ਫ਼ਤਹਿਵੀਰ ਦੁਖਾਂਤ: ਹਾਈ ਕੋਰਟ ਵਿਚ ਪਟੀਸ਼ਨ ਦਾਇਰ

ਸੰਗਰੂਰ : ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਵਿਚ ਬੋਰਵੈੱਲ ’ਚ ਡਿੱਗੇ ਦੋ ਸਾਲਾ ਬੱਚੇ ਫ਼ਤਹਿਵੀਰ ਸਿੰਘ ਦੀ ਮੌਤ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਪਹੁੰਚ ਗਿਆ ਹੈ। ਇਕ ਵਕੀਲ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਲੋਕ ਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ’ਤੇ ਹਾਈ ਕੋਰਟ ਦਾ ਵਕੇਸ਼ਨ ਬੈਂਚ 17 ਜੂਨ ਨੂੰ ਸੁਣਵਾਈ ਕਰੇਗਾ।
ਪਟੀਸ਼ਨ ਸੰਗਰੂਰ ਨਾਲ ਸਬੰਧਤ ਤੇ ਹਾਈ ਕੋਰਟ ’ਚ ਪ੍ਰੈਕਟਿਸ ਕਰ ਰਹੇ ਐਡਵੋਕੇਟ ਪਰਮਿੰਦਰ ਸਿੰਘ ਸੇਖੋਂ ਨੇ ਦਾਖ਼ਲ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਫ਼ਤਹਿਵੀਰ ਨੂੰ ਬਚਾਉਣ ਵਿਚ ਜ਼ਿਲ੍ਹਾ ਪ੍ਰਸ਼ਾਸਨ ਨਾਕਾਮ ਰਿਹਾ ਹੈ ਅਤੇ ਬਚਾਅ ਕਾਰਜ ਸਹੀ ਢੰਗ ਨਾਲ ਨਹੀਂ ਕੀਤੇ ਗਏ। ਪਟੀਸ਼ਨ ਵਿਚ ਮੰਗ ਕੀਤੀ ਗਈ ਹੈ ਕਿ ਬੱਚੇ ਨੂੰ ਬੋਰਵੈੱਲ ’ਚੋਂ ਕੱਢਣ ਲਈ ਛੇ ਦਿਨ ਚੱਲੇ ਬਚਾਅ ਕਾਰਜ ਬਾਰੇ ਸਮੁੱਚੀ ਰਿਪੋਰਟ ਪੰਜਾਬ ਸਰਕਾਰ ਤੋਂ ਤਲਬ ਕੀਤੀ ਜਾਵੇ। ਇਹ ਜਾਣਕਾਰੀ ਵੀ ਮੰਗੀ ਜਾਵੇ ਕਿ ਇਸ ਸਭ ਦਾ ਇੰਚਾਰਜ ਕੌਣ ਸੀ, ਐਨਡੀਆਰਐਫ਼ ਟੀਮ ਦੀ ਜ਼ਿੰਮੇਵਾਰੀ ਬਾਰੇ ਵੀ ਰਿਪੋਰਟ ਲਈ ਜਾਵੇ। ਅਜਿਹੀਆਂ ਘਟਨਾਵਾਂ ਰੋਕਣ ਲਈ ਜ਼ਿੰਮੇਵਾਰੀ ਤੈਅ ਕੀਤੀ ਜਾਵੇ, ਕੋਈ ਵਿਸ਼ੇਸ਼ ਪਾਲਿਸੀ ਬਣਾਈ ਜਾਵੇ ਜੋ ਕਿ ਕਾਰਗਰ ਹੋਵੇ। ਮਾਮਲੇ ਦੀ ਜਾਂਚ ਕਰਵਾਉਣ ਦਾ ਹੁਕਮ ਦੇਣ ਦੇ ਨਾਲ-ਨਾਲ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਤੇ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ। ਪਟੀਸ਼ਨ ਵਿਚ ਸੁਪਰੀਮ ਕੋਰਟ ਦੀਆਂ ਹਦਾਇਤਾਂ ਦਾ ਵੀ ਹਵਾਲਾ ਦਿੱਤਾ ਗਿਆ ਹੈ। ਇਸ ਵਿਚ ਕੇਂਦਰੀ ਗ੍ਰਹਿ ਵਿਭਾਗ, ਮੁੱਖ ਮੰਤਰੀ ਪੰਜਾਬ, ਡਿਪਟੀ ਕਮਿਸ਼ਨਰ ਸੰਗਰੂਰ, ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ ਅਤੇ ਐੱਸਡੀਐਮ ਸੁਨਾਮ ਨੂੰ ਵੀ ਧਿਰ ਬਣਾਇਆ ਗਿਆ ਹੈ।
ਇਸੇ ਕੜੀ ਤਹਿਤ ਸੰਗਰੂਰ ਦੇ ਵਕੀਲਾਂ ਨੇ ਵੀ ਫ਼ਤਹਿਵੀਰ ਦੇ ਪਰਿਵਾਰ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਅਦਾਲਤ ਵਿਚ ਕੇਸ ਦਾਇਰ ਕਰਨ ਦਾ ਫ਼ੈਸਲਾ ਲਿਆ ਹੈ। ਐਡਵੋਕੇਟ ਦਲਜੀਤ ਸਿੰਘ ਸੇਖੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਦਾਲਤਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਖ਼ਤਮ ਹੁੰਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਕੇਸ ਦਾਇਰ ਕੀਤਾ ਜਾਵੇਗਾ। ਇਸ ਸਬੰਧੀ ਪੰਜ ਵਕੀਲਾਂ ਦਾ ਪੈਨਲ ਬਣਾਇਆ ਗਿਆ ਹੈ ਤੇ ਬੱਚੇ ਦੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ ਗਈ ਹੈ। ਸਮਾਜ ਸੇਵੀ ਸੰਸਥਾ ਸਾਇੰਟਿਫ਼ਿਕ ਅਵੇਅਰਨੈੱਸ ਐਂਡ ਸੋਸ਼ਲ ਵੈਲਫ਼ੇਅਰ ਫੋਰਮ ਨੇ ਪੰਜਾਬ ਸਰਕਾਰ ਤੋਂ ਬੋਰਵੈੱਲ ’ਚ ਬੱਚਾ ਡਿੱਗਣ ਦੀ ਘਟਨਾ ਵਾਪਰਨ ’ਤੇ ਬੋਰਵੈੱਲ ਮਾਲਕ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ। ਬਚਾਅ ਕਾਰਜਾਂ ਦਾ ਸਾਰਾ ਖ਼ਰਚ ਵੀ ਮਾਲਕ ਤੋਂ ਵਸੂਲ ਕਰਨ ਦੀ ਮੰਗ ਕੀਤੀ ਗਈ ਹੈ।

Comments

comments

Share This Post

RedditYahooBloggerMyspace