ਬਾਬੂ ਰਜਬ ਅਲੀ ਦੀ ਪੰਜਾਬੀ ਸਾਹਿਤ ਨੂੰ ਦੇਣ

ਅਜਮੇਰ ਸਿੰਘ
ਬਾਬੂ ਰਜਬ ਅਲੀ ਦਾ ਕਵੀਸ਼ਰੀ ਸਿਰਜਣ ਕਾਲ 63 ਵਰ੍ਹਿਆਂ (1916-1979 ਈ.) ਦਾ ਹੈ। ਇਸ ਵਿਚ ਉਸ ਨੇ ਛੋਟੀਆਂ-ਵੱਡੀਆਂ 81 ਰਚਨਾਵਾਂ ਸਿਰਜੀਆਂ। ਇਨ੍ਹਾਂ ਰਚਨਾਵਾਂ ਵਿਚ 56 ਘੱਟੋ-ਘੱਟ ਇਕ ਅਖਾੜੇ ਜੋਗੀਆਂ ਤੇ 25 ਲਘੂ ਆਕਾਰ ਦੀਆਂ ਰਚਨਾਵਾਂ ਹਨ। ਬਾਬੂ ਜੀ ਨੇ ਆਪਣੀ ਪਹਿਲੀ ਰਚਨਾ ਹੀਰ 1916 ਈ. ਵਿਚ ਲਿਖੀ ਅਤੇ ਅੰਤਲੀ ਕਵਿਤਾ ‘ਰਜਬ ਅਲੀ ਤੂੰ ਰੋਜ਼ ਉਡੀਕ ਰੱਖੀਂ, ਤੈਨੂੰ ਆਵਣੀ ਮੌਤ ਦੀ ਤਾਰ ਬੀਬਾ’, ਆਪਣੀ ਮੌਤ ਤੋਂ ਕੇਵਲ ਪੰਜ ਦਿਨ ਪਹਿਲਾਂ ਲਿਖੀ। ਬਾਬੂ ਜੀ ਨੇ ਆਪਣਾ ਸਾਰਾ ਜੀਵਨ ਕਵੀਸ਼ਰੀ ਸਿਰਜਣਾ ਨੂੰ ਅਰਪਿਤ ਕੀਤਾ। ਜਦੋਂ ਉਹ ਨਹਿਰ ਦੇ ਮਹਿਕਮੇ ਵਿਚ ਓਵਰਸੀਅਰ ਸੀ ਤਾਂ ਵੀ ਉਸ ਦਾ ਸਾਰਾ ਧਿਆਨ ਕਵੀਸ਼ਰੀ ਨਾਲ ਹੀ ਜੁੜਿਆ ਰਿਹਾ। ਨੌਕਰੀ ਤੋਂ ਰਿਟਾਇਰਮੈਂਟ ਲੈਣ ਤੋਂ ਬਾਅਦ ਪਿਛਲੇ 35 ਸਾਲ ਉਸ ਨੇ ਕਾਵਿ-ਸਿਰਜਣਾ ਨੂੰ ਅਰਪਿਤ ਕੀਤੇ। ਉਸ ਨੇ ਕਈ ਰਚਨਾਵਾਂ ਨੂੰ ਛੰਦ ਬਦਲ ਕੇ ਦੋ, ਤਿੰਨ, ਚਾਰ, ਪੰਜ ਵਾਰ ਲਿਖਿਆ, ਜਿਵੇਂ ‘ਸੀਤਾ ਦੀ ਭਾਲ’ ਪੰਜ ਵੇਰ; ‘ਵਿਰਾਟ-ਪਰਬ’, ‘ਜਾਨੀ ਚੋਰ’ ਚਾਰ ਵੇਰ, ‘ਸਾਕਾ ਸਰਹੰਦ’, ‘ਕੌਲਾਂ’ ਤਿੰਨ ਵੇਰ, ਨਲ-ਦਮਯੰਤੀ’, ‘ਸੰਮਣ ਮੂਸਣ’, ‘ਬਿਧੀ ਚੰਦ ਦੇ ਘੋੜੇ’, ‘ਬਿਧੀ ਚੰਦ ਦੇ ਦਸਾਲੇ’, ‘ਸ਼ਹੀਦੀ ਬਾਬਾ ਦੀਪ ਸਿੰਘ’, ‘ਦੌਰਾ ਗੁਰੂ ਗੋਬਿੰਦ ਸਿੰਘ’, ‘ਹਸਨ ਹੁਸੈਨ’ ਤੇ ‘ਦੁੱਲਾ ਭੱਟੀ’ ਨੂੰ ਦੋ ਵੇਰ ਲਿਖਿਆ। ਬਾਬੂ ਰਜਬ ਅਲੀ ਦਾ ਸਿਰਜਣ ਪ੍ਰਵਾਹ ਸਤਲੁਜ ਦਰਿਆ ਵਾਂਗ ਅਰੁਕ, ਅਡੋਲ ਤੇ ਸਹਿਜ ਸੁਭਾਅ ਚਲਦਾ ਰਿਹਾ ਹੈ ਅਤੇ ਬਾਬੂ ਜੀ ਦੀ ਕਵੀਸ਼ਰੀ ਸਿਰਜਣ ਕਾਲ ਵੀ ਸਤਲੁਜ ਦੇ ਵਹਿਣ ਵਾਂਗ ਹਿੰਦੋਸਤਾਨ ਤੇ ਪਾਕਿਸਤਾਨ ਵਿਚ ਹੁਸੈਨੀਵਾਲਾ ’ਤੇ ਵੰਡਿਆ ਹੈ: 31 ਵਰ੍ਹੇ (1916-1947 ਈ.) ਹਿੰਦੋਸਤਾਨ ਵਿਚ ਅਤੇ 32 ਵਰ੍ਹੇ (1947-1979 ਈ.) ਪਾਕਿਸਤਾਨ ਵਿਚ।

