ਨਸ਼ਿਆਂ ਨੇ ‘ਲੁੱਟਿਆ’ ਜਿਉਣੇ ਮੌੜ ਦਾ ਪਿੰਡ

ਸੁਨਾਮ ਊਧਮ ਸਿੰਘ ਵਾਲਾ: ਪੰਜਾਬੀ ਸੱਭਿਆਚਾਰ ਦੇ ਲੋਕ ਨਾਇਕ ਜਿਉਣੇ ਮੌੜ ਦੇ ਪਿੰਡ ਮੌੜਾਂ ਦੇ ਬਹੁਤੇ ਨੌਜਵਾਨਾਂ ਨੂੰ ਹੁਣ ਜਿਉਣੇ ਮੌੜ ਦੀ ਬਹਾਦਰੀ ਦੇ ਗੌਰਵਮਈ ਕਿੱਸੇ ‘ਨਸ਼ਈ’ ਨਹੀਂ ਕਰਦੇ, ਕਿਉਂਕਿ ਇਸ ਪਿੰਡ ਦੇ ਨੌਜਵਾਨਾਂ ਨੂੰ ਨਸ਼ਈ ਕਰਨ ਦੀ ਜ਼ਿੰਮੇਵਾਰੀ ਹੁਣ ਸ਼ਰਾਬ, ਗੋਲੀਆਂ, ਸੁਲਫੇ ਤੇ ਚਿੱਟੇ ਨੇ ਲੈ ਲਈ ਹੈ। ਪਿੰਡ ਦੇ ਲੋਕ ਆਪਣੇ ਬੱਚਿਆਂ ਦੇ ਭਵਿੱਖ ਲਈ ਚਿੰਤਤ ਹਨ ਤੇ ਨਸ਼ਿਆਂ ਵਿਚ ਗ੍ਰਸਤ ਹੋ ਰਹੇ ਨੌਜਵਾਨਾਂ ਨੂੰ ਬਚਾਉਣਾ ਚਾਹੁੰਦੇ ਹਨ।
ਸੰਗਰੂਰ ਜ਼ਿਲ੍ਹੇ ਦਾ ਪਿੰਡ ਮੌੜਾਂ ਬਠਿੰਡਾ-ਦਿੱਲੀ ਸ਼ਾਹ ਰਾਹ ’ਤੇ ਵਸਿਆ ਹੋਇਆ ਹੈ। ਇਸ ਪਿੰਡ ਵਿਚ ਨਸ਼ਿਆਂ ਦੀ ਹੋ ਰਹੀ ਅੰਨ੍ਹੀ ਵਰਤੋਂ ਦਾ ਪਤਾ ਉਦੋਂ ਲੱਗਾ ਸੀ, ਜਦੋਂ ਪਿੰਡ ਦੀਆਂ ਔਰਤਾਂ ਨੇ ਇੱਕਠੀਆਂ ਹੋ ਆਪਣੇ ਸਿਰਾਂ ਦੇ ਸੁਹਾਗ ਅਤੇ ਅੱਖਾਂ ਦੇ ਤਾਰਿਆਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਫਰਿਆਦ ਜ਼ਿਲ੍ਹਾ ਪੁਲੀਸ ਮੁਖੀ ਕੋਲ ਕੀਤੀ।
ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸੁਲਫ਼ਾ, ਚਿੱਟਾ ਅਤੇ ਗੋਲੀਆਂ ਖਾਣ ਦੇ ਆਦੀ ਨੌਜਵਾਨ ਦਿਨ ਛਿਪਦਿਆਂ ਹੀ ਪਿੰਡ ਦੇ ਸ਼ਮਸ਼ਾਨਘਾਟ ਅਤੇ ਸਟੇਡੀਅਮ ਵਿਚ ਜਾ ਬੈਠਦੇ ਸਨ। ਪਿੰਡ ਦੀਆਂ ਬੀਬੀਆਂ ਵੱਲੋਂ ਐੱਸਐੱਸਪੀ ਨੂੰ ਨਸ਼ਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਦਰਖਾਸਤ ਦੇਣ ਮਗਰੋਂ ਨਸ਼ੇ ਵੇਚਣ ਅਤੇ ਵਰਤਣ ਵਾਲੇ ਲੋਕ ਕੁਝ ਸ਼ਾਂਤ ਹੋਏ ਸਨ ਪਰ ਹੁਣ ਫਿਰ ਉਹ ਸਰਗਰਮ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪੁਲੀਸ ਨਸ਼ਿਆਂ ਦੀ ਵਰਤੋਂ ਕਰਨ ਵਾਲਿਆਂ ਨੂੰ ਤਾਂ ਲੈ ਗਈ ਸੀ ਪਰ ਵੇਚਣ ਵਾਲਿਆਂ ਨੂੰ ਨਹੀਂ ਫੜਿਆ ਗਿਆ। ਉਨ੍ਹਾਂ ਬਾਦਲ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਕੀਤੇ ਨਾਟਕੀ ਕਾਰਜਾਂ ਅਤੇ ਮੌਜੂਦਾ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਹੱਥ ਵਿਚ ਗੁਟਕਾ ਸਾਹਿਬ ਫੜ ਕੇ ਨਸ਼ੇ ਖਤਮ ਕਰਨ ਦੀ ਖਾਧੀ ਝੂਠੀ ਸਹੁੰ ਤੋਂ ਖ਼ਫ਼ਾ ਹੁੰਦਿਆਂ ਕਿਹਾ ਕਿ ਅਸਲ ਵਿਚ ਜਦੋਂ ਕਿਸੇ ਦੇਸ਼ ਦੇ ਰਾਜੇ ਆਪ ਹੀ ਆਪਣੀ ਪਰਜਾ ਦੇ ਦੁਸ਼ਮਣ ਹੋ ਜਾਣ ਤਾਂ ਭਵਿੱਖ ਧੁੰਦਲਾ ਨਹੀਂ, ਸਗੋਂ ਕਾਲਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇ ਪੁਲੀਸ ਇਮਾਨਦਾਰੀ ਨਾਲ ਕੰਮ ਕਰੇ ਤਾਂ ਨਸ਼ਿਆਂ ਦੀ ਵਿਕਰੀ ਰੁਕ ਸਕਦੀ ਹੈ।
ਨਸ਼ਿਆਂ ਵਿੱਰੁਧ ਝੰਡਾ ਚੁੱਕਣ ਵਾਲੀਆਂ ਬੀਬੀਆਂ ਵਿਚੋਂ ਇਕ ਪਰਮਜਸਪਾਲ ਕੌਰ ਮਾਨ ਨੇ ਦੱਸਿਆ ਕਿ ਜਿਹੜੀਆਂ ਔਰਤਾਂ ਨੇ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਵਿਚੋਂ ਕੁਝ ਨੂੰ ਪਰਿਵਾਰਕ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਨਸ਼ਾ ਤਸਕਰਾਂ ਨੇ ਕਥਿਤ ਤੌਰ ’ਤੇ ਕਈਆਂ ਦੇ ਘਰਾਂ ਅੱਗੇ ਜਾ ਕੇ ਵਿਰੋਧ ਵੀ ਜਤਾਇਆ। ਪਿੰਡ ਵਿਚ ਅਜਿਹੇ ਅਨੇਕਾਂ ਪਰਿਵਾਰ ਹਨ, ਜਿਨ੍ਹਾਂ ਨੂੰ ਨਸ਼ਿਆਂ ਕਾਰਨ ਸਮਾਜਿਕ, ਪਰਿਵਾਰਕ ਤੇ ਆਰਥਿਕ ਮਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦਿੜ੍ਹਬਾ ਦੇ ਡੀਐੱਸਪੀ ਮਨਜੀਤ ਸਿੰਘ ਨੇ ਮੰਨਿਆ ਕਿ ਪਿੰਡ ਵਿਚ ਨਸ਼ਿਆਂ ਦੀ ਵਿਕਰੀ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਹੋਏ ਹਨ। ਉਨ੍ਹਾਂ ਕਿਹਾ ਕਿ ਪੁਲੀਸ ਨਸ਼ੇ ਵੇਚਣ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸ ਰਹੀ ਹੈ ਤੇ ਨਸ਼ਿਆਂ ਦੇ ਆਦੀ ਵਿਅਕਤੀਆਂ ਲਈ ਕਾਊਂਸਲਿੰਗ ਦਾ ਪ੍ਰਬੰਧ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਮੁਲਾਜ਼ਮ ਕੁਤਾਹੀ ਕਰਦਾ ਨਜ਼ਰ ਆਇਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

Comments

comments

Share This Post

RedditYahooBloggerMyspace