਨੂੰ ਘੜਨ ਦਾ ਢੰਗ ਗੁਰੂ ਨਾਨਕ ਸਾਹਿਬ ਨੇ ਜਪੁ ਜੀ ਬਾਣੀ ਵਿਚ ਬਾ-ਕਮਾਲ ਤਰੀਕੇ ਨਾਲ ਸਮਝਾਇਆ ਹੈ : ਜਤੁ ਪਾਹਾਰਾ ਧੀਰਜੁ ਸੁਨਿਆਰੁ॥

ਅਹਰਣਿ ਮਤਿ ਵੇਦੁ ਹਥੀਆਰੁ॥
ਭਉ ਖਲਾ ਅਗਨਿ ਤਪ ਤਾਉ॥
ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ॥
ਘੜੀਐ ਸਬਦੁ ਸਚੀ ਟਕਸਾਲ॥
ਜਿਨ ਕਉ ਨਦਰਿ ਕਰਮੁ ਤਿਨ ਕਾਰ॥
ਨਾਨਕ ਨਦਰੀ ਨਦਰਿ ਨਿਹਾਲ॥ (੮)

ਓਏ ਭੋਲਿਓ! ਇਹ ਘਾੜਤ ਆਪਣੀ ਸਿਆਣਪ ਨਾਲ ਨਹੀਂ ਘੜੀ ਜਾਂਦੀ ਸਗੋਂ, ਜਤੁ, ਧੀਰਜੁ, ਮਤ, ਗਿਆਨ, ਭਉ, ਤਪਤਾਉ ਅਤੇ ਭਾਉ ਦੀ ਮਿਲਵੀਂ ਸੱਚੀ ਟਕਸਾਲ ਵਿਚ ਗੁਰੂ ਸ਼ਬਦ ਦੀ ਮੋਹਰ ਨਾਲ ਘੜੀ ਜਾਂਦੀ ਹੈ। ਇਹ ਘੜਿਆ ਹੋਇਆ ਵੀ ਉਥੇ ਜਾ ਅੱਪੜਦਾ ਹੈ ਜਿੱਥੇ ਘੜਨਹਾਰੇ ਗੁਰੂ ਨੇ ਉੱਚੀ ਅਵਸਥਾ ਵਿਚ ਸ਼ਬਦ ਉਚਾਰਿਆ ਹੈ। ਘਾੜਾ ਗੁਰੂ ਕੂੜ ਦੀ ਪਾਲਿ ਤੋੜ ਦਿੰਦਾ ਹੈ। ਉਪਰੋਕਤ ਬਚਨਾਂ ਰਾਹੀਂ ਇਹ ਹੀ ਤਾਂ ਦ੍ਰਿੜ ਕਰਾਉਂਦੇ ਹਨ ਪਾਤਸ਼ਾਹ, ਜੇ ਅਕਾਲ ਪੁਰਖ ਦਾ ਡਰ ਧੌਂਕਣੀ ਹੋਵੇ, ਘਾਲ ਕਮਾਈ ਅੱਗ ਹੋਵੇ, ਪ੍ਰੇਮ ਕੁਠਾਲੀ ਹੋਵੇ ਤਾਂ ਫਿਰ ਹੇ ਭਾਈ! ਉਸ ਕੁਠਾਲੀ ਵਿਚ ਅਕਾਲ ਪੁਰਖ ਦਾ ਅੰਮ੍ਰਿਤ ਨਾਮ ਗਲਾਵੋ, ਕਿਉਂਕਿ ਇਹੋ ਜਿਹੀ ਹੀ ਸੱਚੀ ਟਕਸਾਲ ਵਿਚ ਗੁਰੂ ਦਾ ਸ਼ਬਦ ਘੜਿਆ ਜਾਂਦਾ ਹੈ।

ਪਰ ਗੁਰੂ ਦੇ ਦੁਲਾਰਿਓ! ਇਹ ਉੱਚੀ ਆਤਮਕ ਅਵਸਥਾ ਤਦੋਂ ਹੀ ਬਣ ਸਕਦੀ ਹੈ ਜੇ ਆਚਰਨ ਪਵਿੱਤਰ ਹੋਵੇ, ਦੂਜਿਆਂ ਦੀ ਵਧੀਕੀ ਸਹਿਣ ਦਾ ਹੌਸਲਾ ਹੋਵੇ, ਉੱਚੀ ਤੇ ਵਿਸ਼ਾਲ ਸਮਝ ਹੋਵੇ, ਪ੍ਰਭੂ ਦਾ ਡਰ ਹਿਰਦੇ ਵਿਚ ਟਿਕਿਆ ਰਹੇ, ਸੇਵਾ ਦੀ ਘਾਲ ਘਾਲੀ ਜਾਏ, ਖਾਲਕ ਤੇ ਖਲਕ ਦਾ ਪਿਆਰ ਦਿਲ ਵਿਚ ਹੋਵੇ। ਇਹ ਜਤ, ਧੀਰਜ, ਮਤ, ਗਿਆਨ, ਭਉ, ਘਾਲ ਅਤੇ ਪ੍ਰੇਮ ਦੇ ਗੁਣ ਇਕ ਸੱਚੀ ਟਕਸਾਲ ਹੈ ਜਿਸ ਵਿਚ ਗੁਰੂ ਦੇ ਸ਼ਬਦ ਦੀ ਮੋਹਰ ਘੜੀ ਜਾਂਦੀ ਹੈ।

ਤਾਂ ਤੇ ਫਿਰ ਆਪਣੀ ਜ਼ਿੰਦਗੀ ਨੂੰ ਇਸ ਤਰਾਂ ਘੜੋ ਕਿ ਤੁਹਾਨੂੰ ਆਪਣੇ ਕੀਤੇ ਕਾਰਨਾਮਿਆਂ ‘ਤੇ ਮਾਣ ਹੋਵੇ। ਬੀਤ ਚੁੱਕੇ ਸਮੇਂ ਤੋਂ ਸਬਕ ਤੇ ਉਤਸ਼ਾਹ ਪ੍ਰਾਪਤ ਕਰੋ, ਹੁਣ ਦੇ ਸਮੇਂ ਵਿਚ ਉੱਦਮ ਕਰੋ ਤੇ ਆਉਣ ਵਾਲੇ ਸਮੇਂ ਦੀ ਘਾੜਤ ਘੜੋ। ਤੁਹਾਡੇ ਪੁਰਖਿਆਂ ਨੇ ਅਜਿਹੇ ਕਾਰਨਾਮੇ ਕੀਤੇ ਹਨ ਜਿਨਾਂ ਦੀ ਉਦਾਹਰਣ ਦੁਨੀਆਂ ਦੇ ਕਿਸੇ ਇਤਿਹਾਸ ਵਿਚ ਨਹੀਂ ਮਿਲਦੀ। ਉਸ ਸਮੇਂ ਦੇ ਮੁਸਲਮਾਨ ਲਿਖਾਰੀਆਂ ਦੀਆਂ ਲਿਖਤਾਂ ਹੀ ਪੜੋ, ਤੁਹਾਡੇ ਤਨਾਂ ਤੇ ਮਨਾਂ ਵਿਚ ਡਰ ਨਾਲ ਥਰਥਰੀ ਪੈਦਾ ਹੋ ਜਾਵੇਗੀ। ਤੁਸੀਂ ਇਹ ਵੇਖੋਗੇ ਕਿ ਕਿਵੇਂ ਧਰਮ ਛੱਡ ਕੇ ਜੀਊਣ ਨਾਲੋਂ, ਪਤਿਤ ਹੋ ਕੇ ਜੀਊਂਦਿਆਂ ਰਹਿਣ ਨਾਲੋਂ, ਉਨਾਂ ਨੇ ਮੌਤ ਨੂੰ ਪ੍ਰਵਾਨ ਕੀਤਾ। ਉਨਾਂ ਦੀਆਂ ਖੋਪਰੀਆਂ ਲਾਹੀਆਂ ਗਈਆਂ, ਆਰਿਆਂ ਨਾਲ ਚੀਰਿਆ ਗਿਆ। ਚਰਖੜੀਆਂ ‘ਤੇ ਚਾੜ ਤੂੰਬਾ-ਤੂੰਬਾ ਕੀਤਾ ਗਿਆ ਪਰ ਉਹਨਾਂ ਨੇ ਆਪਣੇ ਗੁਰੂ ਦੀ ਬਖਸ਼ੀ ਸਿੱਖੀ ਨੂੰ ਰਤੀ ਭਰ ਵੀ ਆਂਚ ਨਹੀਂ ਆਉਣ ਦਿੱਤੀ।
ਜਦੋਂ ਤੁਸੀਂ ਇਹ ਲਹੂ ਨੂੰ ਸੁਕਾ ਦੇਣ ਵਾਲੇ ਅੱਤਿਆਚਾਰਾਂ ਤੇ ਆਤਮਾ ਨੂੰ ਹਲੂਣੇ ਤੇ ਉਤਸ਼ਾਹ ਦੇਣ ਵਾਲੀ ਸੂਰਮਗਤੀ ਦਾ ਹਾਲ ਪੜੋਗੇ ਤਾਂ ਯਕੀਨ ਕਰਨਾ ਤੁਹਾਡੇ ਮਨਾਂ ਵਿਚ ਵੀ ਰੀਝਾਂ ਤੇ ਉਤਸ਼ਾਹ ਦੇ ਇਰਾਦੇ ਪੱਕੇ ਹੋਣਗੇ ਕਿ ਅਸੀਂ ਵੀ ਆਪਣੇ

