ਕੌਮਾਂਤਰੀ ਨਗਰ ਕੀਰਤਨ ਦਾ ਗੁਰਦੁਆਰਾ ਨਾਢਾ ਸਾਹਿਬ ਵਿੱਚ ਨਿੱਘਾ ਸਵਾਗਤ

ਪੰਚਕੂਲਾ : ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਅੱਜ ਸਵੇਰੇ ਤਿੰਨ ਵਜੇ ਪੰਚਕੁੂਲਾ ਹਰਿਆਣਾ ਦੇ ਗੁਰਦੁਆਰਾ ਨਾਢਾ ਸਾਹਿਬ ਪਹੁੰਚਿਆ| ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੀਨੀਅਰ ਵਾਈਸ ਪ੍ਰਧਾਨ ਰਘੂਜੀਤ ਸਿੰਘ ਵਿਰਕ, ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਹਰਿਆਣਾ ਸ਼ਰਨਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ, ਐੱਮਐੱਸ ਬੇਦੀ, ਗੁਰਦੁਆਰਾ ਨਾਢਾ ਸਾਹਿਬ ਦੇ ਮੈਨੇਜਰ ਜਗੀਰ ਸਿੰਘ, ਗੁਰਦੁਆਰਾ ਨਾਢਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਗਜੀਤ ਸਿੰਘ ਅਤੇ ਹੋਰ ਕਈ ਸਥਾਨਕ ਅਕਾਲੀ ਨੇਤਾਵਾਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ|
ਨਾਢਾ ਸਾਹਿਬ ਗੁਰਦੁਆਰਾ ਦੇ ਹੈੱਡ ਗ੍ਰੰਥੀ ਭਾਈ ਜਗਜੀਤ ਸਿੰਘ ਨੇ ਨਗਰ ਕੀਰਤਨ ਦੇ ਪਹੁੰਚਣ ਉੱਤੇ ਅਰਦਾਸ ਕੀਤੀ| ਨਗਰ ਕੀਰਤਨ ਦੇ ਪੰਚਕੂਲਾ ਪ੍ਰਵੇਸ਼ ਕਰਨ ਉੱਤੇ ਵੱਖ ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਵੱਖ ਵੱਖ ਥਾਈਂ ਸਵਾਗਤੀ ਗੇਟ ਬਣਾਏ ਹੋਏ ਸਨ| ਕੌਮਾਂਤਰੀ ਨਗਰ ਕੀਰਤਨ ਵਿੱਚ ਗੁਰੂ ਸਾਹਿਬ ਨਾਲ ਸਬੰਧਤ ਯਾਦਗਾਰੀ ਚਿੰਨ੍ਹ ਵਾਹਨ ਵਿੱਚ ਸਜਾਏ ਹੋਏ ਸਨ| ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ| ਨਗਰ ਕੀਰਤਨ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੁਸ਼ੋਭਿਤ ਸਨ| ਇਸ ਨਗਰ ਕੀਰਤਨ ਵਿੱਚ ਗੱਤਕਾ ਪਾਰਟੀਆਂ ਨੇ ਹੈਰਤ ਅੰਗੇਜ਼ ਕਰਤਬ ਦਿਖਾਏ| ਨਗਰ ਕੀਰਤਨ ਵਿੱਚ ਰਾਗੀ ਢਾਡੀ ਜੱਥਿਆਂ ਨੇ ਵੀ ਕਾਫੀ ਰੰਗ ਬੰਨ੍ਹਿਆ| ਇਸ ਮੌਕੇ ਡਾ. ਹਰਨੇਕ ਸਿੰਘ ਹਰੀ ਵੀ ਹਾਜ਼ਰ ਸਨ| ਕਲਗੀਧਰ ਸੇਵਾ ਮਿਸ਼ਨ ਵੱਲੋਂ ਗੁਰਦੁਆਰਾ ਨਾਢਾ ਸਾਹਿਬ ਨੇੜੇ ਫਲ ਫਰੂਟਾਂ ਦਾ ਲੰਗਰ ਲਗਾਇਆ ਗਿਆ| ਅੱਜ ਸਵੇਰੇ 9 ਵਜੇ ਨਗਰ ਕੀਰਤਨ ਡੇਰਾਬਸੀ ਲਾਲੜੂ ਅੰਬਾਲਾ ਕਪਾਲ ਮੋਚਨ ਯਮੁਨਾਨਗਰ ਲਈ ਰਵਾਨਾ ਹੋ ਗਿਆ| ਇਹ ਨਗਰ ਕੀਰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੀ ਜਿਸ ਵਿਚ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਸਨ| ਇਸ ਮੌਕੇ ਜ਼ਿਲ੍ਹਾ ਪੁਲੀਸ ਪੰਚਕੂਲਾ ਇਥੇ ਗੁਰਦੁਆਰਾ ਨਾਢਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਟਰੈਫ਼ਿਕ ਪ੍ਰਬੰਧ ਕੀਤੇ ਹੋਏ ਸਨ|
ਜ਼ੀਰਕਪੁਰ (ਹਰਜੀਤ ਸਿੰਘ): ਕੌਮਾਂਤਰੀ ਨਗਰ ਕੀਰਤਨ ਦਾ ਅੱਜ ਡੇਰਾਬੱਸੀ ਹਲਕੇ ਅੰਦਰ ਪੁੱਜਣ ‘ਤੇ ਪੂਰੀ ਸ਼ਾਨੋ ਸ਼ੌਕਤ ਅਤੇ ਜੈਕਾਰਿਆਂ ਦੀ ਗੂੰਜ ਨਾਲ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਹ ਨਗਰ ਕੀਰਤਨ ਅੱਜ 12ਵੇਂ ਦਿਨ ਗੁਰਦੁਆਰਾ ਨਾਢਾ ਸਾਹਿਬ ਤੋਂ ਹਲਕਾ ਡੇਰਾਬੱਸੀ ਹਲਕੇ ਅੰਦਰ ਪਹੁੰਚਿਆ ਜਿਥੇ ਪਹਿਲਾਂ ਜ਼ੀਰਕਪੁਰ ਨੇੜੇ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਬਾਲਾਜੀ ਐਨਕਲੇਵ ਅਤੇ ਪਿੰਡ ਲੋਹਗੜ੍ਹ ਵਿਖੇ ਸੰਗਤਾਂ ਨੇ ਇਸ ਮਹਾਨ ਨਗਰ ਕੀਰਤਨ ਦੇ ਦਰਸ਼ਨ ਕੀਤੇ। ਇਸ ਮੌਕੇ ਹਲਕਾ ਵਿਧਾਇਕ ਐਨ.ਕੇ.ਸ਼ਰਮਾ, ਐਸਜੀਪੀਸੀ ਮੈਂਬਰ ਨਿਰਮੈਲ ਸਿੰਘ ਜੋਲਾ, ਕਾਂਗਰਸ ਪਾਰਟੀ ਦੇ ਸਕੱਤਰ ਮਨਪ੍ਰੀਤ ਸਿੰਘ ਬਨੀ ਸੰਧੂ, ਉਦੈਵੀਰ ਸਿੰਘ ਢਿੱਲੋਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਹਲਕਾ ਡੇਰਾਬੱਸੀ ਵਿੱਚ ਥਾਂ ਥਾਂ ’ਤੇ ਸੰਗਤਾਂ ਵੱਲੋਂ ਫਲ, ਦੁੱਧ, ਬ੍ਰੈਡ ਪਕੌੜੇ, ਆਈਸਕ੍ਰੀਮ ਅਤੇ ਹੋਰ ਵਸਤਾਂ ਦੇ ਸਟਾਲ ਲਗਾਏ ਗਏ ਜਿਨ੍ਹਾਂ ਨੂੰ ਪ੍ਰਸਾਦਿ ਦੇ ਰੂਪ ਵਿਚ ਸੰਗਤਾਂ ਨੂੰ ਵੰਡਿਆ ਗਿਆ। ਸ਼ਰਧਾਲੂਆਂ ਨੇ ਬੜੀ ਸ਼ਰਧਾ ਨਾਲ ਝਾੜੂ ਅਤੇ ਪਾਣੀ ਦੀ ਸੇਵਾ ਨਿਭਾਈ। ਗੁਰੂ ਦੇ ਸਿੰਘਾਂ ਵੱਲੋਂ ਗੱਤਕੇ ਦੇ ਜੌਹਰ ਵਿਖਾਏ ਗਏ। ਇਸ ਮੌਕੇ ਸੰਗਤਾਂ ਨੇ ਗੁਰੂ ਸਾਹਿਬ ਦੀਆਂ ਖੜਾਵਾਂ, ਵੱਟੇ ਅਤੇ ਹੋਰ ਨਿਸ਼ਾਨੀਆਂ ਦੇ ਦਰਸ਼ਨ ਕੀਤੇ। ਹਲਕੇ ਅੰਦਰ ਭਾਰੀ ਆਤਿਸ਼ਬਾਜ਼ੀ ਵੀ ਕੀਤੀ ਗਈ।

Comments

comments

Share This Post

RedditYahooBloggerMyspace