ਲਾਪਤਾ ਜਹਾਜ਼ ਦੀ ਨਾ ਮਿਲੀ ਉੱਘ-ਸੁੱਘ

ਈਟਾਨਗਰ/ਨਵੀਂ ਦਿੱਲੀ : ਭਾਰਤੀ ਹਵਾਈ ਸੈਨਾ ਦੇ ਲਾਪਤਾ ਮਾਲਵਾਹਕ ਜਹਾਜ਼ ਏਐਨ-32 ਦੀ ਅਜੇ ਤਕ ਕੋਈ ਉੱਘ-ਸੁੱਘ ਨਹੀਂ ਲੱਗੀ ਹੈ। ਸੋਮਵਾਰ ਨੂੰ ਇਹ ਜਹਾਜ਼ ਅਰੁਣਾਚਲ ਪ੍ਰਦੇਸ਼ ਦੇ ਸੰਘਣੇ ਜੰਗਲ ਮੈਂਚੁਕਾ ਨੇੜੇ ਲਾਪਤਾ ਹੋ ਗਿਆ ਸੀ। ਜਹਾਜ਼ ਦੀ ਭਾਲ ਲਈ ਮੰਗਲਵਾਰ ਨੂੰ ਵੱਡੀ ਖੋਜੀ ਮੁਹਿੰਮ ਚਲਾਉਂਦਿਆਂ ਭਾਰਤੀ ਜਲ ਸੈਨਾ ਦੇ ਟੋਹੀ ਜਹਾਜ਼ ਨੂੰ ਤਾਇਨਾਤ ਕੀਤਾ ਗਿਆ। ਰੂਸ ’ਚ ਬਣੇ ਏਐਨ-32 ਜਹਾਜ਼ ਨੇ ਅਸਾਮ ਦੇ ਜੋਰਹਾਟ ਤੋਂ ਚੀਨ ਨਾਲ ਲਗਦੀ ਸਰਹੱਦ ਨੇੜੇ ਮੈਂਚੁਕਾ ਲਈ ਉਡਾਣ ਭਰੀ ਸੀ ਪਰ ਕਰੀਬ 33 ਮਿੰਟਾਂ ਮਗਰੋਂ ਉਹ ਲਾਪਤਾ ਹੋ ਗਿਆ ਸੀ। ਜਹਾਜ਼ ’ਚ 13 ਵਿਅਕਤੀ ਸਵਾਰ ਸਨ। ਜਲ ਸੈਨਾ ਦੇ ਤਰਜਮਾਨ ਕੈਪਟਨ ਡੀ ਕੇ ਸ਼ਰਮਾ ਨੇ ਕਿਹਾ ਕਿ ਪੀ8ਆਈ ਜਹਾਜ਼ ਨੇ ਤਾਮਿਲਨਾਡੂ ਦੇ ਅਰਾਕੋਨਾਮ ’ਚ ਆਈਐਨਐਸ ਰਜਾਲੀ ਤੋਂ ਦੁਪਹਿਰ ਇਕ ਵਜੇ ਦੇ ਕਰੀਬ ਉਡਾਣ ਭਰੀ ਅਤੇ ਲਾਪਤਾ ਜਹਾਜ਼ ਨੂੰ ਲੱਭਣ ਦੀ ਮੁਹਿੰਮ ’ਚ ਸ਼ਾਮਲ ਹੋ ਗਿਆ। ਕੈਪਟਨ ਸ਼ਰਮਾ ਮੁਤਾਬਕ ਇਹ ਜਹਾਜ਼ ਇਲੈਕਟਰੋ ਆਪਟੀਕਲ ਅਤੇ ਇੰਫਰਾ ਰੈੱਡ ਸੈਸਰਾਂ ਨਾਲ ਲੈਸ ਹੈ ਅਤੇ ਇਹ ਜਹਾਜ਼ ਦੇ ਮਲਬੇ ਨੂੰ ਲੱਭਣ ’ਚ ਸਹਾਈ ਹੋ ਸਕਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਪਹਿਲਾਂ ਹੀ ਕਈ ਜਹਾਜ਼ ਅਤੇ ਹੈਲੀਕਾਪਟਰ ਏਐਨ-32 ਨੂੰ ਲੱਭਣ ਲਈ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਜ਼ਮੀਨ ’ਤੇ ਵੀ ਜਵਾਨਾਂ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ। ਭਾਰਤੀ ਹਵਾਈ ਸੈਨਾ ਨੇ ਸੀ-130ਜੇ ਅਤੇ ਏਐਨ-32 ਜਹਾਜ਼ਾਂ ਤੋਂ ਇਲਾਵਾ ਦੋ ਐਮਆਈ-17 ਹੈਲੀਕਾਪਟਰਾਂ ਨੂੰ ਵੀ ਤਾਇਨਾਤ ਕੀਤਾ ਹੈ ਜਦਕਿ ਥਲ ਸੈਨਾ ਦੇ ਅਤਿ ਆਧੁਨਿਕ ਹਲਕੇ ਹੈਲੀਕਾਪਟਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। -ਪੀਟੀਆਈ

