ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਤਣਾਅਪੂਰਨ ਰਿਹਾ ਲੁਧਿਆਣਾ

ਲੁਧਿਆਣਾ: ਸ਼ਹਿਰ ਵਿੱਚ ਸਾਕਾ ਨੀਲਾ ਤਾਰਾ ਦੀ 32ਵੀਂ ਬਰਸੀ ਨੂੰ ਲੈ ਕੇ ਪੂਰਾ ਦਿਨ ਸਥਿਤੀ ਤਣਾਅਪੂਰਨ ਰਹੀ। ਇਸ ਦੌਰਾਨ ਜਿੱਥੇ ਕਈ ਸਿੱਖ ਜਥੇਬੰਦੀਆਂ ਵੱਲੋਂ ਖਾਲਿਸਤਾਨੀ ਪੱਖੀ ਨਾਅਰੇ ਲਾਏ ਗਏ, ਉੱਥੇ ਦੂਜੇ ਪਾਸੇ ਕਈ ਹਿੰਦੂ ਜਥੇਬੰਦੀਆਂ ਵੱਲੋਂ ਖਾਲਿਸਤਾਨੀ ਲੋਗੋ ਅਤੇ ਪਰਚਿਆਂ ਨੂੰ ਅੱਗ ਲਾ ਦਿੱਤੀ ਗਈ। ਦੁਪਹਿਰ ਬਾਅਦ ਚੌੜਾ ਬਾਜ਼ਾਰ ’ਚ ਹਿੰਦੂ ਅਤੇ ਸਿੱਖ ਧੜਿਆਂ ਵਿਚਾਲੇ ਪੱਥਰਬਾਜ਼ੀ ਵੀ ਹੋਈ ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ। ਭਾਰਤ ਸਰਕਾਰ ਵੱਲੋਂ ਅਪਰੇਸ਼ਨ ਨੀਲਾ ਤਾਰਾ ਤਹਿਤ ਕੀਤੀ ਕਾਰਵਾਈ ਦੇ ਵਿਰੋਧ ’ਚ ਕਈ ਸਿੱਖ ਜਥੇਬੰਦੀਆਂ ਵੱਲੋਂ ਸਥਾਨਕ ਕਲਗੀਧਰ ਗੁਰਦੁਆਰਾ ਇਲਾਕੇ ਵਿੱਚ ਮਾਰਚ ਕੱਢਿਆ ਗਿਆ। ਇਸ ਮਾਰਚ ਵਿੱਚ ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਵੀ ਸ਼ਾਮਲ ਹੋਏ ਜਿਨ੍ਹਾਂ ਵੱਲੋਂ ਖਾਲਿਸਤਾਨੀ ਪੱਖੀ ਨਾਅਰੇ ਵੀ ਲਗਾਏ ਜਾ ਰਹੇ ਸਨ। ਦੂਜੇ ਪਾਸੇ ਮਿਲਟਰੀ ਕਾਰਵਾਈ ਦੇ ਹੱਕ ਅਤੇ ਅਤਿਵਾਦ ਦੇ ਵਿਰੋਧ ’ਚ ਅਸ਼ੋਕ ਥਾਪਰ ਦੀ ਅਗਵਾਈ ਹੇਠ ਸੁਖਦੇਵ ਥਾਪਰ ਐਂਟੀ-ਟੈਰੋਰਿਸਟ ਫਰੰਟ ਨੇ ਹਵਨ ਕੀਤਾ ਅਤੇ ਖਾਲਿਸਤਾਨੀ ਪੱਖੀ ਪਰਚੇ ਅੱਗ ਦੀ ਭੇਟ ਕਰ ਕੇ ਰੋਸ ਮਨਾਇਆ। ਸ੍ਰੀ ਥਾਪਰ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਅਤਿਵਾਦ ਦੇ ਵਿਰੁੱਧ ਹੈ। ਇਸ ਦੌਰਾਨ ਚੌੜਾ ਬਾਜ਼ਾਰ ਵਿੱਚ ਇੱਕ ਪੋਸਟਰ ਨੂੰ ਫਾੜੇ ਜਾਣ ਨੂੰ ਲੈ ਕੇ ਤਣਾਅ ਵਾਲੀ ਸਥਿਤੀ ਵੀ ਬਣ ਗਈ ਸੀ ਜਿਸ ਨੂੰ ਪੁਲੀਸ ਨੇ ਸਮਾਂ ਰਹਿੰਦਿਆਂ ਕੰਟਰੋਲ ਕਰ ਲਿਆ। ਪਤਾ ਲੱਗਾ ਹੈ ਕਿ ਚੰਦਰ ਕਾਂਤ ਚੱਢਾ ਵੱਲੋਂ ਲੱਕੜ ਬਾਜ਼ਾਰ ਨੇੜੇ ਇੱਕ ਮੰਦਰ ’ਚ ਅਤਿਵਾਦ ਵਿਰੋਧੀ ਸਮਾਗਮ ਕਰਵਾਏ ਜਾਣ ਦੀਆਂ ਤਿਆਰੀਆਂ ਕੀਤੀਆਂ ਸਨ ਜੋ ਮੁਹੱਲਾ ਵਾਸੀਆਂ ਦੇ ਵਿਰੋਧ ਅਤੇ ਪੁਲੀਸ ਦੀ ਦਖਲਅੰਦਾਜ਼ੀ ਕਾਰਨ ਰੱਦ ਕਰ ਦਿੱਤਾ ਗਿਆ। ਇਸੇ ਤਰ੍ਹਾਂ ਸ਼ਿਵ ਸੈਨਿਕ ਸਮਰਥਕਾਂ ਵੱਲੋਂ ਰਾਜੀਵ ਟੰਡਨ ਦੀ ਅਗਵਾਈ ’ਚ ਅਤਿਵਾਦ

