ਗੁਰੂ ਨਾਨਕ ਜੀ ਦੇ ਉਪਦੇਸ਼ਾਂ ਤੋਂ ਮੂੰਹ ਮੋੜ ਚੁੱਕੇ ਆਡੰਬਰੀ ਸਿੱਖ

ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਉਤਸਵ ਹਰ ਸਾਲ ਸਾਰੀ ਦੁਨੀਆ ਦੇ ‘ਸਿੱਖਾਂ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਦੇਸ਼-ਵਿਦੇਸ਼ ਦੇ ਸਿੱਖਾਂ ਵੱਲੋਂ ਸੈਂਕੜੇ -ਹਜ਼ਾਰਾਂ ਨਗਰ ਕੀਰਤਨਾਂ ਦਾ ਆਯੋਜਨ ਕਰਕੇ ਅਰਬਾਂ ਰੁਪਏ ਖਰਚ ਦਿੱਤੇ ਜਾਂਦੇ ਹਨ। ਗੁਰਦੁਆਰਿਆਂ ਵਿਚ ਵੀ ਵੱਡੀ ਪੱਧਰ ‘ਤੇ ਕੀਰਤਨ ਦਰਬਾਰਾਂ ਅਤੇ ਲੰਗਰਾਂ ਦਾ ਆਯੋਜਨ ਕੀਤਾ ਜਾਂਦਾ ਹੈ, ਜਿਨ੍ਹਾਂ ਦੀ ਵੱਡੀ ਗਿਣਤੀ ਵਿਚ ‘ਸਾਧ ਸੰਗਤ ਇਕੱਤਰ ਹੁੰਦੀ ਹੈ, ਮੱਥਾ ਟੇਕਦੀ ਹੈ, ਕੁਝ ਦੇਰ ਕੀਰਤਨ ਸੁਣਦੀ ਹੈ ਅਤੇ ਫਿਰ ਲੰਗਰ ਛੱਕ ਕੇ ਘਰ ਨੂੰ ਤੁਰੀ ਜਾਂਦੀ ਹੈ। ਬਾਅਦ ਵਿਚ ਅਖ਼ਬਾਰਾਂ ਵਿਚ ਖ਼ਬਰਾਂ ਛਪਵਾ ਦਿੱਤੀਆਂ ਜਾਂਦੀਆਂ ਹਨ ਕਿ ”ਫਲਾਣੀ ਥਾਂ ‘ਤੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ।” ਇਸ ਤਰ੍ਹਾਂ ਹਰ ਸਾਲ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਉਤਸਵ ਮਨਾਇਆ ਜਾਂਦਾ ਹੈ, ਪਰ ਵੱਡੇ-ਵੱਡੇ ਪ੍ਰੋਗਰਾਮ ਆਯੋਜਿਤ ਕਰਨ ਦੇ ਬਾਵਜੂਦ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਬਾਰੇ ਕੋਈ ਚਰਚਾ ਨਹੀਂ ਕੀਤੀ ਜਾਂਦੀ। ਨਤੀਜਾ ਇਹ ਹੋਇਆ ਕਿ ਸਰਬੱਤ ਮਨੁੱਖਤਾ ਨੂੰ ਸੱਚ ਦਾ ਮਾਰਗ ਦਰਸਾਉਣ ਵਾਲੇ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਤੋਂ ਸਾਰੀ ਦੁਨੀਆ ਨੇ ਤਾਂ ਕੀ ਤਾਂ ਕੀ ਜਾਣੂ ਹੋਣਾ ਸੀ, ਖੁਦ ਗੁਰੂ ਕੇ ਸਿੱਖ ਅਖਵਾਉਣ ਵਾਲੇ ਲੋਕ ਵੀ ਗੁਰੂ ਸਾਹਿਬ ਦੇ ਉਪਦੇਸ਼ਾਂ ਤੋਂ ਐਨ ਉਲਟ ਕਾਰਜ ਕਰ ਰਹੇ ਹਨ। ਹੱਥਲੇ ਲੇਖ ਵਿਚ ਗੁਰੂ ਨਾਨਕ ਸਾਹਿਬ ਨਾਲ ਸਬੰਧਿਤ ਸਾਖੀਆਂ ਅਤੇ ਉਨ੍ਹਾਂ ਦੇ ਆਮ ਜਾਣੇ ਜਾਂਦੇ ਉਪਦੇਸ਼ਾਂ ਬਾਰੇ ਹੀ ਮੁੜ ਵਿਚਾਰ ਕਰਦਿਆਂ ਇਹ ਪੜਚੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਮੌਜੂਦਾ ਦੌਰ ਵਿਚ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਤੋਂ ਕਿੰਨਾ ਦੂਰ ਜਾ ਚੁੱਕੇ ਹਾਂ। ਗੁਰੂ ਨਾਨਕ ਸਾਹਿਬ ਦੇ ਬਚਪਨ ਬਾਰੇ ਇਕ ਸਾਖੀ ਪ੍ਰਸਿੱਧ ਹੈ ਕਿ ਜਦ ਪੰਡਤ ਨੇ ਉਨ੍ਹਾਂ ਨੂੰ ਗਿਣਤੀ ਸਿਖਾਉਣ ਲਈ 1 ਦਾ ਅੰਕ ਲਿਖ ਕੇ ਦਿਖਾਇਆ ਤਾਂ ਗੁਰੂ ਸਾਹਿਬ ਨੂੰ ਉਸ ਇਕ ਦਾ ਸਬੰਧ ਪ੍ਰਮਾਤਮਾ ਨਾਲ ਜੁੜਿਆ ਦੱਸਿਆ। ਹੈਰਾਨੀ ਦੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਏਨੀ ਛੋਟੀ ਉਮਰ ਵਿਚ ਹੀ ਇਹ ਅਨੁਭਵ ਹੋ ਗਿਆ ਸੀ ਕਿ ਪ੍ਰਮਾਤਮਾ ਸਿਰਫ਼ ਇਕ ਹੈ। ਇਸ ਦੇ ਉਲਟ ਸੰਗਮਰਮਰ ਦੀਆਂ ਦੀਵਾਰਾਂ ਅਤੇ ਸੋਨੇ ਦੇ ਗੁੰਬਦਾਂ ਵਾਲੇ ਵੱਡੇ-ਵੱਡੇ ਗੁਰਦੁਆਰੇ ਬਣਾਉਣ ਦੇ ਬਾਵਜੂਦ ਸਿੱਖਾਂ ਨੂੰ ਇਹ ਸਮਝ ਨਹੀਂ ਆਇਆ ਕਿ ਪ੍ਰਮਾਤਮਾ ਇਹ ਹੈ- ਸਿੱਖਾਂ ਦਾ ਤਾਂ ਅੱਜ ਕੋਈ ਦੀਨ-ਈਮਾਨ ਹੀ ਨਹੀਂ ਰਿਹਾ। ਕੋਈ ਸਿੱਖ ਮੰਦਰਾਂ ਦੇ ਟੱਲ ਖੜਕਾ ਰਿਹਾ ਹੈ, ਕੋਈ ਮਜ਼ਾਰਾਂ ‘ਤੇ ਚਾਦਰਾਂ ਚੜ੍ਹਾ ਰਿਹਾ ਹੈ, ਕੋਈ ਕਿਸੇ ‘ਮਸੀਹਾ ਕੋਲੋਂ ਮੁਕਤੀ ਦਾ ਮਾਰਗ ਪਾਉਣ ਦੀ ਲਾਲਸਾ ਰੱਖਦਾ ਹੈ, ਕੋਈ ਉਦਾਸੀਆਂ ਕੋਲੋਂ ਤੰਤਰ-ਮੰਦਰ ਰਾਹੀਂ ਘਰ ਵਿਚ ਸੁੱਖ-ਸ਼ਾਂਤੀ ਲਈ ‘ਉਪਾਅ’ ਕਰਵਾ ਰਿਹਾ ਹੈ। ਜੇਕਰ ਰੱਬ ਇਕ ਹੈ (ਭਾਵ, ਸਾਰੀ ਸ੍ਰਿਸ਼ਟੀ ਦਾ ਨਿਯੰਤਰਨ ਉਹ ਆਪਣੇ ਹੁਕਮ ਜਾਂ ਨੇਮ ਰਾਹੀ ਕਰਦਾ ਹੈ) ਤਾਂ ਕੀ ਸਾਧ-ਬਾਬੇ ਜਾਂ ਕਥਿਤ ‘ਮਾਨਤਾ ਵਾਲੇ ਅਸਥਾਨ ‘ਤੇ ਜਾਣ ਨਾਲ, ਰੱਬ ਦੀ ਮਰਜ਼ੀ ਦੇ ਬਗੈਰ ਵੀ ਕੋਈ ਦਾਤਿ ਪ੍ਰਾਪਤ ਕੀਤੀ ਜਾ ਸਕਦੀ ਹੈ? ਪਰ ਅਸੀਂ ਇਸ ਬਾਰੇ ਸੋਚੀਏ ਤਾਂ ਤਦ ਜਦ ਅਸੀਂ ਗੁਰੂ ਨਾਨਕ ਸਾਹਿਬ ਦੇ ਮੁੱਢਲੇ ਸੰਦੇਸ਼ ‘ਤੇ ਵੀ ਕਦੇ ਠਰ੍ਹੇਮੇ ਨਾਲ ਵਿਚਾਰ ਕੀਤਾ ਹੋਵੇ।