ਨਾਮੀ ਤੇ ਮਾਨਯੋਗ ਵਡੇਰਿਆਂ ਦੀ ਚੰਗੀ ਸੰਤਾਨ ਬਣੀਏ। ਪਰ ਇਹ ਘਾੜਤ ਕੇਵਲ ਨੌਜਵਾਨ ਨੇ ਆਪ ਹੀ ਨਹੀਂ ਘੜਨੀ ਸਗੋਂ ਸਾਡੇ ਪ੍ਰਚਾਰਕਾਂ, ਕੀਰਤਨੀਆਂ ਤੇ ਪ੍ਰਬੰਧਕਾਂ ਦਾ ਵੀ ਇਕ ਵੱਡਾ ਰੋਲ ਹੈ ਇਹਨਾਂ ਨੂੰ ਘੜਨ ਵਿਚ ਤੇ ਤੋੜਨ ਵਿਚ।

ਇਹ ਠੀਕ ਹੈ ਕਿ ਸਾਡੇ ਨੌਜਵਾਨਾਂ ਦੇ ਦਿਲਾਂ ਵਿਚ ਗੁਰਦੁਆਰੇ ਜਾਣ ਦਾ ਉਤਸ਼ਾਹ ਬਹੁਤ ਘੱਟ ਹੈ। ਇਸਦਾ ਮੁੱਖ ਕਾਰਨ ਗੁਰਦੁਆਰੇ ਦੇ ਪ੍ਰੋਗਰਾਮ, ਕਥਾ, ਕੀਰਤਨ ਆਦਿ ਦਾ ਉਹਨਾਂ ‘ਤੇ ਪ੍ਰਭਾਵ ਨਾ ਪਾਉਣਾ ਹੈ। ਇਸ ਘਾਟ ਨੂੰ ਪੂਰਾ ਕਰਨਾ ਸਾਡਾ ਮੁਢਲਾ ਫਰਜ਼ ਹੈ। ਕੀਰਤਨੀਆਂ ਨੂੰ ਚਾਹੀਦਾ ਹੈ ਕਿ ਰੋਜ਼-ਰੋਜ਼ ਇਕੋ ਸ਼ਬਦ ਨੂੰ ਪੜਨ ਦੀ ਥਾਂ ਉਹਨਾਂ ਸ਼ਬਦਾਂ ਦਾ ਕੀਰਤਨ ਕੀਤਾ ਜਾਵੇ ਜਿਨਾਂ ਦੇ ਅਰਥ ਭਾਵ ਸਰੋਤਿਆਂ ਨੂੰ ਸਮਝ ਆ ਸਕਣ ਤੇ ਉਹ ਕੀਰਤਨ ਦਾ ਅਨੰਦ ਲੈ ਸਕਣ। ਕੀਰਤਨ ਨੂੰ ਆਮ ਗਾਇਕੀ, ਗਾਣਿਆਂ ਦੀਆਂ ਤਰਜ਼ਾਂ ‘ਤੇ ਗਾਉਣ ਨਾਲ ਗੁਰਦੁਆਰਿਆਂ ਵਿਚ ਗਿਣਤੀ ਤਾਂ ਸ਼ਾਇਦ ਵਧ ਜਾਵੇ ਪਰ ਉਹ ਧਾਰਮਿਕ ਭਾਵ ਤੇ ਖਿਆਲ ਪੈਦਾ ਨਹੀਂ ਹੋ ਸਕਦੇ ਜਿਹੜੇ ਅਸੀਂ ਨੌਜਵਾਨਾਂ ਦੇ ਦਿਲਾਂ ਵਿਚ ਪੈਦਾ ਕਰਨੇ ਹਨ ਕਿਉਂਕਿ ਫਿਲਮਾਂ ਦੇ ਗਾਣਿਆਂ ਦੀਆਂ ਧੁਨਾਂ ‘ਤੇ ਕੀਰਤਨ ਸਮੇਂ ਵੀ ਸਰੋਤਿਆਂ ਦੇ ਮਨਾਂ ਵਿਚ ਉਹ ਹੀ ਸੀਨ ਘੁੰਮਦੇ ਹਨ ਜਿਹੜੇ ਉਹਨਾਂ ਨੇ ਫਿਲਮਾਂ ਵਿਚ ਪਰਦੇ ‘ਤੇ ਵੇਖੇ ਸਨ।

