ਬਿਕਰਮਜੀਤ ਸਿੰਘ ਕਤਲ ਕੇਸ ’ਚ 13 ਨੂੰ ਉਮਰ ਕੈਦ

ਕਾਤਲ ਨਾਰੰਗ ਸਿੰਹ ਨੂੰ ਅਦਾਲਤ ’ਚੋਂ ਬਾਹਰ ਲਿਆਉਂਦੀ ਹੋਈ ਪੁਲਿਸ

ਅੰਮ੍ਰਿਤਸਰ : ਲਗਪਗ ਪੰਜ ਸਾਲ ਪਹਿਲਾਂ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜ਼ੇਰੇ ਇਲਾਜ ਕੈਦੀ ਬਿਕਰਮਜੀਤ ਸਿੰਘ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ ਵਿਚ ਅੱਜ ਵਧੀਕ ਸ਼ੈਸਨ ਜੱਜ ਦੀ ਅਦਾਲਤ ਨੇ 13 ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਨ੍ਹਾਂ 13 ਵਿਅਕਤੀਆਂ ਵਿੱਚ 11 ਪੁਲੀਸ ਕਰਮਚਾਰੀ ਸ਼ਾਮਲ ਹਨ। ਦੋਸ਼ੀਆਂ ’ਚ ਨਾਰੰਗ ਸਿੰਘ, ਗੁਲਸ਼ਨਬੀਰ ਸਿੰਘ, ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ, ਅਮਨਦੀਪ ਸਿੰਘ, ਲਖਵਿੰਦਰ ਸਿੰਘ ਪੁੱਤਰ ਠਾਕੁਰ ਸਿੰਘ, ਸਵਿੰਦਰ ਸਿੰਘ, ਮਖਤੂਲ ਸਿੰਘ, ਰਣਧੀਰ ਸਿੰਘ, ਅੰਗਰੇਜ਼ ਸਿੰਘ, ਜਗਤਾਰ ਸਿੰਘ ਅਤੇ ਦੀਪ ਰਾਜ ਸਿੰਘ ਸ਼ਾਮਲ ਹਨ।
ਇਸ ਮੌਕੇ ਮੁਜਰਮਾਂ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਪੁੱਜੇ ਹੋਏ ਸਨ, ਜਿਨ੍ਹਾਂ ਅਦਾਲਤ ਦੇ ਫ਼ੈਸਲੇ ’ਤੇ ਅਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਅਤੇ ਇਸ ਫ਼ੈਸਲੇ ਖ਼ਿਲਾਫ਼ ਅੱਗੇ ਅਪੀਲ ਦਾਇਰ ਕਰਨ ਬਾਰੇ ਆਖਿਆ ਹੈ। ਸਾਬਕਾ ਪੁਲੀਸ ਕਰਮਚਾਰੀ ਨਾਰੰਗ ਸਿੰਘ ਨੇ ਦੋਸ਼ ਲਾਇਆ ਕਿ ਇਸ ਮਾਮਲੇ ’ਚ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਨੇ ਫਸਾਇਆ ਹੈ। ਮਾਰੇ ਗਏ ਵਿਅਕਤੀ ਦੇ ਪਰਿਵਾਰ ਤੇ ਹੋਰਨਾਂ ਵੱਲੋਂ ਦਿੱਤੇ ਗਏ ਧਰਨਿਆਂ ਤੇ ਰਾਜਸੀ ਪ੍ਰਭਾਵ ਕਾਰਨ ਅਦਾਲਤੀ ਹੁਕਮ ਵੀ ਪ੍ਰਭਾਵਿਤ ਹੋਏ ਹਨ। ਉਸ ਨੇ ਆਖਿਆ ਕਿ ਉਹ ਇਸ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਜ਼ਿਕਰਯੋਗ ਹੈ ਕਿ ਬਿਕਰਮਜੀਤ ਸਿੰਘ 2002 ’ਚ ਭਿੱਖੀਵਿੰਡ ਨੇੜੇ ਪਿੰਡ ਅਲਗੋ ਕੋਠੀ ਵਿੱਚ ਅਕਾਲੀ ਆਗੂ ਗੁਰਦਿਆਲ ਸਿੰਘ ਸਮੇਤ ਮਾਰੇ ਗਏ ਛੇ ਵਿਅਕਤੀਆਂ ਦੇ ਕਤਲ ਕੇਸ ਵਿੱਚ ਇੱਥੇ ਜੇਲ੍ਹ ’ਚ ਬੰਦ ਸੀ। ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ। ਇਸ ਕੇਸ ਵਿੱਚ ਏਐੱਸਆਈ ਬਲਜੀਤ ਸਿੰਘ ਹੁਣ ਤੱਕ ਭਗੌੜਾ ਹੈ ਅਤੇ ਗ੍ਰਿਫਤਾਰ ਨਹੀਂ ਹੋਇਆ।

Comments

comments

Share This Post

RedditYahooBloggerMyspace