ਗੁਰੂ ਨਾਨਕ ਸਾਹਿਬ ਨੇ 9 ਸਾਲ ਦੀ ਉਮਰ ਵਿਚ ਹੀ ਪੰਡਤ ਦਾ ਜਨੇਊ ਪਾਉਣ ਦੀ ਬਜਾਏ ਦਰਿਆ, ਸੰਤੋਖ, ਜਤੁ, ਸਤੁ ਆਦਿਕ ਗੁਣਾਂ ਦਾ ਜਨੇਊ ਹੀ ਪਾਉਣਾ ਚਾਹੀਦਾ ਹੈ। ਭਾਵ ਗੁਰੂ ਸਾਹਿਬ ਨੇ ਬਾਲ ਉਮਰ ਵਿਚ ਹੀ ਬ੍ਰਾਹਮਣਾਂ ਦੀ ਕਥਿਤ ਉੱਚਤਾ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਆਪਣੇ ਵਿਵੇਕ ਤੋਂ ਕੰਮ ਲਿਆ ਸੀ। ਦੂਜੇ ਪਾਸੇ, ਅਜੋਕੇ ਸਿੱਖ ਮੱਥਾ ਟੇਕਣ ਤਾਂ ਗੁਰਦੁਆਰੇ ਜਾਂਦੇ ਹਨ ਪਰ ਘਰ ਦੇ ਕਾਰਜਾਂ ਵਾਸਤੇ ਪੰਡਤਾਂ ਦੀਆਂ ਸਲਾਹਾਂ ‘ਤੇ ਹੀ ਨਿਰਭਰ ਰਹਿੰਦੇ ਹਨ। ਘਰ ਵਿਚ ਬੱਚਾ ਪੈਦਾ ਹੋਏ ਤਾਂ ਪੰਡਤ ਕੋਲੋਂ ਟੇਵਾ ਬਣਵਾਇਆ ਜਾਂਦਾ ਹੈ, ਬੱਚੇ ਦੇ ਕਿਸ਼ਤੇ ਕਰਵਾਉਣ ਵਾਸਤੇ ਵੀ ਪੰਡਤਾਂ ਦੀਆਂ ਸਲਾਹਾਂ ਲਈਆਂ ਜਾਂਦੀਆਂ ਹਨ। ਅੱਜਕੱਲ੍ਹ ਤਾਂ ਮਕਾਨ ਬਣਾਉਣ ਲੱਗਿਆਂ, ਨਕਸ਼ੇ ਵੀ ਪੰਡਤਾਂ ਦੀਆਂ ਸਲਾਹਾਂ ਨਾਲ ਹੀ ਬਣਵਾਏ ਜਾਂਦੇ ਹਨ। ਇਸੇ ਸਾਖੀ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਧਰਮ ਦਾ ਅਰਥ ਗੁਣਾਂ ਨੂੰ ਗ੍ਰਹਿਣ ਕਰਨਾ ਦੱਸਿਆ, ਜਨੇਊ ਆਦਿਕ ਕਰਮਕਾਡਾਂ ਵਿਚ ਉਲਝਣਾ ਨਹੀਂ। ਪਰ ਅਨਪੜ੍ਹ ਕਿਸਮ ਦੇ ਸਿੱਖ ਪ੍ਰਚਾਰਕਾਂ ਨੇ ਦੁਨੀਆ ਦੇ ਇਕ ਮਾਤਰ ਵਿਗਿਆਨਕ ਧਰਮ ਸਿੱਖ ਨੂੰ ਵੀ ਕਰਮਕਾਡਾਂ ਵਿਚ ਉਲਝਾ ਕੇ ਰੱਖ ਦਿੱਤਾ ਹੈ। ਅੱਜ ਚਿੱਟੇ ਚੋਲਿਆਂ ਵਾਲੇ ਬਾਬਿਆਂ ਵੱਲੋਂ ਆਮ ਇਹ ਦਾਅਵੇ ਕੀਤੇ ਜਾਂਦੇ ਹਨ ਕਿ ਅਸੀਂ 5 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਦਿੱਤਾ ਜਾਂ 10 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਦਿੱਤਾ (ਏਨੇ ਅੰਮ੍ਰਿਤਧਾਰੀ ਸਿੱਖ ਹੈ ਕਿੱਥੇ- ਪੰਜਾਬ ਤਾਂ ਸਾਰਾ ਮੋਨਾ ਹੋਇਆ ਫਿਰਦਾ ਹੈ) ਪਰ ਇਨ੍ਹਾਂ ਕਥਿਤ ਅੰਮ੍ਰਿਤਧਾਰੀਆਂ ਵਿਚ ਗੁਣਾਂ ਦਾ ਵਿਕਾਸ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਨਤੀਜਾ ਇਹ ਹੁੰਦਾ ਹੈ ਕਿ ਇਹੋ ਜਿਹੇ ਅੰਮ੍ਰਿਤਧਾਰੀਆਂ ਨੂੰ ਏਨਾ ਵੀ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਨੇ ਮੱਥਾ ਸਿਰਫ਼ ਗੁਰੂ ਗ੍ਰੰਥ ਸਾਹਿਬ ਨੂੰ ਟੇਕਣਾ ਹੈ। ਉਹ ਨਾ ਸਿਰਫ਼ ਮੰਦਰਾਂ-ਮਜ਼ਾਰਾਂ ‘ਤੇ ਮੱਥੇ ਟੇਕਦੇ ਨਜ਼ਰ ਆਉਂਦੇ ਹਨ ਬਲਕਿ ਸਾਧ-ਬਾਬਿਆਂ ਦੇ ਪੈਰਾਂ ‘ਤੇ ਸਿਰ ਰਗੜਦੇ ਆਮ ਵੇਖੇ ਜਾਂਦੇ ਹਨ। ਅੱਜ ਅੰਮ੍ਰਿਤ ਛਕਣ ਦਾ ਅਰਥ ਮੋਟੇ ਤੌਰ ‘ਤੇ ਸਿਰਫ਼ ਏਨਾ ਰਹਿ ਗਿਆ ਹੈ ਕਿ ਤੁਸੀਂ ਆਪਣੇ ਕੇਸ ਕਤਲ ਨਹੀਂ ਕਰਵਾਉਣੇ ਅਤੇ ਸਵੇਰੇ ਸ਼ਾਮ ਕੁਝ ਵਿਸ਼ੇਸ਼ ਬਾਣੀਆਂ ਦਾ ‘ਪਾਠ’ ਕਰਨਾ ਹੈ- ਉਨ੍ਹਾਂ ਬਾਣੀਆਂ ਵਿਚ ਸੰਦੇਸ਼ ਕੀ ਦਿੱਤਾ ਗਿਆ ਹੈ ਅਤੇ ਉਨ੍ਹਾਂ ਮੁਤਾਬਿਕ ਆਪਣੀ ਜ਼ਿੰਦਗੀ ਨੂੰ ਢਾਲਣਾ ਕਿਵੇਂ ਹੈ- ਇਸ ਬਾਰੇ ਨਾ ਤਾਂ ਸਾਧ ਬਾਬਿਆਂ ਨੂੰ ਕੁਝ ਪਤਾ ਹੈ ਅਤੇ ਨਾ ਹੀ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ। ਇਸ ਤੋਂ ਵੀ ਦੁੱਖ ਦੀ ਗੱਲ ਏ ਕਿ ਸਿੱਖ ਅਖਵਾਉਣ ਵਾਲਿਆਂ ਨੂੰ ਵੀ ਗੁਰਬਾਣੀ ਦੇ ਉਪਦੇਸ਼ਾਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਅਪਨਾਉਣ ਵਿਚ ਕੋਈ ਰੁਚੀ ਨਹੀਂ ਰਹੀ। ਉਹ ਸਿਰਫ਼ ਗੁਰਦੁਆਰੇ ਵਿਚ ਮੱਥਾ ਟੇਕਣ ਅਤੇ ਉਗਰਾਹੀ ਲਈ ਰਸੀਦ ਕਟਵਾ ਲੈਣ ਨੂੰ ਹੀ ਆਪਣਾ ਧਾਰਮਿਕ ਫਰਜ਼ ਸਮਝਦੇ ਹਨ। ਇਸ ਲਈ ਅਜੋਕੇ ਸਿੱਖ ਸਮਾਜ ਦਾ ਵੱਡਾ ਹਿੱਸਾ ਗਿਆਨ-ਵਿਹੂਲਣਾ ਹੋ ਕੇ ਵਿਕਾਰਾਂ ਤੇ ਸ਼ੰਕਿਆਂ ਵਿਚ ਫਸਿਆ ਹੋਇਆ ਹੈ :

