ਹਿਰਾਸਤੀ ਮੌਤ: ਧਰਨਾ ਚੁਕਵਾਉਣ ’ਚ ਪ੍ਰਸ਼ਾਸਨ ਨਾਕਾਮ

ਫ਼ਰੀਦਕੋਟ : ਪੁਲੀਸ ਹਿਰਾਸਤ ਵਿੱਚ ਮਾਰੇ ਗਏ ਪਿੰਡ ਪੰਜਾਵਾ ਦੇ ਨੌਜਵਾਨ ਜਸਪਾਲ ਸਿੰਘ ਦੇ ਪਰਿਵਾਰ ਤੇ ਐਕਸ਼ਨ ਕਮੇਟੀ ਵੱਲੋਂ ਜ਼ਿਲ੍ਹਾ ਪੁਲੀਸ ਮੁਖੀ ਦਫ਼ਤਰ ਸਾਹਮਣੇ ਪਿਛਲੇ ਦੋ ਹਫ਼ਤਿਆਂ ਤੋਂ ਲੱਗੇ ਰੋਸ ਧਰਨੇ ਨੂੰ ਚੁਕਵਾਉਣ ਲਈ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਨੇ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਪ੍ਰਸ਼ਾਸਨ ਦੀ ਪਹਿਲ ’ਤੇ ਅੱਜ ਦੋ ਕਾਰਜਕਾਰੀ ਮੈਜਿਸਟ੍ਰੇਟਾਂ ਨੇ ਧਰਨੇ ਵਾਲੀ ਥਾਂ ’ਤੇ ਪੀੜਤ ਪਰਿਵਾਰ ਅਤੇ ਐਕਸ਼ਨ ਕਮੇਟੀ ਨਾਲ ਧਰਨਾ ਚੁੱਕਣ ਬਾਰੇ ਗੱਲਬਾਤ ਕੀਤੀ। ਲੰਬੀ ਗੱਲਬਾਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਐਕਸ਼ਨ ਨੇ ਮੰਗਾਂ ਮੰਨੇ ਜਾਣ ਤੱਕ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ।
ਦੂਜੇ ਪਾਸੇ, ਆਈ.ਜੀ ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਪੁਲੀਸ ਮੁਖੀ ਦਫ਼ਤਰ ਸਾਹਮਣੇ ਰੋਸ ਧਰਨਾ ਦੇਣ ਨਾਲ ਕੰਮ ਪ੍ਰਭਾਵਿਤ ਹੋ ਰਿਹਾ ਹੈ ਤੇ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਐਕਸ਼ਨ ਕਮੇਟੀ ਦੇ ਆਗੂ ਬੂਟਾ ਸਿੰਘ, ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਜਸਪਾਲ ਸਿੰਘ ਦੇ ਪਿਤਾ ਹਰਬੰਸ ਸਿੰਘ ਨੇ ਕਿਹਾ ਕਿ ਉਹ ਪਿਛਲੇ ਦੋ ਹਫ਼ਤਿਆਂ ਤੋਂ ਜਸਪਾਲ ਸਿੰਘ ਦੀ ਲਾਸ਼ ਲੈਣ ਲਈ ਧਰਨੇ ’ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਜੇ ਪੁਲੀਸ ਜਸਪਾਲ ਸਿੰਘ ਦੀ ਲਾਸ਼ ਨਹੀਂ ਦੇ ਸਕਦੀ ਤਾਂ ਇਹ ਜ਼ਰੂਰ ਦੱਸੇ ਕਿ ਜਸਪਾਲ ਸਿੰਘ ਦੀ ਮੌਤ ਕਿਵੇਂ ਹੋਈ। ਉਸ ਦਾ ਮੋਬਾਈਲ ਤੇ ਕੱਪੜੇ ਆਦਿ ਵਾਪਸ ਕਰੇ। ਹਰਬੰਸ ਸਿੰਘ ਨੇ ਕਿਹਾ ਕਿ ਜੇ ਪੁਲੀਸ ਉਨ੍ਹਾਂ ਦੀ ਕਿਸੇ ਵੀ ਮੰਗ ਨੂੰ ਪੂਰਾ ਨਹੀਂ ਕਰ ਸਕਦੀ ਤਾਂ ਉਹ ਜਨਤਕ ਇਕੱਠ ਵਿੱਚ ਆ ਕੇ ਐਲਾਨ ਕਰਨ ਕਿ ਉਹ ਇਨਸਾਫ਼ ਨਹੀਂ ਕਰ ਸਕਦੇ। ਪੁਲੀਸ ਨੇ ਅੱਜ ਧਰਨੇ ਦੇ ਆਸ-ਪਾਸ 300 ਤੋਂ ਵੱਧ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ। ਆਈ.ਜੀ ਮੁਖਵਿੰਦਰ ਸਿੰਘ ਛੀਨਾ, ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਅਤੇ ਐੱਸਐੱਸਪੀ ਰਾਜ ਬਚਨ ਸਿੰਘ ਦੇਰ ਸ਼ਾਮ ਤੱਕ ਧਰਨਾ ਚੁਕਵਾਉਣ ਲਈ ਵਿਉਂਤਬੰਦੀ ਕਰਦੇ ਰਹੇ ਪਰ ਸਫ਼ਲਤਾ ਨਹੀਂ ਮਿਲੀ।
ਇਸੇ ਦੌਰਾਨ ਜਸਪਾਲ ਕਤਲਕਾਂਡ ਵਿੱਚ ਮੁੱਖ ਮੁਲਜ਼ਮ ਵਜੋਂ ਸ਼ਾਮਲ ਰਣਬੀਰ ਸਿੰਘ ਨੇ ਅਣਦੱਸੀ ਥਾਂ ਤੋਂ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਕਿ ਉਹ ਪੂਰੀ ਤਰ੍ਹਾਂ ਬੇਕਸੂਰ ਹੈ। ਪੁਲੀਸ ਨੇ ਉਸ ਦੀ ਪਤਨੀ ਨੂੰ ਬਿਨਾ ਵਜ੍ਹਾ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਪਿਛਲੇ 14 ਦਿਨਾਂ ਵਿੱਚ ਰਣਬੀਰ ਸਿੰਘ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਉਸ ਨੇ ਅੱਜ ਜਾਰੀ ਵੀਡੀਓ ‘ਚ ਦਾਅਵਾ ਕੀਤਾ ਕਿ ਉਹ ਆਤਮਸਮਰਪਣ ਕਰਨ ਲਈ ਤਿਆਰ ਹੈ। ਆਈ.ਜੀ. ਮੁਖਵਿੰਦਰ ਸਿੰਘ ਛੀਨਾ ਤੇ ਜ਼ਿਲ੍ਹਾ ਪੁਲੀਸ ਮੁਖੀ ਰਾਜ ਬਚਨ ਸਿੰਘ ਨੇ ਕਿਹਾ ਕਿ ਰਣਬੀਰ ਸਿੰਘ ਵੱਲੋਂ ਜਾਰੀ ਵੀਡੀਓ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Comments

comments

Share This Post

RedditYahooBloggerMyspace