ਝੱਖੜ ਕਾਰਨ ਚਾਰ ਸਾਲਾ ਲੜਕੀ ਦੀ ਮੌਤ

ਲੁਧਿਆਣਾ ਵਿੱਚ ਹਨੇਰੀ ਨਾਲ ਦਰੱਖ਼ਤ ਡਿੱਗੇ,
ਕਾਰਾਂ ਤੇ ਇਮਾਰਤਾਂ ਨੂੰ ਪੁੱਜਾ ਨੁਕਸਾਨ, ਤਰਨ ਤਾਰਨ ’ਚ ਪਏ ਗੜੇ

Electricity pole fell on the scooter and car due to strong winds in Sundar Nagar on Wednesday photo inderjeet verma to go with nikhil story

ਚੰਡੀਗੜ੍ਹ: ਅੱਜ ਪੰਜਾਬ ਅਤੇ ਹਰਿਆਣਾ ਵਿੱਚ ਸ਼ਾਮ ਨੂੰ ਆਏ ਝੱਖੜ ਕਾਰਨ ਇੱਕ ਮੌਤ ਹੋ ਗਈ ਅਤੇ ਲੁਧਿਆਣਾ ਸ਼ਹਿਰ ਵਿੱਚ ਇੱਕ ਘਰ ਦੀ ਛੱਤ ਡਿਗ ਗਈ। ਇਸ ਦੇ ਨਾਲ ਹੀ ਮਾਝੇ ਵਿੱਚ ਕੁੱਝ ਥਾਵਾਂ ਉੱਤੇ ਮੀਂਹ ਪੈਣ ਦੇ ਨਾਲ ਗੜੇ ਵੀ ਪਏ ਹਨ। ਦਿਨ ਭਰ ਪਈ ਅਤਿ ਦੀ ਗਰਮੀ ਤੋਂ ਬਾਅਦ ਲੋਕਾਂ ਨੇ ਸ਼ਾਮ ਨੂੰ ਮੀਂਹ ਪੈਣ ਕਾਰਨ ਰਾਹਤ ਮਹਿਸੂਸ ਕੀਤੀ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ 13 ਜੂਨ ਤੋਂ ਸਰਕਾਰੀ ਤੌਰ ਉੱਤੇ ਸ਼ੁਰੂ ਹੋ ਰਹੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਪਏ ਮੀਂਹ ਨਾਲ ਕਿਸਾਨਾਂ ਨੂੰ ਵੀ ਲਾਭ ਮਿਲਣ ਦੀ ਉਮੀਦ ਹੈ।
ਸਰਦੂਲਗੜ੍ਹ (ਬਲਜੀਤ ਸਿੰਘ): ਅੱਜ ਬਾਅਦ ਦੁਪਹਿਰ ਆਈ ਤੇਜ਼ ਹਨੇਰੀ, ਮੀਂਹ ਅਤੇ ਗੜੇਮਾਰੀ ਦੌਰਾਨ ਸਰਦੂਲਗੜ੍ਹ ਦੇ ਪਿੰਡ ਟਾਂਡੀਆਂ ਵਿੱਚ ਇੱਕ ਚਾਰ ਸਾਲਾ ਲੜਕੀ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਪਿੰਡ ਟਾਂਡੀਆਂ ਵਿੱਚ ਹਨੇਰੀ ਕਾਰਨ ਭੱਠੇ ਉੱਤੇ ਪਥੇਰ ਦਾ ਕੰਮ ਕਰਦੇ ਪ੍ਰਦੀਪ ਕੁਮਾਰ ਦੀ ਝੌਂਪੜੀ ਡਿੱਗ ਪਈ, ਜਿਸ ਕਾਰਨ ਉਸ ਦੀ ਚਾਰ ਸਾਲਾ ਲੜਕੀ ਦੀ ਮੌਤ ਹੋ ਗਈ। ਪ੍ਰਦੀਪ ਕੁਮਾਰ ਨੇ ਦੱਸਿਆ ਕਿ ਤੇਜ਼ ਹਨੇਰੀ ਅਤੇ ਮੀਂਹ ਕਾਰਨ ਉਹ ਆਪਣੀ ਝੌਂਪੜੀ ਵਿੱਚ ਚਲੇ ਗਏ ਤਾਂ ਅਚਾਨਕ ਝੌਂਪੜੀ ਦੀਆਂ ਇੱਟਾਂ ਡਿੱਗ ਪਈਆਂ, ਜਿਸ ਕਾਰਨ ਉਸ ਦੀ ਚਾਰ ਸਾਲਾ ਲੜਕੀ ਦੇ ਜ਼ਿਆਦਾ ਸੱਟ ਲੱਗਣ ਕਾਰਨ ਮੌਕੇ ਉੱਤੇ ਹੀ ਮੌਤ ਹੋ ਗਈ। ਕਾਮਰੇਡ ਲਾਲ ਚੰਦ ਸਰਦੂਲਗੜ੍ਹ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਹੈ ਕਿ ਇਸ ਲੜਕੀ ਦੀ ਮੌਤ ਦੇ ਜ਼ਿੰਮੇਵਾਰ ਭੱਠਾ ਮਾਲਕ ਹਨ ਕਿਉਂਕਿ ਭੱਠਾ ਮਾਲਕਾਂ ਵੱਲੋਂ ਮਜ਼ਦੂਰਾਂ ਲਈ ਪੱਕੇ ਕੁਆਰਟਰ ਨਹੀਂ ਬਣਾਏ ਜਾਂਦੇ ਸਗੋਂ ਆਰਜ਼ੀ ਰਿਹਾਇਸ਼ਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਲੁਧਿਆਣਾ, (ਗਗਨਦੀਪ ਅਰੋੜਾ): ਸਨਅਤੀ ਸ਼ਹਿਰ ਵਿੱਚ ਬੁੱਧਵਾਰ ਸ਼ਾਮ ਨੂੰ ਤੇਜ਼ ਚੱਲੇ ਤੂਫ਼ਾਨ ਨੇ ਕਹਿਰ ਮਚਾ ਦਿੱਤਾ। ਸ਼ਾਮ ਛੇ ਵਜੇ ਲੁਧਿਆਣਾ ਵਿੱਚ 100 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਨਾਲ ਹਵਾਵਾਂ ਚੱਲੀਆਂ ਤੇ ਸੈਂਕੜੇ ਦਰਖ਼ਤ ਪੁੱਟੇ ਗਏ। ਦਰਜਨਾਂ ਕਾਰਾਂ ਨੁਕਸਾਨੀਆਂ ਗਈਆਂ, ਕਈ ਥਾਂਈਂ ਦੀਵਾਰਾਂ ਡਿੱਗ ਗਈਆਂ, ਘਰਾਂ ਦੇ ਛੱਜੇ ਤੇ ਦੁਕਾਨਾਂ ਅੱਗੇ ਲੱਗੇ ਬੋਰਡ ਟੁੱਟ ਗਏ। ਉਧਰ ਮੌਸਮ ਵਿਭਾਗ ਦੇ ਸੂਤਰਾਂ ਅਨੁਸਾਰ ਅਗਲੇ 24 ਘੰਟੇ ਅਜਿਹਾ ਹੀ ਮੌਸਮ ਰਹੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਜਨਕਪੁਰੀ ਇਲਾਕੇ ਵਿੱਚ ਫੈਕਟਰੀ ਦੀ ਚੌਥੀ ਮੰਜ਼ਿਲ ਤੋਂ ਕੰਧ ਡਿੱਗ ਗਈ। ਇਹ ਨੇੜੇ ਖੜ੍ਹੀ ਕਾਰ ਤੇ ਮਜ਼ਦੂਰ ਦੇ ਉਪਰ ਡਿੱਗ ਗਈ, ਜਿਸ ਵਿੱਚ ਮਜ਼ਦੂਰ ਫੱਟੜ ਹੋ ਗਿਆ। ਇਸ ਦੇ ਨਾਲ ਹੀ ਇੰਦਰਾਪੁਰੀ ਇਲਾਕੇ ’ਚ ਸਥਿਤ ਇੱਕ ਘਰ ਦੀ ਛੱਤ ਡਿੱਗ ਗਈ ਪਰ ਛੱਤ ਡਿੱਗਣ ਤੋਂ ਪਹਿਲਾਂ ਹੀ ਪਰਿਵਾਰ ਘਰ ਤੋਂ ਬਾਹਰ ਆ ਗਿਆ।
ਤਰਨ ਤਾਰਨ (ਗੁਰਬਖਸ਼ਪੁਰੀ): ਇਲਾਕੇ ਦੇ ਕਈ ਪਿੰਡਾਂ ਵਿੱਚ ਅੱਜ ਮੋਟੇ- ਮੋਟੇ ਗੜੇ ਪਏ ਅਤੇ ਕਈ ਦਿਨਾਂ ਤੋਂ ਪੈ ਰਹੀ ਸਖਤ ਗਰਮੀ ਕਾਰਨ ਲੋਕਾਂ ਨੂੰ ਭਾਰੀ ਰਾਹਤ ਮਿਲੀ ਹੈ। ਇਸ ਬਾਰੇ ਮੁੱਖ ਖੇਤੀਬਾੜੀ ਅਧਿਕਾਰੀ ਹਰਿੰਦਰਜੀਤ ਸਿੰਘ ਭਾਵੇਂ ਬਿਲਕੁਲ ਅਨਜਾਣ ਸਨ ਪਰ ਉਨ੍ਹਾਂ ਦਾਅਵਾ ਕੀਤਾ ਕਿ ਕਰੀਬ ਕਰੀਬ ਸਾਰੇ ਖੇਤ ਖਾਲੀ ਹੋਣ ਕਰਕੇ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ| ਇਕੱਤਰ ਜਾਣਕਾਰੀ ਅਨੁਸਾਰ ਇਹ ਗੜੇ ਪਿੰਡ ਰਸੂਲਪੁਰ, ਬੰਗਾਲੀਪੁਰ, ਕੱਲ੍ਹਾ, ਕੰਗ, ਅਲਾਦੀਨਪੁਰ ਦੇ ਕੁੱਝ ਖੇਤਾਂ ਵਿੱਚ ਹੋਈ|
ਸ੍ਰੀਨਗਰ: ਜੰਮੂ ਕਸ਼ਮੀਰ ਵਿੱਚ ਪਏ ਭਾਰੀ ਮੀਂਹ ਨਾਲ ਬਾਰਾਮੂਲਾ ਜ਼ਿਲ੍ਹੇ ਵਿੱਚ ਹੜ੍ਹ ਆ ਗਏ ਹਨ ਤੇ ਬਾਂਦੀਪੋਰਾ ਖੇਤਰ ਵਿੱਚ ਸ਼ਰੀਫਾ ਬਾਨੋ (33) ਅਤੇ ਮੁਬੀਨਾ ਬਾਨੋ (18) ਨਾਂਅ ਦੀਆਂ ਦੋ ਔਰਤਾਂ ਦੀ ਬਰਫੀਲੇ ਤੂਫਾਨ ਵਿਚ ਫਸਣ ਕਾਰਨ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਸੋਨਮਰਗ ਵਿੱਚ ਵੀ ਬਰਫ ਪੈਣ ਦੀ ਖ਼ਬਰ ਹੈ।
-ਪੀਟੀਆਈ

ਨਵੀਂ ਦਿੱਲੀ ਵਿੱਚ ਬੁੱਧਵਾਰ ਨੂੰ ਦੇਰ ਸ਼ਾਮ ਆਏ ਝੱਖੜ ਮਗਰੋਂ ਵਿਜੈ ਚੌਕ ਤੇ ਰਾਜਪੱਥ ਵਿੱਚ ਅਸਮਾਨ ਉੱਤੇ ਚੜ੍ਹੀ ਗਰਦ ਦਾ ਦ੍ਰਿਸ਼। -ਫੋਟੋ: ਮੁਕੇਸ਼ ਅਗਰਵਾਲ

ਦਿੱਲੀ ਵਿੱਚ ਹਨੇਰੀ ਕਾਰਨ ਜਨਜੀਵਨ ਪ੍ਰਭਾਵਿਤ

ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ਵਿੱਚ ਬੁੱਧਵਾਰ ਸ਼ਾਮ ਨੂੰ ਕਈ ਹਿੱਸਿਆਂ ਦੇ ਵਿੱਚ ਹਨੇਰੀ ਆਈ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਹਨੇਰੀ ਕਾਰਨ ਆਸਮਾਨ ਵਿੱਚ ਗੁਬਾਰ ਚੜ੍ਹ ਗਿਆ ਅਤੇ ਇਸ ਕਾਰਨ ਦਿਸਣ ਹੱਦ ਘੱਟ ਗਈ ਅਤੇ ਹਵਾਈ ਆਵਾਜਾਈ ਵਿੱਚ ਵੀ ਵਿਘਨ ਪਿਆ ਹੈ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 43.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੱਜ ਸ਼ਾਮ ਨੂੰ ਚੰਡੀਗੜ੍ਹ ਸਣੇ ਪੰਜਾਬ ਵਿੱਚ ਕੁੱਝ ਥਾਵਾਂ ਉੱਤੇ ਪਏ ਮੀਂਹ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ। ਅੰਮ੍ਰਿਤਸਰ, ਪਟਿਆਲਾ ਅਤੇ ਅੰਬਾਲਾ ਵਿੱਚ ਵੀ ਮੀਂਹ ਪਿਆ ਹੈ।

Comments

comments

Share This Post

RedditYahooBloggerMyspace