ਰਜਬ ਅਲੀ ਨੂੰ ਇਹ ਮਾਣ ਪ੍ਰਾਪਤ ਹੈ ਕਿ ਉਸ ਨੇ ਘੱਟੋ-ਘੱਟ ਪੰਜ ਰਚਨਾਵਾਂ ‘ਦੌਰਾ ਗੁਰੂ ਗੋਬਿੰਦ ਸਿੰਘ’ (ਕਲੀਆਂ ਵਿਚ) ‘ਹਰਨਾਮ ਕੌਰ ਦੀ ਬਹਾਦਰੀ’, ‘ਗੁਰਨਾਮ ਸਿੰਘ ਰਾਊਕੇ’, ‘ਸ਼ਹੀਦ ਭਗਤ ਸਿੰਘ’ ਤੇ ‘ਭੂੜ ਬਹਾਦਰ’ ਪਹਿਲੀ ਵੇਰ ਰਚ ਕੇ ਪੰਜਾਬੀ ਮਾਂ ਦੀ ਝੋਲੀ ਨੂੰ ਭਰਪੂਰ ਕੀਤਾ।

ਆਕਾਰ ਦੇ ਪੱਖੋਂ ਰਜਬ ਅਲੀ ਦੀ ਰਚਨਾ ਬਹੁਤ ਵਿਸ਼ਾਲ ਤੇ ਮਿਆਰ ਦੇ ਪੱਖੋਂ ਉਚੇਰੀ ਹੈ। 63 ਵਰ੍ਹਿਆਂ ਦੀ ਕਠਨ ਸਾਧਨਾ ਨਾਲ ਬਾਬੂ ਜੀ ਨੇ 2,000 ਤੋਂ ਵਧੇਰੇ ਛੰਦਾਂ ਦੀ ਘਾੜਤ ਕੀਤੀ, ਜਿਸ ਨਾਲ ਸ਼ਬਦਾਂ ਦਾ ਸਮੁੰਦਰ ਇਕੱਤਰ ਹੋਇਆ ਹੈ। ਕਵੀਸ਼ਰੀ ਦੇ ਮਾਪ ਦੰਡ ਤੋਂ ਬਾਬੂ ਜੀ ਦੀ ਰਚਨਾ ਸਫ਼ਲ ਤੇ ਉੱਚ ਪਾਏ ਦੀ ਸਿੱਧ ਹੁੰਦੀ ਹੈ। ਉਸ ਦੀ ਕਵੀਸ਼ਰੀ ਸੈਂਕੜੇ ਵਾਰ ਅਖਾੜਿਆਂ ਵਿਚ ਗਾਈ ਜਾ ਚੁੱਕੀ ਹੈ।

