ਨਾਸ਼ਤਾ ਨਾ ਕਰਨ ਨਾਲ ਵਧਦੈ ਮੌਤ ਦਾ ਖ਼ਤਰਾ

ਜੇ ਤੁਸੀਂ ਸਵੇਰੇ ਨਾਸ਼ਤਾ ਨਹੀਂ ਕਰਦੇ ਤੇ ਦੇਰ ਰਾਤ ਨੂੰ ਖਾਣਾ ਖਾਂਦੇ ਹੋ ਤਾਂ ਇਹ ਤੁਹਾਡੇ ਲਈ ਖ਼ਤਰਨਾਕ ਹੋ ਸਕਦਾ ਹੈ। ਇਸ ਨਾਲ ਜਲਦੀ ਮੌਤ ਖ਼ਤਰਾ ਵਧਂਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਘੇਰ ਲੈਂਦੀਆਂ ਹਨ। ਦਿਲ ਦੇ ਰੋਗਾਂ ਦੀ ਰੋਕਥਾਮ ਸਬੰਧੀ ਯੂਰਪੀ ਰਸਾਲੇ ਵਿਚ ਛਪੇ ਅਧਿਐਨ ਅਨੁਸਾਰ ਜਿਹੜੇ ਲੋਕ ਸਮੇਂ ਸਿਰ ਖਾਣਾ ਨਹੀਂ ਖਾਂਦੇ ਉਨ੍ਹਾਂ ਦੀ ਜਲਦੀ ਜਾਨ ਜਾਣ ਦਾ ਖ਼ਦਸ਼ਾ ਚਾਰ ਤੋਂ ਪੰਜ ਗੁਣਾ ਵਧ ਜਾਂਦਾ ਹੈ। ਬ੍ਰਾਜ਼ੀਲ ਦੀ ਸਾਓ ਪਾਓਲ ਸਟੇਟ ਯੂਨੀਵਰਸਿਟੀ ਦੇ ਸਹਿ-ਲੇਖਕ ਮਾਰਕੋ ਮਿਨੀਕਿਉਈ ਦਾ ਕਹਿਣਾ ਹੈ, ‘‘ਸਾਡੇ ਖੋਜਕਾਰ ਇਸ ਨਤੀਜੇ ’ਤੇ ਪੁੱਜੇ ਹਨ ਕਿ ਖਾਣ-ਪੀਣ ਦੀਆਂ ਵਿਗੜੀਆਂ ਦੋ ਆਦਤਾਂ ਨਾਲ ਹੀ ਦਿਲ ਉਤੇ ਕਾਫੀ ਮਾੜਾ ਅਸਰ ਪੈਂਦਾ ਹੈ।’’
ਖੋਜਕਾਰਾਂ ਨੇ ਅਧਿਐਨ ’ਚ 60 ਸਾਲ ਤੱਕ ਦੇ ਵਿਅਕਤੀਆਂ ਨੂੰ ਸ਼ਾਮਲ ਕੀਤਾ ਸੀ, ਜਿਨ੍ਹਾਂ ’ਚ 73 ਫੀਸਦੀ ਮਰਦ ਸਨ। ਦਿਲ ਦੇ ਰੋਗਾਂ ਤੋਂ ਪੀੜਤ ਵਿਅਕਤੀਆਂ ਨੂੰ ਖਾਸ ਤੌਰ ’ਤੇ ਸੂਚੀਬੱਧ ਕੀਤਾ ਗਿਆ। ਖੋਜਕਾਰਾਂ ਦੀ ਟੀਮ ਅਨੁਸਾਰ ਇਹ ਪਹਿਲੀ ਖੋਜ ਹੈ, ਜਿਸ ਵਿੱਚ ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਕਾਰਨ ਲੋਕਾਂ ’ਚ ਦਿਲ ਦੇ ਰੋਗਾਂ ਦੇ ਸਪਸ਼ਟ ਸਹਿ-ਲੱਛਣ ਮਿਲੇ ਹਨ। ਖੋਜ ’ਚ ਸਵੇਰੇ ਖਾਣਾ ਨਾ ਖਾਣ ਵਾਲੇ 58 ਫੀਸਦੀ ਅਤੇ ਦੇਰ ਰਾਤੀਂ ਖਾਣਾ ਖਾਣ ਵਾਲੇ 51 ਫੀਸਦੀ ਮਰੀਜ਼ ਸਾਹਮਣੇ ਆਏ ਹਨ।
ਇਸ ਤਰ੍ਹਾਂ ਰੋਟੀ-ਪਾਣੀ ਸਮੇਂ ਸਿਰ ਨਾ ਖਾਣ ਵਾਲੇ ਇਨ੍ਹਾਂ ਦੋਵੇਂ ਸ਼੍ਰੇਣੀਆਂ ਦੇ ਕੁੱਲ 41 ਫੀਸਦੀ ਮਰੀਜ਼ ਬਣਦੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਰਾਤੀਂ ਸੌਣ ਤੋਂ ਘੱਟੋ-ਘੱਟ ਦੋ ਘੰਟੇ ਪਹਿਲਾਂ ਰੋਟੀ ਖਾ ਲੈਣੀ ਚਾਹੀਦੀ ਹੈ। ਸਵੇਰੇ ਨਾਸ਼ਤੇ ’ਚ ਦੁੱਧ, ਦਹੀਂ, ਪਨੀਰ, ਬਰੈੱਡ, ਅਨਾਜ ਤੇ ਫਲ ਆਦਿ ਖਾਣੇ ਚਾਹੀਦੇ ਹਨ।

Comments

comments

Share This Post

RedditYahooBloggerMyspace