ਇਹ ਸੰਸਾਰ ਬਿਕਾਰੁ ਸੰਸੇ ਮਹਿ

ਤਰੀਓ ਬ੍ਰਹਮ ਗਿਆਨੀ

ਸਿੱਖ ਸਮਾਜ ਵਿਚ ਗੁਰੂ ਨਾਨਕ ਸਾਹਿਬ ਦੇ ਤਿੰਨ ਮੁੱਢਲੇ ਉਪਦੇਸ਼, ”ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ ਬਹੁਤ ਪ੍ਰਸਿੱਧ ਹਨ। ਸਿੱਖ ਵੀ ਇਸ ਉਪਦੇਸ਼ ਨੂੰ ਬੜਾ ਮਹੱਤਵਪੂਰਨ ਸਮਝਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਅਜਿਹਾ ਉਪਦੇਸ਼ ਸੰਗਤਾਂ ਤੱਕ ਪਹੁਚਾਉਣ ਵਾਲੇ ਬਹੁਤ ਸਾਰੇ ਸਾਧ-ਬਾਬੇ ਖੁਦ ਹੀ ਕਿਰਤ ਕਰੋ (ਮਿਹਨਤ ਅਤੇ ਇਮਾਨਦਾਰੀ ਨਾਲ ਆਪਣੀ ਰੋਜੀ ਰੋਟੀ ਲਈ ਕੰਮ ਕਰਨਾ) ਦੇ ਉਪਦੇਸ਼ ‘ਤੇ ਅਮਲ ਨਹੀਂ ਕਰਦੇ। ਉਹ ਸੰਗਤਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਅੱਗੇ ਰੱਖੀ ਗੋਲਕ ਦੀ ਮਾਇਆ ਅਤੇ ਸਿਆਸੀ ਆਗੂਆਂ ‘ਤੇ ਆਪਣੇ ਖ਼ਰਚਿਆਂ (ਵਿਲਾਇਤੀ ਗੱਡੀਆਂ, ਮਹਿਲਨੁਮਾ ਡੇਰੇ, ਚੇਲਿਆਂ ਦੀ ਫੌਜ, ਇਸ਼ਤਿਹਾਰਕ ਸਮੱਗਰੀ ਆਦਿਕ) ਦੀ ਪੂਰਤੀ ਕਰਦੇ ਹਨ। ਕਈ ਸਾਧਾਂ ਲੋਕਾਂ ਤੋਂ ਪੈਸੇ ਉਗਰਾਹਉਣ ਲਈ ਵਿਧਵਾ ਆਸ਼ਰਮ, ਯਤੀਮਖਾਨਾ, ਡਿਸਪੈਂਸਰੀ ਆਦਿਕ ਕੋਈ ਪ੍ਰਾਜੈਕਟ ਚਲਾ ਦਿੰਦੇ ਹਨ, ਜਿਨ੍ਹਾਂ ਦਾ ਹਿਸਾਬ ਕਿਤਾਬ ਪਾਰਦਰਸੀ ਤਰੀਕੇ ਨਾਲ ਨਹੀਂ ਕੀਤਾ ਜਾਂਦਾ। ਕੁਝ ਹੋਰ ਸਾਧਾਂ ਨੇ ਗੁਰਮਤਿ ਦੀ ਸਿੱਖਿਆ ਦੇਣ ਦਾ ਦਾਅਵਾ ਕਰਨ ਵਾਲੇ ਸਕੂਲ ਖੋਲ੍ਹ ਦਿੱਤੇ ਹਨ, ਜਿਨ੍ਹਾਂ ਨੂੰ ਬੱਚਿਆਂ ਦੇ ਮਾਪਿਆਂ ਤੋਂ ਮੋਟੀਆਂ ਰਕਮਾਂ ਵਸੂਲ ਕੇ ਆਮਦਨ ਦਾ ਧੰਦਾ ਬਣਾ ਲਿਆ ਜਾਂਦਾ ਹੈ। ਅਜਿਹਾ ਵੀ ਵੱਧ ਤੋਂ ਵੱਧ ਪੈਸਾ ਕਮਾਉਣ ਦੀ ਦੌੜ ਵਿਚ ਕਿਸੇ ਤੋਂ ਪਿੱਛੇ ਨਹੀਂ ਹੈ। ਇਹ ਲਈ ਪੈਸਾ ਕਮਾਉਣ ਦਾ ਕੋਈ ਵੀ ਢੰਗ ਤਰੀਕਾ ਹੁਣ ਗਲਤ ਲਹੀਂ ਸਮਝਿਆ ਜਾਂਦਾ। ਗੱਲ ਭਾਵੇਂ ਦੁੱਧ ਵਿਚ ਮਿਲਾਵਟ ਕਰਨ ਦੀ ਹੋਵੇ, ਡੁਪਲੀਕੇਟ ਸਪੇਅਰ ਪਾਰਟਸ ਵੇਚਣ ਦੀ ਹੋਵੇ ਜਾਂ ਸ਼ਰਾਬ ਦੇ ਠੇਕਿਆਂ ਦੇ ਲਾਇਸੈਂਸ ਲੈਣ ਦੀ ਸਿੱਖਾਂ ਨੂੰ ਕਿਸੇ ਤਰ੍ਹਾਂ ਦੇ ਕਿੱਤੇ ਨਾਲ ਕੋਈ ਪਰਹੇਜ਼ ਨਹੀਂ ਰਿਹਾ। ਸ਼ਹਿਰਾਂ ਵਿਚ ਬੀਬੀਆਂ ਨੇ ਆਮ ਹੀ ਘਰਾਂ ਵਿਚ ਨਾਈਆਂ ਦੀਆਂ ਦੁਕਾਨਾਂ (ਕਥਿਤ ਡਿਊਟੀ ਪਾਰਲਰ) ਖੋਲੀਆਂ ਹੋਈਆਂ ਹਨ। ਸਿੱਖਾਂ ਦੀਆਂ ਵੋਟਾਂ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਬਣਨ ਵਾਲੇ ਕਥਿਤ ਸਿੱਖ ਆਗੂ ਨੂੰ ਇਕ ਤੰਬਾਕੂ ਕੰਪਨੀ ਤੋਂ ਦਾਨ ਲੈਣ ਵਿਚ ਕੋਈ ਸੰਕੋਚ ਨਹੀਂ! ਪੰਜਾਬ ਦੇ ਹੀ ਬਹੁਤ ਸਾਰੇ ਨੌਜਵਾਨ ਅਜਿਹੇ ਹਨ ਜਿਹੜੇ ਵਿਦੇਸ਼ ਜਾ ਕੇ ਡਾਲਰਾਂ-ਪੌਡਾਂ ਦੀ ਕਮਾਈ ਦੇ ਲਾਲਚ ਵਿਚ, ਵੀਜ਼ਾ ਪ੍ਰਾਪਤ ਕਰਨ ਲਈ ਆਪਣੇ ਕੇਸ ਕਤਲ ਕਰਵਾਉਂਦਿਆਂ ਇਕ ਮਿੰਟ ਦੀ ਵੀ ਦੇਰ ਨਹੀਂ ਲਗਾਉਂਦੇ। ਉਹ ਵੀ ਸਮਾਂ ਸੀ ਜਦ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ਜਾਂਦੀ ਸੀ। ਭਾਵ, ਪਦਾਰਥਵਾਦ ਦੀ ਭਾਵਨਾ ਸਿੱਖਾਂ ਵਿਚ ਏਨੀ ਪ੍ਰਬਲ ਹੋ ਗਈ ਹੈ ਕਿ ਹੁਣ ਬਹੁਤ ਸਿੱਖਾਂ ਦਾ ਮਕਸਦ ਦਾ ਸਾਰੀ ਜ਼ਿੰਦਗੀ ਵੱਧ ਤੋਂ ਵੱਧ ਪੈਸਾ ਕਮਾਉਣਾ ਹੀ ਰਹਿ ਗਿਆ ਹੈ- ਇਨਸਾਨ, ਖਾਸਕਾਰ ਸਿੱਖ, ਦੀ ਜ਼ਿੰਦਗੀ ਦੇ ਫਰਜ਼ ਕੀ ਹਨ, ਇਸ ਨਾਲ ਉਨ੍ਹਾਂ ਨੂੰ ਕੋਈ ਸਰੋਕਾਰ ਨਹੀਂ ਰਿਹਾ। ਗੁਰੂ ਨਾਨਕ ਸਾਹਿਬ ਦਾ ਅਗਲਾ ਉਪਦੇਸ਼ ‘ਨਾਮ ਜਪੋ’ ਭਾਵ ਪ੍ਰਮਾਤਮਾ ਦੇ ਗੁਣਾਂ ਨੂੰ ਯਾਦ ਰੱਖੋ ਅਤੇ ਉਨ੍ਹਾਂ ਤੋਂ ਪ੍ਰੇਰਣਾ ਗ੍ਰਹਿਣ ਕਰਕੇ ਸੁਚੱਜੀ ਜ਼ਿੰਦਗੀ ਬਤੀਤ ਕਰੋ ਦਾ ਸੀ। ਇਸ ਲਈ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਵਿਚ ਪ੍ਰਮਾਤਮਾ ਦੇ ਵੱਖ-ਵੱਖ ਗੁਣਾਂ ਦੀ ਉਸਤਿਤ ਕੀਤੀ ਗਈ ਹੈ, ਜਿਵੇਂ ਉਹ ਰਾਮ (ਸਭ ਵਿਚ ਰਮਿਆ ਹੋਇਆ ਅਯੋਧਿਆ ਦਾ ਰਾਜਾ ਨਹੀਂ) ਹੈ। ਕਿਉਂਕਿ ਉਹ ਸਭ ਵਿਚ ਰਮਿਆ ਹੋਇਆ ਹੈ, ਇਸ ਲਈ ਕਿਸੇ ਇਨਸਾਨ ਨਾਲ ਮਾੜਾ ਵਰਤਾਓ ਨਹੀਂ ਕਰਨਾ ਚਾਹੀਦਾ। ਪ੍ਰਮਾਤਮਾ ਨਿਰਭਉ ਹੈ, ਇਸ ਲਈ ਸਾਨੂੰ ਵੀ ਕਿਸੇ ਤੋਂ ਭੈਅ ਖਾਣ ਦੀ ਲੋੜ ਨਹੀਂ। ਪ੍ਰਮਾਤਮਾ ਗੁੱਸੇ ਨਾਲ ਸਾਨੂੰ ਨੁਕਸਾਨ ਪਹੁੰਚਾ ਸਕਦਾ ਹੈ। ਸਾਨੂੰ ਵੀ ਨਿਰਵੈਰ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਦੀਆ ਬੇਅੰਤ ਹੋਰ ਮਿਸਾਲਾਂ ਤੋਂ ਸੇਧ ਲੈ ਕੇ ਅਸੀਂ ਆਪਣਾ ਦੁਨੀਆਵੀ ਜੀਵਨ ਸੁੱਖੀ ਬਣਾ ਕਸਦਾ ਹਾਂ ਅਤੇ ਉੱਚੀ ਆਤਮਿਕ ਅਵਸਥਾ ਹਾਸਲ ਕਰ ਸਕਦੇ ਹਾਂ। ਪਰ ਸਿੱਖ ਸਮਾਜ ਦਾ ਵੱਡਾ ਹਿੱਸਾ ਅੱਜ ਨਾਮ ਜਪਣ ਦੇ ਸਕੰਪਲ ਬਾਰੇ ਯੋਗ ਮਤ ਜਾਂ ਰਾਧਾ ਸੁਆਮੀ ਮਤ ਦੀ ਵਿਚਾਰਧਾਰਾ ਨੂੰ ਅਪਣਾ ਕੇ ਕਿਸੇ ਇਕ ਲਫਜ਼ ਦੇ ਰਟਣ ਕਰਦੇ ਰਹਿਣ ਨੂੰ ਹੀ ਨਾਮ ਜਪਣਾ ਜਾਂ ਸਿਰਮਨ ਕਰਨ ਵਜੋਂ ਸਹੀ ਸਮਝਣਾ ਹੈ। ਹੁਣ ਤਾਂ ਅਜਿਹੇ ਕਈ ਜਥੇ ਅਤੇ ਸੰਪਰਦਾਵਾਂ ਬਣ ਗਈਆਂ ਹਨ ਜਿਨ੍ਹਾਂ ਨੇ ਵੱਖ-ਵੱਖ ਵਿਧੀਆਂ (ਲਾਈਟਾਂ ਬੰਦ ਕਰਕੇ, ਸਾਹ ਨੂੰ ਵਿਸ਼ੇਸ਼ ਤਰੀਕੇ ਨਾਲ ਨਿਯੰਤਰਿਕ ਕਰਕੇ ਆਦਿਕ) ਨਾਮ ਨਾਲ ਜਪਾਉਣ ਨੂੰ ਹੀ ਆਪਣਾ ਮਕਸਦ ਬਣਾ ਲਿਆ ਹੈ। ਜਪੁ ਬਾਣੀ ਵਿਚ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ :

