ਗੁਰੂ ਗੋਬਿੰਦ ਸਿੰਘ ਜੀ ਦਾ ਸਮਾਜਿਕ ਤੇ ਰਾਜਨੀਤਕ ਫਲਸਫ਼ਾ

1207583__16ਗੁਰਮੇਲ ਸਿੰਘ ਢੰਢੋਲੀ ਖੁਰਦ

ਸਿੱਖਾਂ ਦੇ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਇਤਿਹਾਸ ਵਿਚ ਸਭ ਤੋਂ ਵੱਧ ਗਤੀਸ਼ੀਲ ਅਤੇ ਅਨੁਪਮ ਪ੍ਰਤਿਭਾ ਵਾਲੇ ਹੋਏ ਹਨ। ਉਨ੍ਹਾਂ ਦੇ ਸਮੇਂ ਸਮਾਜਿਕ ਤੇ ਰਾਜਨੀਤਕ ਹਾਲਾਤ ਅਤਿ ਮੰਦ ਅਵਸਥਾ ਵਿਚ ਸਨ। ਗੁਰੂ ਸਾਹਿਬ ਨੇ ਇਨ੍ਹਾਂ ਹਾਲਾਤ ਨੂੰ ਸੁਧਾਰਨ ਅਤੇ ਉੱਨਤ ਵਿਵਸਥਾ ਸਥਾਪਿਤ ਕਰਨ ਲਈ ਇਕ ਸ਼ਾਨਦਾਰ ਵਿਉਂਤ ਬਣਾਈ। ਉਨ੍ਹਾਂ ਨੇ ਧਾਰਮਿਕ ਅਤੇ ਰਾਜਨੀਤਕ ਅਸਹਿਣਸ਼ੀਲਤਾ ਵਿਰੁੱਧ ਆਵਾਜ਼ ਉਠਾਈ, ਸਾਂਝੇ ਮਨੁੱਖੀ ਭਾਈਚਾਰੇ ਦਾ ਉਪਦੇਸ਼ ਦਿੱਤਾ ਅਤੇ ਉਦੇਸ਼ਾਂ ਦੀ ਪ੍ਰਾਪਤੀ ਲਈ ਅਮਲੀ ਕਦਮ ਚੁੱਕੇ। ਉਨ੍ਹਾਂ ਸਮਾਜਿਕ ਵਿਵਸਥਾ ਨੂੰ ਨਵਾਂ ਜੀਵਨ ਪ੍ਰਦਾਨ ਕੀਤਾ ਅਤੇ ਹਰ ਪ੍ਰਕਾਰ ਦੇ ਵਿਤਕਰਿਆਂ ਨੂੰ ਦੂਰ ਕੀਤਾ। ਉਨ੍ਹਾਂ ਨੇ ਸ਼ਕਤੀਹੀਣ ਅਤੇ ਆਪਸ ਵਿਚ ਪਾਟੇ ਦੇਸ਼ ਵਾਸੀਆਂ ਨੂੰ ਇਕ ਦਲੇਰ ਅਤੇ ਸ਼ਕਤੀਸ਼ਾਲੀ ਕੌਮ ਦੇ ਰੂਪ ਵਿਚ ਬਦਲ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਵਿਚ ਸੂਰਮਗਤੀ, ਸੁਧਾਰ ਲਈ ਲਗਨ ਅਤੇ ਸੈਨਿਕ ਵਰਗਾ ਜੋਸ਼ ਸੀ।

ਗੁਰੂ ਗੋਬਿੰਦ ਸਿੰਘ ਜੀ ਲੋਕਤੰਤਰ ਵਿਚ ਵਿਸ਼ਵਾਸ ਰੱਖਦੇ ਸਨ। ਮਨੁੱਖੀ ਏਕਤਾ ਨੂੰ ਕਾਇਮ ਕਰਨ ਲਈ ਉਨ੍ਹਾਂ ਨੇ ਇਕ ਵੱਖਰੇ ਪੰਥ, ਖ਼ਾਲਸਾ ਪੰਥ ਦੀ ਸਥਾਪਨਾ ਕੀਤੀ। ਖ਼ਾਲਸਾ ਪੰਥ ਵਿਚ ਸਾਰੇ ਧਰਮਾਂ, ਜਾਤਾਂ, ਔਰਤਾਂ ਤੇ ਮਰਦ ਸ਼ਾਮਿਲ ਹੋ ਸਕਦੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਸਮੇਂ ਵੱਖ-ਵੱਖ ਧਰਮਾਂ ਅਤੇ ਵੱਖ-ਵੱਖ ਖੇਤਰਾਂ ਤੋਂ ਆਏ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਅਤੇ ਆਪ ਉਨ੍ਹਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਲੋਕਤੰਤਰ ਦੀ ਇਕ ਵਿਵਹਾਰਿਕ ਉਦਾਹਰਨ ਪੇਸ਼ ਕੀਤੀ। ਸਾਰੇ ਸਿੱਖਾਂ ਨੂੰ ਮਰਦਾਂ ਦੇ ਨਾਂਅ ਪਿੱਛੇ ‘ਸਿੰਘ’ ਅਤੇ ਔਰਤਾਂ ਦੇ ਨਾਂਅ ਪਿੱਛੇ ‘ਕੌਰ’ ਲਗਾਉਣ ਲਈ ਆਖਿਆ। ਉਨ੍ਹਾਂ ਦੁਆਰਾ ਸਾਜੀ ਇਸ ਨਵੀਂ ਕੌਮ ਦਾ ਮੂਲ ਆਧਾਰ ਨਿਆਂ, ਸੁਤੰਤਰਤਾ, ਬਰਾਬਰੀ ਅਤੇ ਸਾਂਝੀਵਾਲਤਾ ਸੀ। ਸ਼੍ਰੇਣੀ ਅਤੇ ਜਾਤੀ ਵੰਡ ਦੀ ਇੱਥੇ ਕੋਈ ਹੋਂਦ ਨਹੀਂ ਸੀ। ਗੁਰੂ ਸਾਹਿਬ ਦੁਆਰਾ 9 ਸਾਲ ਦੀ ਛੋਟੀ ਉਮਰ ਵਿਚ ਹਿੰਦੂ-ਧਰਮ ਦੀ ਰੱਖਿਆ ਲਈ ਆਪਣੇ ਪਿਤਾ ਜੀ ਨੂੰ ਕੁਰਬਾਨੀ ਦੇਣ ਲਈ ਕਹਿ ਕੇ, ਧਰਮ-ਨਿਰਪੱਖਤਾ ਅਤੇ ਲੋਕਤੰਤਰੀ ਹੋਣ ਦੀ ਅਦੁੱਤੀ ਮਿਸਾਲ ਦਿੱਤੀ ਗਈ। ਗੁਰੂ ਜੀ ਕਿਸੇ ਵਿਅਕਤੀਗਤ ਪੂਜਾ ਦੇ ਸਖ਼ਤ ਵਿਰੋਧੀ ਸਨ। ਉਨ੍ਹਾਂ ਨੇ ਸਿੱਖਾਂ ਨੂੰ ਹੁਕਮ ਦਿਤਾ ਕਿ ਕੋਈ ਵੀ ਉਨ੍ਹਾਂ ਦੀ ਪੂਜਾ ਨਾ ਕਰੇ।

ਗੁਰੂ ਗੋਬਿੰਦ ਸਿੰਘ ਜੀ ਪੂਰਨ ਰੂਪ ਵਿਚ ਸਮਾਨਤਾ ਦੇ ਹੱਕ ਵਿਚ ਸਨ। ਉਨ੍ਹਾਂ ਅਨੁਸਾਰ ਸਾਰੇ ਧਰਮਾਂ, ਜਾਤਾਂ, ਅਮੀਰ-ਗਰੀਬ ਅਤੇ ਔਰਤ-ਮਰਦ ਨੂੰ ਸਮਾਨਤਾ ਮਿਲਣੀ ਚਾਹੀਦੀ ਹੈ। ਗੁਰੂ ਜੀ ਆਪਣੀ ਰਚਨਾ ਵਿਚ ਫ਼ਰਮਾਉਂਦੇ ਹਨ :

