ਨਹਿਰ ’ਚ ਡੁੱਬੇ ਤਿੰਨ ਬੱਚਿਆਂ ਦੀ ਅਜੇ ਨਹੀਂ ਕੋਈ ਉੱਘ-ਸੁੱਘ

ਏਲਨਾਬਾਦ: ਸੋਮਵਾਰ ਨੂੰ ਇੰਦਰਾ ਗਾਂਧੀ ਨਹਿਰ ’ਚ ਏਲਨਾਬਾਦ ਦੇ ਤਿੰਨ ਬੱਚਿਆਂ ਦੇ ਡੁੱਬਣ ਦੇ ਮਾਮਲੇ ’ਚ ਬੁੱਧਵਾਰ ਨੂੰ ਘਟਨਾ ਦੇ ਤੀਜੇ ਦਿਨ ਵੀ ਨਹਿਰ ਵਿੱਚੋਂ ਬੱਚਿਆਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਨਹਿਰ ’ਚੋਂ ਤਿੰਨਾਂ ਬੱਚਿਆਂ ਦੀ ਤਲਾਸ਼ ਲਈ ਪੁਲੀਸ ਅਮਲਾ ਅੱਜ ਵੀ ਜੁਟਿਆ ਰਿਹਾ ਪਰ ਆਥਣ ਤੱਕ ਇੱਕ ਵੀ ਬੱਚੇ ਦਾ ਸੁਰਾਗ ਨਹੀਂ ਮਿਲ ਸਕਿਆ। ਨਹਿਰ ’ਚ ਡੁੱਬੇ ਏਲਨਾਬਾਦ ਦੇ ਗਾਇਤਰੀ, ਪਿੰਕੀ ਤੇ ਰਾਹੁਲ ਦੀ ਬਰਾਮਦਗੀ ਲਈ ਪੁਲੀਸ ਨੇ ਬੀਕਾਨੇਰ ਤੋਂਂ ਐਸਡੀਆਰਐਫ ਦੀ 14 ਮੈਂਬਰੀ ਟੀਮ ਨੂੰ ਵੀ ਬੁਲਾਇਆ ਸੀ। ਟੀਮ ਦੇ ਮੈਂਬਰਾਂ ਨੇ ਕਿਸ਼ਤੀ ਨਾਲ ਤੇ ਪਿੰਡ ਸੂਰੇਵਾਲਾ ਦੇ ਗੋਤਾਖੋਰਾਂ ਨੇ ਦਿਨ ਭਰ ਨਹਿਰ ’ਚ ਤਲਾਸ਼ੀ ਮੁਹਿੰਮ ਚਲਾਈ ਪਰ ਸਫਲਤਾ ਨਹੀਂ ਮਿਲ ਸਕੀ। ਇਸ ਦੌਰਾਨ ਮੌਕੇ ਉੱਤੇ ਡੀਐਸਪੀ ਨਰਪਤ ਚੰਦ, ਟਿੱਬੀ ਥਾਣਾ ਇੰਚਾਰਜ ਨੰਦਰਾਮ ਭਾਦੂ, ਤਲਵਾੜਾ ਝੀਲ ਥਾਣਾ ਇੰਚਾਰਜ ਬਿਸ਼ਨ ਸਹਾਏ ਪੁਲੀਸ ਨਾਲ ਮੌਜੂਦ ਰਹੇ। ਘਰੇਲੂ ਕਲੇਸ਼ ਕਾਰਨ ਸੋਮਵਾਰ ਨੂੰ ਏਲਨਾਬਾਦ ਦੇ ਵਾਰਡ ਇੱਕ ਵਾਸੀ ਸੁਮਨ ਪਤਨੀ ਛਗਨ ਲਾਲ ਕਾਮਰੇਡ ਆਪਣੀ ਪੁੱਤਰੀ ਗਾਇਤਰੀ, ਪਿੰਕੀ ਤੇ ਪੁੱਤਰ ਰਾਹੁਲ ਨੂੰ ਨਾਲ ਲੈ ਕੇ ਟਿੱਬੀ-ਤਲਵਾੜਾ ਸਥਿਤ ਇੰਦਰਾ ਗਾਂਧੀ ਨਹਿਰ ਦੇ ਪੁਲ ’ਤੇ ਪਹੁੰਚੀ ਤੇ ਉੱਥੇ ਆਪਣੀਆਂ ਚੱਪਲਾਂ ਤੇ ਮੋਬਾਈਲ ਛੱਡ ਕੇ ਬੱਚਿਆਂ ਸਣੇ ਨਹਿਰ ’ਚ ਛਾਲ ਮਾਰ ਦਿੱਤੀ। ਇਕ ਕਿਸਾਨ ਨੇ ਉਸਨੂੰ ਨਹਿਰ ਵਿੱਚੋਂ ਬਾਹਰ ਕੱਢ ਲਿਆ ਸੀ ਜਦੋਂਕਿ ਉਸਦੇ ਤਿੰਨ ਬੱਚੇ ਨਹਿਰ ’ਚ ਰੁੜ੍ਹ ਗਏ ਜਿਨ੍ਹਾਂ ਦੀ ਪੁਲੀਸ ਟੀਮ ਤਲਾਸ਼ ਕਰ ਰਹੀ ਹੈ।

Comments

comments

Share This Post

RedditYahooBloggerMyspace