ਇਕਦੂ ਜੀਭੋ ਲਖੁ ਹੋਹਿ ਲਖੁ ਹੋਵਹਿ ਲਖ ਵੀਸ॥

ਲਖ ਗੇੜਾ ਆਖੀ ਅਹਿ ਏਕੁ ਨਾਮ ਜਗਦੀਸ॥

ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸੁ॥

ਸੁਣਿ ਗਲਾ ਅਕਾਸ ਕੀ ਰੀਟਾ ਆਈ ਰੀਸੁ॥

ਨਾਨਕ ਨਦਰੀ ਪਾਈਐ ਕੂੜੀ ਕੂੜੇ ਠੀਸੁ॥

ਭਾਵ : ਜੇ ਇਕ ਜੀਭ ਤੋਂ ਲੱਖ ਜੀਭਾਂ ਹੋ ਜਾਣ ਅਤੇ ਲੱਖ ਜੀਭਾਂ ਤੋਂ ਵੀਹ ਲੱਖ ਬਣ ਜਾਣ ਫਿਰ ਇਨ੍ਹਾਂ ਵੀਹ ਲੱਖ ਜੀਭਾਂ ਨਾਲ ਜੇ ਅਕਾਲ ਪੁਰਖ ਦੇ ਇਕ ਨਾਮ ਨੂੰ ਇਕ ਇਕ ਲੱਖ ਵਾਰੀ ਆਖੀਏ। ਇਸ ਰਸਤੇ ਵਿਚ (ਪ੍ਰਮਾਤਮਾ ਦੇ ਗੁਣਾਂ ਨਾਲੋਂ ਵਿੱਥ ਦੂਰ ਕਰਨ ਵਾਲੇ ਰਾਹ ਵਿਚ) ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪਉੜੀਆਂ ਹਨ, ਉਨ੍ਹਾਂ ਉਤੇ ਆਪਾ, ਭਾਵ ਗਵਾ ਕੇ ਹੀ ਚੜ੍ਹ ਸਕਦਾ ਹੈ। (ਲੱਖਾਂ ਜੀਭਾਂ ਨਾਲ ਭੀ ਗਿਣਤੀ ਦੇ ਸਿਮਰਨ ਨਾਲ ਕੁਝ ਨਹੀਂ ਬਣਦਾ। ਪ੍ਰਮਾਤਮਾ ਦੇ ਗੁਣਾਂ ਨੂੰ ਗ੍ਰਹਿਣ ਕੀਤੇ ਬਿਨਾਂ ਅਤੇ ਆਪ ਭਾਵ ਦੂਰ ਕਰਨ ਦੀ ਬਜਾਏ ਇਹ ਗਿਣਤੀਆਂ ਦੇ ਪਾਠਾਂ ਵਾਲਾ ਉਦਮ ਇਉਂ ਹੈ, ਜਿਵੇਂ) ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਵੀ ਇਹ ਰੀਸ ਆ ਗਈ ਹੈ ਕਿ ਅਸੀਂ ਭੀ ਆਕਾਸ਼ ਤੇ ਅਪੜ ਜਾਏ, ਜੇਕਰ ਅਸੀਂ ਜਪੁ ਬਾਣੀ ਵਿਚ ਦਰਜ ਉਪਦੇਸ਼ਾਂ ਨੂੰ ਹੀ ਸਮਝ ਲੈਂਦੇ ਤਾਂ ਵੀ ਸਾਡੇ ਸਮਾਜ ਵਿਚ ਵੱਡੀ ਕ੍ਰਾਂਤੀ ਆ ਜਾਣੀ ਸੀ, ਪਰ ਅਸੀਂ ਤਾਂ ਗੁਰਬਾਣੀ ਨੂੰ ਨਾ ਸਮਝਣਾ ਦੀ ਸ਼ਾਹਿਦ ਸੌਹ ਖਾ ਲਈ ਹੈ। ਇਸ ਲਈ ਅਸੀਂ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਤੋਂ ਬੜੀ ਦੂਰ ਜਾ ਚੁੱਕੇ ਹਾਂ। ਸਮੂਹ ਇਸਨਸਾਨੀਅਤ ਨੂੰ ਸੇਧ ਦੇਣ ਲਈ ਗੁਰੂ ਨਾਨਕ ਸਾਹਿਬ ਨੇ ਜਿੱਥੇ ਨਿਵਵੇਕਲੇ ਸਿਧਾਂਤ ਦੀ ਸਿਰਜਣਾ ਕੀਤੀ, ਉਥੇ ਉਨ੍ਹਾਂ ਨੇ ਸਮਾਜ ਵਿਚ ਪ੍ਰਚਲਿਤ ਗਲਤ ਧਾਰਨਾਵਾਂ ਦਾ ਵੀ ਖੰਡਨ ਕੀਤਾ, ਮਿਸਾਲ ਵਜੋਂ, ਆਰਿਯਾ ਨਸਲ ਦੇ ਲੋਕਾਂ ਵੱਲੋਂ ਭਾਰਤ ਵਿਚ ਸਥਾਪਿਤ ਕੀਤੀ ਗਈ ਜਾਦਿ-ਪ੍ਰਾਤਿ ਪ੍ਰਣਾਲੀ ਨੂੰ ਗੁਰੂ ਨਾਨਕ ਸਾਹਿਬ ਨੇ ਮੁੱਢੋਂ ਹੀ ਰੱਦ ਕਰ ਦਿੱਤਾ।

