‘ਇਕ ਜਥੇਦਾਰ’ ਦੇ ਆਸਰੇ ਗੁਰਪੁਰਬ ਮਨਾਵੇਗੀ ਸ਼੍ਰੋਮਣੀ ਕਮੇਟੀ

ਅਨੰਦਪੁਰ ਸਾਹਿਬ : ਭਾਵੇਂ ਵੱਖ-ਵੱਖ ਸਿਆਸੀ ਧਿਰਾਂ ਨੇ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਇਕੋ ਮੰਚ ਤੋਂ ਮਨਾਉਣ ਦਾ ਅਹਿਦ ਲਿਆ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਖ਼ੁਦ ਅਕਾਲ ਤਖ਼ਤ ਸਾਹਿਬ ਤਕ ਪਹੁੰਚ ਕੀਤੀ ਹੈ ਪਰ ਸਿੱਖ ਕੌਮ ਦੀ ਤਰਾਸਦੀ ਇਹ ਹੈ ਕਿ ਉਹ ਆਪਣੀ ਸਭ ਤੋਂ ਵੱਡੀ ਸ਼ਤਾਬਦੀ ਨੂੰ ਮਹਿਜ਼ ਇਕ ਜਥੇਦਾਰ ਦੇ ਆਸਰੇ ਮਨਾਉਣ ਵੱਲ ਵਧ ਰਹੀ ਹੈ।
ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਕੁਝ ਹਫ਼ਤੇ ਹੀ ਰਹਿ ਗਏ ਹਨ ਪਰ ਆਲਮ ਇਹ ਹੈ ਕਿ ਸਿਰਫ਼ ਗਿਆਨੀ ਹਰਪ੍ਰੀਤ ਸਿੰਘ ਹੀ ਇਕੋ ਇਕ ਸਥਾਈ ਜਥੇਦਾਰ ਹਨ, ਜੋ ਸਮੁੱਚੀ ਕੌਮ ਨੂੰ ਸੇਧ ਦੇਣ ਲਈ ਅਧਿਕਾਰਿਤ ਹਨ ਕਿਉਂਕਿ ਜੇ ਪੰਜਾਬ ਵਿਚਲੇ ਤਿੰਨ ਤਖ਼ਤਾਂ ਦੀ ਗੱਲ ਕੀਤੀ ਜਾਵੇ ਤਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਦਾ ਅਹੁਦਾ ਡੰਗ ਟਪਾਊ ਪ੍ਰਬੰਧਾਂ ਨਾਲ ਜਥੇਦਾਰ ਰਘਬੀਰ ਸਿੰਘ ਨੂੰ ਕਾਰਜਕਾਰੀ ਜਥੇਦਾਰ ਅਤੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਵਾਧੂ ਚਾਰਜ ਕੇ ਹੀ ਚਲਾਇਆ ਜਾ ਰਿਹਾ ਹੈ। ਜੇ ਪੰਜਾਬ ਤੋਂ ਬਾਹਰਲੇ ਤਖ਼ਤਾਂ ਦੀ ਗੱਲ ਕਰੀਏ ਤਾਂ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਵੀ ਗਿਆਨੀ ਇਕਬਾਲ ਸਿੰਘ ਤੋਂ ਬਾਅਦ ਕੋਈ ਪੱਕਾ ਜਥੇਦਾਰ ਨਿਯੁਕਤ ਨਹੀਂ ਹੋ ਸਕਿਆ ਅਤੇ ਆਰਜ਼ੀ ਪ੍ਰਬੰਧਾਂ ਤਹਿਤ ਰਜਿੰਦਰ ਸਿੰਘ ਨੂੰ ਕਾਰਜਕਾਰੀ ਜਥੇਦਾਰ ਲਗਾ ਕੇ ਸਮਾਂ ਲੰਘਾਇਆ ਜਾ ਰਿਹਾ ਹੈ।
ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਭਾਵੇਂ ਜਥੇਦਾਰ ਦਾ ਅਹੁਦਾ ਤਾਂ ਸਥਾਈ ਹੱਥਾਂ ਹੇਠ ਜਥੇਦਾਰ ਕੁਲਵੰਤ ਸਿੰਘ ਕੋਲ ਹੈ ਪਰ ਉੱਥੋਂ ਦੀ ਮਰਿਆਦਾ ਅਨੁਸਾਰ ਜਥੇਦਾਰ ਤਖ਼ਤ ਸਾਹਿਬ ਦੀ ਹਦੂਦ ਵਿਚੋਂ ਬਾਹਰ ਕਿਧਰੇ ਹੋਰ ਨਹੀਂ ਜਾਂਦੇ। ਇਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣ ਵਾਲੀਆਂ ਬੈਠਕਾਂ ’ਚ ਉਹ ਹਿੱਸਾ ਨਹੀਂ ਲੈਂਦੇ।
ਇਨ੍ਹਾਂ ਤੱਥਾਂ ਤੋਂ ਸਪੱਸ਼ਟ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਾਬਜ਼ ਧਿਰ ਅਤੇ ਪਟਨਾ ਸਾਹਿਬ ਮੈਨੇਜਮੈਂਟ ਕਮੇਟੀ ਦੇ ਪ੍ਰਬੰਧਾਂ ’ਤੇ ਕਾਬਜ਼ ਧਿਰ ਸ਼੍ਰੋਮਣੀ ਅਕਾਲੀ ਦਲ, ਚਾਰ ਤਖ਼ਤ ਸਾਹਿਬਾਨ ’ਚੋਂ ਸਿਰਫ਼ ਇਕ ’ਤੇ ਹੀ ਪੱਕਾ ਜਥੇਦਾਰ ਨਿਯੁਕਤ ਕਰ ਸਕੀ ਹੈ। ਇਸ ਤੋਂ ਇਸ ਪੰਥਕ ਜਥੇਬੰਦੀ ਜਾਂ ਧਾਰਮਿਕ ਅਹੁਦਿਆਂ ’ਤੇ ਕਾਬਜ਼ ਆਗੂਆਂ ਦੀ ਕੌਮ ਪ੍ਰਤੀ ਵਚਨਬੱਧਤਾ ’ਤੇ ਵੀ ਸੁਆਲੀਆ ਚਿੰਨ੍ਹ ਲੱਗਦਾ ਹੈ।
ਨਵੇਂ ਜਥੇਦਾਰਾਂ ਦੀ ਨਿਯੁਕਤੀ ਸਬੰਧੀ ਵਿਚਾਰ ਜਾਰੀ: ਲੌਂਗੋਵਾਲ
ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਮਹਿਜ਼ ਇਕ ਹੀ ਜਥੇਦਾਰ ਦੇ ਆਸਰੇ ਸ਼ਤਾਬਦੀ ਮਨਾਉਣ ਅਤੇ ਕਾਰਜਕਾਰੀ ਜਥੇਦਾਰਾਂ ਨੂੰ ਪੱਕਿਆਂ ਕਰਨ ਸਬੰਧੀ ਕੋਈ ਫ਼ੈਸਲਾ ਨਾ ਹੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਜਥੇਦਾਰਾਂ ਦੀ ਨਿਯੁਕਤੀ ਬਾਰੇ ਵਿਚਾਰ ਚਰਚਾ ਜਾਰੀ ਹੈ। ਉਮੀਦ ਹੈ ਕਿ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਤੋਂ ਪਹਿਲਾਂ ਨਵੇਂ ਜਥੇਦਾਰ ਦੀ ਨਿਯੁਕਤੀ ਅਤੇ ਕਾਰਜਕਾਰੀ ਜਥੇਦਾਰਾਂ ਨੂੰ ਪੱਕਾ ਕਰਨ ਦਾ ਫ਼ੈਸਲਾ ਲਿਆ ਜਾ ਸਕੇ।

Comments

comments

Share This Post

RedditYahooBloggerMyspace