ਅਕਾਲੀ ਵੱਲੋਂ ਮਾਸੂਮ ਬੱਚੇ ਦੀ ਮਾਰਕੁੱਟ

ਗੁਰਦਾਸਪੁਰ: ਛੇ ਸਾਲ ਦੇ ਬੱਚੇ ਦੀ ਬੁਰੀ ਤਰ੍ਹਾਂ ਮਾਰਕੁੱਟ ਕਰਨ ਦੇ ਦੋਸ਼ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਸ਼ੂਗਰ ਮਿੱਲ, ਪਨਿਆੜ ਦੇ ਚੇਅਰਮੈਨ ਮਹਿੰਦਰਪਾਲ ਸਿੰਘ ਕੌਂਟਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਘਟਨਾ ਨਜ਼ਦੀਕੀ ਪਿੰਡ ਕੌਂਟਾ ਦੀ ਹੈ। ਪੀੜਤ ਲੜਕੇ ਅਰਜਨ ਪੁੱਤਰ ਸੰਜੀਵ ਕੁਮਾਰ ਵਾਸੀ ਪਿੰਡ ਕੌਂਟਾ ਨੇ ਦੱਸਿਆ ਕਿ ਉਹ ਚੌਥੀ ਜਮਾਤ ਦਾ ਵਿਦਿਆਰਥੀ ਹੈ। ਵੀਰਵਾਰ ਦੁਪਹਿਰ ਉਹ ਆਪਣੀ ਹਵੇਲੀ ਦੇ ਕੋਲ ਵਾਲੇ ਖੇਤਾਂ ਤੋਂ ਗੇਂਦ ਨਾਲ ਖੇਡਦਾ ਲੰਘ ਰਿਹਾ ਸੀ ਤਾਂ ਉਸ ਦੀ ਗੇਂਦ ਮਹਿੰਦਰਪਾਲ ਦੇ ਖੇਤਾਂ ਵਿੱਚ ਚਲੀ ਗਈ। ਜਦ ਉਹ ਖੇਤਾਂ ਵਿੱਚ ਗੇਂਦ ਲੱਭ ਰਿਹਾ ਸੀ ਤਾਂ ਮਹਿੰਦਰਪਾਲ ਸਿੰਘ ਕੌਂਟਾ ਨੇ ਉਸ ਨੂੰ ਫੜ ਲਿਆ ਅਤੇ ਖੇਤ ਵਿੱਚ ਪੁੱਠਾ ਲਿਟਾ ਕੇ ਸੋਟੀ ਨਾਲ ਬੁਰੀ ਤਰ੍ਹਾਂ ਉਸ ਦੀ ਮਾਰਕੁੱਟ ਕੀਤੀ। ਉਸ ਦੀਆਂ ਚੀਕਾਂ ਸੁਣ ਕੇ ਹਵੇਲੀ ਵਿੱਚ ਮੌਜੂਦ ਉਸ ਦੀ ਮਾਂ ਜਦ ਉਸ ਨੂੰ ਛੁਡਾਉਣ ਆਈ ਤਾਂ ਮਹਿੰਦਰਪਾਲ ਨੇ ਉਸ ਨੂੰ ਵੀ ਚਪੇੜ ਮਾਰ ਦਿੱਤੀ। ਇਸ ਦੀ ਜਾਣਕਾਰੀ ਅਰਜਨ ਦੀ ਮਾਂ ਨੇ ਪਤੀ ਨੂੰ ਦਿੱਤੀ। ਬੱਚੇ ਦੇ ਪਿਤਾ ਸੰਜੀਵ ਕੁਮਾਰ ਨੇ ਦੱਸਿਆ ਕਿ ਜਦ ਉਹ ਸ਼ਿਕਾਇਤ ਲੈ ਕੇ ਪੁਲੀਸ ਚੌਕੀ ਬਰਿਆਰ ਪਹੁੰਚੇ ਤਾਂ ਉੱਥੋਂ ਦੇ ਇੰਚਾਰਜ ਨੇ ਉਨ੍ਹਾਂ ਦੀ ਸ਼ਿਕਾਇਤ ਲੈਣ ਦੀ ਬਜਾਏ ਉਨ੍ਹਾਂ ’ਤੇ ਰਾਜ਼ੀਨਾਮਾ ਕਰਨ ਲਈ ਦਬਾਅ ਪਾਇਆ। ਉਨ੍ਹਾਂ ਦੇ ਮਨ੍ਹਾ ਕਰਨ ’ਤੇ ਚੌਕੀ ਇੰਚਾਰਜ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ। ਸਿਵਲ ਹਸਪਤਾਲ ਵਿੱਚ ਮੈਡੀਕਲ ਹੋਣ ਤੋਂ ਬਾਅਦ ਉਸ ਨੇ ਆਪਣੇ ਪਿੰਡ ਦੀ ਸਰਪੰਚ ਹਰਮਿੰਦਰ ਬੀਰ ਕੌਰ ਦੇ ਪਤੀ ਸਰਬਜੀਤ ਸਿੰਘ ਨੂੰ ਫ਼ੋਨ ਕੀਤਾ ਅਤੇ ਉਨ੍ਹਾਂ ਨੂੰ ਅਦਾਲਤ ਵਿੱਚ ਬੁਲਾ ਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਮੈਂਬਰਾਂ ਨਾਲ ਸੰਪਰਕ ਕੀਤਾ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੀ ਸਕੱਤਰ ਜੱਜ ਰਾਣਾ ਕੰਵਰਦੀਪ ਕੌਰ ਨੇ ਦੱਸਿਆ ਕਿ ਬੱਚਿਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ ਜਿਸ ਦੇ ਨਿਸ਼ਾਨ ਉਸ ਦੇ ਸਰੀਰ ’ਤੇ ਸਾਫ਼ ਦਿਸ ਰਹੇ ਹਨ। ਪੀੜਤ ਪਰਿਵਾਰ ਦੀ ਸ਼ਿਕਾਇਤ ਲੈ ਕੇ ਪੈਨਲ ਦੇ ਐਡਵੋਕੇਟ ਕ੍ਰਿਸ਼ਨ ਗੋਪਾਲ ਮੱਲ੍ਹੀ ਨੂੰ ਥਾਣਾ ਦੀਨਾਨਗਰ ਭੇਜਿਆ ਗਿਆ ਅਤੇ ਥਾਣਾ ਮੁਖੀ ਨੂੰ ਮਾਮਲਾ ਦਰਜ ਕਰਨ ਦੀ ਹਦਾਇਤ ਕੀਤੀ ਗਈ। ਦੀਨਾਨਗਰ ਪੁਲੀਸ ਨੇ ਪੀੜਤ ਬੱਚੇ ਅਤੇ ਉਸ ਦੇ ਪਿਤਾ ਦੇ ਬਿਆਨ ’ਤੇ ਮਹਿੰਦਰਪਾਲ ਸਿੰਘ ਕੌਂਟਾ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ।

Comments

comments

Share This Post

RedditYahooBloggerMyspace