ਉਨ੍ਹਾਂ ਕਿਹਾ :

ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੈ£

ਪਰ ਬ੍ਰਾਹਮਣਵਾਦ ਦੇ ਪ੍ਰਭਾਵ ਹੇਠ ਆਈ ਹੋਈ ਸਿੱਖ ਕੌਮ ਨੇ ਆਪਣੇ ਆਪ ਨੂੰ ਜੱਟ, ਭਾਪੇ, ਅਰੋੜੇ, ਰਾਮਗੜ੍ਹੀਏ, ਸੈਣੀ, ਆਦਿਕ ਵਿਚ ਵੰਡ ਲਿਆ। ਅੱਜ ਜੇਕਰ ਕਿਸੇ ਸਿੱਖ ਨੂੰ ਉਸਦੇ ਬੱਚੇ/ਬੱਚੀ ਦੇ ਵਿਆਹ ਲਈ ਸੰਭਾਵਿਤ ਰਿਸਤੇ ਬਾਰੇ ਦੱਸਿਆ ਜਾਏ ਤਾਂ ਉਸਦਾ ਪਹਿਲਾ ਸਵਾਲ ਹੀ ਇਹ ਹੁੰਦਾ ਹੈ ਕਿ ਬੱਚਾ/ਬੱਚੀ ਆਪਣੀ ਬਿਰਾਦਰੀ ਦੇ ਹਨ ਜਾਂ ਨਹੀਂ। ਇਹੀ ਨਹੀਂ, ਹਿੰਦੂਆਂ ਦੀ ਤਰ੍ਹਾਂ ਸਿੱਖ ਵੀ ਆਪਣੇ ਨਾਮ ਨਾਲ ਆਪਣੀ ਕਥਿਤ ਜਾਤਿ ਲਿਖਣ ਵਿਚ ਬੜਾ ਫਖਰ ਮਹਿਸੂਸ ਕਰਦੇ ਹਨ। ਸਿਤਮ ਦੀ ਗੱਲ ਤਾਂ ਇਹ ਹੈ ਕਿ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨ ਵੀ ਆਪਣੇ ਨਾਵਾਂ ਨਾਲ ਜਾਤੀਸੂਚਕ ਲਫ਼ਜ਼ ਲਿਖਣ ਤੋਂ ਸੰਕੋਚ ਨਹੀਂ ਕਰਦੇ। ਇਸੇ ਤਰ੍ਹਾਂ ਖਾਲਸਾ ਸਕੂਲਾਂ ਵਿਚ ਧਰਮ ਦੀ ਸਿੱਖਿਆ ਦੇਣ ਵਾਲੀਆਂ ਕੋਈ ਅਧਿਆਪਕਾਵਾਂ ਅਤੇ ਧਾਰਮਿਕ ਰਸਾਲਿਆਂ ਦੇ ਸੰਪਾਦਕ ਵੀ ਆਪਣੇ ਨਾਵਾਂ ਨਾਲ ਆਪਣੀਆਂ ਜਾਤਿ ਜ਼ਰੂਰ ਲਿਖਦੇ ਹਨ। ਗੁਰਦੁਆਰਿਆਂ, ਕੀਰਤਨ ਦਰਬਾਰਾਂ, ਨਗਰ ਕੀਰਤਨਾਂ, ਟੈਲੀਵੀਜ਼ਨ ਚੈਨਲਾਂ, ਸੀ. ਡੀ. ਕੈਸਿਟਾਂ ਰਾਹੀਂ ਹੋ ਰਹੇ ਬੇਅੰਤ ਕੀਰਤਨ ਨੂੰ ਸੁਣ ਕੇ ਅਤੇ ਹਰ ਸਾਲ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਉਤਸਵ ਵੱਡੀ ਪੱਧਰ ‘ਤੇ ਮਨਾਉਣ ਦੇ ਬਾਵਜੂਦ ਇਨ੍ਹਾਂ ਵਿਚੋਂ ਕਿਸੇ ਸੱਜਣ ਨੂੰ ਏਨੀ ਕੁ ਗੱਲ ਸਮਝ ਨਹੀਂ ਆਉਂਦੀ ਕਿ ਸਿੱਖ ਨੂੰ ਜਾਤਿ-ਪਾਤਿ ਪ੍ਰਣਾਲੀ ਵਿਚ ਯਕੀਨ ਨਹੀਂ ਕਰਨਾ ਚਾਹੀਦਾ।

