ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਦੇ ਰਾਗਾਂ ਦਾ ਵਿਗਿਆਨਕ ਆਧਾਰ

ਗੁਰੂ ਗ੍ਰੰਥ ਸਾਹਿਬ ਵਿਚ ਹਰੇਕ ਸ਼ਬਦ ਨੂੰ ਇਕ ਖਾਸ ਰਾਗ ਵਿਚ ਗਾਉਣ ਦਾ ਆਦੇਸ਼ ਹੈ। ਹਰੇਕ ਸ਼ਬਦ ਦੇ ਉੱਪਰ ਰਾਗ ਦਾ ਨਾਂ ਲਿਖਿਆ ਗਿਆ ਹੈ। ਅਜਿਹਾ ਇਸ ਲਈ ਹੈ ਕਿਉਂਕਿ ਰਾਗਾਂ ਦੇ ਆਪੋ-ਆਪਣੇ ਪ੍ਰਭਾਵ ਹੁੰਦੇ ਹਨ। ਹਰੇਕ ਰਾਗ ਦੀ ਸੁਰ ਵਿਵਸਥਾ ਵੱਖੋ-ਵੱਖ ਹੈ, ਜਿਸ ਮੁਤਾਬਕ ਉਨ੍ਹਾਂ ਦੀ ਧੁਨ ਬਣਦੀ ਹੈ ਅਤੇ ਉਸੇ ਮੁਤਾਬਕ ਉਨ੍ਹਾਂ ਦਾ ਅਸਰ ਅਤੇ ਪ੍ਰਭਾਵ। ਕੁਝ ਰਾਗ ਸਾਨੂੰ ਟਿਕਾਅ ਪ੍ਰਦਾਨ ਕਰਦੇ ਹਨ, ਕੁਝ ਖੇੜਾ ਅਤੇ ਕੁਝ ਚੰਚਲਤਾ ਦਿੰਦੇ ਹਨ। ਗੁਰਬਾਣੀ ਵਿਚ ਰਾਗ ਵਿਵਸਥਾ ਅਜਿਹੇ ਢੰਗ ਨਾਲ ਕੀਤੀ ਗਈ ਹੈ ਕਿ ਸਾਰੇ ਰਾਗ ਭਗਤੀ ਨਾਲ ਜੋੜਨ ਵਾਲੇ ਅਤੇ ਇਕਾਗਰਤਾ ਪ੍ਰਦਾਨ ਕਰਨ ਵਾਲੇ ਹਨ। ਗੁਰਬਾਣੀ ਸੰਗੀਤ ਅਕਾਲ ਪੁਰਖ ਦੀ ਭਗਤੀ ਲਈ ਸਮਰਪਿਤ ਸੰਗੀਤ ਹੈ। ਇਸ ਵਿਚ ਕਲਾਕਾਰੀ ਜਾਂ ਬੇਲੋੜੀਆਂ ਚਮਤਕਾਰੀ ਕਿਰਿਆਵਾਂ ਲਈ ਕੋਈ ਥਾਂ ਨਹੀਂ। ਸ਼ਬਦ ਨੂੰ ਰਾਗ ਵਿਚ ਗਾਉਣ ਦਾ ਮੰਤਵ ਸਿਰਫ ਮਨ ਨੂੰ ਸਥਿਰ ਕਰਨਾ ਹੈ ਨਾ ਕਿ ਸੁਰਾਂ ਦੀ ਜੱਦੋ-ਜਹਿਦ ਵਿਚ ਪੈ ਕੇ ਮਨ ਨੂੰ ਵਿਚਲਿਤ ਕਰਨਾ। ਸ਼ਬਦ ਆਪਣੇ ਆਪ ਵਿਚ ਸਮਰੱਥ ਹੈ, ਜੋ ਸਾਡੇ ਮਨ ਨੂੰ ਰੱਬ ਨਾਲ ਜੋੜ ਦਿੰਦਾ ਹੈ ਅਤੇ ਸਾਡਾ ਧਿਆਨ ਇਕਾਗਰ ਕਰ ਦਿੰਦਾ ਹੈ। ਸ਼ਬਦ ਨੂੰ ਰਾਗ ਨਾਲ ਜੋੜਨ ਦਾ ਇੱਕੋ ਉਦੇਸ਼ ਹੈ ਕਿ ਸ਼ਬਦ ਨੂੰ ਉਸ ਖਾਸ ਰਾਗ ਦੀ ਸੁਰਾਵਲੀ ਦੇ ਅੰਦਰ ਹੀ ਗਾਇਆ ਜਾਏ, ਜਿਸ ਦਾ ਨਾਂ ਉਸ ਸ਼ਬਦ ਦੇ ਸਿਰਲੇਖ ਵਿਚ ਲਿਖਿਆ ਗਿਆ ਹੈ। ਸ਼ਬਦ ਦੇ ਭਾਵ ਨੂੰ ਉਜਾਗਰ ਕਰਨ ਲਈ ਉਸ ਰਾਗ ਦੀ ਸੁਰਾਵਲੀ ਨੂੰ ਕਾਇਮ ਰੱਖਦੇ ਹੋਏ ਸ਼ਬਦ ਅਲਾਪ ਜਾਂ ਬੋਲ ਅਲਾਪ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ, ਜਿਸ ਵਿਚ ਕੀਰਤਨਕਾਰ ਨੂੰ ਆਪਣੀ ਸਮਰੱਥਾ ਅਤੇ ਲੋੜ ਮੁਤਾਬਕ ਸੀਮਿਤ ਰਹਿਣ ਦੀ ਜ਼ਰੂਰਤ ਹੈ। ਸਮਰੱਥਾ ਅਤੇ ਲੋੜ ਤੋਂ ਵੱਧ ਕੀਤਾ ਅਲਾਪ ਵੀ ਗੁਰਬਾਣੀ ਸੰਗੀਤ ਵਿਚ ਪ੍ਰਵਾਨਿਤ ਨਹੀਂ। ਮੁੱਖ ਸਥਾਨ ਕੇਵਲ ਤੇ ਕੇਵਲ ਦੱਸੇ ਰਾਗ ਦੀ ਧੁਨ ਵਿਚ ਸ਼ਬਦ ਗਾਇਨ ਦਾ ਹੀ ਹੁੰਦਾ ਹੈ।

ਇੱਥੇ ਇੱਕ ਗੱਲ ਬੜੀ ਮਹੱਤਵਪੂਣ ਹੈ ਕਿ ਮਨੁੱਖੀ ਆਵਾਜ਼ ਦੀ ਖੂੁਬਸੂਰਤੀ ਦੀ ਹੱਦ ਅਸੀਮਤ ਹੈ ਅਤੇ ਇੱਕ-ਦੂਜੇ ਤੋਂ ਭਿੰਨ ਹੈ। ਸੰਗੀਤਕ ਅਲੰਕਰਣ ਜਿਵੇਂ ਕਣ, ਮੁਰਕੀ, ਗਮਕ, ਮੀਂਡ, ਖਟਕਾ ਆਦਿ ਹਰੇਕ ਮਨੁੱਖ ਦੇ ਗਲੇ ਵਿਚ ਵੱਖ-ਵੱਖ ਸੀਮਾਵਾਂ ਵਿਚ ਪਾਏ ਜਾਂਦੇ ਹਨ; ਇਹ ਮਨੁੱਖੀ ਆਵਾਜ਼ ਦੇ ਕੁਦਰਤੀ ਗੁਣ ਹਨ, ਜੋ ਰੱਬੀ ਦਾਤ ਹਨ। ਜੇ ਕੋਈ ਜ਼ਬਰਦਸਤੀ ਇਨ੍ਹਾਂ ਦੀ ਵਰਤੋਂ ਕਰਨੀ ਚਾਹੇ ਤਾਂ ਉਹ ਨਾ ਕੇਵਲ ਰਾਗ ਦੀ ਧੁਨ ਨੂੰ ਨੁਕਸਾਨ ਪਹੁੰਚਾਉਂਦਾ ਹੈ ਬਲਕਿ ਸੁਣਨ ਵਾਲਿਆਂ ਨੂੰ ਅਨੰਦਿਤ ਵੀ ਨਹੀਂ ਕਰ ਪਾਉਂਦਾ। ਅਸਲ ਗਾਇਕ ਉਹੀ ਹੈ, ਜੋ ਸੁਭਾਵਿਕ ਤਰੀਕੇ ਨਾਲ ਰਾਗ ਦਾ ਅਲਾਪ ਕਰੇ ਅਤੇ ਸ਼ਬਦ ਨੂੰ ਮੁੱਖ ਰੱਖੇ।
ਹਾਲ ਹੀ ਵਿਚ ਆਈਆਈਟੀ ਕਾਨਪੁਰ ਵਿਚ ਹੋਈ ਇੱਕ ਖੋਜ ਮੁਤਾਬਕ ਇਹ ਸਿੱਧ ਕੀਤਾ ਗਿਆ ਹੈ ਕਿ ਰਾਗ ਭੀਮਪਲਾਸੀ ਅਤੇ ਰਾਗ ਦਰਬਾਰੀ ਨੂੰ ਸੁਣਨ ਨਾਲ ਮਾਨਸਿਕ ਤਣਾਅ ਨੂੰ ਘਟਾਇਆ ਜਾ ਸਕਦਾ ਹੈ। ਰਿਸਰਚ ਦੇ ਮੁਤਾਬਕ ਮਨੁੱਖ ਦੇ ਦਿਮਾਗ ਵਿਚ ਨਿਊਰੌਨਜ਼ ਹੁੰਦੇ ਹਨ, ਜੋ ਇੱਕ ਤਰ੍ਹਾਂ ਦੀਆਂ ਕੋਸ਼ਿਕਾਵਾਂ ਹਨ ਅਤੇ ਇਲੈਕਟਰੋ ਮੈਗਨੈਟਿਕ ਤਰੰਗਾਂ ਦੇ ਜ਼ਰੀਏ ਸੰਦੇਸ਼ ਲਿਆਉਣ ਅਤੇ ਲੈ ਜਾਣ ਦਾ ਕੰਮ ਕਰਦੀਆਂ ਹਨ ਪਰ ਮਾਨਸਿਕ ਤਣਾਅ ਵਿਚ ਇਹ ਕੋਸ਼ਿਕਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀਆਂ ਹਨ ਤੇ ਅਸੀਂ ਆਪਣੇ