ਬਾਬੂ ਰਜਬ ਨੇ ਪਹਿਲੀ ਵੇਰ ਪੰਜਾਬੀ ਸਾਹਿਤ ਨੂੰ ‘ਬਾਬੂ-ਚਾਲ’ ਤੇ ‘ਬਹੱਤਰ-ਕਲਾ’ ਵਰਗੇ ਛੰਦ ਇਜ਼ਾਦ ਕਰਕੇ ਦਿੱਤੇ। ਬਾਬੂ ਜੀ ਪਿੰਗਲ ਦਾ ਧੰਨੀ ਤੇ ਛੰਦ ਦਾ ਉਸਤਾਦ ਸੀ। ਉਸ ਨੇ ਆਪ ਵੀ ਪਿੰਗਲ ਰਚਿਆ। ਬਾਬੂ ਜੀ ਹਜ਼ਰਤ-ਵਾਂਗ ਲੋਹੇ ਵਰਗੇ ਸ਼ਬਦਾਂ ਨੂੰ ਆਪਣੇ ਖਿਆਲਾਂ ਦੀ ਛੋਹ ਨਾਲ ਮੋਮ ਵਾਂਗ ਢਾਲ ਕੇ ਛੰਦ ਤੇ ਨਵੀਆਂ ਤਰਜ਼ਾਂ ਵਿਚ ਢਾਲ ਲੈਂਦੇ ਸਨ। ਬਾਬੂ ਰਜਬ ਅਲੀ ਤੇ ਉਸ ਦੇ ਕਲਾਮ ਦੀ ਇੱਕ ਬਹੁਤ ਵੱਡੀ ਖੂਬੀ ਇਹ ਹੈ ਕਿ ਉਹ ਧਾਰਮਿਕ ਸੰਕੀਰਣਤਾ ਤੋਂ ਬੇਲਾਗ ਅਤੇ ਬਹੁਤ ਉਚੇਰਾ ਹੈ। ਬਾਬੂ ਸ਼ਾਇਰ ਹੈ। ਬਾਬੂ ਆਰਿਫ ਹੈ। ਸ਼ਾਇਰਾਂ ਤੇ ਆਰਿਫਾਂ ਦਾ ਕੋਈ ਧਰਮ ਨਹੀਂ ਹੁੰਦਾ, ਉਹ ਕੇਵਲ ਇਨਸਾਨੀਅਤ ਨੂੰ ਮੰਨਦੇ ਹਨ।
ਬਾਬੂ ਲਿਖਦਾ ਹੈ:

ਜੁਦਾ ਕੌਮਾਂ ਸਿੱਖ ਤੇ ਮੁਸਲਮੀਨ ਜੀ।
ਪਰ ਆਰਿਫਾਂ ਦਾ ਇੱਕੋ ਹੁੰਦਾ ਦੀਨ ਜੀ।
(ਸ਼ਹੀਦੀ- ਗੁਰੂ ਅਰਜਨ ਦੇਵ)

ਬਾਬੂ ਤਿੰਨ ਕੌਮਾਂ ਦਾ ਸਾਂਝਾ ਸ਼ਾਇਰ ਹੈ।
‘ਸਿਆਣੇ ਸਮਝਣ ਉਹਨੂੰ ਅੱਛਾ, ਜਿਹੜਾ ਸ਼ਾਇਰ ਨਜ਼ਮ ਬਣਾਏ ਸਾਂਝੀ, ਸੁਣਨ ਤਿੰਨ ਕੌਮਾਂ। ਜੇ ਲੋਕ ਭਟਕ ਜਾਣ ਤਾਂ ਉਹ ਕਵੀਸ਼ਰ ਦਾ ਇਹ ਫਰਜ਼ ਸਮਝਦਾ ਹੈ ਕਿ ਉਨ੍ਹਾਂ ਨੂੰ ਸਿੱਧੇ ਰਾਹ ਮੋੜੇ, ‘ਫਿਰ ਫ਼ਰਜ਼ ਕਵੀਸ਼ਰ ਦਾ, ਭੁੱਲੇ ਜਾਣ ਲੋਕ ਸਿੱਧੇ ਰਾਹ ਮੋੜੇ’। ਬਾਬੂ ਜੀ ਦੇ ਚੇਲੇ ਹਿੰਦੂ, ਸਿੱਖ, ਮੁਸਲਮਾਨ ਤੇ ਈਸਾਈ ਸਨ। ਬਾਬੂ ਜੀ ਦਾ ਉਸਤਾਦ ਸਿੱਖ-ਕਵੀਸ਼ਰ ਮਾਨ ਸਿੰਘ ਸੀ। ਬਾਬੂ ਜੀ ਨੇ ਪਾਕਿਸਤਾਨ ਵਿਚ ਬੈਠ ਕੇ ਸਿੱਖ-ਇਤਿਹਾਸ ਤੇ ਹਿੰਦੂ ਮਿਥਿਹਾਸ ਦੀਆਂ ਉੱਭਰਵੀਆਂ ਰਚਨਾਵਾਂ ਲਿਖੀਆਂ, ਵਗਦੀ ਹਨੇਰੀ ਸਾਹਮਣੇ ਆਪਣੀ ਵਿਚਾਰਧਾਰਾ ਤੇ ਪ੍ਰੇਮ ਦਾ ਦੀਵਾ ਬਾਲਣਾ ਕੋਈ ਆਸਾਨ ਕੰਮ ਨਹੀਂ, ਪਰ ਬਾਬੂ ਜੀ ਨੇ ਆਪਣੇ ਜਿਗਰ ਦੇ ਖ਼ੂਨ ਨਾਲ ਇਸ ਦੀਵੇ ਨੂੰ ਜਗਦਾ ਰੱਖਿਆ ਹੈ। ਬਾਬੂ ਜੀ ਨੇ ਕੇਵਲ ਚਾਰ ਇਸਲਾਮੀ ਪ੍ਰਸੰਗ ਲਿਖੇ ਹਨ। ਬਾਬੂ ਰਜਬ ਅਲੀ ਨੇ ਸਿੱਖ ਇਤਿਹਾਸ ਤੇ ਹਿੰਦੂ ਮਿਥਿਹਾਸ ਦੀਆਂ ਰਚਨਾਵਾਂ ਨੂੰ ਪੂਰੀ ਨਿਸ਼ਠਾ ਤੇ ਪ੍ਰੇਮ ਨਾਲ ਲਿਖਿਆ ਹੈ। ਉਸ ਨੇ ਗੁਰੂ ਸਾਹਿਬਾਨ ਤੇ ਸੁਰਸਤੀ ਦੇ ਮੰਗਲ ਗਾਏ ਹਨ। ਬਾਬੂ ਜੀ ਦੀਆਂ ਸਭ ਤੋਂ ਕਲਾਤਮਿਕ ਤੇ ਪੱਕੀਆਂ ਰਸੀਲੀਆਂ ਰਚਨਾਵਾਂ ਸਿੱਖ-ਇਤਿਹਾਸ ਜਾਂ ਹਿੰਦੂ-ਮਿਥਿਹਾਸ ਨਾਲ ਸਬੰਧਤ ਹਨ। ਇੱਥੇ ਇਹ ਗੱਲ ਕਰਨੀ ਵਿਸ਼ੇਸ਼ ਤੌਰ ’ਤੇ ਜ਼ਰੂਰੀ ਹੈ ਕਿ ਬਾਬੂ ਜੀ ਨੇ ਸਿੱਖ-ਇਤਿਹਾਸ ਤੇ ਹਿੰਦੂ-ਮਿਥਿਹਾਸ ਦੀਆਂ ਵਧੇਰੇ ਰਚਨਾਵਾਂ ਪਾਕਿਸਤਾਨ ਵਿਚ ਬੈਠ ਕੇ ਲਿਖੀਆਂ।

ਬਾਬੂ ਰਜਬ ਅਲੀ ਹਿੰਦੋਸਤਾਨ ਦੀ ਫਿਰਕੂ ਵੰਡ ਦਾ ਵਿਰੋਧੀ ਹੈ। ਉਹ ਇਸ ਨੂੰ ਅੰਗਰੇਜ਼ ਦੀ ਚਾਲ ਆਖਦਾ ਹੈ। ਉਸ ਦਾ ਦਿਲ ਪਾਟਦਾ ਹੈ ਕਿ ਹਿੰਦੋਸਤਾਨ ਤੇ ਪਾਕਿਸਤਾਨ ਦੇ ਸਿਆਸੀ ਆਗੂ ਅੰਗਰੇਜ਼ ਦੀ ਸਿਆਸਤ ਦਾ ਸਹੀ ਉੱਤਰ ਨਹੀਂ ਦੇ ਸਕੇ, ਜਿਸ ਕਰਕੇ ਇਸ ਸਿਆਸਤ ਨਾਲ ਆਮ ਮਨੁੱਖ ਦਾ ਕਤਲੇਆਮ ਹੋਇਆ ਤੇ ਧੀਆਂ-ਭੈਣਾਂ ਦੀ ਬੇਇੱਜ਼ਤੀ ਹੋਈ। ਬਾਬੂ ਜੀ ‘ਭੂੜ ਬਹਾਦਰ’ ਵਿਚ ਉਨ੍ਹਾਂ ਸਰਦਾਰਾਂ (ਰੂਪ ਸਿੰਘ ਆਦਿ) ਦੀ ਨਾਇਕ ਦੇ ਤੌਰ ’ਤੇ ਉਸਤਤ ਕਰਦਾ ਹੈ, ਜਿਨ੍ਹਾਂ ਨੇ ਮੁਸਲਮਾਨ ਲੜਕੀ ਨੂੰ ਇਕ ਲੁਟੇਰੇ ਤੋਂ ਛੁਡਾਇਆ ਅਤੇ ਉਸ ਨੂੰ ਭੈਣ ਬਣਾ ਕੇ ਸਹੀ-ਸਲਾਮਤ ਪਾਕਿਸਤਾਨ ਵਿਚ ਪਹੁੰਚਾਇਆ।

ਸਬਜ਼ ਸ਼ਹਿਰੋਂ ਜਾ ਕੇ ਲੱਭ ਲੀ ਸ਼ਾਹ ਬਹਿਰਾਮ ਨੇ,
ਇਹ ਤੇ ਹੁਸਨਬਾਨੋ ਜਾਣੀ ਸਕੀਆਂ ਭੈਣਾਂ।
ਕਮਲੀ ਸੇਜ ਉੱਤੇ ਛਿੜਕਿਆ ਅਤਰ ਸ਼ੁਕੀਨਣ ਨੇ,
ਨਾਜ਼ੁਕ ਫੁੱਲ ਦੀਆਂ ਪੱਤੀਆਂ ਜੀ ਸਿੱਟ ਕੇ ਨਿੱਤ ਪੈਣਾਂ।
ਮਦ ਦੀ ਬੋਤਲ ਨਹਿਣਾ ਭਰ ਕੇ ਧਰ ਲੀ ਸੇਜ ਤੇ,
ਬਾਬੂ ਦਾਰੂ ਪੀ ਲਾ ਬਹਿ ਫੌਜੀ ਲਫਟਾਇਣਾਂ।

ਕਲੀ ਦਾ ਛੰਦ ਦਰਦ ਦੇ ਅਹਿਸਾਸ ਦੇ ਪ੍ਰਗਟਾਵੇ ਲਈ ਢੁਕਵਾਂ ਹੈ। ਹੀਰ ਆਪਣਾ ਦੁਖੜਾ ਇਸ ਤਰ੍ਹਾਂ ਰੋਂਦੀ ਹੈ:
ਹੀਰ ਸੱਦ ਕੇ ਕੋਲੇ ਅਰਜ਼ਾਂ ਕਰਦੀ ਚਾਕ ਦੀਆਂ,
ਇੰਙਾਂ ਗਿਰ ਕੇ ਲਗੀਆਂ ਸੀ ਕੁੜਤੀ ਪਰ ਪਾਲਾਂ।
ਮੈਂ ਨਾ ਬਚਦੀ ਮੈਨੂੰ ਚੱਕ ਵੱਢ-ਵੱਢ ਖਾਣ ਗੀਆਂ,
ਖੇੜੀਂ ਰਹਿਣ ਰਾਝਿਆਂ ਵੇ ਭੁੱਖੀਆਂ ਸਰਾਲਾਂ।
‘ਕਲੀਆਂ ਵਾਲੀ ਹੀਰ’ ਰਜਬ ਅਲੀ ਦੀ ਇਕ ਪ੍ਰਤੀਨਿਧ ਰਚਨਾ ਹੈ, ਜੋ ਉਸ ਦੇ ਕਾਵਿ-ਗੁਣਾਂ ਨੂੰ ਪ੍ਰਗਟ ਕਰਦੀ ਹੈ।
(ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ‘ਬਾਬੂ ਰਜਬ ਅਲੀ, ਜੀਵਨ ਤੇ ਰਚਨਾ’ ਵਿਚੋਂ ਧੰਨਵਾਦ ਸਹਿਤ)

