ਪੰਜਾਬ ’ਚ ਤਿੰਨ ਹੋਰ ਪੁਲੀਸ ਅਫਸਰਾਂ ਨੂੰ ਡੀਜੀਪੀ ਰੈਂਕ ਦੇਣ ਲਈ ਹਰੀ ਝੰਡੀ

ਚੰਡੀਗੜ੍ਹ : ਪੰਜਾਬ ਸਰਕਾਰ ਦੀ ਵਿਭਾਗੀ ਤਰੱਕੀ ਕਮੇਟੀ (ਡੀਪੀਸੀ) ਨੇ ਅੱਜ 1988 ਬੈਚ ਦੇ ਤਿੰਨ ਆਈਪੀਐੱਸ ਅਫ਼ਸਰਾਂ ਨੂੰ ਡੀਜੀਪੀ ਰੈਂਕ ਦੇਣ ਲਈ ਹਰੀ ਝੰਡੀ ਦੇ ਦਿੱਤੀ ਹੈ। ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਰੋਹਿਤ ਚੌਧਰੀ, ਪ੍ਰਬੋਧ ਕੁਮਾਰ ਅਤੇ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਡੀਜੀਪੀ ਰੈਂਕ ਦੇਣ ਦਾ ਮਾਮਲਾ ਵਿਚਾਰਿਆ ਗਿਆ।
ਸੀਨੀਅਰ ਅਧਿਕਾਰੀਆਂ ਨੇ ਇਸ ਫ਼ੈਸਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਗ੍ਰਹਿ ਵਿਭਾਗ ਵੱਲੋਂ ਅਧਿਕਾਰਤ ਹੁਕਮ ਜਲਦੀ ਜਾਰੀ ਕੀਤੇ ਜਾਣਗੇ। ਇਨ੍ਹਾਂ ਤਿੰਨਾਂ ਅਧਿਕਾਰੀਆਂ ਨੂੰ ਡੀਜੀਪੀ ਰੈਂਕ ਮਿਲਣ ਤੋਂ ਬਾਅਦ ਡੀਜੀਪੀ ਰੈਂਕ ਦੇ ਪੁਲੀਸ ਅਧਿਕਾਰੀਆਂ ਦੀ ਗਿਣਤੀ ਵਧ ਕੇ ਦਸ ਹੋ ਜਾਵੇਗੀ। ਇਸ ਤੋਂ ਪਹਿਲਾਂ 1985 ਬੈਚ ਦੇ ਮੁਹੰਮਦ ਮੁਸਤਫ਼ਾ, 1986 ਬੈਚ ਦੇ ਜਸਮਿੰਦਰ ਸਿੰਘ ਅਤੇ ਸਿਧਾਰਥ ਚਟੌਪਾਧਿਆਏ, 1987 ਬੈਚ ਦੇ ਦਿਨਕਰ ਗੁਪਤਾ, ਐੱਮ. ਕੇ. ਤਿਵਾੜੀ, ਸੀਐੱਸਆਰ ਰੈਡੀ ਅਤੇ ਵੀ.ਕੇ. ਭਾਵੜਾ ਸ਼ਾਮਲ ਹਨ। ਜਸਮਿੰਦਰ ਸਿੰਘ ਨੇ ਇਸੇ ਸਾਲ ਅਗਸਤ ਮਹੀਨੇ ਸੇਵਾਮੁਕਤ ਹੋਣਾ ਹੈ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ 1988 ਬੈਚ ਦੇ ਪੁਲੀਸ ਅਧਿਕਾਰੀਆਂ ਨੂੰ ਡੀਜੀਪੀ ਰੈਂਕ ਦੇ ਤਿੰਨ ਪੁਲੀਸ ਅਧਿਕਾਰੀਆਂ ਦੇ ਸੇਵਾਮੁਕਤ ਹੋਣ ਵਾਲੀਆਂ ਅਸਾਮੀਆਂ ਦੇ ਅਧੀਨ ਹੀ ਪਦਉੱਨਤ ਕੀਤਾ ਜਾ ਰਿਹਾ ਹੈ। ਸੇਵਾਮੁਕਤ ਹੋਣ ਵਾਲਿਆਂ ਵਿਚ ਫਰਵਰੀ ਮਹੀਨੇ ਸੁਰੇਸ਼ ਅਰੋੜਾ, 31 ਮਾਰਚ ਨੂੰ ਹਰਦੀਪ ਸਿੰਘ ਢਿੱਲੋਂ ਸੇਵਾਮੁਕਤ ਹੋਏ ਸਨ ਤੇ ਇਕ ਤਰੱਕੀ ਜਸਮਿੰਦਰ ਸਿੰਘ ਦੀ ਸੇਵਾਮੁਕਤੀ ਦੇ ਆਧਾਰ ’ਤੇ ਕੀਤੀ ਜਾ ਰਹੀ ਹੈ। ਆਈਪੀਐੱਸ ਅਫ਼ਸਰਾਂ ਨੂੰ 30 ਸਾਲ ਦੀ ਸੇਵਾ ਤੋਂ ਬਾਅਦ ਡੀਜੀਪੀ ਰੈਂਕ ਦਿੱਤਾ ਜਾਂਦਾ ਹੈ ਤੇ ਇਨ੍ਹਾਂ ਤਰੱਕੀਆਂ ਦਾ ਮਾਮਲਾ ਇਕ ਸਾਲ ਤੋਂ ਚੱਲ ਰਿਹਾ ਸੀ।
ਪੰਜਾਬ ਪੁਲੀਸ ਦੇ 1994 ਬੈਚ ਦੇ 8 ਆਈਪੀਐੱਸ ਅਫ਼ਸਰਾਂ ਵੱਲੋਂ ਵੀ ਏਡੀਜੀਪੀ ਵਜੋਂ ਤਰੱਕੀ ਲੈਣ ਲਈ ਜੱਦੋ-ਜਹਿਦ ਕੀਤੀ ਜਾ ਰਹੀ ਹੈ। ਪੰਜਾਬ ਵਿਚ ਇਸ ਤੋਂ ਪਹਿਲਾਂ ਏਡੀਜੀਪੀ ਰੈਂਕ ਦੇ ਪੁਲੀਸ ਅਧਿਕਾਰੀਆਂ ਦੀ ਗਿਣਤੀ 18 ਸੀ। ਇਨ੍ਹਾਂ ਵਿਚੋਂ ਜੇ 1988 ਬੈਚ ਦੇ ਤਿੰਨ ਅਫ਼ਸਰਾਂ ਨੂੰ ਡੀਜੀਪੀ ਰੈਂਕ ਦੇ ਦਿੱਤਾ ਜਾਂਦਾ ਹੈ ਤਾਂ ਵਧੀਕ ਏਡੀਜੀਪੀਜ਼ ਦੀ ਗਿਣਤੀ 15 ਰਹਿ ਜਾਵੇਗੀ ਤੇ 8 ਹੋਰਨਾਂ ਨੂੰ ਪਦਉੱਨਤ ਕਰਨ ਤੋਂ ਬਾਅਦ ਇਹ ਗਿਣਤੀ 23 ਤਕ ਪਹੁੰਚ ਜਾਵੇਗੀ। ਇਸ ਤੋਂ ਪਹਿਲਾਂ ਵਧੀਕ ਡੀਜੀਪੀ ਰੈਂਕ ਦੇ ਅਧਿਕਾਰੀਆਂ ਦੀ ਇੰਨੀ ਵੱਡੀ ਗਿਣਤੀ ਕਦੇ ਨਹੀਂ ਸੀ। ਪੰਜਾਬ ਪੁਲੀਸ ਹੈੱਡਕੁਆਰਟਰ ’ਤੇ ਵਧੀਕ ਡੀਜੀਪੀ ਰੈਂਕ ਦੇ ਪੁਲੀਸ ਅਫ਼ਸਰਾਂ ਨੂੰ ਦਫ਼ਤਰ ਅਲਾਟ ਕਰਨ ਦੇ ਮਾਮਲੇ ਵਿਚ ਵੀ ਪ੍ਰੇਸ਼ਾਨੀ ਦੇਖੀ ਜਾ ਰਹੀ ਹੈ ਕਿਉਂਕਿ ਸਾਰੇ ਅਧਿਕਾਰੀਆਂ ਨੂੰ ਰੈਂਕ ਦੇ ਮੁਤਾਬਕ ਦਫ਼ਤਰ ਦੇਣੇ ਅਸੰਭਵ ਹਨ।

Comments

comments

Share This Post

RedditYahooBloggerMyspace