ਦਿਮਾਗ ਵਿਚ ਥਕਾਵਟ ਅਤੇ ਤਣਾਅ ਮਹਿਸੂਸ ਕਰਦੇ ਹਾਂ। ਅਜਿਹੀ ਅਵਸਥਾ ਵਿਚ ਜੇ ਰਾਗ ਭੀਮਪਲਾਸੀ ਅਤੇ ਰਾਗ ਦਰਬਾਰੀ ਸੁਣਿਆ ਜਾਏ ਤਾਂ ਦਿਮਾਗ ਦੀਆ ਕੋਸ਼ਿਕਾਵਾਂ ਕਾਰਜਸ਼ੀਲ ਹੋ ਜਾਂਦੀਆਂ ਹਨ ਅਤੇ ਤਣਾਅ ਘੱਟ ਜਾਂਦਾ ਹੈ। ਖੋਜ ਮੁਤਾਬਕ ਇਹ ਬਦਲਾਅ 100 ਸੈਕਿੰਡਾਂ ਵਿਚ ਆ ਜਾਂਦਾ ਹੈ। ਇਨ੍ਹਾਂ ਵਿਗਿਆਨੀਆਂ ਨੇ ਇਹ ਅਧਿਐਨ ਈਈਜੀ ਮਸ਼ੀਨ ਦੁਆਰਾ ਕੀਤਾ। ਭੀਮਪਲਾਸੀ ਨਾਂ ਦਾ ਰਾਗ ਬੇਸ਼ਕ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹੈ ਪਰ ਗੁਰੂ ਗ੍ਰੰਥ ਸਾਹਿਬ ਦੇ ਰਾਗ ਧਨਾਸਰੀ ਦੀ ਸੁਰਾਵਲੀ ਅਤੇ ਧੁਨ ਹੂ-ਬ-ਹੂ ਰਾਗ ਭੀਮਪਲਾਸੀ ਵਰਗੀ ਹੀ ਹੈ। ਦਰਬਾਰੀ ਰਾਗ ਗੁਰਬਾਣੀ ਵਿਚ ਆਏ ਕਾਨੜਾ ਨਾਲ ਸਮਾਨਤਾ ਰੱਖਦਾ ਹੈ। ਹਿੰਦੁਸਤਾਨੀ ਪੱਧਤੀ ਵਿਚ ਤਾਂ ਦਰਬਾਰੀ ਨੂੰ ਹੀ ਕਾਨ੍ਹੜਾ ਜਾਂ ਦਰਬਾਰੀ ਕਾਨ੍ਹੜਾ ਆਖਿਆ ਜਾਂਦਾ ਹੈ। ਇਸ ਅਧਿਐਨ ਨੂੰ ਅਧਾਰ ਮੰਨ ਕੇ ਅਤੇ ਸੰਗੀਤ ਸ਼ਾਸਤਰਾਂ ਵਿਚ ਦੱਸੇ ਗਏ ਰਾਗਾਂ ਦੇ ਵੱਖ-ਵੱਖ ਪ੍ਰਭਾਵਾਂ ਨੂੰ ਵੇਖ ਕੇ ਅਸੀਂ ਇੱਕ ਗੱਲ ਕਹਿ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਗਏ ਰਾਗ ਭਗਤੀ ਭਾਵ ਵਾਲੇ, ਸ਼ਾਂਤ ਰਸ ਵਾਲੇ ਅਤੇ ਇਕਾਗਰਤਾ ਪ੍ਰਦਾਨ ਕਰਨ ਵਾਲੇ ਹਨ। ਉਸ ਸਮੇਂ ਦੇ ਮੁੱਖ ਅਤੇ ਪ੍ਰਚਲਿਤ ਰਾਗ ਜਿਵੇਂ ਰਾਗ ਮਾਲਕੋਂਸ, ਹਿੰਡੋਲ, ਦੀਪਕ, ਮੇਘ, ਭੈਰਵੀ ਆਦਿਕ, ਜਿਨ੍ਹਾਂ ਦਾ ਪ੍ਰਯੋਗ ਗੁਰੂ ਸਾਹਿਬਾਨ ਨੇ ਨਹੀਂ ਕੀਤਾ, ਉਸ ਦਾ ਮੁੱਖ ਕਾਰਨ ਇਹੀ ਹੋ ਸਕਦਾ ਹੈ ਕਿ ਇਹ ਰਾਗ ਆਪੋ ਆਪਣੀ ਪ੍ਰਕਿਤੀ ਵਿਚ ਤੀਬਰ ਹਨ ਅਤੇ ਸ਼ਾਂਤ ਰਸ ਤੇ ਇਕਾਗਰਤਾ ਪ੍ਰਦਾਨ ਨਹੀਂ ਕਰ ਸਕਦੇ। ਇਸ ਲਈ ਰਾਗਾਂ ਦੀ ਚੋਣ ਬਾਰੇ ਗੁਰੂ ਸਾਹਿਬਾਨ ਦੀ ਸੋਚ ਬਹੁਤ ਵਿਗਿਆਨਕ ਰਹੀ ਹੋਵੇਗੀ ਅਤੇ ਸਾਨੂੰ ਲੋੜ ਹੈ ਕਿ ਅੱਜ ਜਦੋਂ ਸਾਡੇ ਕੋਲ ਵਿਗਿਆਨਕ ਢੰਗ ਮੌਜੂਦ ਹਨ ਤਾਂ ਅਸੀਂ ਵੱਧ ਤੋਂ ਵੱਧ ਰਾਗਾਂ ਦਾ ਅਧਿਐਨ ਕਰੀਏ ਅਤੇ ਉਨ੍ਹਾਂ ਦੇ ਪ੍ਰਭਾਵਾਂ ਨੂੰ ਜਾਣੀਏ ਅਤੇ ਸਮਝੀਏ।

Comments

comments

Share This Post

RedditYahooBloggerMyspace