ਗੁਰੂ ਅਰਜਨ ਦੇਵ ਦੀ ਸ਼ਹੀਦੀ
ਸਿੱਖ-ਧਰਮ ਦੇ ਪਹਿਲੇ ਸ਼ਹੀਦ ਗੁਰੂ ਅਰਜਨ ਦੇਵ ਦੀ ਸ਼ਹੀਦੀ ਦਾ ਬਿਰਤਾਂਤ ਬਾਬੂ ਰਜਬ ਅਲੀ ਨੇ ਸਿੱਖ ਇਤਿਹਾਸ ਦੀ ਭਾਵਨਾ ਨਾਲ ਇਕਸੁਰ ਹੋ ਕੇ ਕੀਤਾ ਹੈ। ਇਹ ਰਚਨਾ ਅਜੇ ਤੱਕ ਅਣਛਪੀ ਹੈ ਅਤੇ ਇਹ ਕਵੀ ਨੇ ਪਾਕਿਸਤਾਨ ਵਿਚ ਰੋਜ਼ਿਆਂ ਦੇ ਦਿਨਾਂ ਵਿਚ ਲਿਖੀ। ਇਸ ਵਿਚ ਦੋਹਿਰਾ, ਮਨੋਹਰ ਭਵਾਨੀ, ਮੁਕੰਦ, ਤਰਜ਼ ਆਦਿ ਛੰਦ ਵਰਤੇ ਹਨ। ਇਸ ਪ੍ਰਸੰਗ ਦੇ ਕੁੱਲ 15 ਦੇ ਕਰੀਬ ਛੰਦ ਹਨ। ਰਜਬ ਅਲੀ ਇਸ ਨੂੰ ਧਰਮ ਤੇ ਪਾਪ ਦਾ ਯੁੱਧ ਆਖਦਾ ਹੈ:
ਐਸੀ ਚਾਹੀਏ ਗੁਰ ਸਿੱਖੀ,
ਪਾਤੀ ਸੇਵਕਾਂ ਦੀ ਲਿਖੀ, ਤਲਵਾਰਾਂ ਤੋਂ ਵੀ ਤਿੱਖੀ,
ਚੰਦੂ ਕੱਢੇ ਖੁੰਦਰ ਨੂੰ।
ਛਾਲ ਮਾਰੀ ਵੇਖ ਅੱਗ ਦੇ ਸਮੁੰਦਰ ਨੂੰ।
ਆ ਕੇ ਜਮਰਾਜ ਲੱਥੇ, ਕੱਢੇ ਤੀਰ ਖੋਲ੍ਹ ਭੱਥੇ, ਰਜਬ ਅਲੀ ਉਵੇਂ ਮੱਥੇ,
ਤੇ ਦਿਸਣ ਜ਼ੌਹਰ ਪਏ। ਪਾਪ ਤੇ ਧਰਮ ਲੜਨ ਲਾਹੌਰ ਪਏ।
ਗੁਰੂ ਮਾੜਿਆਂ ਦੇ ਸਾਥੀ, ਮਿੱਠਾ ਖੰਡ ਤੋਂ ਸੁਭਾਅ ਸੀ, ਝੂਲਦੇ ਖੜ੍ਹੋਤੇ ਹਾਥੀ,
ਤੇ ਵਛੇਰੇ ਨੱਚਦੇ। ਵਿਚੇ ਰੱਬ ਸੁਰਗ ਬਣਾਏ ਸੱਚ ਦੇ।

Comments

comments

Share This Post

RedditYahooBloggerMyspace