ਸ਼ਬਦ ਦੀ ਕਥਾ ਵੀ ਘਾੜਤ ਘੜਨ ਦਾ ਇਕ ਵਿਸ਼ੇਸ਼ ਸਾਧਨ ਹੈ। ਕਥਾ ਦਾ ਮਨੋਰਥ ਗੁਰਮਤਿ ਦ੍ਰਿੜ ਕਰਾਉਣਾ ਹੋਣਾ ਚਾਹੀਦਾ ਹੈ ਨਾ ਕਿ ਟਾਈਮ ਪਾਸ ਕਰਨਾ। ਜੇਕਰ ਕਥਾ ਕੇਵਲ ਟਾਈਮ ਪਾਸ ਜਾਂ ਆਪਣੀ ਵਿਦਵਤਾ ਪ੍ਰਗਟਾਉਣ ਲਈ ਕੀਤੀ ਜਾਵੇ ਤਾਂ ਇਹ ਰਸ- ਹੀਣ, ਯੋਗ ਭਾਵਾਂ ਤੋਂ ਸੱਖਣੀ ਤੇ ਆਤਮਿਕ ਹੁਲਾਰੇ ਲਿਆਉਣ ਵਿਚ ਕਾਮਯਾਬ ਨਹੀਂ ਹੋ ਸਕਦੀ। ਅੱਜ ਬਹੁਤੇ ਪ੍ਰਚਾਰਕ ਸਾਡੇ ਕੇਂਦਰੀ ਅਸਥਾਨਾਂ ‘ਤੇ ਕਥਾ ਕਰਨ ਸਮੇਂ ਕੇਵਲ ਆਪਣੀ ਸੋਚ, ਵਿਚਾਰਧਾਰਾ ਦੂਜਿਆਂ ‘ਤੇ ਠੋਸਣ ਲਈ ਹੀ ਲਾ ਰਹੇ ਹਨ ਜੋ ਕਥਾ ਦੇ ਮੁਢਲੇ ਅਸੂਲਾਂ ਦੀ ਪੁਸ਼ਟੀ ਨਹੀਂ ਕਰਦੇ। ਕਥਾ ਵਿਚ ਧੜੇਬੰਦੀ ਜਾਂ ਕਿਸੇ ਖਾਸ ਵਿਅਕਤੀ ਵਿਸ਼ੇਸ਼ ਦੀ ਉਸਤਤਿ ਜਾਂ ਨਿੰਦਾ ਨਾ ਕਰਕੇ ਗੁਰੂ ਦੇ ਸ਼ਬਦ ਦੀ ਮਹੱਤਤਾ ਹੀ ਦੱਸਣੀ ਚਾਹੀਦੀ ਹੈ ਕਿਉਂਕਿ ਸ਼ਬਦ ਇਕ ਰਸ ਹੈ, ਇਕ ਅਨੰਦ, ਇਕ ਖੇੜਾ ਹੈ, ਇਕ ਜੀਵਨ ਹੈ ਤੇ ਸ਼ਬਦ ਰੱਬੀ-ਮਿਲਾਪ ਦਾ ਮੁੱਖ ਸਾਧਨ ਹੈ।