ਲਾਪਤਾ ਜਹਾਜ਼ ’ਚ ਸਮਾਣਾ ਦਾ ਮੋਹਿਤ ਗਰਗ ਵੀ ਸੀ ਸਵਾਰ
ਸਮਾਣਾ : ਅਰੁਣਾਚਲ ਪ੍ਰਦੇਸ਼ ਵਿਚ ਲਾਪਤਾ ਹੋਏ ਭਾਰਤੀ ਹਵਾਈ ਸੈਨਾ ਦੇ ਏਐਨ-32 ਜਹਾਜ਼ ਵਿਚ ਸਮਾਣਾ ਵਾਸੀ ਫ਼ਲਾਈਟ ਲੈਫ਼ਟੀਨੈਂਟ ਮੋਹਿਤ ਗਰਗ (27) ਵੀ ਸਵਾਰ ਸੀ। ਗਰਗ ਦੇ ਲਾਪਤਾ ਹੋਣ ਦੀ ਸੂਚਨਾ ਪਰਿਵਾਰ ਨੂੰ ਮਿਲਣ ਤੋਂ ਬਾਅਦ ਉਸ ਦੇ ਪਿਤਾ ਸੁਰਿੰਦਰ ਕੁਮਾਰ ਅਤੇ ਚਾਚਾ ਅਸਾਮ ਪਹੁੰਚ ਗਏ ਹਨ। ਫ਼ਲਾਈਟ ਲੈਫਟੀਨੈਂਟ ਮੋਹਿਤ ਗਰਗ ਦੇ ਵੱਡੇ ਭਰਾ ਅਸ਼ਵਨੀ ਗਰਗ ਨੇ ਦੱਸਿਆ ਕਿ ਬਾਰਵ੍ਹੀਂ ਤੋਂ ਬਾਅਦ ਮੋਹਿਤ ਨੇ ਐੱਨਡੀਏ ਦੀ ਵੱਕਾਰੀ ਪ੍ਰੀਖਿਆ ਪਾਸ ਕੀਤੀ ਸੀ। ਇਸ ਤੋਂ ਬਾਅਦ ਉਸ ਦੀ ਸਿਖ਼ਲਾਈ ਖੜਗਪੁਰ ਵਿਚ ਹੋਈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਫਰਵਰੀ ਵਿਚ ਹੀ ਮੋਹਿਤ ਦਾ ਵਿਆਹ ਜਲੰਧਰ ਵਾਸੀ ਆਸਥਾ ਨਾਲ ਹੋਇਆ ਸੀ ਤੇ ਉਹ ਹੁਣ ਅਸਾਮ ਵਿਚ ਬੈਂਕ ’ਚ ਤਾਇਨਾਤ ਹੈ। ਅਸ਼ਵਨੀ ਨੇ ਦੱਸਿਆ ਕਿ ਮੋਹਿਤ ਦੀ ਸਮਾਣਾ ਆਉਣ ਦੀ ਤਿਆਰੀ ਸੀ। ਮੋਹਿਤ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਮਵਾਰ ਦੁਪਹਿਰੇ ਭਾਰਤੀ ਹਵਾਈ ਸੈਨਾ ਵੱਲੋਂ ਫੋਨ ਆ ਗਿਆ ਸੀ ਕਿ ਜਹਾਜ਼ ਨੇ ਜੋਰਹਾਟ ਤੋਂ ਮੈਂਚੂਕਾ ਲਈ ਉਡਾਣ ਭਰੀ ਸੀ ਤੇ ਉਹ ਰਸਤੇ ਵਿਚ ਲਾਪਤਾ ਹੋ ਗਿਆ ਹੈ।

Comments

comments

Share This Post

RedditYahooBloggerMyspace