ਬੀਬੀ ਮੁਮਤਾਜ ਦਾ ਸਿੱਖ ਇਤਿਹਾਸ ਵਿੱਚ ਅਹਿਮ ਸਥਾਨ

(ਸਰਬਜੀਤ ਸਿੰਘ ਕੋਟਲਾ ਨਿਹੰਗ)

ਸਿੱਖ ਇਤਿਹਾਸ ਗੁਰੂ ਕਾਲ ਨਾਲ ਸਬੰਧਿਤ ਘਟਨਾਵਾਂ ਤੇ ਮਹਿਲਾ ਵਰਗ ਵਲੋਂ ਸਮੇਂ ਸਮੇਂ ਉੱਤੇ ਨਿਭਾਈ ਸੇਵਾ, ਸਿਮਰਨ ਤੇ ਕੁਰਬਾਨੀ ਦੀਆਂ ਗਾਥਾਵਾਂ ਨਾਲ ਭਰਿਆ ਪਿਆ ਹੈ। ਪਰ ਪਿੰਡ ਕੋਟਲਾ ਨਿਹੰਗ (ਰੋਪੜ) ਦੇ ਚੌਧਰੀ ਪਠਾਣਾਂ ਦੇ ਪਰਿਵਾਰ ਨਾਲ ਸਬੰਧਤ ਬੀਬੀ ਮੁਮਤਾਜ  ਵਲੋਂ ਗੁਰੂਘਰ ਲਈ ਨਿਭਾਈ ਸੇਵਾ ਤੇ ਸਿਮਰਨ ਦੀ ਮਿਸਾਲ ਵੀ ਸਾਨੂੰ ਗੁਰੂਘਰ ਨਾਲ ਜੁੜਨ ਦੀ ਪ੍ਰੇਰਨਾ ਦਿੰਦੀ ਹੈ। ਬਲਾਕ ਰੋਪੜ-ਦੋ ਵਿੱਚ ਪੈਂਦੇ ਪਿੰਡ ਬੜੀ (ਪੁਰਖਾਲੀ) ਕੋਲ ਪੈਂਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਸੁਸ਼ੋਭਿਤ ਗੁਰਦੁਆਰਾ ਤਪ ਅਸਥਾਨ ਬੀਬੀ ਮੁਮਤਾਜਗੜ੍ਹ ਦਾ ਸਿੱਖ ਇਤਿਹਾਸ ਵਿੱਚ ਅਹਿਮ ਸਥਾਨ ਹੈ। ਗੁਰੂਘਰ ਦੇ ਸ਼ਰਧਾਲੂ ਪਿੰਡ ਕੋਟਲਾ ਨਿਹੰਗ ਦੇ ਚੌਧਰੀ ਨਿਹੰਗ ਖਾਂ ਪਠਾਣ ਦੀ ਬੇਟੀ ਬੀਬੀ ਮੁਮਤਾਜ ਨੇ 100 ਸਾਲ ਪਿੰਡ ਨੌਰੰਗਪੁਰ ਝਾਂਡੀਆਂ ਤੋਂ ਪੰਜ ਕਿਲੋਮੀਟਰ ਦੂਰ ਪੈਂਦੇ ਜੰਗਲਾਂ ਵਿੱਚ ਜਾ ਕੇ ਤਪੱਸਿਆ ਕੀਤੀ ਤੇ ਇੱਥੇ ਹੀ ਗੁਰੂਘਰ ਦੀ ਸ਼ਰਧਾਲੂ ਬਣ ਕੇ ਉਮਰ ਬਤੀਤ ਕੀਤੀ। ਨਿਹੰਗ ਖਾਂ ਪਠਾਣ ਸ਼ਾਹ ਸੁਲੇਮਾਨ ਗਜਨਬੀ ਦੀ ਕੁਲ ਵਿਚੋਂ ਨੌਰੰਗ ਖਾਂ ਦਾ ਪੁੱਤਰ ਸੀ। ਜਿਸਦੀ ਪਤਨੀ ਜੈਨਾ ਬੇਗਮ, ਪੁੱਤਰ ਆਲਮ ਖਾਂ ਤੇ ਪੁੱਤਰੀ ਮੁਮਤਾਜ ਗੁਰੂ ਜੀ ਦੇ ਚੰਗੇ ਪ੍ਰੇਮੀ ਸਨ। ਇਨ੍ਹਾਂ ਵਿੱਚ ਸ਼ਰਧਾ ਦਾ ਮੁੱਢਲਾ ਕਾਰਨ ਇਹ ਸੀ ਕਿ ਨੌਰੰਗ ਖਾਂ ਦਾ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੁਰੀਦ ਸੀ। ਇਸ ਦੇ ਘਰ ਵਿੱਚ ਸ਼ਰਧਾ, ਲਗਨ ਤੇ ਪਿਆਰ ਸੀ। ਫਿਰ ਨੌਰੰਗ ਖਾਂ ਤੇ ਨਿਹੰਗ ਖਾਂ ਪਿਉ-ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਆ ਕੇ ਚੰਗੀ ਨਸਲ ਦੇ ਘੋੜੇ ਲਿਆ ਕੇ ਵੇਚਿਆ ਕਰਦੇ ਸਨ ਤੇ ਧਨ ਪ੍ਰਾਪਤ ਕਰਦੇ ਸਨ। ਸਿੱਖ ਇਤਿਹਾਸ ਅਨੁਸਾਰ ਜਦੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਸਾ ਨਦੀ (ਘਨੌਲੀ) ਪਾਰ ਕਰਕੇ ਮੁਗਲ ਫੌਜ ਨਾਲ ਜੰਗ ਲੜਦੇ ਹੋਏ ਰੋਪੜ ਕੋਲ ਪਠਾਣਾਂ ਦੇ ਭੱਠੇ ਪਾਸ ਪਹੁੰਚੇ ਤੇ ਆਪਣੇ ਨੀਲੇ ਘੋੜੇ ਦੇ ਪੌੜਾਂ ਨਾਲ ਭੱਠਾ ਠੰਢਾ ਕੀਤਾ ਸੀ। ਬਾਅਦ ਵਿੱਚ ਭੱਠੇ ਦਾ ਮਾਲਕ ਚੌਧਰੀ ਪਠਾਣ ਨਿਹੰਗ ਖਾਂ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਨੂੰ ਆਪਣੇ ਕਿਲ੍ਹੇ ਵਿੱਚ ਲੈ ਗਿਆ। ਕਿਸੇ ਚੁਗਲ (ਟਾਊਟ) ਨੇ ਰੋਪੜ ਦੇ ਕੋਤਵਾਲ ਚੌਧਰੀ ਜ਼ਾਫਰ ਅਲੀ ਖਾਂ ਪਾਸ ਚੁਗਲੀ ਕੀਤੀ ਕਿ ਨਿਹੰਗ ਖਾਂ ਦੇ ਪਾਸ ਕੁਝ ਸਿੱਖ ਉਤਰੇ ਹੋਏ ਹਨ। ਸਵੇਰੇ ਪੰਜ ਵਜੇ ਹੀ ਮੁਗਲ ਫੌਜ ਨੇ ਕਿਲ੍ਹੇ ਦੀ ਘੇਰਾਬੰਦੀ ਕਰ ਲਈ। ਜਦਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਾਤ ਸਾਢੇ ਬਾਰਾਂ ਵਜੇ ਕਿਲੇ ’ਚੋਂ ਚਲੇ ਗਏ ਸਨ। ਸਾਰੇ ਕਿਲ੍ਹੇ ਦੀ ਤਲਾਸ਼ੀ ਲੈਣ ਪਿੱਛੋਂ ਕੇਵਲ ਇਕ ਕਮਰਾ ਹੀ ਬਾਕੀ ਰਹਿ ਗਿਆ ਸੀ ਜਿਸ ਵਿੱਚ ਭਾਈ ਬਚਿੱਤਰ ਸਿੰਘ ਜ਼ਖ਼ਮੀ ਤੇ ਪਠਾਣ ਦੀ ਲੜਕੀ ਮੁਮਤਾਜ ਇਸ ਦੀ ਸੇਵਾ ਵਿੱਚ ਸੀ। ਕੋਤਵਾਲ ਇਸ ਕਮਰੇ ਪਾਸ ਗਿਆ ਤੇ ਅੱਗੋਂ ਨਿਹੰਗ ਖਾਂ ਨੇ ਕਿਹਾ ਕਿ ਇਸ ਕਮਰੇ ਵਿੱਚ ਮੇਰੀ ਲੜਕੀ ਤੇ ਦਾਮਾਦ ਹਨ।
ਇਹ ਸੁਣ ਕੇ ਮੁਗਲ ਫੌਜ ਗੁਸਤਾਖੀ ਮਾਫ ਕਹਿ ਕੇ ਕਿਲ੍ਹੇ ਤੋਂ ਵਾਪਸ ਚਲੀ ਗਈ। ਅਗਲੀ ਸਵੇਰ ਬੀਬੀ ਮੁਮਤਾਜ ਨੇ ਆਪਣੇ ਪਿਤਾ ਨਿਹੰਗ ਖਾਂ ਨੂੰ ਕਿਹਾ ਕਿ ਪਿਤਾ ਜੀ ਤੁਸੀ ਮੇਰੀ ਮੰਗਣੀ ਤਾਂ ਬਸੀ ਪਠਾਣਾਂ ਦੇ ਅਬਗਾਨ ਖਾਂ ਨਾਲ ਕੀਤੀ ਹੋਈ ਹੈ, ਜਿਸ ਤੋਂ ਬਾਅਦ ਬੀਬੀ ਮੁਮਤਾਜ ਨੇ ਨਿਕਾਹ ਨਹੀਂ ਕਰਨੇ ਦਾ ਫੈਸਲਾ ਆਪਣੇ ਪਿਤਾ ਨੂੰ ਸੁਣਾ ਦਿੱਤਾ ਤੇ ਸਾਰੀ ਉਮਰ ਗੁਰੂਘਰ ਦੀ ਸੇਵਾ ਸਿਮਰਨ ਵਿੱਚ ਗੁਜ਼ਾਰੀ। ਇਤਿਹਾਸ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੀਬੀ ਮੁਮਤਾਜ ਦੀ ਬੇਨਤੀ ਉੱਤੇ ਉਨ੍ਹਾਂ ਨੂੰ ਗਾਤਰਾ ਤੇ ਕ੍ਰਿਪਾਨ ਭੇਟ ਕੀਤੀ ਸੀ। ਗੁਰੂ  ਨੇ ਵਚਨ ਕੀਤਾ ਕਿ ਮੈਂ ਤੁਹਾਡੇ ਅੰਗ- ਸੰਗ ਰਹਾਂਗਾ। ਇਹ ਕ੍ਰਿਪਾਨ ਤੇ ਕਟਾਰ ਅੱਜ ਕੱਲ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਕੋਟਲਾ ਨਿਹੰਗ (ਰੋਪੜ) ਵਿੱਚ ਸੁਸ਼ੋਭਿਤ ਹਨ। ਇਸ ਤੋਂ ਉਪਰੰਤ ਗੁਰੁੂ ਗੋਬਿੰਦ ਸਿੰਘ ਜੀ ਨਿਹੰਗ ਖਾਂ ਦੇ ਪਰਿਵਾਰ ਸਮੇਤ ਫਤਹਿਪੁਰ ਕਿਲ੍ਹੇ ਪਹੁੰਚੇ, ਜਿੱਥੇ ਜ਼ਖ਼ਮੀ ਹਾਲਤ ਵਿੱਚ ਬਚਿੱਤਰ ਸਿੰਘ ਅਤੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਅਤੇ ਬਾਕੀ ਸਿੰਘਾਂ ਦੀ ਦੇਖ-ਭਾਲ ਨਿਹੰਗ ਖਾਂ ਦਾ ਪੁੱਤਰ ਆਲਮ ਖਾਂ ਕਰ ਰਿਹਾ ਸੀ। ਇਸ ਉਪਰੰਤ ਗੁਰੂ ਖਾਨਪੁਰ, ਰਾਮਪੁਰ, ਬ੍ਰਾਹਮਣ ਮਾਜਰਾ ਹੁੰਦੇ ਹੋਏ ਚਮਕੌਰ ਸਾਹਿਬ ਪਹੁੰਚੇ ਸਨ। ਇਸ ਤੋਂ ਬਾਅਦ ਨਿਹੰਗ ਖਾਂ ਨੇ ਬੀਬੀ ਮੁਮਤਾਜ ਦੀ ਇੱਛਾ ਅਨੁਸਾਰ ਕੋਟਲਾ ਤੋਂ ਬਾਅਦ ਇਕਾਂਤ ਵਿੱਚ ਰਹਿਣ ਦਾ ਫੈਸਲਾ ਕੀਤਾ। ਉਸ ਦੀ ਇੱਛਾ ਅਨੁਸਾਰ ਪਿੰਡ ਨਾਰੰਗ ਬੜੀ ਵਿੱਚ ਉੱਚੀ ਪਹਾੜੀ ’ਤੇ ਕਿਲ੍ਹਾ ਉਸਾਰ ਦਿੱਤਾ। ਬੀਬੀ ਮੁਮਤਾਜ ਇੱਥੇ ਹੀ ਜੋਤੀ ਜੋਤ ਸਮਾ ਗਏ। ਇਸ ਸਥਾਨ ਪਰ ਗੁਰਦੁਆਰਾ ਤਪ ਅਸਥਾਨ ਬੀਬੀ ਮੁਮਤਾਜਗੜ੍ਹ ਸੁਸ਼ੋਭਿਤ ਹੈ। ਗੁਰਦੁਆਰਾ ਸਾਹਿਬ ਦੀ ਸੇਵਾ ਅੱਜ-ਕੱਲ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚੱਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘਾਂ ਪੰਜਾਬ ਬੁੱਢਾ ਦਲ 96 ਕਰੋੜੀ ਦੇ 14ਵੇਂ ਮੁਖੀ ਬਾਬਾ ਬਲਬੀਰ ਸਿੰਘ ਦੀ ਦੇਖ-ਰੇਖ ਵਿੱਚ ਮੁੱਖ ਸੇਵਾਦਾਰ ਨਿਰਵੈਲ ਸਿੰਘ ਕਰ ਰਹੇ ਹਨ। ਇਸ ਤੋਂ ਪਹਿਲਾਂ 1964 ਵਿੱਚ ਬੀਬੀ ਹਿੰਮਤ ਕੌਰ ਨੇ ਸੇਵਾ ਸੰਭਾਲੀ ਸੀ ਜੋ ਹੁਣ ਸਵਰਗਵਾਸ ਹੋ ਚੁੱਕੇ ਹਨ। 1978 ਵਿੱਚ ਸੰਤ ਕਰਤਾਰ ਸਿੰਘ ਭੈਰੋਮਾਜਰਾ ਵਾਲਿਆਂ ਦੀ ਕੋਸ਼ਿਸ਼ ਸਦਕਾ ਇਸ ਸਥਾਨ ਉੱਤੇ ਸਰਹਿੰਦੀ ਇੱਟਾਂ ਨਾਲ ਬਣਿਆ ਪੁਰਾਤਨ ਖੂਹ ਦੀ ਭਾਲ ਕੀਤੀ  ਜੋ ਗੁਰਦੁਆਰਾ ਵਿੱਚ ਸੁਸ਼ੋਭਿਤ ਹੈ। ਇਸ ਤੋਂ ਬਿਨਾਂ ਗੁਰਦੁਆਰਾ ਸਾਹਿਬ ਤੋਂ 500 ਮੀਟਰ ਦੂਰੀ  ਹੀ ਬੀਬੀ ਮੁਮਤਾਜ ਦੀ ਸਮਾਧ ਬਣੀ ਹੋਈ ਹੈ। ਇੱਕ ਪੁਲੀਸ ਅਧਿਕਾਰੀ ਤੇ ਸ਼ਰਧਾਲੂਆਂ ਨੇ ਇੱਥੇ ਸਮਾਧ ਬਣਾਈ ਸੀ। ਇਸ ਸਮਾਧ ਵਾਲੇ ਸਥਾਨ ਦੀ ਸੰਭਾਲ ਵੀ ਹੁਣ ਮੁੱਖ ਸੇਵਾਦਾਰ ਨਿਰਵੈਲ ਸਿੰਘ ਕਰ ਰਹੇ ਹਨ। ਬੀਬੀ ਮੁਮਤਾਜ ਦੇ ਪਿਤਾ ਨਿਹੰਗ ਖਾਂ ਪਠਾਣ ਦੇ ਨਾਮ ’ਤੇ ਹੀ ਨਾਲ ਪਿੰਡ ਨੌਰੰਗਪੁਰ ਝਾਂਡੀਆਂ ਵਸਿਆ ਹੋਇਆ ਹੈ। ਦੂਰ-ਦਰਾਜ ਤੋਂ ਸੰਗਤਾਂ ਇਸ ਗੁਰਦੁਆਰਾ ਸਾਹਿਬ ਦੇ ਨਾਲ-ਨਾਲ  ਬੀਬੀ ਮੁਮਤਾਜ ਦੀ ਸਮਾਧ ਜਾ ਕੇ ਵੀ ਨਤਮਸਤਕ ਹੁੰਦੀਆਂ ਹਨ ਤੇ ਬੀਬੀ ਮੁਮਤਾਜ ਦੀ ਕ੍ਰਿਪਾ ਨਾਲ ਇੱਥੇ ਹਰ ਮੰਗੀ ਮੁਰਾਦ ਵੀ ਪੂਰੀ ਹੁੰਦੀ ਹੈ। ਪਿੰਡ ਕੋਟਲਾ ਨਿਹੰਗ ਤੋ ਹਰ ਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼  ਪੁਰਵ ਮੌਕੇ ਖਾਲਸਾ ਪ੍ਰਚਾਰ ਕਮੇਟੀ ਵੱਲੋਂ ਹਲਕਾ ਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਤੋ ਗੁਰਦੁਆਰਾ ਬੀਬੀ ਮੁਮਤਾਜ ਤੱਕ ਨਗਰ ਕੀਰਤਨ ਵੀ ਕੱਢਿਆ ਜਾਂਦਾ ਹੈ।

Comments

comments

Share This Post

RedditYahooBloggerMyspace