ਵਿਰੋਧੀ ਨਾਅਰੇਬਾਜ਼ੀ ਕੀਤੀ ਗਈ। ਚੌੜੇ ਬਾਜ਼ਾਰ ’ਚ ਕੁਝ ਸਮਰਥਕਾਂ ਅਤੇ ਪੁਲੀਸ ਮੁਲਾਜ਼ਮਾਂ ਵਿਚਕਾਰ ਆਪਸੀ ਖਿੱਚਧੂਹ ਹੋਣ ਦੀ ਵੀ ਖਬਰ ਹੈ।
ਪੁਲੀਸ ਨੇ ਕਈ ਦਿਨਾਂ ਤੋਂ ਸ਼ਹਿਰ ਦੀਆਂ ਨਾਜ਼ੁਕ ਥਾਵਾਂ ’ਤੇ ਭਾਰੀ ਗਿਣਤੀ ’ਚ ਪੁਲੀਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਸਨ। ਡੀਸੀਪੀ ਅਸ਼ਵਨੀ ਕਪੂਰ ਅਨੁਸਾਰ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਸ਼ਹਿਰ ’ਚ 30 ਥਾਵਾਂ ’ਤੇ 2000 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

ਸ਼ਿਵ ਸੈਨਾ ਦਾ ਹੋਰਡਿੰਗ ਫਾੜਿਆ
ਖੰਨਾ: ਇੱਥੇ ਜੀਟੀ ਰੋਡ ਉਪਰ ਗੁਰੂ ਅਮਰਦਾਸ ਮਾਰਕੀਟ ਦੇ ਬਾਹਰ ਲੱਗਾ ਸ਼ਿਵ ਸੈਨਾ ਪੰਜਾਬ ਦਾ ਹੋਰਡਿੰਗ ਅਣਪਛਾਤੇ ਨੌਜਵਾਨਾਂ ਨੇ ਤਲਵਾਰਾਂ ਨਾਲ ਫਾੜ ਦਿੱਤਾ। ਨੌਜਵਾਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ ਅਤੇ ਸਕਿੰਟਾਂ ਵਿੱਚ ਹੀ ਫ਼ਰਾਰ ਹੋ ਗਏ। ਪੁਲੀਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਪੂਰੇ ਇਲਾਕੇ ਅੰਦਰ ਨਾਕੇ ਲਾ ਕੇ ਨੌਜਵਾਨਾਂ ਨੂੰ ਫੜਨ ਦੀ ਕੋਸ਼ਿਸ਼ਾਂ ਕੀਤੀ। ਜਾਣਕਾਰੀ ਅਨੁਸਾਰ 6 ਜੂਨ ਨੂੰ ਸ਼ਹੀਦੀ ਸਮਾਗਮ ਮਨਾਉਣ ਸਬੰਧੀ ਸ਼ਿਵ ਸੈਨਾ ਪੰਜਾਬ ਵਲੋਂ ਹੋਰਡਿੰਗ ਲਾਏ ਗਏ ਸਨ। ਅੱਜ ਦੇਰ ਸ਼ਾਮ ਕਰੀਬ 6 ਨੌਜਵਾਨ ਦੋਪਹੀਆ ਵਾਹਨਾਂ ਉਪਰ ਆਏ ਅਤੇ ਤਲਵਾਰਾਂ ਲਹਿਰਾਉਂਦੇ ਹੋਏ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾ ਕੇ ਹੋਰਡਿੰਗ ਉਪਰ ਲੱਗੀਆਂ ਇੰਦਰਾ ਗਾਂਧੀ, ਜਨਰਲ ਵੈਦ, ਬੇਅੰਤ ਸਿੰਘ ਤੇ ਕੇਪੀਐੱਸ ਗਿੱਲ ਦੀਆਂ ਤਸਵੀਰਾਂ ਫਾੜਦੇ ਹੋਏ ਚਲੇ ਗਏ। ਸ਼ਿਵ ਸੈਨਾ ਪੰਜਾਬ ਦੇ ਰਾਸ਼ਟਰੀ ਪ੍ਰਚਾਰਕ ਕਸ਼ਮੀਰ ਗਿਰੀ ਨੇ ਕਿਹਾ ਕਿ ਇਹ ਖਾਲਿਸਤਾਨੀ ਸਮਰਥਕਾਂ ਦਾ ਕੰਮ ਹੈ, ਜਿਨ੍ਹਾਂ ਦੀ ਸ਼ਿਕਾਇਤ ਪੁਲੀਸ ਕੋਲ ਕਰ ਦਿੱਤੀ ਗਈ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲੇ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ।

Comments

comments

Share This Post

RedditYahooBloggerMyspace