ਪ੍ਰਬੰਧਕ ਸੱਜਣ ਵੀ ਘੜਨ ਦੀ ਇਕ ਮੁੱਖ ਕੜੀ ਹਨ। ਇਹਨਾਂ ਦੀ ਮਰਜ਼ੀ ਤੋਂ ਬਿਨਾਂ ਤਾਂ ਪ੍ਰਚਾਰਕ ਤੇ ਕੀਰਤਨੀ ਸ਼੍ਰੇਣੀ ਵੀ ਕੁਝ ਵੀ ਕਰਨ ਤੋਂ ਅਸਮਰੱਥ ਹੁੰਦੀ ਹੈ। ਪ੍ਰਬੰਧਕ ਵੀਰੋ! ਨੌਜਵਾਨਾਂ ਨੂੰ ਜੋੜਨ ਲਈ ਨਵੇਂ ਉਸਾਰੂ ਕੰਮ ਕਰੋ। ਉਹਨਾਂ ਦੀਆਂ ਲੋੜਾਂ ਨੂੰ ਵੇਖੋ, ਪਰਖੋ ਤੇ ਫਿਰ ਮਾਇਆ ਖਰਚ ਕਰੋ। ਗੁਰਦੁਆਰਿਆਂ ਦੇ ਮੂੰਹ ਮੱਥੇ ਬਹੁਤ ਸਵਾਰੇ ਜਾ ਚੁੱਕੇ ਹਨ ਹੁਣ ਕੌਮ ਦੇ ਭਵਿੱਖ ਨੂੰ ਸੰਵਾਰਨਾ ਤੁਹਾਡੇ ਹੱਥਾਂ ਵਿਚ ਹੈ। ਗੁਰਦੁਆਰਿਆਂ ਵਿਚ ਕਥਾ ਕੀਰਤਨ ਦੇ ਨਾਲ ਗਤਕਾ ਸਿਖਲਾਈ, ਕੰਪਿਊਟਰ ਸੈਂਟਰ, ਲਾਇਬ੍ਰੇਰੀ ਅਤੇ ਦਸਤਾਰ ਸਿਖਲਾਈ ਆਦਿ ਦੇ ਵਿਸ਼ੇਸ਼ ਪ੍ਰੋਗਰਾਮ ਹੋਣੇ ਜ਼ਰੂਰੀ ਹਨ। ਕਸਰਤ ਲਈ ਛੋਟੇ ਜਿਮ ਤੇ ਦੁਨਿਆਵੀ ਪੜਾਈ ਲਈ ਮੈਡੀਕਲ, ਇੰਜੀਨੀਅਰਿੰਗ ਤੇ ਸਿਵਲ ਸਰਵਿਸਿਜ਼ ਦੇ ਦਾਖਲੇ ਲਈ ਵਿਸ਼ੇਸ਼ ਕੋਚਿੰਗ ਸੈਂਟਰ ਚਲਾਉਣੇ ਚਾਹੀਦੇ ਹਨ। ਇਹਨਾਂ ਕਲਾਸਾਂ ਵਿਚ ਆਉਣ ਵਾਲੇ ਵਿਦਿਆਰਥੀ ਜਦੋਂ ਗੁਰੂ ਘਰਾਂ ਵਿਚ ਲਗਦੇ ਸੈਂਟਰਾਂ ਵਿਚ ਆਉਣਗੇ ਤੇ ਗੁਰਦੁਆਰਿਆਂ ਵਿਚ ਮੱਥਾ ਟੇਕਣਗੇ ਤਾਂ ਇਹਨਾਂ ਵਿਚ ਗੁਰੂ ਪ੍ਰਤੀ ਪ੍ਰੇਮ ਤੇ ਭਾਵਨਾ ਪੈਦਾ ਹੋਵੇਗੀ। ਜਦੋਂ ਅਸੀਂ ਗੁਰੂ ਦੇ ਖਿਆਲਾਂ ਤੇ ਬਚਨਾਂ ਰਾਹੀਂ ਅਜਿਹੀ ਜੀਵਨ- ਜਾਚ ਪੇਸ਼ ਕਰਾਂਗੇ ਜੋ ਧਰਮ ਦੇ ਰੰਗ ਵਿਚ ਰੰਗੀ ਹੋਵੇ ਤਾਂ ਪਰਮਾਤਮਾ ਦੀ ਹਜ਼ੂਰੀ ਦਾ ਨਿੱਘ ਉਹਨਾਂ ਨੂੰ ਵੀ ਮਹਿਸੂਸ ਹੋਵੇਗਾ ਤੇ ਇਹ ਨਿੱਘ ਉਹਨਾਂ ਦੇ ਅੰਦਰ ਵੀ ਇਕ ਨਿਰਾਲਾ ਉਤਸ਼ਾਹ ਪੈਦਾ ਕਰੇਗਾ ਅਤੇ ਉਹ ਧਰਮ ਦੇ ਮਾਰਗ ‘ਤੇ ਖੁਸ਼ੀ-ਖੁਸ਼ੀ ਤੁਰਨ ਲਈ ਤਿਆਰ ਹੋ ਜਾਣਗੇ। ਯਾਦ ਰੱਖੀਏ! ਲਾਪਰਵਾਹੀ, ਗਾਫ਼ਲਤਾ, ਵਿਚਾਰਹੀਨਤਾ, ਆਤਮਘਾਤ ਦੇ ਬਰਾਬਰ ਹਨ। ਸਰੀਰਕ ਜਾਂ ਦਿਮਾਗੀ ਸੁਸਤੀ ਤੇ ਆਲਸ ਖਤਰਨਾਕ ਬਿਮਾਰੀਆਂ ਹਨ ਜਿਹੜੀਆਂ ਵਿਅਕਤੀ ਲਈ ਵੀ ਤੇ ਕੌਮ ਲਈ ਵੀ ਘਾਤਕ ਸਿੱਧ ਹੁੰਦੀਆਂ ਹਨ। ਹੁਣ ਦੀ ਥੋੜੀ ਜਿਹੀ ਲਾਪਰਵਾਹੀ ਬਹੁਤ ਵੱਡੇ ਖਤਰੇ ਨੂੰ ਜਨਮ ਦੇਵੇਗੀ। ਸੱਚੀ ਗੱਲ ਤਾਂ ਇਹ ਹੈ ਕਿ ਕੇਵਲ ਇਕੋ ਥਾਂ ਅਜਿਹੀ ਹੈ ਜਿੱਥੇ ਇਨਸਾਨ ਲਾਪਰਵਾਹ ਹੋ ਸਕਦਾ ਹੈ ਉਹ ਹੈ ਮੌਤ ਦਾ ਬਿਸਤਰਾ। ਉਸ ਵੇਲੇ ਕੋਈ ਵਿਚਾਰ ਜਾਂ ਸੋਚ ਅੱਗੇ ਨਹੀਂ ਤੁਰਦੀ ਤੇ ਜੀਵਨ ਲੀਲਾ ਸਮਾਪਤ ਹੋ ਜਾਂਦੀ ਹੈ।

Comments

comments

Share This Post

RedditYahooBloggerMyspace