ਕੋਊ ਭਇਓ ਮੁੰਡੀਆ
ਸੰਨਿਆਸੀ ਕੋਊ ਜੋਗੀ ਭਇਓ,
ਕੋਈ ਬ੍ਰਹਮਚਾਰੀ
ਕੋਊ ਜਤੀ ਅਨੁਮਾਨਬੋ।
ਹਿੰਦੂ ਤੁਰਕ ਕੋਊ
ਰਾਫਿਜੀ ਇਮਾਮ ਸਾਫੀ
ਮਾਨਸ ਕੀ ਜਾਤ
ਸਬੈ ਏਕੈ ਪਹਿਚਾਨਬੋ।

ਮੁਰਦਾ ਕੌਮ ਵਿਚ ਜਾਨ ਪਾਉਣ ਲਈ ਪਹਿਲਾਂ ਗੁਰੂ ਜੀ ਨੇ ਜਾਤ-ਪਾਤ ਦੇ ਭੂਤ ਨੂੰ ਖ਼ਤਮ ਕੀਤਾ, ਫਿਰ ਸਭ ਜਾਤੀਆਂ ਦੇ ਲੋਕਾਂ ਨੂੰ ਇਕ ਥਾਂ ‘ਤੇ ਬਿਠਾਇਆ ਅਤੇ ਪ੍ਰਸ਼ਾਦ ਛਕਾਇਆ। ਖਾਲਸਾ ਪੰਥ ਵਿਚ ਸਭ ਦੀ ਪਦਵੀ ਇਕ ਕਰ ਦਿੱਤੀ ਗਈ।

ਗੁਰੂ ਜੀ ਔਰਤ ਨੂੰ ਵੀ ਬਰਾਬਰ ਅਧਿਕਾਰ ਦੇਣ ਦੇ ਹੱਕ ਵਿਚ ਸਨ। ਉਨ੍ਹਾਂ ਨੇ ਸਮਾਜ ਵਿਚ ਪ੍ਰਚਲਿਤ ਔਰਤ ਵਿਰੋਧੀ ਕੁਰੀਤੀਆਂ ਦਾ ਜ਼ੋਰਦਾਰ ਸ਼ਬਦਾਂ ਵਿਚ ਖੰਡਨ ਕੀਤਾ ਅਤੇ ਮਨੁੱਖ ਦੁਆਰਾ ਕੀਤੀ ਜਾ ਰਹੀ ਗੁਲਾਮੀ ਤੋਂ ਔਰਤ ਨੂੰ ਆਜ਼ਾਦ ਕਰਵਾਇਆ।
ਇਸਤਰੀਆਂ ਨੂੰ ਹਰ ਖੇਤਰ ਵਿਚ ਮਨੁੱਖ ਦੇ ਬਰਾਬਰ ਦਾ ਦਰਜਾ ਦਿੱਤਾ ਅਤੇ ਉਨ੍ਹਾਂ ਨੂੰ ਮਰਦਾਂ ਦੀ ਭਾਂਤ ਅੰਮ੍ਰਿਤ ਪਾਨ ਕਰਵਾਇਆ। ਉਨ੍ਹਾਂ ਨੂੰ ਬਾਣੀ ਪੜ੍ਹਨ ਅਤੇ ਅਗਵਾਈ ਕਰਨ ਦਾ ਅਧਿਕਾਰ ਦਿੱਤਾ।

ਗੁਰੂ ਜੀ ਨੇਕ ਕੰਮਾਂ ਲਈ ਹਥਿਆਰ ਚੁੱਕਣ ਨੂੰ ਜਾਇਜ਼ ਮੰਨਣ ਵਾਲੇ ਅਤੇ ਬਦੀ ਜਾਂ ਬੁਰਾਈ ਨੂੰ ਖ਼ਤਮ ਕਰਨ ਲਈ ਸ਼ਕਤੀ ਦੀ ਵਰਤੋਂ ਕਰਨ ਦੇ ਹੱਕ ਵਿਚ ਸਨ। ਪਰ ਉਹ ਸ਼ਕਤੀ ਦੀ ਵਰਤੋਂ ਕੇਵਲ ਅੰਤਿਮ ਹਥਿਆਰ ਵਜੋਂ ਹੀ ਵਰਤਣ ਦੇ ਹੱਕ ਵਿਚ ਸਨ, ਜਦੋਂ ਬਾਕੀ ਸਾਧਨ ਅਸਫਲ ਹੋ ਜਾਣ। ਜ਼ਫਰਨਾਮਾ ਵਿਚ ਗੁਰੂ ਜੀ ਲਿਖਦੇ ਹਨ :