ਗੁਰੂ ਅਮਰਦਾਸ ਜੀ ਦੇ ਦਰਬਾਰ ਵਿਚ ਹਾਜ਼ਰੀ ਭਰਨ ਵਾਲੇ ਅਕਬਰ ਬਾਦਸ਼ਾਹ ਨੂੰ ਵੀ ਪੰਗਤ ਵਿਚ ਆਮ ਇਨਸਾਨਾਂ ਵਿਚਕਾਰ ਬਿਠਾ ਕੇ ਉਹੀ ਲੰਗਰ ਛਕਾਇਆ ਗਿਆ ਸੀ, ਜੋ ਬਾਕੀ ਸੰਗਤਾਂ ਨੂੰ ਛਕਾਇਆ ਜਾ ਰਿਹਾ ਸੀ। ਇਸ ਦੇ ਉਲਟ ਅੱਜ ਸਿੱਖ ਸਮਾਜ ਵਿਚ ਇਕ ਸਮਾਨਤਾ ਵਾਲੀ ਭਾਵਨਾ ਏਨੀ ਤੇਜ਼ੀ ਨਾਲ ਖਤਮ ਹੁੰਦੀ ਜਾ ਰਹੀ ਹੈ। ਅੱਜ ਗੁਰਦੁਆਰਿਆਂ ਵਿਚ ਆਮ ਸੰਗਤਾਂ ਵਾਸਤੇ ਲੰਗਰ ਕੁਝ ਹੋਰ ਪੱਧਰ ਦਾ ਹੁੰਦਾ ਹੈ, ਜਦਕਿ ਪ੍ਰਬੰਧਕਾਂ ਅਤੇ ਉਨ੍ਹਾਂ ਦੇ ਚਾਪਲੂਸਾਂ ਵਾਸਤੇ ਹੋਰ ਪੱਧਰ ਦਾ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਕਈ ਇਤਿਹਾਸਕ ਗੁਰਦੁਆਰਿਆਂ ਵਿਚ ਬਣੀਆਂ ਸਰਾਵਾਂ ਵਿਚ ਆਮ ਜਨਤਾ ਲਈ ਬਣੇ ਕਮਰੇ ਬਿਸਤਰਿਆਂ ਅਤੇ ਸਾਫ ਸਫਾਈ ਦੇ ਵੀ ਮੁਥਾਜ ਹੁੰਦੇ ਹਨ, ਉਥੇ ਵੀ. ਆਈ. ਪੀ. ਮਹਿਮਾਨਾਂ ਲਈ ਬਣੇ ਕਮਰਿਆਂ ਜਾਂ ਸਰਾਵਾਂ ਵਿਚ ਏਅਰ ਕੰਡੀਸ਼ਨਰ ਵਧੀਆ ਪਲੰਘ ਆਦਿਕ ਸਹੂਲਤਾਂ ਨਾਲ ਲੈਸ ਹੁੰਦੇ ਹਨ। ਗੁਰਦੁਆਰਿਆਂ ਵਿਚ ਇਕ ਵਿਸ਼ੇਸ਼ ਰਕਮ ਦੇ ਕੇ ਕੜਾਹ ਪ੍ਰਸ਼ਾਦ ਦੀ ਪਰਚੀ ਪ੍ਰਾਪਤ ਕਰਨ ਵਾਲੇ ਸ਼ਰਧਾਲੂਆਂ ਨੂੰ ਸਿਰੋਪਾ ਨਾਲ ਨਿਵਾਜਿਆ ਜਾਂਦਾ ਹੈ, ਜਦਕਿ ਅਜਿਹੀ ਨੀਤੀ ਮੰਦਰਾਂ ਵਿਚ ਸ਼ਰਧਾਲੂਆਂ ਦੀ ਲੁੱਟ-ਖਸੁੱਟ ਕਰਨ ਵਾਲੇ ਪੰਡਿਆਂ ਦੀ ਹੁੰਦੀ ਹੈ। ਇਸ ਤਰ੍ਹਾਂ ਗੁਰਦੁਆਰਾ ਕਮੇਟੀਆਂ ਵੀ ਸਿੱਖਾਂ ਦੇ ਆਰਥਿਕ ਅਤੇ ਸਮਾਜਿਕ ਰੁਤਬੇ ਮੁਤਾਬਿਕ ਉਨ੍ਹਾਂ ਨਾਲ ਵਰਤਾਉ ਕਰਦਿਆਂ ਹਨ, ਜੋ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਦੀ ਸਿੱਖੀ ਉਲੰਘਣਾ ਹੈ। ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ ਜਿਨ੍ਹਾਂ ਤੋਂ ਸਾਫ ਪਤਾ ਲੱਗਦਾ ਹੈ ਕਿ ਸਿੱਖ ਕੌਮ ਗੁਰੂ ਨਾਨਕ ਸਾਹਿਬ ਦੇ ਉਦੇਸ਼ਾਂ ਦੇ ਉਲਟ ਚੱਲ ਰਹੀ ਹੈ। ਇਹੀ ਨਹੀਂ, ਸਿੱਖੀ ਦੇ ਸੋਮਾ ਪੰਜਾਬ ਵਿਚ ਸਿੱਖਾਂ ਦੀ ਬਹੁਗਿਣਤੀ ਕੇਸਾਂ ਨੂੰ ਤਿਲਾਂਜਲੀ ਦੇ ਕੇ ਨਸ਼ਿਆਂ ਦਾ ਸ਼ਿਕਾਰ ਹੋ ਚੁੱਕੀ ਹੈ। ਜ਼ਾਹਿਰ ਹੈ ਕਿ ਅਸੀਂ ਭਾਵੇਂ ਨਗਰ ਕੀਰਤਨਾਂ ਅਤੇ ਕੀਰਤਨ ਦਰਬਾਰਾਂ ਦੇ ਨਾਂ ‘ਤੇ ਕਰੋੜਾਂ ਅਰਬਾਂ ਰੁਪਏ ਖਰਚ ਰਹੇ ਹਾਂ ਪਰ ਇਨ੍ਹਾਂ ਨਾਲ ਸਿੱਖ ਧਰਮ ਦੇ ਸਿਧਾਂਤਾਂ ਦਾ ਪ੍ਰਚਾਰ ਨਹੀਂ ਹੋ ਰਿਹਾ। ਇਸ ਲਈ ਚੰਗਾ ਹੋਵੇ ਜੇਕਰ ਇਸ ਸਾਲ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਉਤਸਵ ਮੌਕੇ ਅਸੀਂ ਸਿਰਫ਼ ਦਿਖਾਵੇ ਵਾਲੀ ਧਾਰਮਿਕਤਾ ਤੱਕ ਸੀਮਿਤ ਰਹਿਣ ਦੀ ਬਜਾਇ ਗੁਰੂ ਨਾਨਕ ਦੇ ਕਿਸੇ ਇਕ ਉਪਦੇਸ਼ ਨੂੰ ਆਪਣੀ ਜ਼ਿੰਦਗੀ ਵਿਚ ਢਾਲਣ ਦਾ ਪ੍ਰਣ ਕਰੀਏ। ਤਾਂ ਹੀ ਸਾਡਾ ਗੁਰਪੁਰਬ ਮਨਾਉਣਾ ਸਫਲ ਹੋ ਸਕੇਗਾ।

– ਸਰਬਜੀਤ ਸਿੰਘ

 

Comments

comments

Share This Post

RedditYahooBloggerMyspace