ਚੂੰ ਕਾਰ ਅਜ਼ ਹਮਾ ਹੀਲਤੇ
ਦਰ ਗੁਜ਼ਸਤੂ ਹਲਾਲ ਅਸਤ
ਬੁਰਦਨ ਬ ਸ਼ਮਸ਼ੀਰਿ ਦਸਤੂ

ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖੀ ਸਮਾਨਤਾ ਦੇ ਅਸੂਲਾਂ ਦਾ ਉਪਦੇਸ਼ ਦਿੱਤਾ, ਜਿਸ ਵਿਚ ਇਸਤਰੀ-ਪੁਰਸ਼ਾਂ ਦੀ ਸਮਾਨਤਾ, ਵਿਅਕਤੀ ਵਿਸ਼ੇਸ਼ ਦਾ ਸਮਾਜਿਕ ਦਰਜੇ ਦਾ ਵਿਰੋਧ, ਜਾਤ-ਪਾਤ ਦੇ ਅਧਾਰ ‘ਤੇ ਪੱਖਪਾਤ ਸਮਾਪਤ ਕਰਨਾ, ਸਭ ਨੂੰ ਇਕੋ ਜਿਹਾ ਸਮਝਣਾ, ਸਾਰੇ ਲੋਕਾਂ ਦੀ ਸੇਵਾ ਕਰਨੀ, ਗੁਰਮਤਿ ‘ਤੇ ਅਮਲ ਕਰਨਾ, ਸੰਗਤ ਦੀ ਮਰਜ਼ੀ ਅਮਲੀ ਤੇ ਸਿਧਾਂਤ ਸਰੂਪ ਵਿਚ ਹੀ ਸਹੀ ਪਰਜਾਤੰਤਰਿਕ ਸਿਧਾਂਤ ਹਨ। ਗੁਰੂ ਗੋਬਿੰਦ ਸਿੰਘ ਜੀ ਦਾ ਰਾਜਨੀਤਕ ਅਤੇ ਸਮਾਜਿਕ ਦੋਵਾਂ ਹੀ ਖੇਤਰਾਂ ਵਿਚ ਵਿਲੱਖਣ ਯੋਗਦਾਨ ਰਿਹਾ ਹੈ।

ਉਨ੍ਹਾਂ ਦਾ ਉਦੇਸ਼ ਸਾਰੇ ਸਮਾਜ ਨੂੰ ਸੁਤੰਤਰ ਤੇ ਉੱਨਤ ਕਰਨ ਲਈ ਕਾਰਜ ਕਰਨਾ ਸੀ। ਉਨ੍ਹਾਂ ਨੇ ਸੁਤੰਤਰਤਾ, ਸਾਂਝੀਵਾਲਤਾ ਅਤੇ ਭਾਈਵਾਲਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਜਾਤ, ਧਰਮ, ਪਦਵੀ ਅਤੇ ਵਿਸ਼ਵਾਸ ਰਾਹੀਂ ਪ੍ਰਾਪਤ ਅਧਿਕਾਰਾਂ ਦੀ ਸਮਾਪਤੀ ਕੀਤੀ ਅਤੇ ਨੀਵਿਆਂ ਨੂੰ ਹਰ ਤਰ੍ਹਾਂ ਨਾਲ ਉੱਚਿਆਂ ਦੇ ਬਰਾਬਰ ਕੀਤਾ। ਅਜੋਕੇ ਸਮੇਂ ਵਿਚ ਧਾਰਮਿਕ ਸਹਿਣਸ਼ੀਲਤਾ ਦਾ ਵਾਤਾਵਰਨ ਸਿਰਜਣ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਫਲਸਫ਼ੇ ਅਤੇ ਬਾਣੀ ਤੋਂ ਸੇਧ ਲੈਣ ਦੀ ਲੋੜ ਹੈ, ਜਿਨ੍ਹਾਂ ਦਾ ਸਮੁੱਚਾ ਜੀਵਨ ਧਾਰਮਿਕ ਸਹਿਣਸ਼ੀਲਤਾ ਅਤੇ ਸਦਭਾਵਨਾ ਦੀ ਗਵਾਹੀ ਭਰਦਾ ਹੈ।

Comments

comments

Share This Post

RedditYahooBloggerMyspace